ਈਸਾਈ
ਪਿੱਛੇ

ਅੱਯੂਬ 9

1ਅੱਯੂਬ ਨੇ ਉੱਤਰ ਦੇ ਕੇ ਆਖਿਆ,

2“ਮੈਂ ਸੱਚ-ਮੁੱਚ ਜਾਣਦਾ ਹਾਂ ਕਿ ਇਹ ਇਸ ਤਰ੍ਹਾਂ ਹੀ ਹੈ, ਪਰ ਮਨੁੱਖ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ?

3ਜੇ ਉਹ ਉਸ ਦੇ ਨਾਲ ਵਿਵਾਦ ਵੀ ਕਰਨਾ ਚਾਹੇ, ਤਾਂ ਵੀ ਉਹ ਹਜ਼ਾਰ ਵਿੱਚੋਂ ਇੱਕ ਗੱਲ ਦਾ ਵੀ ਜਵਾਬ ਨਹੀਂ ਦੇ ਸਕੇਗਾ।

4ਉਹ ਬੁੱਧੀਮਾਨ ਅਤੇ ਅੱਤ ਬਲਵੰਤ ਹੈ, ਕਿਸ ਨੇ ਉਹ ਦਾ ਸਾਹਮਣਾ ਕੀਤਾ ਅਤੇ ਪਰਬਲ ਹੋਇਆ?

5ਉਹ ਜੋ ਅਚਾਨਕ ਪਹਾੜਾਂ ਨੂੰ ਹਟਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ, ਉਹ ਆਪਣੇ ਕ੍ਰੋਧ ਵਿੱਚ ਉਨ੍ਹਾਂ ਨੂੰ ਉਲਟ ਦਿੰਦਾ ਹੈ,

6ਜੋ ਧਰਤੀ ਨੂੰ ਉਹ ਦੇ ਸਥਾਨ ਤੋਂ ਹਿਲਾ ਦਿੰਦਾ ਹੈ, ਅਤੇ ਉਹ ਦੇ ਥੰਮ੍ਹ ਕੰਬ ਉੱਠਦੇ ਹਨ।

7ਜੋ ਸੂਰਜ ਨੂੰ ਹੁਕਮ ਕਰਦਾ ਅਤੇ ਉਹ ਚੜ੍ਹਦਾ ਨਹੀਂ, ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ।

8ਜੋ ਇਕੱਲਾ ਹੀ ਅਕਾਸ਼ਾਂ ਨੂੰ ਤਾਣ ਦਿੰਦਾ ਹੈ, ਅਤੇ ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਉੱਤੇ ਚੱਲਦਾ ਹੈ।

9ਜੋ ਸਪਤ੍ਰਿਖ, ਜੱਬਾਰ, ਖਿੱਤਿਆਂ ਅਤੇ ਦੱਖਣ ਦੇ ਅਕਾਸ਼ ਮੰਡਲਾਂ ਦਾ ਸਿਰਜਣਹਾਰ ਹੈ।

10ਜੋ ਅਜਿਹੇ ਵੱਡੇ-ਵੱਡੇ ਕੰਮ ਕਰਦਾ ਹੈ, ਜਿਹੜੇ ਅਥਾਹ, ਅਚਰਜ਼ ਅਤੇ ਅਣਗਿਣਤ ਹਨ।

11ਵੇਖੋ, ਉਹ ਮੇਰੇ ਕੋਲੋਂ ਦੀ ਲੰਘ ਜਾਂਦਾ ਹੈ ਪਰ ਮੈਂ ਉਹ ਨੂੰ ਵੇਖ ਨਹੀਂ ਸਕਦਾ, ਉਹ ਅੱਗੇ ਵੱਧ ਜਾਂਦਾ ਹੈ, ਪਰ ਮੈਂ ਉਹ ਨੂੰ ਪਛਾਣਦਾ ਨਹੀਂ।

12ਵੇਖੋ, ਜਦ ਉਹ ਖੋਹਣ ਲੱਗੇ ਤਾਂ ਕੌਣ ਉਹ ਨੂੰ ਰੋਕੇਗਾ? ਕੌਣ ਉਹ ਨੂੰ ਆਖੇਗਾ, ਤੂੰ ਕੀ ਕਰਦਾ ਹੈਂ?

13ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ, ਰਹਬ ਦੇ ਸਹਾਇਕ ਉਹ ਦੇ ਪੈਰਾਂ ਹੇਠ ਝੁੱਕ ਜਾਂਦੇ ਹਨ।

14“ਫੇਰ ਮੈਂ ਕਿਵੇਂ ਉਹ ਨੂੰ ਜਵਾਬ ਦੇ ਸਕਦਾ ਹਾਂ, ਜਾਂ ਉਹ ਦੇ ਲਈ ਆਪਣੀਆਂ ਦਲੀਲਾਂ ਚੁਣ ਸਕਦਾ ਹਾਂ?

15ਭਾਵੇਂ ਮੈਂ ਨਿਰਦੋਸ਼ ਵੀ ਹੁੰਦਾ ਤਾਂ ਵੀ ਉਸ ਨੂੰ ਜਵਾਬ ਨਹੀਂ ਦੇ ਸਕਦਾ, ਮੈਂ ਸਿਰਫ਼ ਆਪਣੇ ਨਿਆਈਂ ਦੇ ਅੱਗੇ ਦੁਹਾਈ ਦੇ ਸਕਦਾ ਹਾਂ।

16ਜੇ ਮੈਂ ਪੁਕਾਰਦਾ ਅਤੇ ਉਹ ਉੱਤਰ ਵੀ ਦਿੰਦਾ, ਤਾਂ ਵੀ ਮੈਂ ਨਿਹਚਾ ਨਾ ਕਰਦਾ ਕਿ ਉਸ ਨੇ ਮੇਰੀ ਅਵਾਜ਼ ਉੱਤੇ ਕੰਨ ਲਾਇਆ ਹੈ,

17ਕਿਉਂ ਜੋ ਉਹ ਮੈਨੂੰ ਤੂਫ਼ਾਨ ਨਾਲੋਂ ਤੋੜ ਸੁੱਟਦਾ, ਅਤੇ ਬਿਨ੍ਹਾਂ ਕਾਰਨ ਮੇਰੇ ਫੱਟਾਂ ਨੂੰ ਵਧਾਉਂਦਾ ਹੈ!

18ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ, ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ!

19ਜੇ ਬਲ ਦੀ ਗੱਲ ਕਰੀਏ, ਤਾਂ ਉਹ ਸ਼ਕਤੀਮਾਨ ਹੈ, ਅਤੇ ਜੇ ਨਿਆਂ ਨੂੰ ਲਈਏ ਤਾਂ ਕੌਣ ਉਸ ਨੂੰ ਚੁਣੌਤੀ ਦੇ ਸਕਦਾ ਹੈ?

20ਜੇ ਮੈਂ ਨਿਰਦੋਸ਼ ਵੀ ਹੋਵਾਂ ਤਾਂ ਵੀ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ, ਜੇ ਮੈਂ ਖਰਾ ਹੋਵਾਂ ਤਾਂ ਵੀ ਉਹ ਮੈਨੂੰ ਟੇਢਾ ਸਾਬਤ ਕਰੇਗਾ।

21“ਮੈਂ ਖਰਾ ਤਾਂ ਹਾਂ, ਪਰ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕਰਦਾ, ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ ਹਾਂ।

22ਇਹ ਇੱਕੋ ਹੀ ਗੱਲ ਹੈ, ਇਸ ਲਈ ਮੈਂ ਆਖਦਾ ਹਾਂ, ਖਰੇ ਅਤੇ ਖੋਟੇ ਦੋਵਾਂ ਨੂੰ ਉਹ ਮੁਕਾ ਦਿੰਦਾ ਹੈ!

23ਜਦ ਲੋਕ ਬਿਪਤਾ ਦੇ ਕਰਨ ਅਚਾਨਕ ਮਰਨ ਲੱਗਦੇ ਹਨ, ਤਾਂ ਉਹ ਨਿਰਦੋਸ਼ਾਂ ਦੀ ਉਦਾਸੀ ਉੱਤੇ ਠੱਠਾ ਮਾਰਦਾ ਹੈ।

24ਜਦ ਦੇਸ ਦੁਸ਼ਟਾਂ ਦੇ ਹੱਥ ਵਿੱਚ ਦਿੱਤਾ ਜਾਂਦਾ ਹੈ ਤਾਂ ਉਹ ਨਿਆਂਈਆਂ ਦੀਆਂ ਅੱਖਾਂ ਨੂੰ ਢੱਕ ਦਿੰਦਾ ਹੈ, ਜੇ ਇਹ ਕਰਨ ਵਾਲਾ ਉਹ ਨਹੀਂ, ਤਾਂ ਹੋਰ ਕੌਣ ਹੈ?

25“ਮੇਰੇ ਦਿਨ ਸੰਦੇਸ਼ਵਾਹਕਾਂ ਤੋਂ ਵੀ ਤੇਜ਼ ਹਨ, ਉਹ ਉੱਡਦੇ ਜਾਂਦੇ ਹਨ, ਉਹ ਭਲਿਆਈ ਨਹੀਂ ਵੇਖਦੇ।

26ਉਹ ਕਾਗਜ਼ਾਂ ਦੀ ਬੇੜੀ ਵਾਂਗੂੰ ਚਲੇ ਜਾਂਦੇ ਹਨ, ਜਾਂ ਜਿਵੇਂ ਬਾਜ਼ ਸ਼ਿਕਾਰ ਉੱਤੇ ਝਪੱਟਾ ਮਾਰਦਾ ਹੈ।

27ਜੇ ਮੈਂ ਆਖਾਂ ਕਿ ਮੈਂ ਆਪਣੀ ਸ਼ਿਕਾਇਤ ਭੁੱਲ ਜਾਂਵਾਂਗਾ, ਮੈਂ ਆਪਣੀ ਉਦਾਸੀ ਛੱਡ ਦਿਆਂਗਾ ਅਤੇ ਆਪਣੇ ਆਪ ਨੂੰ ਖੁਸ਼ ਵਿਖਾਵਾਂਗਾ।

28ਤਾਂ ਵੀ ਮੈਂ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ, ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਿਰਦੋਸ਼ ਨਾ ਠਹਿਰਾਵੇਂਗਾ।

29ਮੈਂ ਤਾਂ ਦੋਸ਼ੀ ਠਹਿਰਾਂਗਾ, ਫੇਰ ਮੈਂ ਕਿਉਂ ਵਿਅਰਥ ਕਸ਼ਟ ਝੱਲਾਂ?

30ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ, ਅਤੇ ਆਪਣੇ ਹੱਥਾਂ ਨੂੰ ਖਾਰੇ ਪਾਣੀ ਨਾਲ ਸਾਫ਼ ਕਰਾਂ,

31ਤਦ ਵੀ ਤੂੰ ਮੈਨੂੰ ਟੋਏ ਵਿੱਚ ਡੋਬ ਦੇਵੇਂਗਾ, ਅਤੇ ਮੇਰੇ ਕੱਪੜੇ ਵੀ ਮੈਥੋਂ ਘਿਣ ਕਰਨਗੇ।

32“ਉਹ ਮੇਰੇ ਵਾਂਗੂੰ ਮਨੁੱਖ ਨਹੀਂ ਹੈ ਕਿ ਮੈਂ ਉਹ ਨੂੰ ਉੱਤਰ ਦੇਵਾਂ, ਅਤੇ ਅਸੀਂ ਇੱਕ ਦੂਜੇ ਨਾਲ ਮੁਕੱਦਮਾ ਲੜੀਏ।

33ਕਾਸ਼ ਸਾਡੇ ਦੋਹਾਂ ਵਿੱਚ ਕੋਈ ਵਿਚੋਲਾ ਹੁੰਦਾ ਜੋ ਸਾਡੇ ਦੋਹਾਂ ਉੱਤੇ ਹੱਥ ਰੱਖਦਾ,

34ਜੋ ਉਸ ਦੀ ਸੋਟੀ ਮੇਰੇ ਉੱਤੋਂ ਹਟਾ ਦਿੰਦਾ, ਤਾਂ ਜੋ ਉਹ ਦੇ ਹੌਲ ਮੈਨੂੰ ਨਾ ਡਰਾਉਂਦੇ।

35ਤਦ ਮੈਂ ਉਸ ਤੋਂ ਨਿਰਭੈ ਹੋ ਕੇ ਬੋਲ ਸਕਦਾ, ਕਿਉਂ ਜੋ ਮੈਂ ਆਪਣੇ ਆਪ ਵਿੱਚ ਅਜਿਹਾ ਨਹੀਂ ਹਾਂ।”

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath