ਈਸਾਈ
ਪਿੱਛੇ

ਯਹੋਸ਼ੁਆ 6

1ਯਰੀਹੋ ਦੇ ਸਾਰੇ ਫਾਟਕ ਇਸਰਾਏਲੀਆਂ ਦੇ ਕਾਰਨ ਵੱਡੀ ਸਖ਼ਤੀ ਦੇ ਨਾਲ ਬੰਦ ਕੀਤੇ ਹੋਏ ਸੀ, ਨਾ ਕੋਈ ਅੰਦਰ ਆ ਸਕਦਾ ਸੀ, ਨਾ ਕੋਈ ਬਾਹਰ ਜਾ ਸਕਦਾ ਸੀ।

2ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ ਕਿ ਵੇਖ ਮੈਂ ਯਰੀਹੋ, ਉਸ ਦੇ ਰਾਜੇ ਅਤੇ ਉਸ ਦੇ ਸੂਰਬੀਰਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ।

3ਇਸ ਲਈ ਤੁਸੀਂ ਸਾਰੇ ਯੋਧੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਚੱਕਰ ਲਗਾਓ ਅਤੇ ਛੇਆਂ ਦਿਨਾਂ ਤੱਕ ਤੁਸੀਂ ਅਜਿਹਾ ਹੀ ਕਰਨਾ।

4ਸਭ ਜਾਜਕ ਸੰਦੂਕ ਦੇ ਅੱਗੇ ਮੇਢੇ ਦੇ ਸਿੰਗਾਂ ਦੀਆਂ ਸੱਤ ਤੁਰ੍ਹੀਆਂ ਲੈ ਜਾਣ ਅਤੇ ਤੁਸੀਂ ਸੱਤਵੇਂ ਦਿਨ ਸੱਤ ਵਾਰੀ ਸ਼ਹਿਰ ਦੇ ਦੁਆਲੇ ਚੱਕਰ ਲਗਾਉਣਾ ਅਤੇ ਜਾਜਕ ਤੁਰ੍ਹੀਆਂ ਵਜਾਉਣ।

5ਜਦ ਉਹ ਦੇਰ ਤੱਕ ਮੇਢੇ ਦੇ ਸਿੰਗਾਂ ਦੀਆਂ ਤੁਰ੍ਹੀਆਂ ਵਜਾਉਣ ਅਤੇ ਜਦ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈ ਜੈ ਕਾਰ ਕਰਨ ਤਾਂ ਸ਼ਹਿਰ ਦੀ ਸ਼ਹਿਰਪਨਾਹ ਨੀਂਹ ਤੋਂ ਡਿੱਗ ਪਵੇਗੀ ਅਤੇ ਪਰਜਾ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਉਤਾਹਾਂ ਜਾਵੇਗਾ।

6ਇਸ ਲਈ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਲਓ ਅਤੇ ਜਾਜਕ ਸੱਤ ਤੁਰ੍ਹੀਆਂ ਯਹੋਵਾਹ ਦੇ ਸੰਦੂਕ ਦੇ ਅੱਗੇ ਚੁੱਕ ਲੈਣ।

7ਫਿਰ ਉਸ ਨੇ ਉਹਨਾਂ ਲੋਕਾਂ ਨੂੰ ਆਖਿਆ, ਲੰਘੋ ਅਤੇ ਸ਼ਹਿਰ ਨੂੰ ਘੇਰ ਲਓ ਅਤੇ ਸ਼ਸਤਰ ਧਾਰੀ ਯਹੋਵਾਹ ਦੇ ਸੰਦੂਕ ਦੇ ਅੱਗੇ ਲੰਘਣ।

8ਜਦ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ ਤਾਂ ਸੱਤ ਜਾਜਕ ਸੱਤ ਤੁਰ੍ਹੀਆਂ ਲੈ ਕੇ ਯਹੋਵਾਹ ਦੇ ਅੱਗੋਂ ਦੀ ਲੰਘੇ ਅਤੇ ਉਹਨਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਯਹੋਵਾਹ ਦੇ ਨੇਮ ਦਾ ਸੰਦੂਕ ਉਹਨਾਂ ਦੇ ਮਗਰ ਆਉਂਦਾ ਸੀ।

9ਸ਼ਸਤਰ ਧਾਰੀ ਜਾਜਕਾਂ ਦੇ ਜਿਹੜੇ ਤੁਰ੍ਹੀਆਂ ਵਜਾਉਂਦੇ ਸਨ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਪਿੱਛਲੇ ਸੰਦੂਕ ਦੇ ਮਗਰ-ਮਗਰ ਤੁਰੇ ਆਉਂਦੇ ਸਨ ਜਦ ਉਹ ਜਾਂਦੇ-ਜਾਂਦੇ ਤੁਰ੍ਹੀਆਂ ਵਜਾਉਂਦੇ ਸਨ।

10ਯਹੋਸ਼ੁਆ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਜੈਕਾਰਾ ਨਾ ਗਜਾਉਣਾ ਅਤੇ ਨਾ ਹੀ ਤੁਹਾਡੀ ਅਵਾਜ਼ ਸੁਣਾਈ ਦੇਵੇ ਅਤੇ ਤੁਹਾਡੇ ਮੂੰਹੋਂ ਕੋਈ ਗੱਲ ਨਾ ਨਿੱਕਲੇ ਜਿਸ ਦਿਨ ਤੱਕ ਮੈਂ ਤੁਹਾਨੂੰ ਜੈਕਾਰਾ ਗਜਾਉਣ ਨੂੰ ਨਾ ਆਖਾਂ, ਤਦ ਤੁਸੀਂ ਜੈਕਾਰਾ ਗਜਾਇਓ।

11ਉਸ ਤੋਂ ਬਾਅਦ ਯਹੋਵਾਹ ਦਾ ਸੰਦੂਕ ਸ਼ਹਿਰ ਦੇ ਦੁਆਲੇ ਇੱਕ ਵਾਰੀ ਘੁੰਮ ਆਇਆ ਤਾਂ ਉਹ ਡੇਰੇ ਵਿੱਚ ਮੁੜ ਆਏ ਅਤੇ ਡੇਰੇ ਵਿੱਚ ਰਾਤ ਰਹੇ।

12ਯਹੋਸ਼ੁਆ ਤੜਕੇ ਉੱਠਿਆ ਅਤੇ ਜਾਜਕਾਂ ਨੇ ਯਹੋਵਾਹ ਦਾ ਸੰਦੂਕ ਚੁੱਕ ਲਿਆ।

13ਸੱਤ ਜਾਜਕ ਸੱਤ ਤੁਰ੍ਹੀਆਂ ਲਈ ਯਹੋਵਾਹ ਦੇ ਸੰਦੂਕ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ ਅਤੇ ਸ਼ਸਤਰ ਧਾਰੀ ਉਹਨਾਂ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ। ਪਿੱਛਲੇ ਯਹੋਵਾਹ ਦੇ ਸੰਦੂਕ ਦੇ ਮਗਰ-ਮਗਰ ਤੁਰੇ ਜਾਂਦੇ ਸਨ ਅਤੇ ਉਹ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ।

14ਉਹ ਦੂਜੇ ਦਿਨ ਫਿਰ ਇੱਕ ਵਾਰੀ ਸ਼ਹਿਰ ਦੇ ਦੁਆਲੇ ਫਿਰੇ ਅਤੇ ਡੇਰੇ ਵਿੱਚ ਮੁੜ ਆਏ। ਉਹਨਾਂ ਨੇ ਇਸ ਤਰ੍ਹਾਂ ਛੇ ਦਿਨ ਤੱਕ ਕੀਤਾ।

15ਸੱਤਵੇਂ ਦਿਨ ਉਹ ਤੜਕੇ ਹੀ ਦਿਨ ਚੜਨ ਦੇ ਵੇਲੇ ਉੱਠੇ ਅਤੇ ਉਸੇ ਤਰ੍ਹਾਂ ਹੀ ਸ਼ਹਿਰ ਦੇ ਦੁਆਲੇ ਸੱਤ ਵਾਰ ਘੁੰਮੇ। ਸਿਰਫ਼ ਉਸੇ ਦਿਨ ਉਹ ਸ਼ਹਿਰ ਦੇ ਦੁਆਲੇ ਸੱਤ ਵਾਰੀ ਘੁੰਮੇ।

16ਜਦ ਸੱਤਵੀਂ ਵਾਰ ਇਸ ਤਰ੍ਹਾਂ ਹੋਇਆ ਕਿ ਜਦ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, ਜੈਕਾਰਾ ਗਜਾਓ! ਕਿਉਂ ਜੋ ਯਹੋਵਾਹ ਨੇ ਇਹ ਸ਼ਹਿਰ ਤੁਹਾਨੂੰ ਦੇ ਦਿੱਤਾ ਹੈ!

17ਇਹ ਸ਼ਹਿਰ ਅਤੇ ਜੋ ਕੁਝ ਉਸ ਦੇ ਵਿੱਚ ਹੈ ਯਹੋਵਾਹ ਲਈ ਸਮਰਪਤ ਕੀਤਾ ਜਾਵੇਗਾ ਪਰ ਸਿਰਫ਼ ਰਾਹਾਬ ਵੇਸਵਾ ਅਤੇ ਜੋ ਕੋਈ ਉਸ ਦੇ ਘਰ ਵਿੱਚ ਹਨ ਜੀਉਂਦੇ ਰਹਿਣਗੇ ਕਿਉਂ ਜੋ ਉਸ ਨੇ ਉਹਨਾਂ ਖੋਜੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਅਸੀਂ ਭੇਜਿਆ ਸੀ।

18ਪਰ ਤੁਸੀਂ ਵੱਡੇ ਜਤਨ ਨਾਲ ਆਪਣੇ ਆਪ ਨੂੰ ਚੜ੍ਹਾਵੇ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖਿਓ ਕਿਤੇ ਤੁਸੀਂ ਉਸ ਵਿੱਚੋਂ ਲਓ ਅਤੇ ਇਉਂ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ।

19ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਸਾਰੇ ਭਾਂਡੇ ਯਹੋਵਾਹ ਲਈ ਪਵਿੱਤਰ ਹਨ ਇਸ ਲਈ ਉਹ ਯਹੋਵਾਹ ਦੇ ਖਜ਼ਾਨੇ ਵਿੱਚ ਪਾਏ ਜਾਣਗੇ।

20ਲੋਕਾਂ ਨੇ ਜੈਕਾਰਾ ਗਜਾਇਆ ਅਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਲੋਕਾਂ ਨੇ ਤੁਰ੍ਹੀਆਂ ਦੀ ਅਵਾਜ਼ ਸੁਣੀ ਅਤੇ ਲੋਕ ਗੱਜ ਕੇ ਜੈਕਾਰਾ ਬੋਲੇ ਤਾਂ ਸ਼ਹਿਰ ਦੀ ਚਾਰ-ਦੀਵਾਰੀ ਡਿੱਗ ਗਈ ਇੱਥੋਂ ਤੱਕ ਕਿ ਲੋਕਾਂ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਸ਼ਹਿਰ ਵਿੱਚ ਜਾ ਵੜਿਆ ਤੇ ਸ਼ਹਿਰ ਨੂੰ ਜਿੱਤ ਲਿਆ।

21ਉਹਨਾਂ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਸ਼ਹਿਰ ਵਿੱਚ ਸਨ, ਕੀ ਮਨੁੱਖ, ਕੀ ਇਸਤਰੀ, ਕੀ ਜੁਆਨ ਕੀ ਬਜ਼ੁਰਗ, ਕੀ ਬਲ਼ਦ, ਕੀ ਭੇਡ, ਕੀ ਗਧਾ, ਤਲਵਾਰ ਦੀ ਧਾਰ ਨਾਲ ਮਾਰ ਸੁੱਟਿਆ।

22ਪਰ ਯਹੋਸ਼ੁਆ ਨੇ ਉਹਨਾਂ ਦੋਹਾਂ ਮਨੁੱਖਾਂ ਨੂੰ ਜਿਹੜੇ ਉਸ ਦੇਸ ਦੀ ਖ਼ੋਜ ਕੱਢਣ ਗਏ ਸਨ ਆਖਿਆ ਕਿ ਉਸ ਵੇਸਵਾ ਦੇ ਘਰ ਜਾਓ ਅਤੇ ਉਸ ਔਰਤ ਨੂੰ ਅਤੇ ਜੋ ਕੁਝ ਉਸ ਦਾ ਹੈ ਬਾਹਰ ਲੈ ਆਓ ਜਿਵੇਂ ਤੁਸੀਂ ਉਸ ਦੇ ਨਾਲ ਸਹੁੰ ਖਾਧੀ ਸੀ।

23ਤਦ ਉਹ ਜੁਆਨ ਖੋਜੀ ਅੰਦਰ ਗਏ ਅਤੇ ਰਾਹਾਬ ਨੂੰ ਉਸ ਦੇ ਪਿਤਾ, ਮਾਤਾ ਅਤੇ ਭਰਾਵਾਂ ਨੂੰ ਅਤੇ ਉਸ ਦੇ ਨਿੱਕੜ ਸੁੱਕੜ ਨੂੰ ਬਾਹਰ ਲੈ ਆਏ, ਨਾਲੇ ਉਸ ਦਾ ਸਾਰਾ ਟੱਬਰ ਵੀ ਬਾਹਰ ਲੈ ਆਂਦਾ ਅਤੇ ਉਸ ਨੂੰ ਇਸਰਾਏਲੀਆਂ ਦੇ ਡੇਰੇ ਦੇ ਬਾਹਰ ਰੱਖਿਆ।

24ਫਿਰ ਉਹਨਾਂ ਨੇ ਉਸ ਸ਼ਹਿਰ ਨੂੰ ਅਤੇ ਜੋ ਕੁਝ ਉਸ ਵਿੱਚ ਸੀ ਸਾੜ ਸੁੱਟਿਆ ਪਰ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਭਾਂਡੇ ਯਹੋਵਾਹ ਦੇ ਘਰ ਦੇ ਖ਼ਜ਼ਾਨੇ ਵਿੱਚ ਰੱਖ ਦਿੱਤੇ।

25ਯਹੋਸ਼ੁਆ ਨੇ ਰਾਹਾਬ ਵੇਸਵਾ ਦੀ ਅਤੇ ਉਸ ਦੇ ਪਿਉ ਦੇ ਟੱਬਰ ਦੀ ਉਹਨਾਂ ਸਭਨਾਂ ਸਣੇ ਜਿਹੜੇ ਉਸ ਦੇ ਸਨ ਜਾਨ ਬਚਾ ਦਿੱਤੀ ਅਤੇ ਉਸ ਦੀ ਵੱਸੋਂ ਅੱਜ ਤੱਕ ਇਸਰਾਏਲ ਦੇ ਵਿੱਚ ਹੈ ਇਸ ਲਈ ਕਿ ਜਿਨ੍ਹਾਂ ਖੋਜੀਆਂ ਨੂੰ ਯਹੋਸ਼ੁਆ ਨੇ ਯਰੀਹੋ ਦੀ ਖ਼ੋਜ ਕੱਢਣ ਨੂੰ ਭੇਜਿਆ ਸੀ ਉਸ ਨੇ ਲੁਕਾਇਆ ਸੀ।

26ਯਹੋਸ਼ੁਆ ਨੇ ਉਸ ਵੇਲੇ ਸਹੁੰ ਖਾਧੀ ਸੀ ਕਿ ਜੋ ਮਨੁੱਖ ਉੱਠ ਕੇ ਇਸ ਸ਼ਹਿਰ ਯਰੀਹੋ ਨੂੰ ਫਿਰ ਬਣਾਏ ਉਹ ਯਹੋਵਾਹ ਦੇ ਅੱਗੇ ਸਰਾਪੀ ਹੋਵੇ। ਜਦ ਉਹ ਇਸ ਦੀ ਨੀਂਹ ਰੱਖੇਗਾ ਤਾਂ ਉਸਦਾ ਪਹਿਲੌਠਾ ਪੁੱਤਰ ਮਰੇਗਾ ਅਤੇ ਜਦ ਉਹ ਦਾ ਬੂਹਾ ਲਾਵੇਗਾ ਤਦ ਉਸਦਾ ਛੋਟਾ ਪੁੱਤਰ ਮਰੇਗਾ!

27ਪਰ ਯਹੋਵਾਹ ਯਹੋਸ਼ੁਆ ਦੇ ਅੰਗ-ਸੰਗ ਸੀ ਅਤੇ ਉਸ ਦੀ ਧੁੰਮ ਸਾਰੇ ਦੇਸ ਵਿੱਚ ਪੈ ਗਈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath