ਈਸਾਈ
ਪਿੱਛੇ

ਵਿਰਲਾਪ 2

1ਹਾਏ! ਯਹੋਵਾਹ ਨੇ ਕਿਵੇਂ ਸੀਯੋਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢੱਕ ਲਿਆ ਹੈ! ਉਸ ਨੇ ਇਸਰਾਏਲ ਦੀ ਸ਼ੋਭਾ ਨੂੰ ਅਕਾਸ਼ ਤੋਂ ਧਰਤੀ ਉੱਤੇ ਪਟਕ ਦਿੱਤਾ ਹੈ, ਅਤੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰਾਂ ਦੀ ਚੌਂਕੀ ਨੂੰ ਯਾਦ ਨਾ ਕੀਤਾ।

2ਯਹੋਵਾਹ ਨੇ ਯਾਕੂਬ ਦੀਆਂ ਸਾਰੀਆਂ ਬਸਤੀਆਂ ਨੂੰ ਬੇਤਰਸ ਹੋ ਕੇ ਨਿਗਲ ਲਿਆ, ਉਸ ਨੇ ਆਪਣੇ ਕ੍ਰੋਧ ਵਿੱਚ ਯਹੂਦਾਹ ਦੀ ਧੀ ਦੇ ਗੜ੍ਹ ਢਾਹ ਕੇ ਮਿੱਟੀ ਵਿੱਚ ਰਲਾ ਦਿੱਤੇ, ਉਸ ਨੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਅਸ਼ੁੱਧ ਠਹਿਰਾਇਆ ਹੈ।

3ਉਸ ਨੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਗ ਨੂੰ ਵੱਢ ਸੁੱਟਿਆ ਹੈ, ਉਸ ਨੇ ਵੈਰੀ ਦੇ ਸਾਹਮਣੇ ਉਹਨਾਂ ਦੀ ਸਹਾਇਤਾ ਕਰਨ ਤੋਂ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ, ਉਸ ਨੇ ਚਾਰ-ਚੁਫ਼ੇਰੇ ਭੜਕਦੀ ਹੋਈ ਅੱਗ ਦੀ ਤਰ੍ਹਾਂ ਯਾਕੂਬ ਨੂੰ ਸਾੜ ਦਿੱਤਾ ਹੈ।

4ਉਸ ਨੇ ਵੈਰੀ ਦੀ ਤਰ੍ਹਾਂ ਆਪਣਾ ਧਣੁੱਖ ਖਿੱਚਿਆ, ਅਤੇ ਵਿਰੋਧੀ ਦੀ ਤਰ੍ਹਾਂ ਆਪਣਾ ਸੱਜਾ ਹੱਥ ਚੁੱਕਿਆ ਹੈ, ਜਿੰਨੇ ਵੇਖਣ ਵਿੱਚ ਮਨਭਾਉਣੇ ਸਨ, ਉਨ੍ਹਾਂ ਸਾਰਿਆਂ ਨੂੰ ਉਸ ਨੇ ਵੱਢ ਸੁੱਟਿਆ ਹੈ, ਸੀਯੋਨ ਦੀ ਧੀ ਦੇ ਤੰਬੂ ਵਿੱਚ ਉਸ ਨੇ ਅੱਗ ਵਾਂਗੂੰ ਆਪਣੇ ਗੁੱਸੇ ਨੂੰ ਵਹਾਇਆ ਹੈ।

5ਯਹੋਵਾਹ ਵੈਰੀ ਵਾਂਗਰ ਹੋ ਗਿਆ, ਉਸ ਨੇ ਇਸਰਾਏਲ ਨੂੰ ਨਿਗਲ ਲਿਆ, ਉਸ ਨੇ ਉਹ ਦੇ ਸਾਰੇ ਮਹਿਲਾਂ ਨੂੰ ਨਿਗਲ ਲਿਆ, ਅਤੇ ਉਹ ਦੇ ਗੜ੍ਹਾਂ ਨੂੰ ਢਾਹ ਸੁੱਟਿਆ ਹੈ, ਉਸ ਨੇ ਯਹੂਦਾਹ ਦੀ ਧੀ ਦਾ ਰੋਣਾ-ਪਿੱਟਣਾ ਬਹੁਤ ਵਧਾਇਆ ਹੈ।

6ਉਸ ਨੇ ਆਪਣੇ ਤੰਬੂ ਨੂੰ ਬਾਗ਼ ਦੀ ਮਚਾਨ ਵਾਂਗੂੰ ਢਾਹ ਸੁੱਟਿਆ, ਉਸ ਨੇ ਆਪਣੀ ਮੰਡਲੀ ਦੇ ਸਥਾਨ ਨੂੰ ਬਰਬਾਦ ਕਰ ਦਿੱਤਾ, ਯਹੋਵਾਹ ਨੇ ਸੀਯੋਨ ਵਿੱਚ ਠਹਿਰਾਏ ਹੋਏ ਪਰਬਾਂ ਅਤੇ ਸਬਤ ਨੂੰ ਵਿਸਾਰ ਦਿੱਤਾ, ਅਤੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਰਾਜਾ ਅਤੇ ਜਾਜਕ ਨੂੰ ਤੁੱਛ ਜਾਣਿਆ।

7ਯਹੋਵਾਹ ਨੇ ਆਪਣੀ ਜਗਵੇਦੀ ਨੂੰ ਤਿਆਗ ਦਿੱਤਾ, ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਘਿਰਣਾ ਕਰਕੇ ਛੱਡ ਦਿੱਤਾ, ਉਸ ਨੇ ਉਹ ਦੇ ਮਹਿਲਾਂ ਦੀਆਂ ਕੰਧਾਂ ਨੂੰ ਵੈਰੀਆਂ ਦੇ ਹੱਥ ਕਰ ਦਿੱਤਾ, ਉਹਨਾਂ ਨੇ ਯਹੋਵਾਹ ਦੇ ਭਵਨ ਵਿੱਚ ਅਜਿਹਾ ਰੌਲ਼ਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ!

8ਯਹੋਵਾਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣਾ ਠਾਣ ਲਿਆ, ਉਸ ਨੇ ਮਾਪ ਦੀ ਡੋਰੀ ਖਿੱਚੀ, ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ, ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ, ਉਹ ਦੋਵੇਂ ਇਕੱਠੇ ਬਰਬਾਦ ਹੋ ਗਏ।

9ਉਹ ਦੇ ਫਾਟਕ ਧਰਤੀ ਵਿੱਚ ਧੱਸ ਗਏ ਹਨ, ਉਸ ਨੇ ਉਹ ਦੇ ਅਰਲਾਂ ਨੂੰ ਤੋੜ ਕੇ ਨਾਸ ਕੀਤਾ, ਉਹ ਦਾ ਰਾਜਾ ਅਤੇ ਹਾਕਮ ਉਨ੍ਹਾਂ ਕੌਮਾਂ ਵਿੱਚ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ, ਉਹ ਦੇ ਨਬੀ ਯਹੋਵਾਹ ਤੋਂ ਦਰਸ਼ਣ ਨਹੀਂ ਪਾਉਂਦੇ।

10ਸੀਯੋਨ ਦੀ ਧੀ ਦੇ ਬਜ਼ੁਰਗ ਜ਼ਮੀਨ ਉੱਤੇ ਚੁੱਪ-ਚਾਪ ਬੈਠੇ ਹਨ, ਉਹਨਾਂ ਨੇ ਆਪਣੇ ਸਿਰਾਂ ਵਿੱਚ ਮਿੱਟੀ ਪਾਈ ਹੈ, ਉਹਨਾਂ ਨੇ ਤੱਪੜ ਪਾ ਲਿਆ ਹੈ। ਯਰੂਸ਼ਲਮ ਦੀਆਂ ਕੁਆਰੀਆਂ ਨੇ ਆਪਣੇ ਸਿਰਾਂ ਨੂੰ ਧਰਤੀ ਤੱਕ ਝੁਕਾਇਆ ਹੈ।

11ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ, ਮੇਰਾ ਦਿਲ ਬੇਚੈਨ ਹੈ, ਮੇਰੇ ਲੋਕਾਂ ਦੀ ਧੀ ਦੀ ਬਰਬਾਦੀ ਦੇ ਕਾਰਨ, ਮੇਰਾ ਕਾਲਜਾ ਫੱਟ ਗਿਆ ਹੈ, ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਸੁਰਤ ਪਏ ਹਨ।

12ਉਹ ਆਪਣੀਆਂ ਮਾਵਾਂ ਨੂੰ ਰੋ-ਰੋ ਕੇ ਪੁੱਛਦੇ ਹਨ, ਅੰਨ ਅਤੇ ਦਾਖਰਸ ਕਿੱਥੇ ਹਨ? ਉਹ ਸ਼ਹਿਰ ਦੀਆਂ ਗਲੀਆਂ ਵਿੱਚ ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ, ਆਪਣੀਆਂ ਮਾਵਾਂ ਦੀ ਗੋਦ ਵਿੱਚ ਆਪਣਾ ਪ੍ਰਾਣ ਛੱਡ ਦਿੰਦੇ ਹਨ।

13ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਆਖਾਂ, ਅਤੇ ਤੈਨੂੰ ਕਿਹ ਦੇ ਵਰਗੀ ਠਹਿਰਾਵਾਂ? ਹੇ ਸੀਯੋਨ ਦੀਏ ਕੁਆਰੀਏ ਧੀਏ! ਮੈਂ ਕਿਹ ਦੇ ਨਾਲ ਤੇਰੀ ਤੁਲਨਾ ਕਰਾਂ ਤਾਂ ਜੋ ਮੈਂ ਤੈਨੂੰ ਤਸੱਲੀ ਦਿਆਂ? ਕਿਉਂ ਜੋ ਤੇਰਾ ਜ਼ਖਮ ਸਾਗਰ ਵਾਂਗੂੰ ਵੱਡਾ ਹੈ, ਕੌਣ ਤੈਨੂੰ ਚੰਗਾ ਕਰ ਸਕੇਗਾ?

14ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਤੇ ਵਿਅਰਥ ਦਰਸ਼ਣ ਵੇਖੇ, ਉਹਨਾਂ ਨੇ ਤੇਰੇ ਅਪਰਾਧਾਂ ਨੂੰ ਪਰਗਟ ਨਾ ਕੀਤਾ, ਤਾਂ ਜੋ ਤੇਰੀ ਗ਼ੁਲਾਮੀ ਨੂੰ ਰੋਕ ਦਿੰਦੇ, ਪਰ ਉਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ ਵਾਲੇ ਅਗੰਮ ਵਾਕ ਬੋਲੇ,

15ਸਭ ਲੰਘਣ ਵਾਲੇ ਤੇਰੇ ਉੱਤੇ ਤਾੜੀਆਂ ਵਜਾਉਂਦੇ ਹਨ, ਉਹ ਯਰੂਸ਼ਲਮ ਦੀ ਧੀ ਦੇ ਉੱਤੇ, ਨੱਕ ਚੜ੍ਹਾਉਂਦੇ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ, ਕੀ ਇਹ ਉਹੋ ਸ਼ਹਿਰ ਹੈ ਜਿਸ ਨੂੰ ਉਹ ਇਹ ਨਾਮ ਦਿੰਦੇ ਸਨ, “ਸੁੰਦਰਤਾ ਵਿੱਚ ਸਿੱਧ, ਸਾਰੇ ਸੰਸਾਰ ਦਾ ਅਨੰਦ?”

16ਤੇਰੇ ਸਾਰੇ ਵੈਰੀਆਂ ਨੇ ਤੇਰੇ ਵਿਰੁੱਧ ਆਪਣਾ ਮੂੰਹ ਅੱਡਿਆ ਹੈ, ਉਹ ਖਿੱਲ੍ਹੀ ਉਡਾਉਂਦੇ ਅਤੇ ਦੰਦ ਪੀਂਹਦੇ ਹਨ, ਉਹ ਆਖਦੇ ਹਨ, ਅਸੀਂ ਉਹ ਨੂੰ ਨਿਗਲ ਲਿਆ ਹੈ, ਅਸੀਂ ਇਸੇ ਹੀ ਦਿਨ ਨੂੰ ਤਾਂ ਉਡੀਕਦੇ ਸੀ, ਇਹ ਸਾਨੂੰ ਲੱਭ ਗਿਆ, ਅਸੀਂ ਇਸ ਨੂੰ ਵੇਖ ਲਿਆ ਹੈ!

17ਯਹੋਵਾਹ ਨੇ ਉਹੋ ਕੀਤਾ, ਜੋ ਉਸ ਨੇ ਠਾਣਿਆ ਸੀ, ਉਸ ਨੇ ਆਪਣੇ ਬਚਨ ਨੂੰ ਪੂਰਾ ਕੀਤਾ, ਜਿਸ ਦਾ ਹੁਕਮ ਉਸ ਨੇ ਬੀਤੇ ਸਮਿਆਂ ਵਿੱਚ ਦਿੱਤਾ ਸੀ। ਉਸ ਨੇ ਤੈਨੂੰ ਢਾਹ ਦਿੱਤਾ ਅਤੇ ਤਰਸ ਨਾ ਖਾਧਾ, ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਉੱਤੇ ਅਨੰਦ ਕਰਾਇਆ, ਉਸ ਨੇ ਤੇਰੇ ਵਿਰੋਧੀਆਂ ਦੇ ਸਿੰਗ ਨੂੰ ਉੱਚਾ ਕੀਤਾ ਹੈ।

18ਉਨ੍ਹਾਂ ਨੇ ਦਿਲ ਤੋਂ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ, ਹੇ ਸੀਯੋਨ ਦੀ ਧੀ ਦੀਏ ਕੰਧੇ, ਦਿਨ ਰਾਤ ਤੇਰੇ ਹੰਝੂ ਨਦੀ ਦੀ ਤਰ੍ਹਾਂ ਵਗਦੇ ਰਹਿਣ! ਤੂੰ ਅਰਾਮ ਨਾ ਕਰ, ਆਪਣੀਆਂ ਅੱਖਾਂ ਦੀ ਪੁਤਲੀ ਨੂੰ ਚੈਨ ਨਾ ਲੈਣ ਦੇ।

19ਉੱਠ! ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ! ਆਪਣਾ ਦਿਲ ਪ੍ਰਭੂ ਦੇ ਸਨਮੁਖ ਪਾਣੀ ਵਾਂਗੂੰ ਡੋਲ੍ਹ ਦੇ, ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ, ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਸਿਰੇ ਉੱਤੇ ਬੇਸੁਰਤ ਪਏ ਹਨ।

20ਹੇ ਯਹੋਵਾਹ, ਵੇਖ! ਅਤੇ ਧਿਆਨ ਦੇ ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ? ਕੀ ਇਸਤਰੀਆਂ ਆਪਣਾ ਫਲ ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ? ਹੇ ਪ੍ਰਭੂ! ਕੀ ਜਾਜਕ ਅਤੇ ਨਬੀ ਤੇਰੇ ਪਵਿੱਤਰ ਸਥਾਨ ਵਿੱਚ ਵੱਢੇ ਜਾਣ?

21ਜੁਆਨ ਅਤੇ ਬੁੱਢੇ ਗਲੀਆਂ ਵਿੱਚ ਜ਼ਮੀਨ ਉੱਤੇ ਪਏ ਹਨ, ਮੇਰੀਆਂ ਕੁਆਰੀਆਂ ਅਤੇ ਮੇਰੇ ਜੁਆਨ ਤਲਵਾਰ ਨਾਲ ਡਿੱਗ ਪਏ। ਤੂੰ ਉਹਨਾਂ ਨੂੰ ਆਪਣੇ ਕ੍ਰੋਧ ਦੇ ਦਿਨ ਵਿੱਚ ਘਾਤ ਕੀਤਾ, ਤੂੰ ਉਹਨਾਂ ਨੂੰ ਵੱਢ ਸੁੱਟਿਆ ਅਤੇ ਤਰਸ ਨਾ ਖਾਧਾ!

22ਤੂੰ ਮੇਰੇ ਵੈਰੀਆਂ ਦੇ ਕਾਰਨਾਂ ਨੂੰ, ਪਰਬ ਦੇ ਦਿਨ ਦੇ ਸਮਾਨ ਆਲੇ-ਦੁਆਲੇ ਤੋਂ ਬੁਲਾਇਆ ਹੈ, ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਨਾ ਤਾਂ ਕੋਈ ਬਚ ਸਕਿਆ ਤੇ ਨਾ ਕੋਈ ਬਾਕੀ ਰਿਹਾ, ਜਿਨ੍ਹਾਂ ਨੂੰ ਮੈਂ ਪਾਲਿਆ ਪੋਸਿਆ, ਉਹਨਾਂ ਨੂੰ ਮੇਰੇ ਵੈਰੀਆਂ ਨੇ ਮਾਰ ਕੇ ਮੁਕਾ ਦਿੱਤਾ ਹੈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath