ਅੱਯੂਬ 6
1ਫਿਰ ਅੱਯੂਬ ਨੇ ਉੱਤਰ ਦੇ ਕੇ ਆਖਿਆ,
2“ਭਲਾ ਹੁੰਦਾ ਜੋ ਮੇਰੀ ਤਕਲੀਫ਼ ਚੰਗੀ ਤਰ੍ਹਾਂ ਤੋਲੀ ਜਾਂਦੀ ਅਤੇ ਮੇਰੀ ਸਾਰੀ ਬਿਪਤਾ ਤੱਕੜੀ ਵਿੱਚ ਰੱਖੀ ਜਾਂਦੀ!
3ਕਿਉਂਕਿ ਉਹ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਠਹਿਰਦੀ, ਇਸ ਲਈ ਮੇਰੀਆਂ ਗੱਲਾਂ ਕਾਹਲ ਨਾਲ ਹੋਈਆਂ ਹਨ,
4ਕਿਉਂ ਜੋ ਸਰਬ ਸ਼ਕਤੀਮਾਨ ਦੇ ਤੀਰ ਮੈਨੂੰ ਲੱਗੇ ਹਨ, ਇਹਨਾਂ ਦਾ ਜ਼ਹਿਰ ਮੇਰਾ ਆਤਮਾ ਪੀਂਦਾ ਹੈ, ਪਰਮੇਸ਼ੁਰ ਦੇ ਖੌਫ਼ ਮੇਰੇ ਵਿਰੁੱਧ ਕਤਾਰਾਂ ਬੰਨ੍ਹੀ ਖੜ੍ਹੇ ਹਨ!
5ਕੀ, ਜੰਗਲੀ ਗਧਾ ਘਾਹ ਉੱਤੇ ਹੀਂਗਦਾ ਹੈ? ਕੀ ਬਲ਼ਦ ਆਪਣੇ ਪੱਠਿਆਂ ਉੱਤੇ ਅੜਿੰਗਦਾ ਹੈ?
6ਕੀ, ਫਿੱਕੀ ਚੀਜ਼ ਲੂਣ ਤੋਂ ਬਿਨ੍ਹਾਂ ਖਾਈਦੀ ਹੈ? ਕੀ ਆਂਡੇ ਦੀ ਸਫ਼ੇਦੀ ਵਿੱਚ ਕੋਈ ਸੁਆਦ ਹੈ?
7ਜਿਹਨਾਂ ਵਸਤਾਂ ਨੂੰ ਮੈਂ ਛੂਹਣਾ ਵੀ ਨਹੀਂ ਚਾਹੁੰਦਾ ਉਹ ਹੀ ਮੇਰੇ ਲਈ ਘਿਣਾਉਣੀ ਰੋਟੀ ਠਹਿਰੀਆਂ ਹਨ।
8“ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਅਤੇ ਜਿਸ ਦੀ ਮੈਂ ਆਸ ਕਰਦਾ ਹਾਂ, ਪਰਮੇਸ਼ੁਰ ਉਹ ਹੀ ਮੈਨੂੰ ਦਿੰਦਾ!
9ਕਿ ਪਰਮੇਸ਼ੁਰ ਨੂੰ ਇਹ ਭਾਵੇ ਕਿ ਉਹ ਮੈਨੂੰ ਕੁਚਲ ਸੁੱਟੇ, ਆਪਣਾ ਹੱਥ ਚਲਾ ਕੇ ਮੈਨੂੰ ਵੱਢ ਸੁੱਟੇ!
10ਤਦ ਵੀ ਇਹ ਮੇਰੀ ਤਸੱਲੀ ਦਾ ਕਾਰਨ ਹੁੰਦੀ ਅਤੇ ਮੈਂ ਵੱਡੀ ਤੜਫ਼ਣ ਵਿੱਚ ਵੀ ਖੁਸ਼ੀ ਨਾਲ ਉੱਛਲ ਪੈਂਦਾ, ਕਿਉਂਕਿ ਮੈਂ ਪਵਿੱਤਰ ਪੁਰਖ ਦੇ ਬਚਨਾਂ ਦਾ ਕਦੀ ਇਨਕਾਰ ਨਹੀਂ ਕੀਤਾ।
11“ਮੇਰੇ ਵਿੱਚ ਕਿਹੜਾ ਬਲ ਜੋ ਮੈਂ ਆਸ ਰੱਖਾਂ, ਜਾਂ ਮੇਰਾ ਅੰਤ ਕੀ ਹੋਵੇਗਾ ਜੋ ਮੈਂ ਸਬਰ ਕਰਾਂ?
12ਕੀ ਮੇਰਾ ਬਲ ਪੱਥਰਾਂ ਦਾ ਬਲ ਹੈ, ਜਾਂ ਮੇਰਾ ਸਰੀਰ ਪਿੱਤਲ ਦਾ ਹੈ?
13ਕੀ ਆਪਣੀ ਸਹਾਇਤਾ ਕਰਨ ਦੀ ਸਮਰੱਥਾ ਮੇਰੇ ਵਿੱਚ ਹੈ, ਜਦ ਕਿ ਕਾਮਯਾਬੀ ਮੈਥੋਂ ਦੂਰ ਹਟਾਈ ਗਈ ਹੈ?
14“ਜੋ ਮਿੱਤਰ ਉੱਤੇ ਦਯਾ ਨਹੀਂ ਕਰਦਾ ਹੈ, ਉਹ ਸਰਬ ਸ਼ਕਤੀਮਾਨ ਦਾ ਡਰ ਮੰਨਣਾ ਵੀ ਛੱਡ ਦਿੰਦਾ ਹੈ।
15ਮੇਰੇ ਭਰਾ ਨਦੀ ਵਾਂਗੂੰ ਵਿਸ਼ਵਾਸਘਾਤੀ ਹਨ, ਉਨ੍ਹਾਂ ਨਦੀਆਂ ਦੀਆਂ ਧਾਰਾਂ ਵਾਂਗੂੰ ਜਿਹੜੀਆਂ ਦੂਰ ਵਗ ਜਾਂਦੀਆਂ ਹਨ,
16ਉਹ ਬਰਫ਼ ਦੇ ਕਾਰਨ ਕਾਲੇ ਹੋ ਜਾਂਦੇ ਹਨ, ਅਤੇ ਹਿਮ ਉਸ ਦੇ ਵਿੱਚ ਛੁੱਪੀ ਰਹਿੰਦੀ ਹੈ!
17ਗਰਮੀ ਦੀ ਰੁੱਤ ਵਿੱਚ ਉਹ ਅਲੋਪ ਹੋ ਜਾਂਦੀਆਂ ਹਨ, ਧੁੱਪ ਪੈਂਦਿਆਂ ਹੀ ਉਹ ਆਪਣੇ ਥਾਵਾਂ ਵਿੱਚੋਂ ਗਾਇਬ ਹੋ ਜਾਂਦੀਆਂ ਹਨ,
18ਕਾਫ਼ਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ, ਉਹ ਸੁੰਨੇ ਥਾਂ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ।
19ਤੇਮਾ ਦੇ ਵਪਾਰੀ ਪਾਣੀ ਦੀ ਤਲਾਸ਼ ਕਰਦੇ ਹਨ, ਸ਼ਬਾ ਦੇ ਮੁਸਾਫ਼ਰ ਆਸ ਨਾਲ ਤੱਕਦੇ ਹਨ।
20ਤੇਮਾ ਦੇ ਕਾਫ਼ਲੇ ਵੇਖਦੇ ਰਹੇ, ਸਬਾ ਦੇ ਜੱਥੇ ਉਨ੍ਹਾਂ ਨੂੰ ਉਡੀਕਦੇ ਰਹੇ,
21ਹੁਣ ਤੁਸੀਂ ਮੇਰੇ ਲਈ ਅਜਿਹੇ ਹੀ ਹੋ, ਤੁਸੀਂ ਮੇਰੀ ਬਿਪਤਾ ਨੂੰ ਵੇਖ ਕੇ ਡਰ ਗਏ ਹੋ,
22ਕੀ ਮੈਂ ਆਖਿਆ, ਮੈਨੂੰ ਕੁਝ ਦਿਓ? ਜਾਂ ਆਪਣੇ ਮਾਲ-ਧਨ ਵਿੱਚੋਂ ਮੈਨੂੰ ਰਿਸ਼ਵਤ ਦਿਓ?
23ਜਾਂ ਵਿਰੋਧੀ ਦੇ ਹੱਥੋਂ ਮੈਨੂੰ ਛੁਡਾਓ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਦੇ ਕੇ ਮੇਰਾ ਛੁਟਕਾਰਾ ਕਰਾਓ?
24“ਮੈਨੂੰ ਸਿਖਾਓ ਤਾਂ ਮੈਂ ਚੁੱਪ ਹੋ ਜਾਂਵਾਂਗਾ, ਜਿੱਥੇ ਮੇਰੇ ਤੋਂ ਭੁੱਲ ਹੋਈ ਮੈਨੂੰ ਸਮਝਾਓ।
25ਸਚਿਆਈ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ ਹੁੰਦੀਆਂ ਹਨ, ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ?
26ਕੀ ਤੁਸੀਂ ਮੇਰੀਆਂ ਗੱਲਾਂ ਨੂੰ ਸੁਧਾਰਨਾ ਚਾਹੁੰਦੇ ਹੋ? ਪਰ ਨਿਰਾਸ਼ਾ ਦੀਆਂ ਗੱਲਾਂ ਹਵਾ ਹੀ ਹਨ!
27ਹਾਂ, ਤੁਸੀਂ ਯਤੀਮਾਂ ਉੱਤੇ ਪਰਚੀਆਂ ਪਾਉਂਦੇ ਹੋ, ਅਤੇ ਆਪਣੇ ਦੋਸਤ ਦਾ ਸੌਦਾ ਕਰਦੇ ਹੋ।
28“ਹੁਣ ਤਾਂ ਕਿਰਪਾ ਕਰਕੇ ਮੇਰੇ ਵੱਲ ਮੂੰਹ ਕਰੋ, ਮੈਂ ਤੁਹਾਡੇ ਸਨਮੁਖ ਝੂਠ ਕਦੇ ਨਾ ਬੋਲਾਂਗਾ!
29ਮੁੜੋ, ਕਿ ਬੇਇਨਸਾਫ਼ੀ ਨਾ ਹੋਵੇ, ਅਤੇ ਫੇਰ ਮੁੜੋ, ਮੈਂ ਉਸ ਵਿੱਚ ਧਰਮ ਉੱਤੇ ਹਾਂ।
30ਕੀ ਮੇਰੀ ਜੀਭ ਉੱਤੇ ਬੇਇਨਸਾਫ਼ੀ ਹੈ? ਕੀ ਮੈਂ ਬੁਰਿਆਈ ਨੂੰ ਨਹੀਂ ਪਛਾਣ ਸਕਦਾ?”
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath