ਲੇਵੀਆਂ ਦੀ ਪੋਥੀ 10
1ਤਦ ਹਾਰੂਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪੋ-ਆਪਣੀ ਧੂਪਦਾਨੀ ਲੈ ਕੇ ਉਸ ਦੇ ਵਿੱਚ ਅੱਗ ਭਰੀ ਅਤੇ ਉਸ ਵਿੱਚ ਧੂਪ ਪਾ ਕੇ ਯਹੋਵਾਹ ਦੇ ਅੱਗੇ ਓਪਰਾ ਧੂਪ ਧੁਖਾਇਆ, ਜਿਸ ਤੋਂ ਯਹੋਵਾਹ ਨੇ ਉਨ੍ਹਾਂ ਨੂੰ ਵਰਜਿਆ ਸੀ।
2ਤਦ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲੀ ਅਤੇ ਉਨ੍ਹਾਂ ਨੂੰ ਭਸਮ ਕਰ ਦਿੱਤਾ ਅਤੇ ਉਹ ਯਹੋਵਾਹ ਦੇ ਅੱਗੇ ਮਰ ਗਏ।
3ਤਦ ਮੂਸਾ ਨੇ ਹਾਰੂਨ ਨੂੰ ਆਖਿਆ, “ਇਹ ਉਹ ਗੱਲ ਹੈ, ਜਿਹੜੀ ਯਹੋਵਾਹ ਨੇ ਆਖੀ ਸੀ ਕਿ ਜੋ ਮੇਰੇ ਨਜ਼ਦੀਕ ਆਵੇ ਮੈਂ ਆਪਣੇ ਆਪ ਨੂੰ ਉਨ੍ਹਾਂ ਦੇ ਸਾਹਮਣੇ ਪਵਿੱਤਰ ਵਿਖਾਵਾਂਗਾ ਅਤੇ ਸਾਰੇ ਲੋਕਾਂ ਦੇ ਸਾਹਮਣੇ ਮੇਰੀ ਵਡਿਆਈ ਹੋਵੇਗੀ।” ਅਤੇ ਹਾਰੂਨ ਚੁੱਪ ਰਿਹਾ।
4ਤਦ ਮੂਸਾ ਨੇ ਹਾਰੂਨ ਦੇ ਚਾਚੇ ਉੱਜ਼ੀਏਲ ਦੇ ਪੁੱਤਰ ਮੀਸ਼ਾਏਲ ਅਤੇ ਅਲਸਾਫਾਨ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, “ਨੇੜੇ ਆਓ ਅਤੇ ਆਪਣੇ ਭਰਾਵਾਂ ਨੂੰ ਪਵਿੱਤਰ ਸਥਾਨ ਦੇ ਅੱਗੋਂ ਚੁੱਕ ਕੇ ਡੇਰੇ ਤੋਂ ਬਾਹਰ ਲੈ ਜਾਓ।”
5ਤਦ ਉਨ੍ਹਾਂ ਨੇ ਮੂਸਾ ਦੇ ਹੁਕਮ ਅਨੁਸਾਰ ਨੇੜੇ ਜਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਕੁੜਤਿਆਂ ਸਮੇਤ ਚੁੱਕਿਆ ਅਤੇ ਡੇਰੇ ਤੋਂ ਬਾਹਰ ਲੈ ਗਏ।
6ਤਦ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਅਤੇ ਈਥਾਮਾਰ ਨੂੰ ਆਖਿਆ, “ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਹੀ ਆਪਣੇ ਬਸਤਰਾਂ ਨੂੰ ਪਾੜੋ, ਅਜਿਹਾ ਨਾ ਹੋਵੇ ਕਿ ਤੁਸੀਂ ਵੀ ਮਰ ਜਾਓ ਅਤੇ ਸਾਰੀ ਮੰਡਲੀ ਉੱਤੇ ਉਸ ਦਾ ਕ੍ਰੋਧ ਭੜਕੇ ਪਰ ਤੇਰੇ ਭਰਾ ਅਰਥਾਤ ਇਸਰਾਏਲ ਦਾ ਸਾਰਾ ਘਰਾਣਾ ਉਸ ਅੱਗ ਦੇ ਕਾਰਨ ਸੋਗ ਕਰਨ, ਜਿਹੜੀ ਯਹੋਵਾਹ ਨੇ ਜਲਾਈ ਹੈ।
7ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਣਾ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ਕਿਉਂ ਜੋ ਯਹੋਵਾਹ ਦਾ ਮਸਹ ਕਰਨ ਦਾ ਤੇਲ ਤੁਹਾਡੇ ਉੱਤੇ ਹੈ।” ਤਦ ਉਨ੍ਹਾਂ ਨੇ ਮੂਸਾ ਦੇ ਬਚਨ ਦੇ ਅਨੁਸਾਰ ਕੀਤਾ।
8ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ,
9“ਜਦ ਤੂੰ ਜਾਂ ਤੇਰੇ ਪੁੱਤਰ ਮੰਡਲੀ ਦੇ ਡੇਰੇ ਵਿੱਚ ਜਾਓ ਤਦ ਤੁਸੀਂ ਕੋਈ ਮਧ ਜਾਂ ਨਸ਼ਾ ਨਾ ਪੀਣਾ, ਤਾਂ ਜੋ ਤੁਸੀਂ ਮਰ ਨਾ ਜਾਓ। ਇਹ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇ।
10ਤਾਂ ਜੋ ਤੁਸੀਂ ਪਵਿੱਤਰ ਅਤੇ ਅਪਵਿੱਤਰ ਦੇ ਵਿੱਚ ਅਤੇ ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਫ਼ਰਕ ਕਰ ਸਕੋ।
11ਅਤੇ ਇਸਰਾਏਲੀਆਂ ਨੂੰ ਉਹ ਸਾਰੀਆਂ ਬਿਧੀਆਂ ਸਿਖਾਓ ਜੋ ਯਹੋਵਾਹ ਨੇ ਉਨ੍ਹਾਂ ਨੂੰ ਮੂਸਾ ਦੇ ਰਾਹੀਂ ਆਖੀਆਂ ਸਨ।”
12ਤਦ ਮੂਸਾ ਨੇ ਹਾਰੂਨ ਅਤੇ ਉਸ ਦੇ ਬਚੇ ਹੋਏ ਦੋਵੇਂ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਨੂੰ ਆਖਿਆ, “ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਜਿਹੜੀ ਮੈਦੇ ਦੀ ਭੇਟ ਬਚੀ ਹੈ, ਉਸ ਨੂੰ ਲੈ ਕੇ ਜਗਵੇਦੀ ਦੇ ਕੋਲ ਖ਼ਮੀਰ ਤੋਂ ਬਿਨ੍ਹਾਂ ਖਾਓ, ਕਿਉਂ ਜੋ ਉਹ ਅੱਤ ਪਵਿੱਤਰ ਹੈ।
13ਅਤੇ ਤੁਸੀਂ ਉਸ ਨੂੰ ਪਵਿੱਤਰ ਸਥਾਨ ਵਿੱਚ ਖਾਣਾ ਕਿਉਂ ਜੋ ਯਹੋਵਾਹ ਦੀਆਂ ਅੱਗ ਦੀਆਂ ਬਲੀਆਂ ਵਿੱਚੋਂ ਇਹ ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ, ਕਿਉਂ ਜੋ ਮੈਨੂੰ ਇਹੋ ਹੁਕਮ ਦਿੱਤਾ ਗਿਆ ਹੈ।
14ਪਰ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਚੁੱਕਣ ਦੀ ਭੇਟ ਦੇ ਪੱਟ ਨੂੰ ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਕਿਸੇ ਸਾਫ਼-ਸੁਥਰੇ ਸਥਾਨ ਵਿੱਚ ਖਾਣ, ਕਿਉਂ ਜੋ ਉਹ ਇਸਰਾਏਲੀਆਂ ਦੁਆਰਾ ਦਿੱਤੀਆਂ ਹੋਈਆਂ ਸੁੱਖ-ਸਾਂਦ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ, ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ।
15ਉਹ ਚਰਬੀ ਦੀਆਂ ਅੱਗ ਦੀਆਂ ਭੇਟਾਂ ਸਮੇਤ, ਚੁੱਕਣ ਦੇ ਪੱਟ ਅਤੇ ਹਿਲਾਉਣ ਦੀ ਛਾਤੀ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਲਿਆਉਣ ਅਤੇ ਇਹ ਹਿੱਸਾ ਸਦਾ ਦੀ ਬਿਧੀ ਕਰਕੇ ਤੇਰਾ ਅਤੇ ਤੇਰੇ ਪੁੱਤਰਾਂ ਦਾ ਹੋਵੇਗਾ, ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ।”
16ਤਦ ਮੂਸਾ ਨੇ ਬੜੇ ਜਤਨ ਨਾਲ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਲੱਭਿਆ ਅਤੇ ਵੇਖੋ, ਉਹ ਸਾੜਿਆ ਗਿਆ ਸੀ। ਇਸ ਲਈ ਉਹ ਹਾਰੂਨ ਦੇ ਪੁੱਤਰ ਅਲਆਜ਼ਾਰ ਅਤੇ ਈਥਾਮਾਰ ਨਾਲ ਜਿਹੜੇ ਬਚ ਗਏ ਸਨ, ਇਹ ਆਖ ਕੇ ਕ੍ਰੋਧਿਤ ਹੋਇਆ,
17“ਤੁਸੀਂ ਪਾਪ ਬਲੀ ਦੀ ਭੇਟ ਨੂੰ ਜੋ ਅੱਤ ਪਵਿੱਤਰ ਹੈ, ਅਤੇ ਜਿਸ ਨੂੰ ਯਹੋਵਾਹ ਨੇ ਤੁਹਾਨੂੰ ਇਸ ਲਈ ਦਿੱਤਾ ਹੈ ਕਿ ਤੁਸੀਂ ਮੰਡਲੀ ਦੇ ਪਾਪ ਚੁੱਕਣ ਲਈ ਉਨ੍ਹਾਂ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੋ, ਤੁਸੀਂ ਉਸ ਦਾ ਮਾਸ ਪਵਿੱਤਰ ਸਥਾਨ ਵਿੱਚ ਕਿਉਂ ਨਹੀਂ ਖਾਧਾ?
18ਵੇਖੋ, ਉਸ ਦਾ ਲਹੂ ਪਵਿੱਤਰ ਸਥਾਨ ਦੇ ਅੰਦਰ ਲਿਆਂਦਾ ਹੀ ਨਹੀਂ ਗਿਆ, ਇਹ ਜ਼ਰੂਰੀ ਸੀ ਕਿ ਤੁਸੀਂ ਉਸ ਦੇ ਮਾਸ ਨੂੰ ਪਵਿੱਤਰ ਸਥਾਨ ਵਿੱਚ ਖਾਂਦੇ, ਜਿਵੇਂ ਮੈਂ ਹੁਕਮ ਦਿੱਤਾ ਸੀ।”
19ਤਦ ਹਾਰੂਨ ਨੇ ਮੂਸਾ ਨੂੰ ਆਖਿਆ, “ਵੇਖੋ, ਅੱਜ ਦੇ ਦਿਨ ਉਨ੍ਹਾਂ ਨੇ ਆਪਣੀ ਪਾਪ ਬਲੀ ਦੀ ਭੇਟ ਅਤੇ ਹੋਮ ਬਲੀ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਈ ਹੈ, ਅਤੇ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਹੋਈਆਂ ਹਨ, ਇਸ ਲਈ ਜੇਕਰ ਮੈਂ ਅੱਜ ਦੇ ਦਿਨ ਪਾਪ ਬਲੀ ਦੀ ਭੇਟ ਤੋਂ ਖਾਂਦਾ ਤਾਂ ਭਲਾ, ਯਹੋਵਾਹ ਇਸ ਤੋਂ ਪ੍ਰਸੰਨ ਹੁੰਦਾ?”
20ਜਦ ਮੂਸਾ ਨੇ ਇਹ ਸੁਣਿਆ ਤਾਂ ਉਹ ਰਾਜ਼ੀ ਹੋ ਗਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath