ਲੇਵੀਆਂ ਦੀ ਪੋਥੀ 15
1ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
2ਇਸਰਾਏਲੀਆਂ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਆਖੋ, ਜੇਕਰ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਮੇਹ ਦਾ ਰੋਗ ਹੋਵੇ ਤਾਂ ਉਹ ਉਸ ਰੋਗ ਦੇ ਕਾਰਨ ਅਸ਼ੁੱਧ ਹੈ।
3ਭਾਵੇਂ ਪ੍ਰਮੇਹ ਉਸ ਦੇ ਸਰੀਰ ਤੋਂ ਵਗਦਾ ਰਹੇ ਭਾਵੇਂ ਵਗਣਾ ਬੰਦ ਵੀ ਹੋ ਜਾਵੇ ਤਾਂ ਵੀ ਉਹ ਅਸ਼ੁੱਧ ਹੈ।
4ਉਹ ਸਾਰੇ ਵਿਛਾਉਣੇ ਜਿੰਨ੍ਹਾਂ ਦੇ ਉੱਤੇ ਪ੍ਰਮੇਹ ਵਾਲਾ ਲੇਟੇ, ਉਹ ਅਸ਼ੁੱਧ ਹੋਣ ਅਤੇ ਸਭ ਵਸਤੂਆਂ ਜਿਨ੍ਹਾਂ ਦੇ ਉੱਤੇ ਉਹ ਬੈਠੇ ਉਹ ਵੀ ਅਸ਼ੁੱਧ ਹੋਣ।
5ਜਿਹੜਾ ਉਸ ਵਿਛਾਉਣੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
6ਜਿਹੜਾ ਕਿਸੇ ਅਜਿਹੀ ਵਸਤੂ ਉੱਤੇ ਬੈਠੇ ਜਿਸ ਉੱਤੇ ਪ੍ਰਮੇਹ ਵਾਲਾ ਬੈਠਿਆ ਸੀ, ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
7ਅਤੇ ਜਿਹੜਾ ਉਸ ਪ੍ਰਮੇਹ ਵਾਲੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
8ਜੇਕਰ ਕਦੀ ਪ੍ਰਮੇਹ ਦਾ ਰੋਗੀ ਸ਼ੁੱਧ ਮਨੁੱਖ ਦੇ ਉੱਤੇ ਥੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
9ਜਿਹੜੀ ਕਾਠੀ ਉੱਤੇ ਪ੍ਰਮੇਹ ਵਾਲਾ ਬੈਠੇ, ਉਹ ਅਸ਼ੁੱਧ ਹੋਵੇ।
10ਅਤੇ ਜਿਹੜਾ ਉਸ ਵਸਤੂ ਨੂੰ ਛੂਹੇ ਜਿਹੜੀ ਪ੍ਰਮੇਹ ਵਾਲੇ ਦੇ ਹੇਠ ਸੀ, ਉਹ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜਿਹੜਾ ਅਜਿਹੀ ਵਸਤੂ ਨੂੰ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
11ਜਿਸ ਨੂੰ ਪ੍ਰਮੇਹ ਹੋਵੇ, ਉਸ ਜਿਸ ਕਿਸੇ ਨੂੰ ਬਿਨ੍ਹਾਂ ਹੱਥ ਧੋਏ ਛੂਹ ਲਵੇ ਤਾਂ ਉਹ ਮਨੁੱਖ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
12ਉਸ ਮਿੱਟੀ ਦੇ ਭਾਂਡੇ ਨੂੰ ਜਿਸ ਨੂੰ ਪ੍ਰਮੇਹ ਵਾਲਾ ਛੂਹੇ, ਤੋੜ ਦਿੱਤਾ ਜਾਵੇ ਅਤੇ ਸਾਰੇ ਲੱਕੜ ਦੇ ਭਾਂਡੇ ਪਾਣੀ ਨਾਲ ਧੋਤੇ ਜਾਣ।
13ਜਦੋਂ ਪ੍ਰਮੇਹ ਵਾਲਾ ਮਨੁੱਖ ਪ੍ਰਮੇਹ ਤੋਂ ਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਸ਼ੁੱਧ ਹੋਣ ਲਈ ਸੱਤ ਦਿਨ ਗਿਣੇ ਅਤੇ ਉਸ ਤੋਂ ਬਾਅਦ ਆਪਣੇ ਕੱਪੜੇ ਧੋਵੇ ਅਤੇ ਵਗਦੇ ਪਾਣੀ ਵਿੱਚ ਨਹਾਵੇ ਤਾਂ ਉਹ ਸ਼ੁੱਧ ਹੋਵੇਗਾ।
14ਅਤੇ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲੈ ਕੇ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਆਵੇ ਅਤੇ ਜਾਜਕ ਨੂੰ ਦੇ ਦੇਵੇ।
15ਤਦ ਜਾਜਕ ਉਨ੍ਹਾਂ ਵਿੱਚੋਂ ਇੱਕ ਨੂੰ ਪਾਪ ਬਲੀ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਪ੍ਰਮੇਹ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
16ਜੇਕਰ ਕਿਸੇ ਮਨੁੱਖ ਦਾ ਵੀਰਜ ਨਿੱਕਲੇ ਤਾਂ ਉਹ ਆਪਣਾ ਸਾਰਾ ਸਰੀਰ ਪਾਣੀ ਨਾਲ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
17ਅਤੇ ਜਿਸ ਕਿਸੇ ਬਸਤਰ ਜਾਂ ਚਮੜੇ ਉੱਤੇ ਉਹ ਵੀਰਜ ਪਵੇ, ਉਹ ਪਾਣੀ ਨਾਲ ਧੋਤੇ ਜਾਣ ਅਤੇ ਸ਼ਾਮ ਤੱਕ ਅਸ਼ੁੱਧ ਰਹਿਣ।
18ਜੇਕਰ ਕੋਈ ਪੁਰਖ ਕਿਸੇ ਇਸਤਰੀ ਨਾਲ ਸੰਗ ਕਰੇ ਅਤੇ ਉਸ ਤੋਂ ਵੀਰਜ ਨਿੱਕਲੇ ਤਾਂ ਉਹ ਦੋਵੇਂ ਪਾਣੀ ਨਾਲ ਨਹਾਉਣ ਅਤੇ ਸ਼ਾਮ ਤੱਕ ਅਸ਼ੁੱਧ ਰਹਿਣ।
19ਜੇਕਰ ਕਿਸੇ ਇਸਤਰੀ ਨੂੰ ਪ੍ਰਮੇਹ ਹੋਵੇ ਅਤੇ ਉਸ ਦੇ ਪ੍ਰਮੇਹ ਵਿੱਚ ਲਹੂ ਹੋਵੇ ਤਾਂ ਉਹ ਸੱਤ ਦਿਨ ਤੱਕ ਵੱਖਰੀ ਕੀਤੀ ਜਾਵੇ ਅਤੇ ਜਿਹੜਾ ਉਸ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।
20ਅਤੇ ਜਦ ਤੱਕ ਉਹ ਅਸ਼ੁੱਧ ਰਹੇ ਤਦ ਤੱਕ ਜਿਸ ਕਿਸੇ ਵਸਤੂ ਉੱਤੇ ਉਹ ਲੰਮੀ ਪਵੇ, ਅਤੇ ਜਿਸ ਕਿਸੇ ਵਸਤੂ ਉੱਤੇ ਉਹ ਬੈਠੇ ਉਹ ਸਭ ਅਸ਼ੁੱਧ ਹੋਣ।
21ਅਤੇ ਜਿਹੜਾ ਉਸ ਦੇ ਵਿਛਾਉਣੇ ਨੂੰ ਛੂਹੇ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
22ਜੇਕਰ ਕੋਈ ਉਸ ਵਸਤੂ ਨੂੰ ਛੂਹੇ ਜਿਸ ਉੱਤੇ ਉਹ ਬੈਠਦੀ ਸੀ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
23ਜੇਕਰ ਕੋਈ ਉਸ ਦੇ ਵਿਛਾਉਣੇ ਨੂੰ ਜਾਂ ਕਿਸੇ ਹੋਰ ਵਸਤੂ ਨੂੰ ਜਿਸ ਉੱਤੇ ਉਹ ਬੈਠੀ ਸੀ, ਛੂਹੇ, ਜਿਸ ਉੱਤੇ ਉਸ ਦਾ ਲਹੂ ਲੱਗਿਆ ਸੀ, ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇ।
24ਜੇਕਰ ਕੋਈ ਮਨੁੱਖ ਉਸ ਦੇ ਨਾਲ ਸੰਗ ਕਰੇ ਅਤੇ ਉਸ ਨੂੰ ਉਸ ਦਾ ਲਹੂ ਲੱਗ ਜਾਵੇ ਤਾਂ ਉਹ ਮਨੁੱਖ ਸੱਤ ਦਿਨ ਤੱਕ ਅਸ਼ੁੱਧ ਰਹੇ ਅਤੇ ਜਿਸ ਕਿਸੇ ਵਿਛਾਉਣੇ ਉੱਤੇ ਉਹ ਲੰਮਾ ਪੈਂਦਾ ਹੈ, ਉਹ ਅਸ਼ੁੱਧ ਠਹਿਰੇ।
25ਜੇਕਰ ਕਿਸੇ ਇਸਤਰੀ ਨੂੰ ਉਸ ਦੀ ਮਾਹਵਾਰੀ ਦੇ ਦਿਨਾਂ ਤੋਂ ਇਲਾਵਾ ਜਾਂ ਮਾਹਵਾਰੀ ਦੇ ਨਿਯੁਕਤ ਦਿਨਾਂ ਤੋਂ ਵੱਧ ਸਮੇਂ ਤੱਕ ਲਹੂ ਵੱਗਦਾ ਰਹੇ, ਤਾਂ ਜਦ ਤੱਕ ਉਹ ਅਜਿਹੀ ਹਾਲਤ ਵਿੱਚ ਰਹੇ ਤਦ ਤੱਕ ਉਹ ਅਸ਼ੁੱਧ ਰਹੇ।
26ਉਹ ਸਾਰੇ ਵਿਛਾਉਣੇ ਜਿਨ੍ਹਾਂ ਦੇ ਉੱਤੇ ਉਹ ਆਪਣੇ ਪ੍ਰਮੇਹ ਦੇ ਸਾਰੇ ਦਿਨਾਂ ਵਿੱਚ ਲੰਮੀ ਪਵੇ, ਉਹ ਉਸ ਦੀ ਮਾਹਵਾਰੀ ਦੇ ਵਿਛਾਉਣੇ ਦੀ ਤਰ੍ਹਾਂ ਠਹਿਰਣ, ਅਤੇ ਜਿਸ ਕਿਸੇ ਵਸਤੂ ਉੱਤੇ ਉਹ ਬੈਠੇ, ਉਹ ਸਭ ਉਸ ਦੀ ਮਾਹਵਾਰੀ ਦੇ ਦਿਨਾਂ ਦੀ ਅਸ਼ੁੱਧਤਾਈ ਦੀ ਤਰ੍ਹਾਂ ਅਸ਼ੁੱਧ ਹੋਣ।
27ਜਿਹੜਾ ਉਨ੍ਹਾਂ ਵਸਤੂਆਂ ਨੂੰ ਛੂਹੇ, ਉਹ ਅਸ਼ੁੱਧ ਠਹਿਰੇ, ਇਸ ਲਈ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
28ਪਰ ਜੇਕਰ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਵੇ, ਤਾਂ ਉਹ ਸੱਤ ਦਿਨ ਗਿਣੇ ਅਤੇ ਉਸ ਤੋਂ ਬਾਅਦ ਉਹ ਸ਼ੁੱਧ ਹੋ ਜਾਵੇਗੀ।
29ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲੈ ਕੇ ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਅੱਗੇ ਜਾਜਕ ਦੇ ਕੋਲ ਲਿਆਵੇ।
30ਤਦ ਜਾਜਕ ਇੱਕ ਨੂੰ ਪਾਪ ਬਲੀ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਉਸ ਦੀ ਪ੍ਰਮੇਹ ਦੀ ਅਸ਼ੁੱਧਤਾਈ ਦੇ ਕਾਰਨ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
31ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਨੂੰ ਉਨ੍ਹਾਂ ਦੀ ਅਸ਼ੁੱਧਤਾਈ ਤੋਂ ਵੱਖਰਾ ਕਰਨਾ, ਅਜਿਹਾ ਨਾ ਹੋਵੇ ਕਿ ਉਹ ਆਪਣੀ ਅਸ਼ੁੱਧਤਾਈ ਦੇ ਕਾਰਨ ਮੇਰੇ ਉਸ ਡੇਰੇ ਨੂੰ ਭਰਿਸ਼ਟ ਕਰਨ ਜੋ ਉਨ੍ਹਾਂ ਦੇ ਵਿਚਕਾਰ ਹੈ ਅਤੇ ਇਸ ਕਾਰਨ ਮਰ ਨਾ ਜਾਣ।
32ਜਿਸ ਨੂੰ ਪ੍ਰਮੇਹ ਹੋਵੇ ਅਤੇ ਜੋ ਪੁਰਖ ਵੀਰਜ ਨਿੱਕਲਣ ਦੇ ਕਾਰਨ ਅਸ਼ੁੱਧ ਹੋਵੇ,
33ਅਤੇ ਜੋ ਇਸਤਰੀ ਮਾਹਵਾਰੀ ਵਿੱਚ ਹੋਵੇ, ਅਤੇ ਉਹ ਪੁਰਖ ਜਾਂ ਇਸਤਰੀ ਜਿਸ ਨੂੰ ਪ੍ਰਮੇਹ ਹੋਵੇ ਅਤੇ ਉਹ ਪੁਰਖ ਜੋ ਅਸ਼ੁੱਧ ਇਸਤਰੀ ਨਾਲ ਸੰਗ ਕਰੇ, ਉਨ੍ਹਾਂ ਸਾਰਿਆਂ ਦੇ ਲਈ ਇਹੋ ਹੀ ਬਿਵਸਥਾ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath