ਯਹੋਸ਼ੁਆ 8
1ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਨਾ ਡਰ ਅਤੇ ਤੇਰਾ ਮਨ ਨਾ ਘਬਰਾਵੇ। ਸਾਰੇ ਯੋਧਿਆਂ ਨੂੰ ਆਪਣੇ ਨਾਲ ਲੈ ਅਤੇ ਅਈ ਉੱਤੇ ਚੜ੍ਹਾਈ ਕਰ। ਵੇਖ, ਮੈਂ ਅਈ ਦੇ ਰਾਜੇ ਨੂੰ, ਉਹ ਦੇ ਲੋਕਾਂ ਨੂੰ, ਉਹ ਦੇ ਸ਼ਹਿਰ ਨੂੰ ਅਤੇ ਉਹ ਦੇ ਦੇਸ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ।
2ਤੂੰ ਅਈ ਨਾਲ ਅਤੇ ਉਹ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੀਂ ਜੋ ਤੂੰ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ। ਉੱਥੇ ਦੀ ਲੁੱਟ ਅਤੇ ਡੰਗਰ ਤੁਸੀਂ ਆਪਣੇ ਲਈ ਖੋਹ ਲਵੋ ਅਤੇ ਸ਼ਹਿਰ ਦੇ ਪਿੱਛੇ ਘਾਤ ਲਾ ਲਿਓ।
3ਯਹੋਸ਼ੁਆ ਅਤੇ ਸਾਰੇ ਯੋਧੇ ਅਈ ਉੱਤੇ ਚੜ੍ਹਾਈ ਕਰਨ ਲਈ ਤਿਆਰ ਹੋਏ। ਯਹੋਸ਼ੁਆ ਨੇ ਤੀਹ ਹਜ਼ਾਰ ਸੂਰਬੀਰ ਚੁਣੇ ਅਤੇ ਰਾਤ ਨੂੰ ਉਹਨਾਂ ਨੂੰ ਭੇਜਿਆ।
4ਉਹਨਾਂ ਨੂੰ ਹੁਕਮ ਦਿੱਤਾ ਕਿ ਵੇਖੋ ਤੁਸੀਂ ਸ਼ਹਿਰ ਦੀ ਘਾਤ ਵਿੱਚ ਪਿੱਛੇ ਬੈਠ ਜਾਣਾ। ਸ਼ਹਿਰ ਤੋਂ ਬਹੁਤ ਦੂਰ ਨਾ ਜਾਣਾ ਅਤੇ ਤੁਸੀਂ ਸਾਰਿਆਂ ਨੇ ਤਿਆਰ ਰਹਿਣਾ।
5ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਸ਼ਹਿਰ ਦੇ ਕੋਲ ਆਵਾਂਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਡਾ ਸਾਹਮਣਾ ਕਰਨ ਲਈ ਨਿੱਕਲਣ ਤਾਂ ਅਸੀਂ ਉਹਨਾਂ ਦੇ ਅੱਗੋਂ ਪਹਿਲਾਂ ਵਾਂਗੂੰ ਭੱਜਾਂਗੇ।
6ਉਹ ਸਾਡੇ ਪਿੱਛੇ ਆਉਣਗੇ ਐਥੋਂ ਤੱਕ ਕਿ ਅਸੀਂ ਉਹਨਾਂ ਨੂੰ ਸ਼ਹਿਰੋਂ ਦੂਰ ਲੈ ਜਾਂਵਾਂਗੇ ਕਿਉਂ ਜੋ ਉਹ ਆਖਣਗੇ ਕਿ ਇਹ ਸਾਡੇ ਅੱਗੋਂ ਪਹਿਲਾਂ ਵਾਂਗੂੰ ਭੱਜਦੇ ਹਨ। ਇਸ ਤਰ੍ਹਾਂ ਅਸੀਂ ਉਹਨਾਂ ਦੇ ਅੱਗੋਂ ਭੱਜਾਂਗੇ।
7ਤਦ ਤੁਸੀਂ ਘਾਤ ਵਿੱਚੋਂ ਨਿੱਕਲ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉਹ ਨੂੰ ਤੁਹਾਡੇ ਹੱਥ ਵਿੱਚ ਕਰ ਦੇਵੇਗਾ।
8ਇਸ ਤਰ੍ਹਾਂ ਹੋਵੇਗਾ ਜਦ ਸ਼ਹਿਰ ਕਾਬੂ ਵਿੱਚ ਆ ਜਾਵੇ ਤਾਂ ਸ਼ਹਿਰ ਵਿੱਚ ਅੱਗ ਲਾ ਦੇਣੀ ਅਤੇ ਯਹੋਵਾਹ ਦੀ ਆਗਿਆ ਅਨੁਸਾਰ ਕਰਿਓ। ਵੇਖੋ ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ!
9ਯਹੋਸ਼ੁਆ ਨੇ ਉਹਨਾਂ ਨੂੰ ਭੇਜਿਆ ਤਾਂ ਉਹ ਘਾਤ ਵਿੱਚ ਬੈਠ ਗਏ ਅਤੇ ਬੈਤਏਲ ਅਤੇ ਅਈ ਦੇ ਵਿੱਚਕਾਰ ਅਈ ਦੇ ਲਹਿੰਦੇ ਪਾਸੇ ਜਾ ਬੈਠੇ ਪਰ ਯਹੋਸ਼ੁਆ ਰਾਤ ਨੂੰ ਲੋਕਾਂ ਵਿੱਚ ਰਿਹਾ।
10ਤਾਂ ਯਹੋਸ਼ੁਆ ਨੇ ਸਵੇਰੇ ਉੱਠ ਕੇ ਲੋਕਾਂ ਦੀ ਗਿਣਤੀ ਕੀਤੀ ਅਤੇ ਉਹ ਇਸਰਾਏਲ ਦੇ ਬਜ਼ੁਰਗਾਂ ਸਣੇ ਲੋਕਾਂ ਦੇ ਅੱਗੇ ਅਈ ਵੱਲ ਚੜ੍ਹਿਆ।
11ਅਤੇ ਸਾਰੇ ਯੋਧੇ ਜਿਹੜੇ ਉਹ ਦੇ ਨਾਲ ਸਨ ਉਤਾਹਾਂ ਗਏ, ਨੇੜੇ ਪਹੁੰਚੇ ਅਤੇ ਸ਼ਹਿਰ ਦੇ ਸਾਹਮਣੇ ਆ ਕੇ ਅਈ ਦੇ ਉੱਤਰ ਵੱਲ ਡੇਰੇ ਲਾਏ। ਉਸ ਦੇ ਵਿੱਚ ਅਤੇ ਅਈ ਦੀ ਵਿੱਚਕਾਰ ਇੱਕ ਖੱਡ ਸੀ।
12ਤਾਂ ਉਸ ਨੇ ਪੰਜ ਕੁ ਹਜ਼ਾਰ ਮਨੁੱਖ ਲਏ ਅਤੇ ਉਹਨਾਂ ਨੂੰ ਬੈਤਏਲ ਅਤੇ ਅਈ ਦੇ ਵਿੱਚਕਾਰ ਸ਼ਹਿਰੋਂ ਪੱਛਮ ਵੱਲ ਘਾਤ ਵਿੱਚ ਬਿਠਾਇਆ।
13ਤਾਂ ਉਹਨਾਂ ਨੇ ਲੋਕਾਂ ਨੂੰ ਅਰਥਾਤ ਸਾਰੇ ਦਲ ਨੂੰ ਜਿਹੜੇ ਸ਼ਹਿਰੋਂ ਉਤਰ ਵੱਲ ਸਨ ਅਤੇ ਘਾਤ ਵਾਲਿਆਂ ਨੂੰ ਸ਼ਹਿਰੋਂ ਪੱਛਮ ਵੱਲ ਬਿਠਾਇਆ ਤਾਂ ਯਹੋਸ਼ੁਆ ਉਸ ਰਾਤ ਖੱਡ ਵਿੱਚ ਗਿਆ।
14ਅਤੇ ਇਸ ਤਰ੍ਹਾਂ ਹੋਇਆ ਕਿ ਜਦ ਅਈ ਦੇ ਰਾਜੇ ਨੇ ਇਹ ਵੇਖਿਆ ਤਾਂ ਉਹਨਾਂ ਨੇ ਛੇਤੀ ਕੀਤੀ ਅਤੇ ਸਵੇਰੇ ਹੀ ਉੱਠੇ ਅਤੇ ਸ਼ਹਿਰ ਦੇ ਮਨੁੱਖ ਅਰਥਾਤ ਉਹ ਅਤੇ ਉਸ ਦੇ ਸਾਰੇ ਲੋਕ ਠਹਿਰਾਏ ਹੋਏ ਸਮੇਂ ਉੱਤੇ ਅਰਾਬਾਹ ਦੇ ਅੱਗੇ ਇਸਰਾਏਲ ਦੇ ਵਿਰੁੱਧ ਲੜਨ ਲਈ ਬਾਹਰ ਨਿੱਕਲੇ ਪਰ ਉਸ ਨੇ ਇਹ ਨਾ ਜਾਣਿਆ ਕਿ ਸ਼ਹਿਰ ਦੇ ਪਿੱਛੇ ਉਸ ਦੇ ਵਿਰੁੱਧ ਘਾਤ ਵਾਲੇ ਬੈਠੇ ਹਨ।
15ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਨੱਸਿਆ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਹੋਏ ਹੁੰਦੇ ਹਨ।
16ਤਾਂ ਸਾਰੇ ਲੋਕ ਜਿਹੜੇ ਸ਼ਹਿਰ ਵਿੱਚ ਸਨ ਉਹਨਾਂ ਦਾ ਪਿੱਛਾ ਕਰਨ ਲਈ ਇਕੱਠੇ ਸੱਦੇ ਗਏ ਸੋ ਉਹਨਾਂ ਨੇ ਯਹੋਸ਼ੁਆ ਦਾ ਅਜਿਹਾ ਪਿੱਛਾ ਕੀਤਾ ਕਿ ਉਹ ਸ਼ਹਿਰੋਂ ਦੂਰ ਚਲੇ ਗਏ।
17ਉਸ ਤੋਂ ਬਾਅਦ ਅਈ ਅਤੇ ਬੈਤਏਲ ਵਿੱਚ ਕੋਈ ਮਨੁੱਖ ਬਾਕੀ ਨਾ ਰਿਹਾ ਜਿਹੜਾ ਇਸਰਾਏਲ ਦਾ ਪਿੱਛਾ ਕਰਨ ਨੂੰ ਨਾ ਨਿੱਕਲਿਆ ਹੋਵੇ ਅਤੇ ਉਹ ਸ਼ਹਿਰ ਨੂੰ ਖੁੱਲ੍ਹਾ ਛੱਡ ਕੇ ਇਸਰਾਏਲ ਦੇ ਪਿੱਛੇ ਭੱਜ ਪਏ।
18ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਬਰਛੇ ਨੂੰ ਜਿਹੜਾ ਤੇਰੇ ਹੱਥ ਵਿੱਚ ਹੈ ਅਈ ਵੱਲ ਵਧਾ ਕਿਉਂ ਜੋ ਮੈਂ ਉਸ ਨੂੰ ਤੇਰੇ ਹੱਥ ਦੇ ਦਿਆਂਗਾ ਤਾਂ ਯਹੋਸ਼ੁਆ ਨੇ ਬਰਛੇ ਨੂੰ ਜਿਹੜਾ ਉਹ ਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ। ਜਦ ਉਹ ਨੇ ਆਪਣਾ ਹੱਥ ਵਧਾਇਆ।
19ਤਾਂ ਘਾਤ ਵਾਲੇ ਆਪਣੇ ਥਾਂ ਤੋਂ ਛੇਤੀ ਨਾਲ ਉੱਠ ਕੇ ਨੱਠੇ ਅਤੇ ਸ਼ਹਿਰ ਵਿੱਚ ਜਾ ਵੜੇ ਅਤੇ ਉਹ ਨੂੰ ਕਬਜ਼ੇ ਵਿੱਚ ਲਿਆ ਫਿਰ ਉਹਨਾਂ ਛੇਤੀ ਨਾਲ ਸ਼ਹਿਰ ਨੂੰ ਅੱਗ ਲਾ ਦਿੱਤੀ।
20ਜਦ ਅਈ ਦੇ ਮਨੁੱਖਾਂ ਨੇ ਪਿੱਛੇ ਮੂੰਹ ਕਰਕੇ ਵੇਖਿਆ ਤਾਂ ਵੇਖੋ ਸ਼ਹਿਰ ਦਾ ਧੂੰਆਂ ਅਕਾਸ਼ ਤੱਕ ਉੱਠ ਰਿਹਾ ਸੀ ਸੋ ਉਹਨਾਂ ਵਿੱਚ ਇੱਧਰ-ਉੱਧਰ ਭੱਜਣ ਦੀ ਸ਼ਕਤੀ ਨਾ ਰਹੀ ਅਤੇ ਉਹ ਲੋਕ ਜਿਹੜੇ ਉਜਾੜ ਵੱਲ ਭੱਜੇ ਜਾਂਦੇ ਸਨ ਪਿੱਛਾ ਕਰਨ ਵਾਲਿਆਂ ਦੇ ਉੱਤੇ ਉਲਟ ਪਏ।
21ਜਦ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਵਾਲਿਆਂ ਨੇ ਸ਼ਹਿਰ ਨੂੰ ਜਿੱਤ ਲਿਆ ਹੈ ਅਤੇ ਸ਼ਹਿਰ ਤੋਂ ਧੂੰਆਂ ਉੱਠ ਰਿਹਾ ਹੈ ਤਾਂ ਉਹਨਾਂ ਨੇ ਮੁੜ ਕੇ ਅਈ ਦੇ ਮਨੁੱਖਾਂ ਨੂੰ ਮਾਰ ਸੁੱਟਿਆ।
22ਅਤੇ ਇਹ ਸਾਹਮਣਾ ਕਰਨ ਲਈ ਸ਼ਹਿਰ ਤੋਂ ਬਾਹਰ ਆਏ ਸੋ ਉਹ ਇਸਰਾਏਲ ਦੇ ਵਿੱਚਕਾਰ ਹੋ ਗਏ ਅਰਥਾਤ ਕੁਝ ਇਸਰਾਏਲੀ ਇੱਧਰ ਅਤੇ ਕੁਝ ਉੱਧਰ ਹੋ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਮਾਰਿਆ ਕਿ ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ।
23ਤਾਂ ਉਹਨਾਂ ਨੇ ਅਈ ਦੇ ਰਾਜੇ ਨੂੰ ਜੀਉਂਦਾ ਫੜ੍ਹ ਕੇ ਯਹੋਸ਼ੁਆ ਕੋਲ ਲੈ ਆਂਦਾ।
24ਤਾਂ ਇਸ ਤਰ੍ਹਾਂ ਹੋਇਆ ਕਿ ਜਦ ਇਸਰਾਏਲ ਉਸ ਉਜਾੜ ਵਿੱਚ ਜਿੱਥੋਂ ਉਹਨਾਂ ਦਾ ਪਿੱਛਾ ਕੀਤਾ ਸੀ ਅਈ ਦੇ ਸਾਰੇ ਵਸਨੀਕਾਂ ਨੂੰ ਵੱਢ ਚੁੱਕੇ ਅਤੇ ਜਦ ਉਹ ਸਾਰੇ ਤਲਵਾਰ ਦੀ ਧਾਰ ਨਾਲ ਵੱਢੇ ਗਏ ਇੱਥੋਂ ਤੱਕ ਕਿ ਉਹ ਸਾਰੇ ਹੀ ਮੁੱਕ ਗਏ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜੇ ਅਤੇ ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਹ ਨੂੰ ਵੱਢ ਸੁੱਟਿਆ।
25ਇਉਂ ਉਸ ਦਿਨ ਦੇ ਸਾਰੇ ਮਾਰੇ ਹੋਏ ਮਨੁੱਖ ਅਤੇ ਤੀਵੀਆਂ ਬਾਰਾਂ ਹਜ਼ਾਰ ਸਨ ਅਰਥਾਤ ਅਈ ਦੇ ਸਾਰੇ ਲੋਕ।
26ਕਿਉਂ ਜੋ ਯਹੋਸ਼ੁਆ ਨੇ ਆਪਣਾ ਹੱਥ ਜਿਹ ਦੇ ਵਿੱਚ ਬਰਛਾ ਫੜਿਆ ਹੋਇਆ ਸੀ ਪਿੱਛੇ ਨਾ ਹਟਾਇਆ ਜਦ ਤੱਕ ਕਿ ਉਸ ਨੇ ਅਈ ਦੇ ਸਾਰੇ ਵਸਨੀਕਾਂ ਦਾ ਸੱਤਿਆਨਾਸ ਨਾ ਕਰ ਲਿਆ
27ਇਸਰਾਏਲ ਨੇ ਉਸ ਸ਼ਹਿਰ ਦੇ ਕੇਵਲ ਪਸ਼ੂ ਅਤੇ ਲੁੱਟ ਦਾ ਮਾਲ ਆਪਣੇ ਲਈ ਖੋਹ ਲਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦੇ ਕੇ ਗੱਲ ਆਖੀ ਸੀ।
28ਸੋ ਯਹੋਸ਼ੁਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਸਦਾ ਲਈ ਇੱਕ ਖੰਡਰ ਬਣਾ ਦਿੱਤਾ, ਉਹ ਅੱਜ ਦੇ ਦਿਨ ਤੱਕ ਉਜਾੜ ਹੈ।
29ਫਿਰ ਅਈ ਦੇ ਰਾਜੇ ਨੂੰ ਸ਼ਾਮਾਂ ਤੱਕ ਰੁੱਖ ਉੱਤੇ ਟੰਗ ਦਿੱਤਾ, ਜਦ ਸੂਰਜ ਡੁੱਬ ਗਿਆ ਤਾਂ ਯਹੋਸ਼ੁਆ ਨੇ ਹੁਕਮ ਦਿੱਤਾ, ਉਹਨਾਂ ਨੇ ਉਹ ਦੀ ਲੋਥ ਨੂੰ ਰੁੱਖ ਉੱਤੋਂ ਉਤਾਰਿਆ ਅਤੇ ਸ਼ਹਿਰ ਦੇ ਫਾਟਕ ਦੇ ਸਾਹਮਣੇ ਲਿਆ ਸੁੱਟਿਆ। ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੱਕ ਹੈ।
30ਫਿਰ ਯਹੋਸ਼ੁਆ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਲਈ ਇੱਕ ਜਗਵੇਦੀ ਏਬਾਲ ਪਰਬਤ ਵਿੱਚ ਬਣਾਈ।
31ਜਿਵੇਂ ਮੂਸਾ ਯਹੋਵਾਹ ਦੇ ਦਾਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ, ਜਿਵੇਂ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੈ ਉਹ ਜਗਵੇਦੀ ਬਿਨ੍ਹਾਂ ਤਰਾਸ਼ੇ ਪੱਥਰਾਂ ਦੀ ਬਣਾਈ ਹੋਈ ਸੀ। ਜਿਸ ਉੱਤੇ ਕਿਸੇ ਨੇ ਸੰਦ ਨਹੀਂ ਲਾਇਆ ਸੀ ਅਤੇ ਉਸ ਉੱਤੇ ਉਹਨਾਂ ਨੇ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੇ ਬਲੀਦਾਨ ਕੀਤੇ।
32ਉਸ ਨੇ ਉਹਨਾਂ ਪੱਥਰਾਂ ਉੱਤੇ ਮੂਸਾ ਦੀ ਬਿਵਸਥਾ ਦੀ ਨਕਲ ਨੂੰ ਲਿਖਿਆ ਜਿਹ ਨੂੰ ਇਸਰਾਏਲੀਆਂ ਦੇ ਸਾਹਮਣੇ ਲਿਖਿਆ ਸੀ।
33ਅਤੇ ਸਾਰਾ ਇਸਰਾਏਲ ਅਤੇ ਉਹਨਾਂ ਦੇ ਬਜ਼ੁਰਗ ਅਤੇ ਅਧਿਕਾਰੀ ਅਤੇ ਉਹਨਾਂ ਦੇ ਨਿਆਈਂ ਸੰਦੂਕ ਦੇ ਇਸ ਪਾਸੇ ਅਤੇ ਉਸ ਪਾਸੇ ਲੇਵੀ ਜਾਜਕਾਂ ਦੇ ਸਾਹਮਣੇ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ ਖਲੋਤੇ ਸਨ, ਨਾਲੇ ਪਰਦੇਸੀ ਨਾਲੇ ਘਰ ਜੰਮ, ਉਹਨਾਂ ਦਾ ਅੱਧ ਗਰਿੱਜ਼ੀਮ ਪਰਬਤ ਦੇ ਸਾਹਮਣੇ ਅਤੇ ਅੱਧ ਏਬਾਲ ਪਰਬਤ ਦੇ ਸਾਹਮਣੇ ਸੀ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਇਸਰਾਏਲ ਦੀ ਪਰਜਾ ਨੂੰ ਬਰਕਤ ਦੇਣ ਦਾ ਹੁਕਮ ਪਹਿਲਾਂ ਦਿੱਤਾ ਸੀ।
34ਫਿਰ ਉਸ ਨੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੜ ਕੇ ਬਰਕਤਾਂ ਅਤੇ ਸਰਾਪ ਦੋਵੇਂ ਸੁਣਾਏ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਸਨ।
35ਜੋ ਕੁਝ ਮੂਸਾ ਨੇ ਹੁਕਮ ਦਿੱਤਾ ਸੀ ਉਹ ਦੀ ਇੱਕ ਗੱਲ ਵੀ ਅਜਿਹੀ ਨਹੀਂ ਸੀ ਜਿਹ ਨੂੰ ਯਹੋਸ਼ੁਆ ਨੇ ਇਸਰਾਏਲੀਆਂ ਦੀ ਸਾਰੀ ਸਭਾ ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਹਨਾਂ ਦੇ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਹਨਾਂ ਵਿੱਚ ਵੱਸਦੇ ਸਨ ਨਾ ਸੁਣਾਇਆ ਹੋਵੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath