ਅੱਯੂਬ 16
1ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,
2“ਮੈਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ, ਤੁਸੀਂ ਸਾਰੇ ਦੇ ਸਾਰੇ ਦੁੱਖਦਾਇਕ ਤਸੱਲੀ ਦੇਣ ਵਾਲੇ ਹੋ!
3ਕੀ ਹਵਾਈ ਗੱਲਾਂ ਕਦੇ ਮੁੱਕਣਗੀਆਂ, ਜਾਂ ਤੈਨੂੰ ਕੀ ਖਿਝ ਹੈ ਜੋ ਤੂੰ ਬਹਿਸ ਕਰਦਾ ਹੈਂ?
4ਮੈਂ ਵੀ ਤੁਹਾਡੇ ਵਾਂਗੂੰ ਬੋਲ ਸਕਦਾ, ਜੇ ਤੁਹਾਡੀ ਹਾਲਤ ਮੇਰੀ ਹਾਲਤ ਜਿਹੀ ਹੁੰਦੀ, ਤਾਂ ਮੈਂ ਵੀ ਤੁਹਾਡੇ ਵਿਰੁੱਧ ਗੱਲਾਂ ਘੜ੍ਹ ਸਕਦਾ, ਅਤੇ ਆਪਣਾ ਸਿਰ ਤੁਹਾਡੇ ਉੱਤੇ ਹਿਲਾ ਸਕਦਾ!
5ਪਰ ਮੈਂ ਤੁਹਾਨੂੰ ਆਪਣੇ ਬਚਨਾਂ ਨਾਲ ਉਤਸ਼ਾਹਿਤ ਕਰਦਾ, ਅਤੇ ਆਪਣੇ ਬੁੱਲ੍ਹਾਂ ਨਾਲ ਤਸੱਲੀ ਦਿੰਦਾ।
6“ਜੇ ਮੈਂ ਬੋਲਾਂ ਤਾਂ ਵੀ ਮੈਨੂੰ ਤਸੱਲੀ ਨਹੀਂ, ਅਤੇ ਜੇ ਮੈਂ ਚੁੱਪ ਰਹਾਂ, ਤਾਂ ਵੀ ਮੈਨੂੰ ਅਰਾਮ ਨਹੀਂ ਮਿਲਦਾ।
7ਪਰ ਹੁਣ ਉਹ ਨੇ ਮੈਨੂੰ ਥਕਾ ਦਿੱਤਾ ਹੈ, ਤੂੰ ਮੇਰੇ ਸਾਰੇ ਆਰ-ਪਰਿਵਾਰ ਨੂੰ ਬਰਬਾਦ ਕੀਤਾ ਹੈ,
8ਤੂੰ ਮੈਨੂੰ ਘੁੱਟ ਕੇ ਫੜ੍ਹ ਲਿਆ ਹੈ, ਇਹ ਮੇਰੇ ਲਈ ਗਵਾਹੀ ਹੈ! ਮੇਰੀ ਦੁਰਬਲਤਾ ਮੇਰੇ ਵਿਰੁੱਧ ਉੱਠ ਕੇ ਮੇਰੇ ਮੂੰਹ ਤੇ ਸਾਖੀ ਦਿੰਦੀ ਹੈ।
9ਉਹ ਦੇ ਕ੍ਰੋਧ ਨੇ ਮੈਨੂੰ ਪਾੜਿਆ ਅਤੇ ਸਤਾਇਆ ਹੈ, ਉਹ ਨੇ ਮੇਰੇ ਉੱਤੇ ਆਪਣੇ ਦੰਦ ਪੀਹੇ ਅਤੇ ਮੇਰਾ ਵਿਰੋਧੀ ਮੈਨੂੰ ਅੱਖਾਂ ਵਿਖਾਉਂਦਾ ਹੈ।
10ਉਹਨਾਂ ਨੇ ਮੇਰੇ ਉੱਤੇ ਆਪਣੇ ਮੂੰਹ ਖੋਲ੍ਹੇ ਹਨ, ਨਿੰਦਿਆ ਕਰਕੇ ਉਹਨਾਂ ਨੇ ਮੇਰੇ ਚਪੇੜਾਂ ਮਾਰੀਆਂ, ਉਹ ਮੇਰੇ ਵਿਰੁੱਧ ਰਲ ਕੇ ਇਕੱਠੇ ਹੁੰਦੇ ਹਨ।
11ਪਰਮੇਸ਼ੁਰ ਨੇ ਮੈਨੂੰ ਕੁਧਰਮੀਆਂ ਦੇ ਵੱਸ ਕਰ ਦਿੱਤਾ, ਅਤੇ ਦੁਸ਼ਟਾਂ ਦੇ ਹੱਥ ਵਿੱਚ ਮੈਨੂੰ ਸੁੱਟ ਦਿੱਤਾ ਹੈ।
12ਮੈਂ ਸੁਖੀ ਸੀ ਪਰ ਉਹ ਨੇ ਮੈਨੂੰ ਚੂਰ-ਚਾਰ ਕਰ ਸੁੱਟਿਆ, ਅਤੇ ਮੈਨੂੰ ਧੌਣ ਤੋਂ ਫੜ੍ਹ ਲਿਆ ਅਤੇ ਪਟਕਾ-ਪਟਕਾ ਕੇ ਮੈਨੂੰ ਭੰਨ ਸੁੱਟਿਆ, ਉਹ ਨੇ ਮੈਨੂੰ ਆਪਣੇ ਨਿਸ਼ਾਨੇ ਲਈ ਖੜ੍ਹਾ ਕੀਤਾ!
13ਉਹ ਦੇ ਤੀਰ-ਅੰਦਾਜ਼ ਮੈਨੂੰ ਆਲੇ ਦੁਆਲਿਓਂ ਘੇਰ ਲੈਂਦੇ ਹਨ, ਉਹ ਮੇਰੇ ਗੁਰਦਿਆਂ ਨੂੰ ਚੀਰਦਾ ਹੈ ਅਤੇ ਦਯਾ ਨਹੀਂ ਕਰਦਾ, ਉਹ ਮੇਰੇ ਪਿੱਤ ਨੂੰ ਧਰਤੀ ਉੱਤੇ ਡੋਲ੍ਹ ਦਿੰਦਾ ਹੈ!
14ਉਹ ਤੇੜਾਂ ਤੇ ਤੇੜਾਂ ਪਾ ਕੇ ਮੈਨੂੰ ਤੋੜ ਸੁੱਟਦਾ ਹੈ, ਉਹ ਮੇਰੇ ਉੱਤੇ ਸੂਰਮੇ ਵਾਂਗੂੰ ਹਮਲਾ ਕਰਦਾ ਹੈ!
15“ਮੈਂ ਆਪਣੀ ਚਮੜੀ ਉੱਤੇ ਤੱਪੜ ਨੂੰ ਸਿਉਂ ਲਿਆ ਹੈ, ਮੈਂ ਆਪਣਾ ਸਿੰਗ ਨੂੰ ਮਿੱਟੀ ਵਿੱਚ ਰਲਾ ਦਿੱਤਾ ਹੈ।
16ਮੇਰਾ ਮੂੰਹ ਰੋਣ ਨਾਲ ਲਾਲ ਹੋ ਗਿਆ ਹੈ, ਅਤੇ ਮੇਰੀਆਂ ਪਲਕਾਂ ਉੱਤੇ ਮੌਤ ਦਾ ਸਾਯਾ ਹੈ,
17ਫੇਰ ਵੀ ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ, ਅਤੇ ਮੇਰੀ ਪ੍ਰਾਰਥਨਾ ਪਵਿੱਤਰ ਹੈ।
18“ਹੇ ਧਰਤੀ, ਮੇਰੇ ਲਹੂ ਨੂੰ ਨਾ ਲੁਕਾ, ਅਤੇ ਮੇਰੀ ਦੁਹਾਈ ਕਿਤੇ ਨਾ ਰੁਕੇ!
19ਪਰ ਹੁਣ ਵੇਖੋ, ਸਵਰਗ ਵਿੱਚ ਮੇਰਾ ਸਾਖੀ ਹੈ, ਅਤੇ ਮੇਰਾ ਗਵਾਹ ਉੱਚਿਆਈਆਂ ਉੱਤੇ ਹੈ।
20ਮੇਰੇ ਮਿੱਤਰ ਮੇਰਾ ਮਖ਼ੌਲ ਉਡਾਉਂਦੇ ਹਨ, ਮੇਰੀਆਂ ਅੱਖਾਂ ਪਰਮੇਸ਼ੁਰ ਦੇ ਅੱਗੇ ਰੋਂਦੀਆਂ ਹਨ,
21ਕੀ ਕੋਈ ਮਨੁੱਖ ਦੇ ਲਈ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰੇ, ਜਿਵੇਂ ਆਦਮ ਵੰਸ਼ ਆਪਣੇ ਮਿੱਤਰ ਲਈ ਕਰਦਾ ਹੈ।
22“ਕਿਉਂ ਜੋ ਥੋੜ੍ਹਿਆਂ ਸਾਲਾਂ ਦੇ ਬੀਤਣ ਤੋਂ ਬਾਅਦ ਮੈਂ ਉਸ ਰਾਹ ਚਲਾ ਜਾਂਵਾਂਗਾ ਜਿੱਥੋਂ ਮੈਂ ਫੇਰ ਕਦੇ ਨਹੀਂ ਮੁੜਾਂਗਾ।”
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath