ਈਸਾਈ
ਪਿੱਛੇ

ਲੇਵੀਆਂ ਦੀ ਪੋਥੀ 23

1ਯਹੋਵਾਹ ਨੇ ਮੂਸਾ ਨੂੰ ਆਖਿਆ,

2“ਇਸਰਾਏਲੀਆਂ ਨੂੰ ਆਖ ਕਿ ਜਿਹੜੇ ਯਹੋਵਾਹ ਦੇ ਪਰਬ ਹਨ, ਜਿਨ੍ਹਾਂ ਦੀ ਤੁਸੀਂ ਪਵਿੱਤਰ ਸਭਾ ਲਈ ਨਿਯੁਕਤ ਸਮੇਂ ਤੇ ਘੋਸ਼ਣਾ ਕਰਨੀ ਹੈ ਉਹ ਇਹ ਹਨ,

3ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਮਹਾਂ-ਸਬਤ ਦਾ ਅਤੇ ਪਵਿੱਤਰ ਸਭਾ ਦਾ ਦਿਨ ਹੈ, ਤੁਸੀਂ ਉਸ ਦਿਨ ਕੋਈ ਕੰਮ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਯਹੋਵਾਹ ਦਾ ਸਬਤ ਹੈ।

4“ਯਹੋਵਾਹ ਦੇ ਪਰਬ ਜਿਨ੍ਹਾਂ ਦੇ ਨਿਯੁਕਤ ਕੀਤੇ ਹੋਏ ਸਮੇਂ ਤੇ ਤੁਸੀਂ ਪਵਿੱਤਰ ਸਭਾ ਕਰਨ ਲਈ ਘੋਸ਼ਣਾ ਕਰਨੀ ਹੈ, ਉਹ ਇਹ ਹਨ,

5ਪਹਿਲੇ ਮਹੀਨੇ ਦੇ ਚੌਧਵੇਂ ਦਿਨ ਨੂੰ ਸ਼ਾਮ ਦੇ ਵੇਲੇ ਯਹੋਵਾਹ ਦੇ ਪਸਾਹ ਦਾ ਪਰਬ ਹੈ।

6ਅਤੇ ਉਸੇ ਮਹੀਨੇ ਦੇ ਪੰਦਰਵੇਂ ਦਿਨ ਨੂੰ ਯਹੋਵਾਹ ਦੀ ਪਤੀਰੀ ਰੋਟੀ ਦਾ ਪਰਬ ਹੈ, ਉਸ ਵਿੱਚ ਸੱਤ ਦਿਨ ਤੱਕ ਤੁਸੀਂ ਪਤੀਰੀ ਰੋਟੀ ਖਾਣਾ।

7ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਕਰਨਾ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।

8ਸੱਤ ਦਿਨ ਤੱਕ ਤੁਸੀਂ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਚੜ੍ਹਾਉਣਾ ਅਤੇ ਸੱਤਵੇਂ ਦਿਨ ਪਵਿੱਤਰ ਸਭਾ ਹੋਵੇ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।”

9ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

10“ਇਸਰਾਏਲੀਆਂ ਨਾਲ ਗੱਲ ਕਰ ਅਤੇ ਆਖ ਜਿਸ ਵੇਲੇ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਦਿੰਦਾ ਹਾਂ, ਅਤੇ ਉਸ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੀ ਉਪਜ ਦੇ ਪਹਿਲੇ ਫਲ ਵਿੱਚੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ।

11ਅਤੇ ਉਹ ਉਸ ਪੂਲੇ ਨੂੰ ਯਹੋਵਾਹ ਦੇ ਅੱਗੇ ਹਿਲਾਵੇ ਤਾਂ ਜੋ ਉਹ ਤੁਹਾਡੇ ਵੱਲੋਂ ਸਵੀਕਾਰ ਕੀਤਾ ਜਾਵੇ, ਜਾਜਕ ਉਸ ਨੂੰ ਸਬਤ ਦੇ ਅਗਲੇ ਦਿਨ ਹਿਲਾਵੇ।

12ਅਤੇ ਜਿਸ ਦਿਨ ਤੁਸੀਂ ਉਸ ਪੂਲੇ ਨੂੰ ਹਿਲਾਓ, ਉਸੇ ਦਿਨ ਤੁਸੀਂ ਇੱਕ ਸਾਲ ਦਾ ਦੋਸ਼ ਰਹਿਤ ਇੱਕ ਲੇਲਾ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਕਰਕੇ ਚੜ੍ਹਾਉਣਾ।

13ਅਤੇ ਉਸ ਦੇ ਨਾਲ ਮੈਦੇ ਦੀ ਭੇਟ, ਏਫ਼ਾਹ ਦਾ ਦੋ ਦੱਸਵਾਂ ਹਿੱਸਾ ਤੇਲ ਨਾਲ ਰਲੇ ਹੋਏ ਮੈਦੇ ਦਾ ਹੋਵੇ, ਉਹ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ ਦਾਖਰਸ ਹੋਵੇ।

14ਜਿਸ ਦਿਨ ਤੱਕ ਤੁਸੀਂ ਇਸ ਭੇਟ ਨੂੰ ਆਪਣੇ ਪਰਮੇਸ਼ੁਰ ਦੇ ਅੱਗੇ ਨਾ ਲਿਆਓ, ਉਸ ਦਿਨ ਤੱਕ ਤੁਸੀਂ ਪਹਿਲੇ ਫਲ ਵਿੱਚੋਂ ਨਾ ਰੋਟੀ, ਨਾ ਭੁੰਨੇ ਹੋਏ ਦਾਣੇ ਅਤੇ ਨਾ ਹੀ ਹਰੇ ਸਿੱਟੇ ਖਾਣਾ। ਇਹ ਤੁਹਾਡੀਆਂ ਪੀੜ੍ਹੀਆਂ ਤੱਕ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਇੱਕ ਸਦਾ ਦੀ ਬਿਧੀ ਹੋਵੇ।”

15“ਫੇਰ ਉਸ ਸਬਤ ਦੇ ਅਗਲੇ ਦਿਨ ਤੋਂ ਜਦ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਤੁਸੀਂ ਅਗਲੇ ਸੱਤ ਸਬਤ ਗਿਣ ਲੈਣਾ।

16ਅਤੇ ਸੱਤਵੇਂ ਸਬਤ ਦੇ ਅਗਲੇ ਦਿਨ ਤੱਕ ਤੁਸੀਂ ਪੰਜਾਹ ਦਿਨ ਗਿਣ ਲੈਣਾ ਅਤੇ ਫੇਰ ਯਹੋਵਾਹ ਦੇ ਅੱਗੇ ਇੱਕ ਨਵੀਂ ਮੈਦੇ ਦੀ ਭੇਟ ਚੜ੍ਹਾਉਣਾ।

17ਤੁਸੀਂ ਆਪਣੇ ਨਿਵਾਸ ਸਥਾਨਾਂ ਵਿੱਚੋਂ ਏਫ਼ਾਹ ਦੇ ਦੋ ਦਸਵੇਂ ਹਿੱਸੇ ਮੈਦੇ ਦੀਆਂ ਦੋ ਰੋਟੀਆਂ ਹਿਲਾਉਣ ਦੀ ਭੇਟ ਕਰਕੇ ਲਿਆਉਣਾ, ਉਹ ਖ਼ਮੀਰ ਨਾਲ ਗੁੰਨ੍ਹੇ ਹੋਏ ਮੈਦੇ ਦੀਆਂ ਹੋਣ, ਇਹ ਯਹੋਵਾਹ ਦੇ ਅੱਗੇ ਉਪਜ ਦਾ ਪਹਿਲਾ ਫਲ ਹੈ।

18ਤੁਸੀਂ ਉਨ੍ਹਾਂ ਰੋਟੀਆਂ ਦੇ ਨਾਲ ਇੱਕ ਸਾਲ ਦੇ ਦੋਸ਼ ਰਹਿਤ ਸੱਤ ਲੇਲੇ, ਇੱਕ ਜੁਆਨ ਬਲ਼ਦ ਅਤੇ ਦੋ ਛੱਤਰੇ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਉਣਾ। ਉਹ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ, ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਹੋਵੇ।

19ਫੇਰ ਤੁਸੀਂ ਪਾਪ ਬਲੀ ਦੀ ਭੇਟ ਲਈ ਇੱਕ ਬੱਕਰਾ ਅਤੇ ਸੁੱਖ-ਸਾਂਦ ਦੀ ਭੇਟ ਲਈ ਇੱਕ ਸਾਲ ਦੇ ਦੋ ਲੇਲੇ ਬਲੀ ਕਰਕੇ ਚੜ੍ਹਾਉਣਾ।

20ਤਦ ਜਾਜਕ ਉਨ੍ਹਾਂ ਲੇਲਿਆਂ ਨੂੰ ਪਹਿਲੇ ਫਲ ਦੀ ਰੋਟੀ ਸਮੇਤ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ ਅਤੇ ਉਹ ਜਾਜਕ ਦੇ ਲਈ ਯਹੋਵਾਹ ਦੇ ਅੱਗੇ ਪਵਿੱਤਰ ਹੋਣ।

21ਉਸੇ ਦਿਨ ਤੁਸੀਂ ਆਪਣੇ ਲਈ ਇੱਕ ਪਵਿੱਤਰ ਸਭਾ ਦੀ ਘੋਸ਼ਣਾ ਕਰਨਾ। ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ-ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਠਹਿਰੇ।

22“ਜਿਸ ਵੇਲੇ ਤੁਸੀਂ ਆਪਣੇ ਦੇਸ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੇ ਖੇਤ ਦੇ ਬੰਨ੍ਹਿਆਂ ਤੱਕ ਸਾਰੀ ਫਸਲ ਨਾ ਵੱਢਣਾ, ਨਾ ਹੀ ਤੁਸੀਂ ਖੇਤ ਵਿੱਚ ਡਿੱਗੇ ਹੋਏ ਸਿੱਟਿਆਂ ਨੂੰ ਚੁੱਗਣਾ। ਤੁਸੀਂ ਉਨ੍ਹਾਂ ਨੂੰ ਕੰਗਾਲ ਅਤੇ ਪਰਦੇਸੀਆਂ ਲਈ ਛੱਡ ਦੇਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”

23ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

24“ਇਸਰਾਏਲ ਦੇ ਘਰਾਣਿਆਂ ਨੂੰ ਆਖ, ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਮਹਾਂ-ਸਬਤ ਹੋਵੇ, ਉਸ ਦਿਨ ਤੁਸੀਂ ਯਾਦਗੀਰੀ ਲਈ ਤੁਰ੍ਹੀ ਵਜਾਉਣਾ ਅਤੇ ਪਵਿੱਤਰ ਸਭਾ ਕਰਨਾ।

25ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ਪਰ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ।”

26ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

27“ਇਸੇ ਸੱਤਵੇਂ ਮਹੀਨੇ ਦਾ ਦਸਵਾਂ ਦਿਨ ਇੱਕ ਪ੍ਰਾਸਚਿਤ ਦਾ ਦਿਨ ਹੋਵੇ। ਉਹ ਤੁਹਾਡੇ ਲਈ ਪਵਿੱਤਰ ਸਭਾ ਦਾ ਦਿਨ ਹੋਵੇ, ਉਸ ਦਿਨ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦੇਣਾ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ।

28ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ਕਿਉਂ ਜੋ ਉਹ ਪ੍ਰਾਸਚਿਤ ਦਾ ਦਿਨ ਹੈ ਜਿਸ ਵਿੱਚ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ।

29ਉਸ ਦਿਨ ਜਿਹੜਾ ਆਪਣੀ ਜਾਨ ਨੂੰ ਦੁੱਖ ਨਾ ਦੇਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

30ਜਿਹੜਾ ਵੀ ਉਸ ਦਿਨ ਵਿੱਚ ਕੋਈ ਕੰਮ ਕਰੇ ਤਾਂ ਉਸ ਮਨੁੱਖ ਨੂੰ ਮੈਂ ਉਸ ਦੇ ਲੋਕਾਂ ਵਿੱਚੋਂ ਨਾਸ ਕਰਾਂਗਾ।

31ਤੁਸੀਂ ਕਿਸੇ ਪ੍ਰਕਾਰ ਦਾ ਕੰਮ-ਧੰਦਾ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਠਹਿਰੇ।

32ਇਹ ਤੁਹਾਡੇ ਲਈ ਇੱਕ ਮਹਾਂ-ਸਬਤ ਦਾ ਦਿਨ ਹੋਵੇ, ਉਸ ਦਿਨ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦੇਣਾ। ਤੁਸੀਂ ਉਸ ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਤੋਂ ਅਗਲੀ ਸ਼ਾਮ ਤੱਕ ਵਿਸ਼ਰਾਮ ਦਾ ਦਿਨ ਮੰਨਣਾ।”

33ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,

34“ਇਸਰਾਏਲੀਆਂ ਨੂੰ ਆਖ ਕਿ ਇਸੇ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਨੂੰ ਯਹੋਵਾਹ ਦੇ ਅੱਗੇ ਸੱਤ ਦਿਨ ਤੱਕ ਡੇਰਿਆਂ ਦਾ ਪਰਬ ਹੋਵੇ।

35ਪਹਿਲੇ ਦਿਨ ਪਵਿੱਤਰ ਸਭਾ ਹੋਵੇ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।

36ਸੱਤ ਦਿਨ ਤੱਕ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ, ਅੱਠਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ, ਅਤੇ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ। ਇਹ ਇੱਕ ਖ਼ਾਸ ਸਭਾ ਦਾ ਦਿਨ ਹੈ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।”

37“ਯਹੋਵਾਹ ਦੇ ਠਹਿਰਾਏ ਹੋਏ ਪਰਬ ਇਹ ਹੀ ਹਨ, ਜਿਨ੍ਹਾਂ ਵਿੱਚ ਤੁਸੀਂ ਯਹੋਵਾਹ ਦੇ ਅੱਗੇ ਅੱਗ ਦੀਆਂ ਭੇਟਾਂ ਚੜ੍ਹਾਉਣਾ ਅਰਥਾਤ ਹੋਮ ਬਲੀ ਦੀ ਭੇਟ, ਮੈਦੇ ਦੀ ਭੇਟ, ਸੁੱਖ-ਸਾਂਦ ਦੀ ਬਲੀ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਆਪਣੇ ਨਿਯੁਕਤ ਸਮੇਂ ਤੇ ਚੜ੍ਹਾਈਆਂ ਜਾਣ ਅਤੇ ਪਵਿੱਤਰ ਸਭਾ ਦੀ ਘੋਸ਼ਣਾ ਕੀਤੀ ਜਾਵੇ।

38ਆਪਣੀਆਂ ਭੇਟਾਂ, ਸਾਰੀਆਂ ਸੁੱਖਣਾਂ ਅਤੇ ਆਪਣੀਆਂ ਖੁਸ਼ੀ ਦੀਆਂ ਭੇਟਾਂ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਵੱਧ ਤੁਸੀਂ ਯਹੋਵਾਹ ਦੇ ਸਬਤ ਨੂੰ ਮੰਨਣਾ।

39“ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਨੂੰ ਜਦ ਤੁਸੀਂ ਦੇਸ ਦੀ ਫ਼ਸਲ ਇਕੱਠਾ ਕਰੋ ਤਾਂ ਤੁਸੀਂ ਸੱਤ ਦਿਨਾਂ ਤੱਕ ਯਹੋਵਾਹ ਦਾ ਇੱਕ ਪਰਬ ਮਨਾਉਣਾ। ਪਹਿਲਾ ਦਿਨ ਸਬਤ ਅਤੇ ਅੱਠਵਾਂ ਦਿਨ ਵੀ ਸਬਤ ਹੋਵੇ।

40ਅਤੇ ਪਹਿਲੇ ਦਿਨ ਤੁਸੀਂ ਸੋਹਣੇ-ਸੋਹਣੇ ਰੁੱਖਾਂ ਦੇ ਫਲ, ਖਜ਼ੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੱਤ ਦਿਨ ਤੱਕ ਅਨੰਦ ਅਤੇ ਖੁਸ਼ੀ ਮਨਾਉਣਾ।

41ਹਰ ਸਾਲ ਵਿੱਚ ਸੱਤ ਦਿਨ ਤੱਕ ਤੁਸੀਂ ਯਹੋਵਾਹ ਦਾ ਇਹ ਪਰਬ ਮਨਾਉਣਾ। ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ, ਤੁਸੀਂ ਸੱਤਵੇਂ ਮਹੀਨੇ ਵਿੱਚ ਇਸ ਨੂੰ ਮਨਾਉਣਾ।

42ਸੱਤ ਦਿਨ ਤੱਕ ਤੁਸੀਂ ਝੌਂਪੜੀਆਂ ਵਿੱਚ ਰਹਿਣਾ, ਸਾਰੇ ਜੋ ਇਸਰਾਏਲ ਵਿੱਚ ਜੰਮੇ ਹਨ, ਉਹ ਝੌਂਪੜੀਆਂ ਵਿੱਚ ਰਹਿਣ,

43ਤਾਂ ਜੋ ਤੁਹਾਡੀਆਂ ਪੀੜ੍ਹੀਆਂ ਜਾਣਨ, ਕਿ ਜਦ ਮੈਂ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਕੇ ਲਿਆਇਆ ਤਾਂ ਮੈਂ ਉਨ੍ਹਾਂ ਨੂੰ ਝੌਂਪੜੀਆਂ ਵਿੱਚ ਵਸਾਇਆ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”

44ਤਦ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਨਿਯੁਕਤ ਪਰਬਾਂ ਬਾਰੇ ਦੱਸ ਦਿੱਤਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath