ਈਸਾਈ
ਪਿੱਛੇ

ਵਿਰਲਾਪ 1

1ਹਾਏ! ਉਹ ਨਗਰੀ ਕਿਵੇਂ ਇਕੱਲੀ ਬੈਠੀ ਹੈ, ਜਿਹੜੀ ਪਹਿਲਾਂ ਲੋਕਾਂ ਨਾਲ ਭਰੀ ਹੋਈ ਸੀ! ਉਹ ਵਿਧਵਾ ਵਾਂਗੂੰ ਹੋ ਗਈ, ਜਿਹੜੀ ਕੌਮਾਂ ਵਿੱਚ ਮਹਾਨ ਸੀ! ਉਹ ਜੋ ਸੂਬਿਆਂ ਦੀ ਰਾਜਕੁਮਾਰੀ ਸੀ, ਹੁਣ ਲਗਾਨ ਦੇਣ ਵਾਲੀ ਹੋ ਗਈ!

2ਉਹ ਰਾਤ ਨੂੰ ਫੁੱਟ-ਫੁੱਟ ਕੇ ਰੋਂਦੀ ਹੈ, ਉਹ ਦੇ ਹੰਝੂ ਉਹ ਦੀਆਂ ਗੱਲਾਂ ਉੱਤੇ ਛਲਕਦੇ ਹਨ, ਉਹ ਦੇ ਸਾਰੇ ਪ੍ਰੇਮੀਆਂ ਵਿੱਚ ਉਹ ਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ, ਉਹ ਦੇ ਸਾਰੇ ਮਿੱਤਰਾਂ ਨੇ ਉਹ ਨੂੰ ਧੋਖਾ ਦਿੱਤਾ, ਉਹ ਉਸ ਦੇ ਵੈਰੀ ਬਣ ਗਏ ਹਨ।

3ਯਹੂਦਾਹ ਦੁੱਖ ਦੇ ਨਾਲ, ਅਤੇ ਕਠਿਨ ਸੇਵਾ ਦੇ ਨਾਲ ਗ਼ੁਲਾਮੀ ਵਿੱਚ ਚਲੀ ਗਈ, ਉਹ ਕੌਮਾਂ ਦੇ ਵਿਚਕਾਰ ਵੱਸਦੀ ਹੈ, ਪਰ ਉਸ ਨੂੰ ਚੈਨ ਨਹੀਂ ਮਿਲਦਾ। ਉਹ ਦੇ ਸਾਰੇ ਪਿੱਛਾ ਕਰਨ ਵਾਲਿਆਂ ਨੇ ਉਸ ਨੂੰ ਦੁੱਖ ਵਿੱਚ ਜਾ ਫੜ੍ਹਿਆ।

4ਸੀਯੋਨ ਦੇ ਰਾਹ ਸੋਗ ਕਰਦੇ ਹਨ, ਕਿਉਂ ਜੋ ਠਹਿਰਾਏ ਹੋਏ ਪਰਬਾਂ ਉੱਤੇ ਕੋਈ ਨਹੀਂ ਆਉਂਦਾ, ਉਹ ਦੇ ਸਾਰੇ ਫਾਟਕ ਵਿਰਾਨ ਹੋ ਗਏ ਹਨ, ਉਹ ਦੇ ਜਾਜਕ ਹਾਉਕੇ ਭਰਦੇ ਹਨ, ਉਹ ਦੀਆਂ ਕੁਆਰੀਆਂ ਦੁੱਖੀ ਹਨ, ਉਹ ਆਪ ਵੀ ਕੁੜੱਤਣ ਵਿੱਚ ਹੈ।

5ਉਹ ਦੇ ਵਿਰੋਧੀ ਉਹ ਦੇ ਸੁਆਮੀ ਬਣ ਗਏ, ਉਹ ਦੇ ਵੈਰੀ ਤਰੱਕੀ ਕਰਦੇ ਹਨ, ਕਿਉਂ ਜੋ ਯਹੋਵਾਹ ਨੇ ਉਹ ਨੂੰ ਉਹ ਦੇ ਬਹੁਤੇ ਅਪਰਾਧਾਂ ਦੇ ਕਾਰਨ ਦੁੱਖ ਦਿੱਤਾ ਹੈ, ਉਹ ਦੇ ਬੱਚਿਆਂ ਨੂੰ ਵਿਰੋਧੀ ਗ਼ੁਲਾਮੀ ਵਿੱਚ ਲੈ ਗਏ।

6ਸੀਯੋਨ ਦੀ ਧੀ ਦੀ ਸਾਰੀ ਸ਼ੋਭਾ ਜਾਂਦੀ ਰਹੀ, ਉਹ ਦੇ ਹਾਕਮ ਉਨ੍ਹਾਂ ਹਿਰਨੀਆਂ ਵਾਂਗੂੰ ਹੋ ਗਏ, ਜਿਨ੍ਹਾਂ ਨੂੰ ਚਾਰਗਾਹ ਨਹੀਂ ਲੱਭਦੀ, ਉਹ ਪਿੱਛਾ ਕਰਨ ਵਾਲਿਆਂ ਦੇ ਸਾਹਮਣਿਓਂ ਨਿਰਬਲ ਹੋ ਕੇ ਭੱਜਦੇ ਹਨ।

7ਯਰੂਸ਼ਲਮ ਨੇ ਆਪਣੇ ਦੁੱਖ ਅਤੇ ਕਲੇਸ਼ ਦੇ ਦਿਨਾਂ ਵਿੱਚ, ਪੁਰਾਣੇ ਸਮਿਆਂ ਦੇ ਆਪਣੇ ਸਾਰੇ ਮਨਭਾਉਣੇ ਪਦਾਰਥਾਂ ਨੂੰ ਯਾਦ ਕੀਤਾ, ਜਦ ਉਹ ਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ, ਅਤੇ ਉਹ ਦਾ ਸਹਾਇਕ ਕੋਈ ਨਾ ਬਣਿਆ। ਉਹ ਦੇ ਵਿਰੋਧੀਆਂ ਨੇ ਉਹ ਨੂੰ ਵੇਖਿਆ, ਅਤੇ ਉਹ ਦੀ ਬਰਬਾਦੀ ਦਾ ਮਖ਼ੌਲ ਉਡਾਇਆ।

8ਯਰੂਸ਼ਲਮ ਨੇ ਵੱਡਾ ਪਾਪ ਕੀਤਾ, ਇਸ ਲਈ ਉਹ ਅਸ਼ੁੱਧ ਹੋ ਗਈ, ਸਾਰੇ ਜਿਹੜੇ ਉਹ ਦਾ ਆਦਰ ਕਰਦੇ ਸਨ ਉਹ ਉਸ ਦਾ ਨਿਰਾਦਰ ਕਰਦੇ ਹਨ, ਕਿਉਂ ਜੋ ਉਨ੍ਹਾਂ ਨੇ ਉਸ ਦਾ ਨੰਗੇਜ਼ ਵੇਖਿਆ, ਹਾਂ, ਉਹ ਹਾਉਕੇ ਭਰਦੀ ਅਤੇ ਮੂੰਹ ਫੇਰ ਲੈਂਦੀ ਹੈ।

9ਉਹ ਦੀ ਅਸ਼ੁੱਧਤਾ ਉਹ ਦੇ ਪੱਲੇ ਉੱਤੇ ਹੈ, ਉਸ ਨੇ ਆਪਣੇ ਅੰਤ ਨੂੰ ਯਾਦ ਨਾ ਰੱਖਿਆ, ਇਸ ਲਈ ਉਹ ਭਿਆਨਕ ਤਰੀਕੇ ਨਾਲ ਗਿਰਾਈ ਗਈ, ਉਹ ਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ। ਹੇ ਯਹੋਵਾਹ, ਮੇਰੇ ਦੁੱਖ ਨੂੰ ਵੇਖ! ਕਿਉਂ ਜੋ ਵੈਰੀ ਮੇਰੇ ਵਿਰੁੱਧ ਸਫ਼ਲ ਹੋਇਆ ਹੈ।

10ਵਿਰੋਧੀ ਨੇ ਆਪਣਾ ਹੱਥ ਉਸ ਦੀਆਂ ਮਨਭਾਉਣੀਆਂ ਵਸਤਾਂ ਉੱਤੇ ਵਧਾਇਆ ਹੈ, ਉਹ ਨੇ ਵੇਖਿਆ ਹੈ ਕਿ ਪਰਾਈਆਂ ਕੌਮਾਂ ਉਹ ਦੇ ਪਵਿੱਤਰ ਸਥਾਨ ਵਿੱਚ ਵੜੀਆਂ ਹਨ, ਜਿਨ੍ਹਾਂ ਲਈ ਤੂੰ ਹੁਕਮ ਦਿੱਤਾ ਸੀ ਕਿ ਉਹ ਤੇਰੀ ਸਭਾ ਵਿੱਚ ਨਾ ਵੜਨ।

11ਉਹ ਦੇ ਸਾਰੇ ਲੋਕ ਹਾਉਕੇ ਭਰਦੇ ਹਨ, ਉਹ ਰੋਟੀ ਭਾਲਦੇ ਹਨ, ਉਹਨਾਂ ਨੇ ਆਪਣੀਆਂ ਮਨਭਾਉਣੀਆਂ ਵਸਤਾਂ ਵੇਚ ਕੇ ਭੋਜਨ ਮੁੱਲ ਲਿਆ ਹੈ, ਤਾਂ ਜੋ ਉਹਨਾਂ ਦੀ ਜਾਨ ਵਿੱਚ ਜਾਨ ਆਵੇ। ਹੇ ਯਹੋਵਾਹ, ਵੇਖ ਅਤੇ ਧਿਆਨ ਦੇ, ਕਿਉਂ ਜੋ ਮੈਂ ਤੁੱਛ ਹੋ ਗਈ ਹਾਂ!

12ਹੇ ਸਾਰੇ ਲੰਘਣ ਵਾਲਿਓ! ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ? ਧਿਆਨ ਦਿਓ ਅਤੇ ਵੇਖੋ, ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈ ਜੋ ਮੇਰੇ ਉੱਤੇ ਆਣ ਪਿਆ ਹੈ, ਜਿਸ ਨੂੰ ਯਹੋਵਾਹ ਨੇ ਆਪਣੇ ਭੜਕਦੇ ਕ੍ਰੋਧ ਦੇ ਦਿਨ ਮੇਰੇ ਉੱਤੇ ਪਾਇਆ ਹੈ?

13ਉਚਿਆਈ ਤੋਂ ਉਸ ਨੇ ਮੇਰੀਆਂ ਹੱਡੀਆਂ ਵਿੱਚ ਅੱਗ ਘੱਲੀ ਹੈ, ਅਤੇ ਉਸ ਨਾਲ ਉਹ ਭਸਮ ਹੋ ਗਈਆਂ, ਉਸ ਨੇ ਮੇਰੇ ਪੈਰਾਂ ਲਈ ਇੱਕ ਜਾਲ਼ ਵਿਛਾਇਆ, ਉਸ ਨੇ ਮੈਨੂੰ ਪਿੱਛੇ ਮੋੜ ਦਿੱਤਾ, ਉਸ ਨੇ ਮੈਨੂੰ ਵਿਰਾਨ ਕਰ ਦਿੱਤਾ ਅਤੇ ਮੈਂ ਸਾਰਾ ਦਿਨ ਰੋਗ ਨਾਲ ਨਿਰਬਲ ਰਹਿੰਦੀ ਹਾਂ।

14ਜੂਲੇ ਦੀਆਂ ਰੱਸੀਆਂ ਦੀ ਤਰ੍ਹਾਂ ਉਸਨੇ ਮੇਰੇ ਅਪਰਾਧਾਂ ਨੂੰ ਆਪਣੇ ਹੱਥ ਨਾਲ ਬੰਨਿਆ ਹੈ, ਅਤੇ ਉਨ੍ਹਾਂ ਨੂੰ ਵੱਟ ਕੇ ਮੇਰੀ ਗਰਦਨ ਉੱਤੇ ਚੜ੍ਹਾਇਆ ਹੈ, ਉਸ ਨੇ ਮੇਰਾ ਬਲ ਘਟਾ ਦਿੱਤਾ ਹੈ, ਪ੍ਰਭੂ ਨੇ ਮੈਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ, ਜਿਨ੍ਹਾਂ ਦੇ ਅੱਗੇ ਮੈਂ ਖੜ੍ਹੀ ਵੀ ਨਹੀਂ ਰਹਿ ਸਕਦੀ।

15ਪ੍ਰਭੂ ਨੇ ਮੇਰੇ ਸਾਰੇ ਸੂਰਮਿਆਂ ਨੂੰ ਤੁੱਛ ਜਾਣਿਆ ਹੈ, ਉਸ ਨੇ ਮੇਰੇ ਵਿਰੁੱਧ ਇੱਕ ਮੰਡਲੀ ਨੂੰ ਬੁਲਾਇਆ ਕਿ ਮੇਰੇ ਜੁਆਨਾਂ ਨੂੰ ਕੁਚਲ ਦੇਵੇ। ਪ੍ਰਭੂ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਜਾਣੋ ਹੌਦ ਵਿੱਚ ਮਿੱਧਿਆ ਹੈ।

16ਇਹਨਾਂ ਗੱਲਾਂ ਦੇ ਕਾਰਨ ਮੈਂ ਰੋਂਦੀ ਹਾਂ, ਮੇਰੀਆਂ ਅੱਖੀਆਂ ਤੋਂ ਪਾਣੀ ਵਗਦਾ ਹੈ, ਕਿਉਂ ਜੋ ਮੇਰਾ ਤਸੱਲੀ ਦੇਣ ਵਾਲਾ ਮੈਥੋਂ ਦੂਰ ਹੈ, ਜਿਹੜਾ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ। ਮੇਰੇ ਬੱਚੇ ਵਿਰਾਨ ਹੋ ਗਏ ਹਨ, ਕਿਉਂ ਜੋ ਵੈਰੀ ਪਰਬਲ ਹੋ ਗਿਆ।

17ਸੀਯੋਨ ਨੇ ਆਪਣੇ ਹੱਥ ਫੈਲਾਏ, ਪਰ ਉਸ ਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ, ਯਹੋਵਾਹ ਨੇ ਯਾਕੂਬ ਲਈ ਹੁਕਮ ਦਿੱਤਾ ਹੈ ਕਿ ਜੋ ਉਸ ਦੇ ਆਲੇ-ਦੁਆਲੇ ਹਨ ਉਹ ਉਸ ਦੇ ਵਿਰੋਧੀ ਹੋ ਜਾਣ, ਯਰੂਸ਼ਲਮ ਉਹਨਾਂ ਦੇ ਵਿਚਕਾਰ ਅਸ਼ੁੱਧ ਇਸਤਰੀ ਵਾਂਗੂੰ ਹੋ ਗਈ ਹੈ।

18ਯਹੋਵਾਹ ਧਰਮੀ ਹੈ ਕਿਉਂ ਜੋ ਮੈਂ ਉਸ ਦੇ ਹੁਕਮਾਂ ਦਾ ਵਿਰੋਧ ਕੀਤਾ, ਹੇ ਸਾਰੇ ਲੋਕੋ, ਸੁਣੋ, ਅਤੇ ਮੇਰੇ ਦੁੱਖ ਨੂੰ ਵੇਖੋ, ਮੇਰੀਆਂ ਕੁਆਰੀਆਂ ਅਤੇ ਮੇਰੇ ਜੁਆਨ ਗ਼ੁਲਾਮੀ ਵਿੱਚ ਚਲੇ ਗਏ।

19ਮੈਂ ਆਪਣੇ ਪ੍ਰੇਮੀਆਂ ਨੂੰ ਬੁਲਾਇਆ, ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ, ਜਦ ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਭੋਜਨ ਲੱਭਦੇ ਸਨ, ਤਾਂ ਜੋ ਉਨ੍ਹਾਂ ਦੀ ਜਾਨ ਵਿੱਚ ਤਾਜ਼ਗੀ ਆਵੇ, ਤਦ ਸ਼ਹਿਰ ਵਿੱਚ ਹੀ ਉਨ੍ਹਾਂ ਨੇ ਪ੍ਰਾਣ ਛੱਡ ਦਿੱਤੇ।

20ਹੇ ਯਹੋਵਾਹ, ਵੇਖ, ਕਿਉਂ ਜੋ ਮੈਂ ਦੁੱਖੀ ਹਾਂ! ਮੇਰਾ ਦਿਲ ਬੇਚੈਨ ਹੈ, ਅਤੇ ਮੇਰਾ ਜੀਅ ਮੇਰੇ ਅੰਦਰ ਘਬਰਾਉਂਦਾ ਹੈ, ਕਿਉਂ ਜੋ ਮੈਂ ਵੱਡੀ ਬਗਾਵਤ ਕੀਤੀ ਹੈ! ਬਾਹਰ ਤਲਵਾਰ ਮੈਨੂੰ ਵੰਸ਼ਹੀਨ ਬਣਾਉਂਦੀ ਹੈ, ਅਤੇ ਘਰ ਵਿੱਚ, ਜਾਣੋ, ਮੌਤ ਦਾ ਵਾਸ ਹੈ!

21ਉਨ੍ਹਾਂ ਨੇ ਸੁਣਿਆ ਹੈ ਕਿ ਮੈਂ ਹਾਉਕੇ ਭਰਦੀ ਹਾਂ, ਪਰ ਮੈਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ। ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਦੀ ਖ਼ਬਰ ਸੁਣੀ ਹੈ, ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ। ਪਰ ਤੂੰ ਉਹ ਦਿਨ ਲਿਆ ਜਿਸ ਦਾ ਤੂੰ ਪ੍ਰਚਾਰ ਕੀਤਾ ਹੈ, ਤਦ ਉਹ ਵੀ ਮੇਰੇ ਵਰਗੇ ਹੋ ਜਾਣਗੇ।

22ਉਨ੍ਹਾਂ ਦੀ ਸਾਰੀ ਬੁਰਿਆਈ ਤੇਰੇ ਸਾਹਮਣੇ ਆਵੇ, ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰ ਜਿਵੇਂ ਤੂੰ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਕੀਤਾ ਹੈ, ਕਿਉਂ ਜੋ ਮੈਂ ਬਹੁਤ ਹਾਉਕੇ ਭਰਦੀ ਹਾਂ, ਅਤੇ ਮੇਰਾ ਦਿਲ ਨਿਰਬਲ ਹੋ ਗਿਆ ਹੈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath