ਈਸਾਈ
ਪਿੱਛੇ

ਯਹੋਸ਼ੁਆ 10

1ਜਦ ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਸੁਣਿਆ ਕਿ ਯਹੋਸ਼ੁਆ ਨੇ ਕਿਵੇਂ ਅਈ ਨੂੰ ਜਿੱਤ ਲਿਆ, ਉਹ ਦਾ ਸੱਤਿਆਨਾਸ ਕਰ ਸੁੱਟਿਆ ਹੈ। ਜਿਵੇਂ ਉਸ ਨੇ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਉਸੇ ਤਰ੍ਹਾਂ ਉਸ ਨੇ ਅਈ ਅਤੇ ਉਹ ਦੇ ਰਾਜੇ ਨਾਲ ਵੀ ਕੀਤਾ, ਕਿਵੇਂ ਗਿਬਓਨ ਦੇ ਵਾਸੀਆਂ ਨੇ ਇਸਰਾਏਲ ਨਾਲ ਮੇਲ ਕਰ ਲਿਆ ਅਤੇ ਉਹਨਾਂ ਦੇ ਨਾਲ ਰਹਿੰਦੇ ਹਨ।

2ਤਦ ਉਹ ਬਹੁਤ ਡਰੇ ਕਿਉਂ ਜੋ ਗਿਬਓਨ ਇੱਕ ਵੱਡਾ ਸ਼ਹਿਰ ਸੀ ਅਤੇ ਪਾਤਸ਼ਾਹੀ ਸੀ ਸਗੋਂ ਉਹ ਅਈ ਨਾਲੋਂ ਵੱਡਾ ਸੀ ਅਤੇ ਉਹ ਦੇ ਸਾਰੇ ਮਨੁੱਖ ਸੂਰਮੇ ਸਨ।

3ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਹਬਰੋਨ ਦੇ ਰਾਜੇ ਹੋਹਾਮ ਨੂੰ ਅਤੇ ਯਰਮੂਥ ਦੇ ਰਾਜੇ ਫ਼ਿਰਾਮ ਨੂੰ ਅਤੇ ਲਾਕੀਸ਼ ਦੇ ਰਾਜੇ ਯਾਫ਼ੀਆ ਨੂੰ ਅਤੇ ਅਗਲੋਨ ਦੇ ਰਾਜੇ ਦਬੀਰ ਨੂੰ ਸੁਨੇਹਾ ਭੇਜਿਆ

4ਮੇਰੇ ਕੋਲ ਆਓ ਅਤੇ ਮੇਰੀ ਸਹਾਇਤਾ ਕਰੋ ਤਾਂ ਜੋ ਅਸੀਂ ਗਿਬਓਨ ਨੂੰ ਮਾਰ ਦੇਈਏ ਕਿਉਂ ਜੋ ਉਹ ਨੇ ਯਹੋਸ਼ੁਆ ਅਤੇ ਇਸਰਾਏਲੀਆਂ ਨਾਲ ਮੇਲ ਕਰ ਲਿਆ ਹੈ।

5ਤਾਂ ਅਮੋਰੀਆਂ ਦੇ ਪੰਜਾਂ ਰਾਜਿਆਂ ਅਰਥਾਤ ਯਰੂਸ਼ਲਮ ਦੇ ਰਾਜੇ, ਹਬਰੋਨ ਦੇ ਰਾਜੇ, ਯਰਮੂਥ ਦੇ ਰਾਜੇ, ਲਾਕੀਸ਼ ਦੇ ਰਾਜੇ ਅਤੇ ਅਗਲੋਨ ਦੇ ਰਾਜੇ ਇਕੱਠੇ ਹੋਏ ਅਤੇ ਉਹ ਅਤੇ ਉਹਨਾਂ ਦੀ ਸਾਰੀ ਫੌਜ ਨੇ ਚੜਾਈ ਕੀਤੀ ਅਤੇ ਗਿਬਓਨ ਦੇ ਸਾਹਮਣੇ ਡੇਰੇ ਲਾ ਕੇ ਉਹ ਦੇ ਵਿਰੁੱਧ ਯੁੱਧ ਕੀਤਾ।

6ਗਿਬਓਨ ਦੇ ਮਨੁੱਖਾਂ ਨੇ ਯਹੋਸ਼ੁਆ ਕੋਲ ਜਿਹੜਾ ਗਿਲਗਾਲ ਦੇ ਡੇਰੇ ਵਿੱਚ ਸੀ ਸੁਨੇਹਾ ਭੇਜਿਆ ਕਿ ਆਪਣਾ ਹੱਥ ਆਪਣੇ ਦਾਸਾਂ ਤੋਂ ਨਾ ਹਟਾਵੀਂ। ਛੇਤੀ ਨਾਲ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ ਅਤੇ ਸਾਡੀ ਸਹਾਇਤਾ ਕਰੋ ਕਿਉਂ ਜੋ ਅਮੋਰੀਆਂ ਦੇ ਸਾਰੇ ਰਾਜੇ ਜਿਹੜੇ ਪਰਬਤ ਉੱਤੇ ਵੱਸਦੇ ਹਨ ਸਾਡੇ ਵਿਰੁੱਧ ਇਕੱਠੇ ਹੋਏ ਹਨ।

7ਯਹੋਸ਼ੁਆ ਨਾਲੇ ਸਾਰੇ ਯੋਧੇ ਅਤੇ ਸਾਰੇ ਸੂਰਬੀਰ ਗਿਲਗਾਲ ਤੋਂ ਚੜ੍ਹੇ।

8ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਤੂੰ ਉਹਨਾਂ ਤੋਂ ਨਾ ਡਰ ਕਿਉਂ ਜੋ ਮੈਂ ਉਹਨਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਉਹਨਾਂ ਵਿੱਚੋਂ ਕੋਈ ਵੀ ਤੇਰੇ ਅੱਗੇ ਖੜ੍ਹਾ ਨਾ ਹੋ ਸਕੇਗਾ।

9ਯਹੋਸ਼ੁਆ ਨੇ ਗਿਲਗਾਲ ਤੋਂ ਸਾਰੀ ਰਾਤ ਤੁਰ ਕੇ ਉਹਨਾਂ ਉੱਤੇ ਅਚਾਨਕ ਹਮਲਾ ਕੀਤਾ।

10ਯਹੋਵਾਹ ਨੇ ਇਸਰਾਏਲ ਦੇ ਅੱਗੇ ਉਹਨਾਂ ਨੂੰ ਘਬਰਾ ਦਿੱਤਾ ਅਤੇ ਉਹ ਨੇ ਉਹਨਾਂ ਨੂੰ ਗਿਬਓਨ ਵਿੱਚ ਵੱਡੀ ਮਾਰ ਨਾਲ ਮਾਰ ਸੁੱਟਿਆ ਅਤੇ ਉਹ ਨੇ ਬੈਤ-ਹੋਰੋਨ ਦੀ ਚੜ੍ਹਾਈ ਦੇ ਰਾਹ ਵਿੱਚ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਅਜ਼ੇਕਾਹ ਅਤੇ ਮੱਕੇਦਾਹ ਤੱਕ ਮਾਰਦਾ ਗਿਆ।

11ਇਸ ਤਰ੍ਹਾਂ ਹੋਇਆ ਕਿ ਜਦ ਉਹ ਇਸਰਾਏਲ ਦੇ ਅੱਗੋਂ ਭੱਜੇ ਜਾਂਦੇ ਸਨ ਤਾਂ ਬੈਤ-ਹੋਰੋਨ ਦੀ ਚੜ੍ਹਾਈ ਕੋਲ ਯਹੋਵਾਹ ਨੇ ਉਹਨਾਂ ਉੱਤੇ ਅਕਾਸ਼ੋਂ ਵੱਡੇ-ਵੱਡੇ ਪੱਥਰ ਅਜ਼ੇਕਾਹ ਤੱਕ ਇਉਂ ਸੁੱਟੇ ਕਿ ਉਹ ਮਰ ਗਏ। ਜਿਹੜੇ ਗੜਿਆਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ, ਜਿਹੜੇ ਇਸਰਾਏਲ ਦੀ ਤਲਵਾਰ ਨਾਲ ਵੱਢੇ ਗਏ।

12ਉਸ ਦਿਨ ਜਦ ਯਹੋਵਾਹ ਨੇ ਅਮੋਰੀਆਂ ਨੂੰ ਇਸਰਾਏਲੀਆਂ ਦੇ ਵੱਸ ਵਿੱਚ ਕਰ ਦਿੱਤਾ ਅਤੇ ਇਸਰਾਏਲੀਆਂ ਦੇ ਵੇਖਦਿਆਂ ਯਹੋਸ਼ੁਆ ਨੇ ਆਖਿਆ, “ਹੇ ਸੂਰਜ, ਗਿਬਓਨ ਉੱਤੇ, ਅਤੇ ਹੇ ਚੰਦਰਮਾ, ਅੱਯਾਲੋਨ ਦੀ ਖੱਡ ਵਿੱਚ ਠਹਿਰਿਆ ਰਹਿ”

13ਤਦ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜ੍ਹਾ ਰਿਹਾ, ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲਿਆ। ਕੀ ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ? ਸੋ ਸੂਰਜ ਅਕਾਸ਼ ਦੇ ਵਿੱਚਕਾਰ ਖੜ੍ਹਾ ਰਿਹਾ ਅਤੇ ਸਾਰੀ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ।

14ਇਸ ਤੋਂ ਅੱਗੇ ਜਾਂ ਪਿੱਛੇ ਅਜਿਹਾ ਦਿਨ ਕਦੀ ਨਹੀਂ ਹੋਇਆ ਕਿ ਯਹੋਵਾਹ ਨੇ ਮਨੁੱਖ ਦੀ ਅਵਾਜ਼ ਸੁਣੀ ਹੋਵੇ ਕਿਉਂ ਜੋ ਯਹੋਵਾਹ ਇਸਰਾਏਲ ਲਈ ਲੜਿਆ।

15ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ।

16ਪਰ ਇਹ ਪੰਜ ਰਾਜੇ ਨੱਸ ਗਏ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਜਾ ਲੁਕੇ।

17ਤਾਂ ਯਹੋਸ਼ੁਆ ਨੂੰ ਦੱਸਿਆ ਗਿਆ ਕਿ ਉਹ ਪੰਜ ਰਾਜੇ ਲੱਭ ਗਏ ਹਨ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਲੁਕੇ ਹੋਏ ਹਨ।

18ਤਾਂ ਯਹੋਸ਼ੁਆ ਨੇ ਆਖਿਆ ਕਿ ਗੁਫ਼ਾ ਦੇ ਮੂੰਹ ਉੱਤੇ ਵੱਡੇ-ਵੱਡੇ ਪੱਥਰ ਰੱਖ ਦਿਓ ਅਤੇ ਉਹਨਾਂ ਦੀ ਰਾਖੀ ਲਈ ਮਨੁੱਖ ਉਹ ਦੇ ਕੋਲ ਖੜ੍ਹਾ ਕਰ ਦਿਓ।

19ਪਰ ਤੁਸੀਂ ਨਾ ਖੜ੍ਹੇ ਹੋਇਓ, ਆਪਣੇ ਵੈਰੀਆਂ ਦਾ ਪਿੱਛਾ ਕਰੋ ਅਤੇ ਉਹਨਾਂ ਦੇ ਵਿੱਚੋਂ ਜਿਹੜੇ ਪਿੱਛੇ ਰਹਿ ਗਏ ਹਨ ਉਹਨਾਂ ਨੂੰ ਮਾਰੋ। ਉਹਨਾਂ ਨੂੰ ਆਪਣੇ ਸ਼ਹਿਰਾਂ ਵਿੱਚ ਵੜਨ ਨਾ ਦਿਓ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ।

20ਇਸ ਤਰ੍ਹਾਂ ਹੋਇਆ ਕਿ ਜਦ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਅੱਤ ਵੱਡੀ ਮਾਰ ਨਾਲ ਮਾਰ ਕੇ ਮੁਕਾ ਦਿੱਤਾ ਤਾਂ ਉਹਨਾਂ ਦੇ ਜਿਹੜੇ ਪਿੱਛੇ ਰਹਿ ਗਏ ਸਨ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਜਾ ਵੜੇ।

21ਸਾਰੇ ਲੋਕ ਯਹੋਸ਼ੁਆ ਕੋਲ ਮੱਕੇਦਾਹ ਦੇ ਡੇਰੇ ਨੂੰ ਸੁਲਾਹ ਨਾਲ ਮੁੜ ਪਏ ਅਤੇ ਕਿਸੇ ਨੇ ਆਪਣਾ ਮੂੰਹ ਕਿਸੇ ਇਸਰਾਏਲੀ ਦੇ ਵਿਰੁੱਧ ਨਾ ਖੋਲ੍ਹਿਆ।

22ਫਿਰ ਯਹੋਸ਼ੁਆ ਨੇ ਆਖਿਆ, ਗੁਫ਼ਾ ਦੇ ਮੂੰਹ ਨੂੰ ਖੋਲ੍ਹੋ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਮੇਰੇ ਕੋਲ ਲੈ ਆਓ।

23ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਉਹ ਦੇ ਕੋਲ ਲੈ ਆਏ ਅਰਥਾਤ ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ।

24ਫਿਰ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਹਨਾਂ ਰਾਜਿਆਂ ਨੂੰ ਯਹੋਸ਼ੁਆ ਦੇ ਕੋਲ ਲੈ ਆਏ ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਸੱਦਿਆ ਅਤੇ ਯੋਧਿਆਂ ਦੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਜਾਂਦੇ ਸਨ ਆਖਿਆ, ਨੇੜੇ ਆ ਕੇ ਆਪਣੇ ਪੈਰ ਇਹਨਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ ਸੋ ਉਹਨਾਂ ਨੇ ਨੇੜੇ ਆ ਕੇ ਆਪਣੇ ਪੈਰ ਉਹਨਾਂ ਦੀਆਂ ਗਰਦਨਾਂ ਉੱਤੇ ਰੱਖੇ।

25ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਨਾ ਡਰੋ ਅਤੇ ਨਾ ਘਬਰਾਓ। ਤਕੜੇ ਹੋਵੋ ਅਤੇ ਹੌਂਸਲਾ ਰੱਖੋ ਕਿਉਂ ਜੋ ਯਹੋਵਾਹ ਤੁਹਾਡੇ ਸਾਰੇ ਵੈਰੀਆਂ ਨਾਲ ਜਿਨ੍ਹਾਂ ਦੇ ਵਿਰੁੱਧ ਤੁਸੀਂ ਲੜਦੇ ਹੋ ਅਜਿਹਾ ਹੀ ਕਰੇਗਾ।

26ਇਸ ਤੋਂ ਬਾਅਦ ਯਹੋਸ਼ੁਆ ਨੇ ਉਹਨਾਂ ਨੂੰ ਜਾਨੋਂ ਮਾਰ ਸੁੱਟਿਆ ਅਤੇ ਉਹਨਾਂ ਨੂੰ ਪੰਜਾਂ ਰੁੱਖਾਂ ਉੱਤੇ ਟੰਗ ਦਿੱਤਾ ਅਤੇ ਉਹ ਸ਼ਾਮਾਂ ਤੱਕ ਉਹਨਾਂ ਰੁੱਖਾਂ ਉੱਤੇ ਟੰਗੇ ਰਹੇ।

27ਤਾਂ ਇਸ ਤਰ੍ਹਾਂ ਹੋਇਆ ਕਿ ਜਦ ਸੂਰਜ ਡੁੱਬਣ ਲੱਗਾ ਤਦ ਯਹੋਸ਼ੁਆ ਨੇ ਹੁਕਮ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਰੁੱਖਾਂ ਉੱਤੋਂ ਲਾਹ ਲਿਆ ਅਤੇ ਉਸ ਗੁਫ਼ਾ ਵਿੱਚ ਜਿੱਥੇ ਉਹ ਲੁਕੇ ਸਨ ਸੁੱਟ ਦਿੱਤਾ ਅਤੇ ਉਸ ਗੁਫ਼ਾ ਦੇ ਮੂੰਹ ਉੱਤੇ ਵੱਡੇ-ਵੱਡੇ ਪੱਥਰ ਰੱਖ ਦਿੱਤੇ ਜਿਹੜੇ ਅੱਜ ਦੇ ਦਿਨ ਤੱਕ ਵੀ ਹਨ।

28ਯਹੋਸ਼ੁਆ ਨੇ ਉਸੇ ਦਿਨ ਮੱਕੇਦਾਹ ਨੂੰ ਲੈ ਲਿਆ ਅਤੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ। ਉਸ ਨੇ ਉਹਨਾਂ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ। ਉਸ ਨੇ ਕਿਸੇ ਨੂੰ ਵੀ ਬਾਕੀ ਨਾ ਛੱਡਿਆ ਅਤੇ ਉਸ ਨੇ ਮੱਕੇਦਾਹ ਦੇ ਰਾਜੇ ਨਾਲ ਤਿਵੇਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ।

29ਫਿਰ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹ ਦੇ ਨਾਲ ਮੱਕੇਦਾਹ ਤੋਂ ਲਿਬਨਾਹ ਨੂੰ ਗਏ ਅਤੇ ਲਿਬਨਾਹ ਨਾਲ ਯੁੱਧ ਕੀਤਾ।

30ਅਤੇ ਯਹੋਵਾਹ ਨੇ ਉਸ ਨੂੰ ਵੀ ਅਤੇ ਉਸ ਦੇ ਰਾਜੇ ਨੂੰ ਵੀ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਉਸ ਦੇ ਸਾਰੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ। ਉਹ ਨੇ ਕਿਸੇ ਨੂੰ ਉਸ ਦੇ ਵਿੱਚ ਬਾਕੀ ਨਾ ਛੱਡਿਆ ਅਤੇ ਉਸ ਦੇ ਰਾਜੇ ਨਾਲ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ।

31ਤਾਂ ਯਹੋਸ਼ੁਆ ਅਤੇ ਉਹ ਦੇ ਨਾਲ ਸਾਰਾ ਇਸਰਾਏਲ ਲਿਬਨਾਹ ਤੋਂ ਲਾਕੀਸ਼ ਨੂੰ ਲੰਘੇ ਅਤੇ ਉਸ ਦੇ ਸਾਹਮਣੇ ਡੇਰੇ ਲਾ ਕੇ ਉਸ ਦੇ ਨਾਲ ਯੁੱਧ ਕੀਤਾ।

32ਤਾਂ ਯਹੋਵਾਹ ਨੇ ਲਾਕੀਸ਼ ਸ਼ਹਿਰ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਦੂਜੇ ਦਿਨ ਉਹ ਨੂੰ ਜਿੱਤ ਲਿਆ ਅਤੇ ਉਸ ਨੂੰ ਅਤੇ ਉਸ ਦੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਜਿਵੇਂ ਉਹ ਨੇ ਲਿਬਨਾਹ ਨਾਲ ਕੀਤਾ ਸੀ।

33ਤਦ ਗਜ਼ਰ ਸ਼ਹਿਰ ਦਾ ਰਾਜਾ ਹੋਰਾਮ ਉਤਾਹਾਂ ਲਾਕੀਸ਼ ਦੀ ਸਹਾਇਤਾ ਲਈ ਆਇਆ ਅਤੇ ਯਹੋਸ਼ੁਆ ਨੇ ਉਹ ਨੂੰ ਅਤੇ ਉਹ ਦੇ ਲੋਕਾਂ ਨੂੰ ਇਉਂ ਮਾਰਿਆ ਕਿ ਕੋਈ ਬਾਕੀ ਨਾ ਰਿਹਾ।

34ਤਾਂ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਦੇ ਪੱਛਮ ਤੋਂ ਅਗਲੋਨ ਸ਼ਹਿਰ ਨੂੰ ਲੰਘੇ ਅਤੇ ਉਹ ਦੇ ਸਾਹਮਣੇ ਡੇਰੇ ਲਾ ਕੇ ਉਹ ਦੇ ਨਾਲ ਯੁੱਧ ਕੀਤਾ।

35ਅਤੇ ਉਸੇ ਦਿਨ ਉਹ ਨੂੰ ਜਿੱਤ ਲਿਆ ਅਤੇ ਉਹ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਸੇ ਦਿਨ ਉਹ ਦੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ਜਿਵੇਂ ਉਸ ਲਾਕੀਸ਼ ਨਾਲ ਕੀਤਾ ਸੀ।

36ਫਿਰ ਯਹੋਸ਼ੁਆ ਅਤੇ ਉਸ ਦੇ ਨਾਲ ਸਾਰਾ ਇਸਰਾਏਲ ਅਗਲੋਨ ਤੋਂ ਹਬਰੋਨ ਸ਼ਹਿਰ ਨੂੰ ਉਤਾਹਾਂ ਗਏ ਅਤੇ ਉਹ ਦੇ ਨਾਲ ਯੁੱਧ ਕੀਤਾ।

37ਅਤੇ ਉਹ ਨੂੰ ਜਿੱਤ ਲਿਆ ਤਾਂ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਉਹ ਦੇ ਸਾਰੇ ਸ਼ਹਿਰਾਂ ਨੂੰ ਉਹ ਦੇ ਸਾਰੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਜਿਵੇਂ ਉਸ ਅਗਲੋਨ ਨਾਲ ਕੀਤਾ ਸੀ ਸਗੋਂ ਉਹ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ।

38ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਉਸ ਨਾਲ ਦਬੀਰ ਨੂੰ ਮੁੜ ਕੇ ਉਸ ਨਾਲ ਯੁੱਧ ਕੀਤਾ।

39ਉਸ ਨੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਅਤੇ ਉਹ ਦੇ ਸਾਰੇ ਸ਼ਹਿਰਾਂ ਨੂੰ ਜਿੱਤ ਲਿਆ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ, ਕਿਸੇ ਨੂੰ ਬਾਕੀ ਨਾ ਛੱਡਿਆ। ਜਿਵੇਂ ਉਸ ਨੇ ਹਬਰੋਨ ਅਤੇ ਲਿਬਨਾਹ ਅਤੇ ਉਹਨਾਂ ਦੇ ਰਾਜਿਆਂ ਨਾਲ ਕੀਤਾ ਸੀ ਉਸੇ ਤਰ੍ਹਾਂ ਉਸ ਨੇ ਦਬੀਰ ਅਤੇ ਉਹ ਦੇ ਰਾਜੇ ਨਾਲ ਕੀਤਾ।

40ਇਉਂ ਯਹੋਸ਼ੁਆ ਨੇ ਸਾਰੇ ਦੇਸ ਨੂੰ ਅਰਥਾਤ ਪਹਾੜੀ ਦੇਸ, ਦੱਖਣ, ਬੇਟ, ਢਾਲਾਂ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਸਗੋਂ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ।

41ਯਹੋਸ਼ੁਆ ਨੇ ਉਹਨਾਂ ਨੂੰ ਕਾਦੇਸ਼-ਬਰਨੇਆ ਤੋਂ ਅੱਜ਼ਾਹ ਤੱਕ ਅਤੇ ਗੋਸ਼ਨ ਦੇ ਸਾਰੇ ਦੇਸ ਨੂੰ ਗਿਬਓਨ ਤੱਕ ਨਾਸ ਕੀਤਾ।

42ਯਹੋਸ਼ੁਆ ਨੇ ਉਹਨਾਂ ਸਾਰੇ ਰਾਜਿਆਂ ਨੂੰ ਅਤੇ ਉਹਨਾਂ ਦੇ ਸਾਰੇ ਦੇਸਾਂ ਨੂੰ ਇੱਕੋ ਹੀ ਸਮੇਂ ਵਿੱਚ ਇਸ ਕਾਰਨ ਜਿੱਤ ਲਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸਰਾਏਲ ਲਈ ਲੜਿਆ।

43ਫਿਰ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath