ਈਸਾਈ
ਪਿੱਛੇ

ਅੱਯੂਬ 5

1“ਜ਼ਰਾ ਪੁਕਾਰ ਕੇ ਵੇਖ, ਕੀ ਕੋਈ ਹੈ ਜੋ ਤੈਨੂੰ ਉੱਤਰ ਦੇਵੇਗਾ! ਜਾਂ ਪਵਿੱਤਰਾਂ ਵਿੱਚੋਂ ਤੂੰ ਕਿਸ ਦੇ ਵੱਲ ਮੂੰਹ ਕਰੇਂਗਾ?

2ਕੁੜ੍ਹਨਾ ਤਾਂ ਮੂਰਖ ਨੂੰ ਵੱਢ ਸੁੱਟਦਾ ਹੈ ਅਤੇ ਜਲਣ ਭੋਲਿਆਂ-ਭਾਲਿਆਂ ਨੂੰ ਮਾਰ ਸੁੱਟਦੀ ਹੈ।

3ਮੈਂ ਮੂਰਖ ਨੂੰ ਜੜ੍ਹ ਫੜ੍ਹਦੇ ਵੇਖਿਆ ਹੈ, ਪਰ ਅਚਾਨਕ ਮੈਂ ਉਹ ਦੇ ਨਿਵਾਸ-ਸਥਾਨ ਨੂੰ ਫਿਟਕਾਰਿਆ।

4ਉਹ ਦੇ ਬੱਚੇ ਸੁਰੱਖਿਆ ਤੋਂ ਦੂਰ ਹਨ, ਅਤੇ ਫਾਟਕ ਵਿੱਚ ਮਿੱਧੇ ਜਾਂਦੇ ਹਨ, ਅਤੇ ਉਹਨਾਂ ਦਾ ਛੁਡਾਉਣ ਵਾਲਾ ਕੋਈ ਨਹੀਂ ਹੁੰਦਾ,

5ਮੂਰਖਾਂ ਦੀ ਫ਼ਸਲ ਭੁੱਖੇ ਲੋਕ ਖਾ ਲੈਂਦੇ ਹਨ, ਸਗੋਂ ਕੰਡਿਆਂ ਵਿੱਚੋਂ ਵੀ ਕੱਢ ਲੈਂਦੇ ਹਨ, ਅਤੇ ਪਿਆਸਾ ਉਨ੍ਹਾਂ ਦੇ ਮਾਲ-ਧਨ ਨੂੰ ਫਾਹੀ ਲਾਉਂਦਾ ਹੈ,

6ਦੁੱਖ ਤਾਂ ਮਿੱਟੀ ਵਿੱਚੋਂ ਨਹੀਂ ਨਿੱਕਲਦਾ, ਨਾ ਕਸ਼ਟ ਭੂਮੀ ਵਿੱਚੋਂ ਉੱਗਦਾ ਹੈ,

7ਜਿਵੇਂ ਚਿੰਗਿਆੜੇ ਉਤਾਹਾਂ ਉੱਡਦੇ ਹਨ, ਤਿਵੇਂ ਹੀ ਮਨੁੱਖ ਕਸ਼ਟ ਭੋਗਣ ਲਈ ਹੀ ਜੰਮਦਾ ਹੈ।

8“ਪਰ ਮੈਂ ਤਾਂ ਪਰਮੇਸ਼ੁਰ ਦਾ ਖੋਜੀ ਰਹਾਂਗਾ, ਅਤੇ ਆਪਣਾ ਮੁਕੱਦਮਾ ਪਰਮੇਸ਼ੁਰ ਨੂੰ ਸੌਂਪ ਦੇਵਾਂਗਾ,

9ਜਿਹੜਾ ਵੱਡੇ-ਵੱਡੇ ਅਥਾਹ ਕੰਮ ਅਤੇ ਅਣਗਿਣਤ ਅਚਰਜ਼ ਕਰਦਾ ਹੈ,

10ਜਿਹੜਾ ਮੀਂਹ ਧਰਤੀ ਉੱਤੇ ਪਾਉਂਦਾ ਹੈ, ਅਤੇ ਖੇਤਾਂ ਉੱਤੇ ਪਾਣੀ ਵਰਸਾਉਂਦਾ ਹੈ,

11ਇਸ ਤਰ੍ਹਾਂ ਉਹ ਨੀਵਿਆਂ ਨੂੰ ਉੱਚਾ ਕਰਦਾ ਅਤੇ ਮਾਤਮ ਕਰਨ ਵਾਲੇ ਉਚਾਈ ਤੇ ਪਹੁੰਚਾ ਕੇ ਬਚਾਏ ਜਾਂਦੇ ਹਨ।

12ਉਹ ਚਲਾਕਾਂ ਦੀਆਂ ਯੋਜਨਾਵਾਂ ਨੂੰ ਵਿਅਰਥ ਕਰ ਦਿੰਦਾ ਹੈ, ਅਤੇ ਉਹਨਾਂ ਦੇ ਹੱਥ ਸਫ਼ਲ ਨਹੀਂ ਹੁੰਦੇ।

13ਉਹ ਬੁੱਧਵਾਨਾਂ ਨੂੰ ਉਹਨਾਂ ਦੀ ਚਤਰਾਈ ਵਿੱਚ ਫਸਾਉਂਦਾ ਹੈ ਅਤੇ ਛਲ ਕਰਨ ਵਾਲਿਆਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ।

14ਦਿਨ ਵੇਲੇ ਉਨ੍ਹਾਂ ਉੱਤੇ ਹਨ੍ਹੇਰਾ ਛਾ ਜਾਂਦਾ ਹੈ, ਅਤੇ ਦੁਪਹਿਰ ਨੂੰ ਉਹ ਰਾਤ ਦੀ ਤਰ੍ਹਾਂ ਟੋਹੰਦੇ ਫਿਰਦੇ ਹਨ।

15ਪਰ ਉਹ ਕੰਗਾਲਾਂ ਨੂੰ ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਅਤੇ ਤਕੜੇ ਦੇ ਹੱਥਾਂ ਤੋਂ ਬਚਾਉਂਦਾ ਹੈ।

16ਇਸ ਕਾਰਨ ਗਰੀਬ ਲਈ ਆਸ ਹੁੰਦੀ ਹੈ, ਅਤੇ ਬਦਕਾਰਾਂ ਦਾ ਮੂੰਹ ਬੰਦ ਹੋ ਜਾਂਦਾ ਹੈ।

17“ਵੇਖ, ਧੰਨ ਉਹ ਮਨੁੱਖ ਹੈ ਜਿਸ ਨੂੰ ਪਰਮੇਸ਼ੁਰ ਦਬਕਾਉਂਦਾ ਹੈ, ਇਸ ਲਈ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ।

18ਕਿਉਂਕਿ ਉਹ ਹੀ ਘਾਇਲ ਕਰਦਾ, ਅਤੇ ਫੇਰ ਪੱਟੀ ਬੰਨ੍ਹਦਾ ਹੈ, ਉਹ ਹੀ ਸੱਟ ਮਾਰਦਾ ਹੈ ਅਤੇ ਫੇਰ ਉਹ ਦੇ ਹੱਥ ਚੰਗਾ ਵੀ ਕਰਦੇ ਹਨ।

19ਛੇਆਂ ਬਿਪਤਾਵਾਂ ਤੋਂ ਉਹ ਤੈਨੂੰ ਛੁਡਾਵੇਗਾ, ਸਗੋਂ ਸੱਤ ਵਿੱਚੋਂ ਵੀ ਕੋਈ ਬਦੀ ਤੈਨੂੰ ਨਾ ਛੂਹੇਗੀ।

20ਕਾਲ ਵਿੱਚ ਉਹ ਤੈਨੂੰ ਮੌਤ ਤੋਂ, ਅਤੇ ਲੜਾਈ ਵਿੱਚ ਤਲਵਾਰ ਦੀ ਧਾਰ ਤੋਂ ਤੈਨੂੰ ਛੁਟਕਾਰਾ ਦੇਵੇਗਾ।

21ਤੂੰ ਜੀਭ ਰੂਪੀ ਕੋਰੜੇ ਤੋਂ ਬਚਾਇਆ ਜਾਵੇਂਗਾ ਅਤੇ ਜਦ ਤਬਾਹੀ ਆਵੇਗੀ ਤਦ ਤੂੰ ਉਸ ਤੋਂ ਨਾ ਡਰੇਂਗਾ।

22ਤਬਾਹੀ ਅਤੇ ਕਾਲ ਦੇ ਦਿਨਾਂ ਉੱਤੇ ਤੂੰ ਹੱਸੇਂਗਾ, ਅਤੇ ਜੰਗਲੀ ਜਾਨਵਰਾਂ ਤੋਂ ਤੂੰ ਨਾ ਡਰੇਂਗਾ,

23ਸਗੋਂ ਮੈਦਾਨ ਦੇ ਪੱਥਰ ਵੀ ਤੇਰੇ ਨਾਲ ਨੇਮ ਬੰਨ੍ਹਣਗੇ, ਅਤੇ ਮੈਦਾਨ ਦੇ ਜਾਨਵਰ ਤੇਰੇ ਨਾਲ ਮੇਲ ਰੱਖਣਗੇ।

24ਤਦ ਤੂੰ ਜਾਣੇਂਗਾ ਕਿ ਤੇਰਾ ਤੰਬੂ ਸਲਾਮਤ ਹੈ, ਜਦ ਤੂੰ ਆਪਣਾ ਨਿਵਾਸ-ਸਥਾਨ ਵੇਖੇਂਗਾ, ਤਦ ਕੋਈ ਚੀਜ਼ ਗੁਆਚੀ ਹੋਈ ਨਾ ਹੋਵੇਗੀ।

25ਤੂੰ ਇਹ ਵੀ ਜਾਣੇਂਗਾ ਕਿ ਤੇਰੀ ਅੰਸ ਬਹੁਤ ਹੋਵੇਗੀ, ਸਗੋਂ ਤੇਰੀ ਸੰਤਾਨ ਧਰਤੀ ਦੀ ਘਾਹ ਦੇ ਸਮਾਨ ਹੋਵੇਗੀ।

26ਤੂੰ ਆਪਣੀ ਪੂਰੀ ਉਮਰ ਭੋਗ ਕੇ ਕਬਰ ਵਿੱਚ ਜਾਵੇਂਗਾ, ਜਿਵੇਂ ਅੰਨ ਦੀਆਂ ਭਰੀਆਂ ਸਮੇਂ ਸਿਰ ਭੰਡਾਰਾਂ ਵਿੱਚ ਰੱਖੀਆਂ ਜਾਂਦੀਆਂ ਹਨ।

27“ਵੇਖ, ਅਸੀਂ ਇਹ ਨੂੰ ਖ਼ੋਜਿਆ ਅਤੇ ਇਹ ਇਸੇ ਤਰ੍ਹਾਂ ਹੀ ਹੈ, ਤੂੰ ਇਹ ਨੂੰ ਸੁਣ ਅਤੇ ਆਪਣੇ ਲਾਭ ਦੇ ਲਈ ਧਿਆਨ ਵਿੱਚ ਰੱਖ।”

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath