ਈਸਾਈ
ਪਿੱਛੇ

ਯਹੋਸ਼ੁਆ 24

1ਤਦ ਯਹੋਸ਼ੁਆ ਨੇ ਇਸਰਾਏਲ ਦੇ ਸਾਰਿਆਂ ਗੋਤਾਂ ਨੂੰ ਸ਼ਕਮ ਵਿੱਚ ਇਕੱਠਿਆਂ ਕੀਤਾ ਅਤੇ ਇਸਰਾਏਲ ਦੇ ਬਜ਼ੁਰਗਾਂ, ਸਰਦਾਰਾਂ, ਨਿਆਂਈਆਂ ਅਤੇ ਅਧਿਕਾਰੀਆਂ ਨੂੰ ਸੱਦਿਆ ਅਤੇ ਉਹ ਆਪਣੇ ਆਪ ਪਰਮੇਸ਼ੁਰ ਦੇ ਅੱਗੇ ਹਾਜ਼ਰ ਹੋ ਗਏ।

2ਯਹੋਸ਼ੁਆ ਨੇ ਸਾਰੀ ਪਰਜਾ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਪਹਿਲਿਆਂ ਸਮਿਆਂ ਵਿੱਚ ਤੁਹਾਡੇ ਪਿਉ-ਦਾਦੇ ਦਰਿਆ ਦੇ ਪਾਰ ਵੱਸਦੇ ਸਨ ਖ਼ਾਸ ਕਰਕੇ ਤਾਰਹ, ਅਬਰਾਹਾਮ ਅਤੇ ਨਾਹੋਰ ਦਾ ਪਿਤਾ ਅਤੇ ਉਹ ਦੂਜੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ।

3ਪਰ ਮੈਂ ਤੁਹਾਡੇ ਪਿਤਾ ਅਬਰਾਹਾਮ ਨੂੰ ਦਰਿਆ ਦੇ ਪਾਰੋਂ ਕਨਾਨ ਦੇ ਦੇਸ ਵਿੱਚੋਂ ਦੀ ਲੈ ਆਇਆ ਅਤੇ ਮੈਂ ਉਸ ਦੀ ਅੰਸ ਨੂੰ ਵਧਾਇਆ ਅਤੇ ਉਸ ਨੂੰ ਇਸਹਾਕ ਦਿੱਤਾ।

4ਇਸਹਾਕ ਨੂੰ ਮੈਂ ਯਾਕੂਬ ਅਤੇ ਏਸਾਓ ਦਿੱਤੇ ਅਤੇ ਏਸਾਓ ਨੂੰ ਮੈਂ ਸੇਈਰ ਪਰਬਤ ਕਬਜ਼ਾ ਕਰਨ ਨੂੰ ਦਿੱਤਾ ਪਰ ਯਾਕੂਬ ਅਤੇ ਉਹ ਦੀ ਅੰਸ ਮਿਸਰ ਵਿੱਚ ਉਤਰ ਗਈ।

5ਫਿਰ ਮੈਂ ਮੂਸਾ ਅਤੇ ਹਾਰੂਨ ਨੂੰ ਭੇਜਿਆ ਅਤੇ ਮਿਸਰ ਨੂੰ ਮੈਂ ਬਵਾਂ ਨਾਲ ਮਾਰਿਆ ਜਿਵੇਂ ਮੈਂ ਉਸ ਵਿੱਚ ਕੀਤਾ ਅਤੇ ਪਿੱਛੋਂ ਮੈਂ ਤੁਹਾਨੂੰ ਕੱਢ ਲਿਆਇਆ।

6ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਕੱਢਿਆ ਤੁਸੀਂ ਸਮੁੰਦਰ ਤੱਕ ਆਏ ਤਾਂ ਮਿਸਰੀਆਂ ਨੇ ਤੁਹਾਡੇ ਪੁਰਖਿਆਂ ਦਾ ਰੱਥਾਂ ਅਤੇ ਘੋੜ ਸਵਾਰਾਂ ਨਾਲ ਲਾਲ ਸਮੁੰਦਰ ਤੱਕ ਪਿੱਛਾ ਕੀਤਾ।

7ਜਦ ਉਹਨਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਤੁਹਾਡੇ ਵਿੱਚ ਅਤੇ ਮਿਸਰੀਆਂ ਵਿੱਚ ਅਨ੍ਹੇਰ ਘੁੱਪ ਕਰ ਦਿੱਤਾ ਅਤੇ ਉਹਨਾਂ ਉੱਤੇ ਸਮੁੰਦਰ ਨੂੰ ਛੱਡ ਦਿੱਤਾ ਜਿਸ ਉਹਨਾਂ ਨੂੰ ਢੱਕ ਲਿਆ ਅਤੇ ਜੋ ਕੁਝ ਮੈਂ ਮਿਸਰ ਵਿੱਚ ਕੀਤਾ ਤੁਸੀਂ ਆਪਣੀ ਅੱਖੀਂ ਵੇਖਿਆ ਤਾਂ ਤੁਸੀਂ ਬਹੁਤੇ ਦਿਨਾਂ ਤੱਕ ਉਜਾੜ ਵਿੱਚ ਰਹੇ।

8ਫਿਰ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ ਵਿੱਚ ਜਿਹੜੇ ਯਰਦਨ ਪਾਰ ਵੱਸਦੇ ਸਨ ਲੈ ਆਇਆ ਅਤੇ ਉਹ ਤੁਹਾਡੇ ਨਾਲ ਲੜੇ ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਅਤੇ ਤੁਸੀਂ ਉਹਨਾਂ ਦੇ ਦੇਸ ਉੱਤੇ ਕਬਜ਼ਾ ਕਰ ਲਿਆ ਪਰ ਮੈਂ ਉਹਨਾਂ ਦਾ ਤੁਹਾਡੇ ਅੱਗੋਂ ਨਾਸ ਕਰ ਸੁੱਟਿਆ।

9ਤਾਂ ਫਿਰ ਮੋਆਬ ਦੇ ਰਾਜੇ ਸਿੱਪੋਰ ਦਾ ਪੁੱਤਰ ਬਾਲਾਕ ਉੱਠ ਕੇ ਇਸਰਾਏਲ ਨਾਲ ਲੜਿਆ ਅਤੇ ਉਸ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਤੁਹਾਨੂੰ ਸਰਾਪ ਦੇਣ ਲਈ ਸੁਨੇਹਾ ਭੇਜਿਆ।

10ਪਰ ਮੈਂ ਬਿਲਆਮ ਦੀ ਸੁਣਨੀ ਨਾ ਚਾਹੀ ਤਾਂ ਉਸ ਨੇ ਤੁਹਾਨੂੰ ਬਰਕਤ ਦਿੱਤੀ ਸੋ ਮੈਂ ਤੁਹਾਨੂੰ ਉਸ ਦੇ ਹੱਥੋਂ ਛੁਡਾ ਲਿਆ।

11ਤਦ ਤੁਸੀਂ ਯਰਦਨ ਦੇ ਪਾਰ ਜਾ ਕੇ ਯਰੀਹੋ ਕੋਲ ਆਏ ਅਤੇ ਯਰੀਹੋ ਦੇ ਵਾਸੀ ਅਰਥਾਤ ਅਮੋਰੀ, ਫ਼ਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸ਼ੀ, ਹਿੱਵੀ ਅਤੇ ਯਬੂਸੀ ਤੁਹਾਡੇ ਨਾਲ ਲੜੇ ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ।

12ਤਦ ਮੈਂ ਤੁਹਾਡੇ ਅੱਗੇ ਬਿਮਾਰੀ ਨੂੰ ਭੇਜਿਆ ਅਤੇ ਉਸ ਨੇ ਅਮੋਰੀਆਂ ਦੇ ਦੋਹਾਂ ਰਾਜਿਆਂ ਨੂੰ ਤੁਹਾਡੇ ਅੱਗੋਂ ਕੱਢ ਦਿੱਤਾ, ਨਾ ਤੁਹਾਡੀ ਤਲਵਾਰ, ਨਾ ਤੁਹਾਡੇ ਧਣੁੱਖ ਨਾਲ ਇਹ ਹੋਇਆ।

13ਅਤੇ ਮੈਂ ਤੁਹਾਨੂੰ ਇੱਕ ਦੇਸ ਦਿੱਤਾ ਜਿਹ ਦੇ ਉੱਤੇ ਤੁਸੀਂ ਮਿਹਨਤ ਨਹੀਂ ਕੀਤੀ ਅਤੇ ਸ਼ਹਿਰ ਜਿਹੜੇ ਤੁਸੀਂ ਨਹੀਂ ਉਸਾਰੇ ਪਰ ਤੁਸੀਂ ਉਹਨਾਂ ਦੇ ਵਿੱਚ ਵੱਸ ਗਏ। ਅੰਗੂਰੀ ਬਾਗ਼ਾਂ ਅਤੇ ਜ਼ੈਤੂਨੀ ਬਾਗ਼ਾਂ ਤੋਂ ਤੁਸੀਂ ਖਾਂਦੇ ਰਹੇ ਹੋ ਜਿਹੜੇ ਤੁਸੀਂ ਨਹੀਂ ਲਾਏ।

14ਹੁਣ ਯਹੋਵਾਹ ਤੋਂ ਡਰੋ ਅਤੇ ਉਸ ਦੀ ਉਪਾਸਨਾ ਸਿਧਿਆਈ ਅਤੇ ਸਚਿਆਈ ਨਾਲ ਕਰੋ ਅਤੇ ਉਹਨਾਂ ਦੇਵਤਿਆਂ ਨੂੰ ਜਿਨ੍ਹਾਂ ਦੀ ਉਪਾਸਨਾ ਤੁਹਾਡੇ ਪਿਉ-ਦਾਦੇ ਦਰਿਆ ਪਾਰ ਅਤੇ ਮਿਸਰ ਵਿੱਚ ਕਰਦੇ ਸਨ ਕੱਢ ਦਿਓ ਅਤੇ ਯਹੋਵਾਹ ਹੀ ਦੀ ਉਪਾਸਨਾ ਕਰੋ।

15ਅਤੇ ਜੇ ਤੁਹਾਡੀ ਨਿਗਾਹ ਵਿੱਚ ਯਹੋਵਾਹ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ ਭਾਵੇਂ ਉਹ ਦੇਵਤੇ ਜਿਨ੍ਹਾਂ ਦੀ ਤੁਹਾਡੇ ਪਿਓ ਦਾਦੇ ਜਦ ਉਹ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ ਪਰ ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਉਪਾਸਨਾ ਕਰਾਂਗੇ।

16ਤਦ ਪਰਜਾ ਨੇ ਉੱਤਰ ਦਿੱਤਾ ਕਿ ਇਹ ਸਾਡੇ ਤੋਂ ਦੂਰ ਰਹੇ ਜੋ ਅਸੀਂ ਯਹੋਵਾਹ ਨੂੰ ਛੱਡ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੀਏ!

17ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਹੀ ਸਾਨੂੰ ਅਤੇ ਸਾਡੇ ਪੁਰਖਿਆਂ ਨੂੰ ਮਿਸਰ ਦੇਸ ਤੋਂ ਗ਼ੁਲਾਮੀ ਦੇ ਘਰੋਂ ਬਾਹਰ ਲੈ ਆਇਆ ਅਤੇ ਸਾਡੇ ਵੇਖਦਿਆਂ ਇਹ ਵੱਡੇ ਨਿਸ਼ਾਨ ਵਿਖਾਏ ਅਤੇ ਉਸ ਸਾਰੇ ਰਾਹ ਵਿੱਚ ਜਿੱਥੋਂ ਦੀ ਅਸੀਂ ਲੰਘੇ ਅਤੇ ਸਾਰੇ ਲੋਕਾਂ ਵਿੱਚ ਜਿਨ੍ਹਾਂ ਦੇ ਵਿੱਚ ਦੀ ਅਸੀਂ ਆਏ ਸਾਨੂੰ ਬਚਾ ਕੇ ਰੱਖਿਆ।

18ਅਤੇ ਯਹੋਵਾਹ ਨੇ ਸਾਰੇ ਲੋਕਾਂ ਨੂੰ ਖ਼ਾਸ ਕਰਕੇ ਅਮੋਰੀਆਂ ਨੂੰ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਸਾਡੇ ਅੱਗੋਂ ਕੱਢ ਦਿੱਤਾ। ਅਸੀਂ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ ਕਿਉਂ ਜੋ ਉਹ ਸਾਡਾ ਪਰਮੇਸ਼ੁਰ ਹੈ!।

19ਤਦ ਯਹੋਸ਼ੁਆ ਨੇ ਪਰਜਾ ਨੂੰ ਆਖਿਆ, ਤੁਸੀਂ ਯਹੋਵਾਹ ਦੀ ਉਪਾਸਨਾ ਨਹੀਂ ਕਰ ਸਕਦੇ ਕਿਉਂ ਜੋ ਉਹ ਪਵਿੱਤਰ ਪਰਮੇਸ਼ੁਰ ਹੈ ਅਤੇ ਉਹ ਅਣਖੀ ਪਰਮੇਸ਼ੁਰ ਵੀ ਹੈ। ਉਹ ਤੁਹਾਡੀ ਉਲੰਘਣਾਂ ਅਤੇ ਪਾਪਾਂ ਨੂੰ ਨਹੀਂ ਮਾਫ਼ ਕਰੇਗਾ।

20ਜੇ ਤੁਸੀਂ ਯਹੋਵਾਹ ਨੂੰ ਤਿਆਗ ਕੇ ਓਪਰੇ ਦੇਵਤਿਆਂ ਦੀ ਉਪਾਸਨਾ ਕਰੋਗੇ ਤਾਂ ਉਹ ਮੁੜ ਕੇ ਤੁਹਾਡੇ ਨਾਲ ਬੁਰਿਆਈ ਕਰੇਗਾ ਅਤੇ ਤੁਹਾਨੂੰ ਮੁਕਾ ਦੇਵੇਗਾ। ਇਸ ਦੇ ਪਿੱਛੋਂ ਕਿ ਉਹ ਨੇ ਤੁਹਾਡੇ ਨਾਲ ਭਲਿਆਈ ਕੀਤੀ।

21ਤਾਂ ਲੋਕਾਂ ਨੇ ਯਹੋਸ਼ੁਆ ਨੂੰ ਆਖਿਆ, ਨਹੀਂ, ਅਸੀਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ!

22ਫਿਰ ਯਹੋਸ਼ੁਆ ਨੇ ਪਰਜਾ ਨੂੰ ਆਖਿਆ, ਤੁਸੀਂ ਆਪ ਆਪਣੇ ਲਈ ਗਵਾਹ ਬਣਦੇ ਹੋ ਕਿ ਤੁਸੀਂ ਯਹੋਵਾਹ ਨੂੰ ਆਪਣੇ ਲਈ ਚੁਣਿਆ ਕਿ ਉਸ ਦੀ ਉਪਾਸਨਾ ਕਰੋਗੇ ਤਾਂ ਪਰਜਾ ਨੇ ਆਖਿਆ, ਅਸੀਂ ਗਵਾਹ ਹਾਂ।

23ਹੁਣ ਉਹਨਾਂ ਓਪਰੇ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ ਕੱਢ ਦਿਓ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨਾਲ ਆਪਣਾ ਮਨ ਲਾ ਲਓ।

24ਪਰਜਾ ਨੇ ਯਹੋਸ਼ੁਆ ਨੂੰ ਆਖਿਆ, ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਉਪਾਸਨਾ ਕਰਾਂਗੇ ਅਤੇ ਉਸ ਦੀ ਅਵਾਜ਼ ਨੂੰ ਸੁਣਾਂਗੇ!।

25ਉਸ ਤੋਂ ਬਾਅਦ ਉਸ ਦਿਨ ਯਹੋਸ਼ੁਆ ਨੇ ਪਰਜਾ ਨਾਲ ਇੱਕ ਨੇਮ ਬੰਨ੍ਹਿਆ ਅਤੇ ਸ਼ਕਮ ਵਿੱਚ ਇੱਕ ਬਿਧੀ ਅਤੇ ਇੱਕ ਕਨੂੰਨ ਠਹਿਰਾਇਆ।

26ਅਤੇ ਯਹੋਸ਼ੁਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਵਿੱਚ ਲਿਖ ਲਿਆ ਅਤੇ ਇੱਕ ਵੱਡਾ ਪੱਥਰ ਲੈ ਕੇ ਉੱਥੇ ਬਲੂਤ ਦੇ ਹੇਠ ਜਿਹੜਾ ਯਹੋਵਾਹ ਦੇ ਪਵਿੱਤਰ ਸਥਾਨ ਦੇ ਵਿੱਚ ਸੀ ਖੜ੍ਹਾ ਕਰ ਦਿੱਤਾ।

27ਤਾਂ ਯਹੋਸ਼ੁਆ ਨੇ ਸਾਰੀ ਪਰਜਾ ਨੂੰ ਆਖਿਆ, ਵੇਖੋ, ਇਹ ਪੱਥਰ ਸਾਡੇ ਵਿੱਚ ਇੱਕ ਗਵਾਹ ਹੈ ਕਿਉਂ ਜੋ ਇਸ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਸੁਣੀਆਂ ਹਨ ਜਿਹੜੀਆਂ ਉਸ ਨੇ ਸਾਡੇ ਨਾਲ ਕੀਤੀਆਂ ਅਤੇ ਇਹ ਤੁਹਾਡੇ ਉੱਤੇ ਗਵਾਹੀ ਲਈ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ੁਰ ਤੋਂ ਮੁੱਕਰ ਜਾਓ।

28ਫਿਰ ਯਹੋਸ਼ੁਆ ਨੇ ਸਾਰੀ ਪਰਜਾ ਨੂੰ ਉਹਨਾਂ ਦੀ ਮਿਲਖ਼ ਨੂੰ ਭੇਜਿਆ।

29ਤਦ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਨੂਨ ਦਾ ਪੁੱਤਰ ਯਹੋਸ਼ੁਆ ਯਹੋਵਾਹ ਦਾ ਦਾਸ ਮਰ ਗਿਆ। ਉਹ ਇੱਕ ਸੌ ਦਸਾਂ ਸਾਲਾਂ ਦਾ ਸੀ।

30ਉਹਨਾਂ ਨੇ ਉਸ ਨੂੰ ਉਸ ਦੀ ਮਿਲਖ਼ ਦੀ ਹੱਦ ਉੱਤੇ ਤਿਮਨਥ-ਸਰਹ ਵਿੱਚ ਇਫ਼ਰਾਈਮ ਦੇ ਪਹਾੜੀ ਦੇਸ ਵਿੱਚ ਗਾਸ਼ ਨਾਮੀ ਪਰਬਤ ਦੇ ਉੱਤਰ ਵੱਲ ਦਫ਼ਨਾ ਦਿੱਤਾ।

31ਇਸਰਾਏਲ ਨੇ ਯਹੋਸ਼ੁਆ ਦੇ ਸਾਰੇ ਦਿਨਾਂ ਵਿੱਚ ਯਹੋਵਾਹ ਦੀ ਉਪਾਸਨਾ ਕੀਤੀ ਅਤੇ ਉਹਨਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਵਿੱਚ ਵੀ ਜਿਹੜੇ ਯਹੋਸ਼ੁਆ ਦੇ ਪਿੱਛੋਂ ਜਿਉਂਦੇ ਰਹੇ ਅਤੇ ਯਹੋਵਾਹ ਦਾ ਸਾਰਾ ਕੰਮ ਜਾਣਦੇ ਸਨ ਜਿਹੜਾ ਉਸ ਨੇ ਇਸਰਾਏਲ ਲਈ ਕੀਤਾ।

32ਯੂਸੁਫ਼ ਦੀਆਂ ਹੱਡੀਆਂ ਜਿਹੜੀਆਂ ਇਸਰਾਏਲੀ ਮਿਸਰ ਤੋਂ ਲਿਆਏ ਸਨ ਸ਼ਕਮ ਵਿੱਚ ਉਸ ਪੈਲੀ ਦੇ ਹਿੱਸੇ ਵਿੱਚ ਜਿਹੜਾ ਯਾਕੂਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਇੱਕ ਸੌ ਰੁਪਏ ਨੂੰ ਮੁੱਲ ਲਿਆ ਸੀ ਦਫ਼ਨਾ ਦਿੱਤਾ, ਸੋ ਉਹ ਯੂਸੁਫ਼ ਦੀ ਅੰਸ ਦੀ ਮਿਲਖ਼ ਵਿੱਚ ਆ ਗਈਆਂ।

33ਹਾਰੂਨ ਦਾ ਪੁੱਤਰ ਅਲਆਜ਼ਾਰ ਵੀ ਮਰ ਗਿਆ ਅਤੇ ਉਸ ਨੂੰ ਉਸ ਦੇ ਪੁੱਤਰ ਫ਼ੀਨਹਾਸ ਦੇ ਪਰਬਤ ਉੱਤੇ ਜਿਹੜਾ ਇਫ਼ਰਾਈਮ ਦੇ ਪਹਾੜੀ ਦੇਸ ਵਿੱਚ ਉਹ ਨੂੰ ਦਿੱਤਾ ਗਿਆ ਸੀ ਦਫ਼ਨਾ ਦਿੱਤਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath