ਅੱਯੂਬ 30
1ਪਰ ਹੁਣ ਉਹ ਜਿਹੜੇ ਮੈਥੋਂ ਛੋਟੇ ਹਨ ਉਹ ਮੇਰੇ ਉੱਤੇ ਹੱਸਦੇ ਹਨ, ਜਿਹਨਾਂ ਦੇ ਪੁਰਖਿਆਂ ਨੂੰ ਮੈਂ ਆਪਣੇ ਇੱਜੜ ਦੇ ਕੁੱਤਿਆਂ ਨਾਲ ਵੀ ਕੰਮ ਕਰਨ ਦੇ ਯੋਗ ਨਹੀਂ ਸਮਝਦਾ ਸੀ!
2ਭਲਾ, ਉਹਨਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ, ਜਿਹਨਾਂ ਦਾ ਪੁਰਸ਼ਾਰਥ ਵੀ ਨਾਸ ਹੋ ਗਿਆ ਹੈ?
3ਥੁੜ ਅਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ, ਉਹ ਸੁੱਕੀ ਭੂਮੀ ਨੂੰ ਚੱਟਦੇ ਹਨ, ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ।
4ਉਹ ਝਾੜੀਆਂ ਉੱਤੋਂ ਨਮਕੀਨ ਸਾਗ ਤੋੜਦੇ ਹਨ, ਅਤੇ ਝਾਊ ਦੀਆਂ ਜੜ੍ਹਾਂ ਉਹਨਾਂ ਦੀ ਰੋਟੀ ਹੈ।
5ਉਹ ਲੋਕਾਂ ਦੇ ਵਿੱਚੋਂ ਧੱਕੇ ਗਏ, ਲੋਕ ਉਹਨਾਂ ਉੱਤੇ ਇਸ ਤਰ੍ਹਾਂ ਚਿੱਲਾਉਂਦੇ ਜਿਵੇਂ ਚੋਰ ਉੱਤੇ!
6ਭਿਆਨਕ ਘਾਟੀਆਂ ਵਿੱਚ, ਮਿੱਟੀ ਅਤੇ ਪੱਥਰਾਂ ਦੀਆਂ ਖੁੱਡਾਂ ਵਿੱਚ ਉਹ ਰਹਿੰਦੇ ਹਨ।
7ਝਾੜੀਆਂ ਦੇ ਵਿੱਚ ਉਹ ਹੀਂਗਦੇ ਹਨ, ਕੰਡਿਆਂ ਦੇ ਹੇਠ ਉਹ ਇਕੱਠੇ ਪਏ ਰਹਿੰਦੇ ਹਨ।
8ਉਹ ਮੂਰਖ ਦੀ ਅੰਸ, ਸਗੋਂ ਬੇਨਾਮਾਂ ਦੀ ਅੰਸ ਹਨ, ਜੋ ਦੇਸ ਤੋਂ ਕੁੱਟ-ਕੁੱਟ ਕੇ ਕੱਢੇ ਗਏ ਹਨ।
9ਅਤੇ ਹੁਣ ਮੈਂ ਉਹਨਾਂ ਦਾ ਗੀਤ ਹੋਇਆ ਹਾਂ, ਅਤੇ ਉਹ ਮੇਰੇ ਉੱਤੇ ਮਿਹਣੇ ਮਾਰਦੇ ਹਨ!
10ਉਹ ਮੈਥੋਂ ਘਿਣ ਖਾਂਦੇ, ਉਹ ਮੈਥੋਂ ਦੂਰ ਰਹਿੰਦੇ, ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ,
11ਕਿਉਂ ਜੋ ਪਰਮੇਸ਼ੁਰ ਨੇ ਮੈਨੂੰ ਬਲਹੀਣ ਅਤੇ ਤੁੱਛ ਬਣਾਇਆ ਹੈ, ਇਸ ਲਈ ਉਹ ਮੇਰੇ ਅੱਗੇ ਬੇ-ਲਗ਼ਾਮ ਹੋ ਗਏ ਹਨ!
12ਮੇਰੇ ਸੱਜੇ ਪਾਸੇ ਬਜ਼ਾਰੂ ਲੋਕ ਉੱਠਦੇ ਹਨ, ਉਹ ਮੇਰੇ ਪੈਰ ਸਰਕਾ ਦਿੰਦੇ ਹਨ, ਅਤੇ ਮੈਨੂੰ ਨਾਸ ਕਰਨ ਵਾਲੇ ਰਾਹਾਂ ਨੂੰ ਬਣਾਉਂਦੇ ਹਨ।
13ਜਿਹਨਾਂ ਦਾ ਕੋਈ ਸਹਾਇਕ ਨਹੀਂ ਉਹ ਮੇਰੇ ਰਾਹਾਂ ਨੂੰ ਵਿਗਾੜਦੇ ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ!
14ਉਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ, ਉਜਾੜ ਦੇ ਵਿੱਚੋਂ ਉਹ ਮੇਰੇ ਉੱਤੇ ਹਮਲਾ ਕਰਦੇ ਹਨ।
15ਭੈਅ ਮੇਰੇ ਉੱਤੇ ਮੁੜ ਪੈਂਦੇ, ਮੇਰੀ ਪਤ ਜਿਵੇਂ ਹਵਾ ਨਾਲ ਉਡਾਈ ਜਾਂਦੀ, ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਗੂੰ ਜਾਂਦੀ ਰਹੀ।
16ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲ੍ਹਦੀ ਹੈ, ਦੁੱਖ ਦੇ ਦਿਨ ਮੈਨੂੰ ਫੜ੍ਹਦੇ ਹਨ।
17ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ, ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ।
18ਵੱਡੇ ਜ਼ੋਰ ਨਾਲ ਉਹ ਮੇਰਾ ਰੂਪ ਬਦਲਦੀ ਹੈ, ਮੇਰੇ ਕੁੜਤੇ ਦੇ ਗਲਮੇ ਵਾਂਗੂੰ ਉਹ ਮੈਨੂੰ ਜਕੜਦੀ ਹੈ।
19ਪਰਮੇਸ਼ੁਰ ਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਹੈ, ਅਤੇ ਮੈਂ ਖ਼ਾਕ ਤੇ ਰਾਖ਼ ਵਰਗਾ ਹੋ ਗਿਆ ਹਾਂ!
20ਮੈਂ ਤੇਰੇ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖੜ੍ਹਾ ਹੁੰਦਾ ਹਾਂ ਪਰ ਤੂੰ ਸਿਰਫ਼ ਮੇਰੇ ਵੱਲ ਝਾਕਦਾ ਹੈਂ।
21ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈਂ!
22ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈਂ, ਅਤੇ ਮੈਨੂੰ ਤੂਫ਼ਾਨਾ ਵਿੱਚ ਘੋਲ ਦਿੰਦਾ ਹੈਂ,
23ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੱਕ ਪਹੁੰਚਾਵੇਂਗਾ, ਅਤੇ ਉਸ ਵਾਸ ਤੱਕ ਜਿਹੜਾ ਸਾਰੇ ਜੀਉਂਦਿਆਂ ਲਈ ਠਹਿਰਾਇਆ ਗਿਆ ਹੈ।
24ਭਲਾ, ਤਬਾਹੀ ਵਿੱਚ ਕੋਈ ਆਪਣਾ ਹੱਥ ਨਾ ਵਧਾਵੇਗਾ, ਅਤੇ ਆਪਣੀ ਬਿਪਤਾ ਵਿੱਚ ਦੁਹਾਈ ਨਾ ਦੇਵੇਗਾ?
25ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸੀ? ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ ਸੀ?
26ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਦ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਦ ਹਨ੍ਹੇਰਾ ਛਾ ਗਿਆ,
27ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਆਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਾਏ ਹਨ!
28ਮੇਰਾ ਸਰੀਰ ਕਾਲਾ ਪੈ ਗਿਆ ਪਰ ਧੁੱਪ ਦੇ ਕਾਰਨ ਨਹੀਂ, ਮੈਂ ਸਭਾ ਵਿੱਚ ਉੱਠ ਕੇ ਸਹਾਇਤਾ ਲਈ ਦੁਹਾਈ ਦਿੰਦਾ ਹਾਂ!
29ਮੈਂ ਗਿੱਦੜਾਂ ਦਾ ਭਰਾ, ਅਤੇ ਸ਼ੁਤਰਮੁਰਗ ਦਾ ਸਾਥੀ ਹੋ ਗਿਆ ਹਾਂ,
30ਮੇਰੀ ਖੱਲ ਕਾਲੀ ਹੋ ਕੇ ਮੈਥੋਂ ਡਿੱਗਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ!
31ਸੋ ਮੇਰੀ ਬਰਬਤ ਰੋਣ ਲਈ ਹੈ, ਅਤੇ ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ ਅਵਾਜ਼ ਲਈ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath