ਈਸਾਈ
ਪਿੱਛੇ

ਅੱਯੂਬ 38

1ਤਦ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਦੇ ਵਿੱਚੋਂ ਉੱਤਰ ਦਿੱਤਾ ਅਤੇ ਆਖਿਆ,

2“ਇਹ ਕੌਣ ਹੈ ਜਿਹੜਾ ਗਿਆਨਹੀਣ ਗੱਲਾਂ ਨਾਲ ਮੇਰੀ ਸਲਾਹ ਨੂੰ ਹਨੇਰੇ ਵਿੱਚ ਰੱਖਦਾ ਹੈ?

3ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ! ਮੈਂ ਤੈਥੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ!”

4“ਜਦ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ? ਜੇ ਤੂੰ ਸਮਝ ਰੱਖਦਾ ਹੈ ਤਾਂ ਜਵਾਬ ਦੇ!

5ਕਿਸ ਨੇ ਉਹ ਦਾ ਨਾਪ ਠਹਿਰਾਇਆ, ਤੂੰ ਤਾਂ ਜ਼ਰੂਰ ਹੀ ਜਾਣਦਾ ਹੋਵੇਂਗਾ, ਜਾਂ ਕਿਸ ਨੇ ਉਹ ਦੇ ਉੱਤੇ ਜ਼ਰੀਬ ਖਿੱਚੀ?

6ਕਿਸ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ, ਜਾਂ ਕਿਸ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ,

7ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ?”

8“ਜਾਂ ਕਿਸ ਨੇ ਸਮੁੰਦਰ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕੀਤਾ, ਜਦ ਉਹ ਕੁੱਖੋਂ ਫੁੱਟ ਨਿੱਕਲਿਆ?

9ਜਦ ਮੈਂ ਬੱਦਲ ਨੂੰ ਉਹ ਦਾ ਲਿਬਾਸ ਪਹਿਨਾਇਆ, ਅਤੇ ਘੁੱਪ ਹਨੇਰੇ ਵਿੱਚ ਉਸ ਨੂੰ ਲਪੇਟ ਦਿੱਤਾ,

10ਅਤੇ ਉਹ ਦੀਆਂ ਹੱਦਾਂ ਠਹਿਰਾਈਆਂ, ਅਤੇ ਅਰਲ ਤੇ ਕਵਾੜ ਲਾਏ?

11ਅਤੇ ਆਖਿਆ, ਐਥੇ ਤੱਕ ਹੀ ਆਈਂ, ਅੱਗੇ ਨਾ ਵਧੀਂ, ਅਤੇ ਐਥੇ ਹੀ ਤੇਰੀਆਂ ਠਾਠਾਂ ਮਾਰਦੀਆਂ ਲਹਿਰਾਂ ਰੁੱਕ ਜਾਣ!”

12“ਕੀ ਤੂੰ ਆਪਣਿਆਂ ਦਿਨਾਂ ਵਿੱਚ ਕਦੀ ਸਵੇਰੇ ਉੱਤੇ ਹੁਕਮ ਦਿੱਤਾ? ਕੀ ਤੂੰ ਸਾਜਰੇ ਨੂੰ ਉਹ ਦਾ ਥਾਂ ਸਿਖਾਇਆ,

13ਭਈ ਉਹ ਧਰਤੀ ਦੀਆਂ ਹੱਦਾਂ ਨੂੰ ਫੜ੍ਹ ਲਵੇ, ਅਤੇ ਦੁਸ਼ਟ ਉਹ ਦੇ ਵਿੱਚੋਂ ਝਾੜੇ ਜਾਣ?

14ਉਹ ਬਦਲ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ ਮੋਹਰ ਦੇ ਹੇਠੋਂ, ਤਦ ਸਾਰੀਆਂ ਵਸਤਾਂ ਜਾਣੋ ਬਸਤਰ ਪਹਿਨੇ ਵਿਖਾਈ ਦਿੰਦੀਆਂ ਹਨ,

15ਅਤੇ ਦੁਸ਼ਟਾਂ ਤੋਂ ਉਹਨਾਂ ਦਾ ਚਾਨਣ ਰੋਕ ਲਿਆ ਜਾਂਦਾ ਹੈ, ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ।”

16“ਕੀ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ, ਜਾਂ ਡੂੰਘਿਆਈ ਦੇ ਗੁੱਝੇ ਹਿੱਸਿਆਂ ਵਿੱਚ ਚਲਿਆ ਹੈਂ?

17ਕੀ ਮੌਤ ਦੇ ਫਾਟਕ ਤੇਰੇ ਲਈ ਪਰਗਟ ਕੀਤੇ ਗਏ, ਜਾਂ ਘੋਰ ਅੰਧਕਾਰ ਦੇ ਫਾਟਕਾਂ ਨੂੰ ਤੂੰ ਵੇਖਿਆ ਹੈ?

18ਕੀ ਤੂੰ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ? ਤੂੰ ਦੱਸ, ਜੇ ਤੂੰ ਇਹ ਸਭ ਕੁਝ ਜਾਣਦਾ ਹੈ!”

19“ਚਾਨਣ ਦੀ ਵੱਸੋਂ ਦਾ ਰਾਹ ਕਿੱਧਰ ਹੈ, ਅਤੇ ਹਨੇਰੇ ਦਾ ਸਥਾਨ ਕਿੱਥੇ ਹੈ?

20ਕੀ ਤੂੰ ਉਹ ਨੂੰ ਉਹ ਦੇ ਸਥਾਨ ਤੱਕ ਪਹੁੰਚਾ ਸਕਦਾ ਹੈਂ, ਅਤੇ ਉਹ ਦੇ ਘਰ ਦੇ ਰਾਹਾਂ ਨੂੰ ਜਾਣਦਾ ਹੈਂ।

21ਤੂੰ ਜ਼ਰੂਰ ਹੀ ਇਹ ਸਭ ਕੁਝ ਜਾਣਦਾ ਹੋਵੇਂਗਾ, ਕਿਉਂ ਜੋ ਤੂੰ ਉਸ ਵੇਲੇ ਜੰਮਿਆ ਸੀ, ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤੀ ਹੈ!”

22“ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ,

23ਜਿਹਨਾਂ ਨੂੰ ਮੈਂ ਦੁੱਖ ਦੇ ਵੇਲੇ ਲਈ ਅਤੇ ਲੜਾਈ ਤੇ ਯੁੱਧ ਦੇ ਦਿਨਾਂ ਲਈ ਬਚਾ ਕੇ ਰੱਖਿਆ ਹੈ?

24ਚਾਨਣ ਦੀ ਵੰਡ ਦਾ ਰਾਹ ਕਿਹੜਾ ਹੈ, ਜਾਂ ਪੂਰਬੀ ਹਵਾ ਧਰਤੀ ਉੱਤੇ ਕਿਵੇਂ ਖਿਲਾਰੀ ਜਾਂਦੀ ਹੈ?

25ਕਿਸ ਨੇ ਹੜ੍ਹਾਂ ਲਈ ਨਾਲੀ ਪੁੱਟੀ, ਜਾਂ ਕੜਕਣ ਵਾਲੀ ਬਿਜਲੀ ਲਈ ਰਾਹ ਬਣਾਇਆ,

26ਤਾਂ ਜੋ ਮਨੁੱਖਾਂ ਤੋਂ ਖ਼ਾਲੀ ਧਰਤੀ ਉੱਤੇ ਮੀਂਹ ਵਰ੍ਹਾਵੇ, ਉਜਾੜ ਉੱਤੇ ਜਿੱਥੇ ਕੋਈ ਆਦਮੀ ਨਹੀਂ,

27ਭਈ ਉਜੜੇ ਅਤੇ ਸੁੰਨੇ ਦੇਸ ਨੂੰ ਰਜਾਵੇ, ਅਤੇ ਹਰਾ ਘਾਹ ਉਗਾਵੇ?

28ਕੀ ਮੀਂਹ ਦਾ ਕੋਈ ਪਿਤਾ ਹੈ, ਜਾਂ ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ ਹਨ?

29ਕਿਸ ਦੇ ਗਰਭ ਤੋਂ ਬਰਫ਼ ਜੰਮੀ, ਜਾਂ ਅਕਾਸ਼ ਦਾ ਕੱਕਰ ਕਿਸ ਤੋਂ ਜੰਮਿਆ?

30ਪਾਣੀ ਪੱਥਰ ਵਾਂਗੂੰ ਜੰਮ ਜਾਂਦੇ, ਅਤੇ ਡੂੰਘਿਆਈ ਦੀ ਤਹਿ ਉੱਤੇ ਜਮਾਓ ਹੋ ਜਾਂਦਾ ਹੈ।”

31“ਕੀ ਤੂੰ ਕੱਚਪਚਿਆਂ ਦੇ ਬੰਧਨਾਂ ਨੂੰ ਬੰਨ੍ਹ ਸਕਦਾ, ਜਾਂ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸਕਦਾ ਹੈਂ?

32ਕੀ ਤੂੰ ਰੁੱਤਾਂ ਨੂੰ ਸਮੇਂ ਸਿਰ ਬਦਲ ਸਕਦਾ ਹੈਂ, ਜਾਂ ਭਾਲੂ ਦੀ ਉਹ ਦੇ ਬੱਚਿਆਂ ਸਮੇਤ ਅਗਵਾਈ ਕਰ ਸਕਦਾ ਹੈਂ?

33ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈਂ? ਕੀ ਤੂੰ ਉਹ ਦਾ ਰਾਜ ਧਰਤੀ ਉੱਤੇ ਕਾਇਮ ਕਰ ਸਕਦਾ ਹੈਂ?”

34ਕੀ ਤੂੰ ਆਪਣੀ ਅਵਾਜ਼ ਨੂੰ ਬੱਦਲ ਤੱਕ ਉੱਚੀ ਕਰ ਸਕਦਾ ਹੈਂ, ਜੋ ਪਾਣੀ ਦੀ ਵਾਫ਼ਰੀ ਤੈਨੂੰ ਕੱਜ ਲਵੇ?

35ਕੀ ਤੂੰ ਬਿਜਲੀਆਂ ਨੂੰ ਘੱਲ ਸਕਦਾ ਹੈਂ ਕਿ ਉਹ ਚਲੀਆਂ ਜਾਣ, ਅਤੇ ਉਹ ਤੈਨੂੰ ਆਖਣ, “ਅਸੀਂ ਹਾਜ਼ਰ ਹਾਂ?”

36ਵਿਵੇਕ ਵਿੱਚ ਬੁੱਧੀ ਕਿਸ ਨੇ ਰੱਖੀ, ਜਾਂ ਮਨ ਵਿੱਚ ਕਿਸ ਨੇ ਸਮਝ ਬਖ਼ਸ਼ੀ?

37ਕੌਣ ਬੱਦਲਾਂ ਨੂੰ ਬੁੱਧੀ ਨਾਲ ਗਿਣ ਸਕਦਾ ਹੈ, ਅਤੇ ਅਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਲ੍ਹ ਸਕਦਾ ਹੈ,

38ਜਦ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ, ਅਤੇ ਡਲੇ ਘੁਲ ਜਾਂਦੇ ਹਨ?

39“ਕੀ ਤੂੰ ਬੱਬਰ ਸ਼ੇਰਨੀ ਲਈ ਸ਼ਿਕਾਰ ਮਾਰ ਸਕਦਾ ਹੈਂ, ਅਤੇ ਬੱਬਰ ਸ਼ੇਰ ਦੇ ਬੱਚਿਆਂ ਦੀ ਭੁੱਖ ਨੂੰ ਮਿਟਾ ਸਕਦਾ ਹੈਂ,

40ਜਦ ਉਹ ਆਪਣੀਆਂ ਖੁੰਧਰਾਂ ਵਿੱਚ ਦਬਕੇ ਬੈਠੇ ਹਨ, ਅਤੇ ਝਾੜੀਆਂ ਵਿੱਚ ਛਹਿ ਲਾ ਕੇ ਰਹਿੰਦੇ ਹਨ?

41ਕੌਣ ਪਹਾੜੀ ਕਾਂ ਲਈ ਉਹ ਦਾ ਚੋਗਾ ਤਿਆਰ ਕਰਦਾ ਹੈ, ਜਦ ਉਹ ਦੇ ਬੱਚੇ ਪਰਮੇਸ਼ੁਰ ਅੱਗੇ ਚਿੱਲਾਉਂਦੇ ਹਨ, ਅਤੇ ਚੋਗੇ ਤੋਂ ਬਿਨ੍ਹਾਂ ਉੱਡਦੇ ਫਿਰਦੇ ਹਨ?”

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath