ਯੂਹੰਨਾ ਦੀ ਇੰਜੀਲ 8
1ਯਿਸੂ ਜੈਤੂਨ ਦੇ ਪਹਾੜ ਵੱਲ ਨੂੰ ਤੁਰ ਗਿਆ।
2ਸਵੇਰ-ਸਾਰ ਯਿਸੂ ਹੈਕਲ ਵੱਲ ਗਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ।
3ਯਿਸੂ ਉੱਥੇ ਬੈਠਿਆ ਅਤੇ ਉਨ੍ਹਾਂ ਨੂੰ ਬਚਨ ਬੋਲੇ। ਤਦ ਉਪਦੇਸ਼ਕ ਅਤੇ ਫ਼ਰੀਸੀ ਉੱਥੇ ਇੱਕ ਔਰਤ ਨੂੰ ਯਿਸੂ ਕੋਲ ਲੈ ਆਏ ਜੋ ਕਿ ਵਿਭਚਾਰ ਕਰਦਿਆਂ ਫ਼ੜੀ ਗਈ ਸੀ। ਉਨ੍ਹਾਂ ਯਹੂਦੀਆਂ ਨੇ ਉਸ ਔਰਤ ਨੂੰ ਲੋਕਾਂ ਵਿਚਕਾਰ ਖੜੀ ਕੀਤਾ।
4ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਜੀ! ਇਹ ਔਰਤ ਉਦੋਂ ਫ਼ੜੀ ਗਈ ਜਦੋਂ ਇਹ ਵਿਭਚਾਰ ਕਰ ਰਹੀ ਸੀ
5ਬਿਵਸਥਾ ਵਿੱਚ, ਮੂਸਾ ਨੇ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ?”
6ਯਹੂਦੀ ਉਸ ਨੂੰ ਚਲਾਕੀ ਨਾਲ ਫ਼ਸਾਉਣ ਲਈ ਇਹ ਸਵਾਲ ਪੁੱਛ ਰਹੇ ਸਨ ਤਾਂ ਕਿ ਉਹ ਕੁਝ ਗਲਤ ਆਖੇ। ਉਹ ਉਸ ਦੇ ਖਿਲਾਫ਼ ਕੋਈ ਦੋਸ਼ ਲਗਾਉਣਾ ਚਾਹੁੰਦੇ ਸਨ। ਪਰ ਯਿਸੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁਝ ਲਿਖਣ ਲੱਗ ਪਿਆ।
7ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸ ਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਨੂੰ ਪਹਿਲਾ ਪੱਥਰ ਮਾਰੇ।”
8ਤਾਂ ਉਹ ਫ਼ੇਰ ਥੱਲੇ ਝੁਕਿਆ ਅਤੇ ਜ਼ਮੀਨ ਤੇ ਕੁਝ ਲਿਖਣ ਲੱਗ ਪਿਆ।
9ਜੋ ਯਿਸੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ-ਇੱਕ ਕਰਕੇ ਜਾਣ ਲੱਗੇ। ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ, ਫ਼ਿਰ ਹੋਰ ਸਾਰੇ ਲੋਕ ਵੀ ਚਲੇ ਗਏ। ਯਿਸੂ ਇਕੱਲਾ ਉਸ ਔਰਤ ਨਾਲ ਰਹਿ ਗਿਆ ਜੋ ਕਿ ਉਸ ਦੇ ਸਾਹਮਣੇ ਖੜੀ ਸੀ।
10ਯਿਸੂ ਨੇ ਉਸ ਔਰਤ ਵੱਲ ਵੇਖਿਆ ਅਤੇ ਆਖਣ ਲੱਗਾ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ?”
11ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਪ੍ਰਭੂ ਜੀ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ।” ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ। ਹੁਣ ਤੂੰ ਚਲੀ ਜਾ, ਪਰ ਫਿਰ ਪਾਪ ਨਾ ਕਰੀਂ।”
12ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
13ਪਰ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਜਦੋਂ ਤੂੰ ਆਪਣੇ ਆਪ ਬਾਰੇ ਇਹ ਗੱਲਾਂ ਆਖਦਾ ਹੈਂ ਤਾਂ ਸਿਰਫ਼ ਤੂੰ ਹੀ ਹੈਂ, ਜੋ ਇਹ ਆਖਦਾ ਕਿ ਇਹ ਸੱਚ ਹਨ, ਇਸ ਲਈ ਅਸੀਂ ਉਹ ਨਹੀਂ ਕਬੂਲ ਕਰਦੇ ਜੋ ਤੂੰ ਆਖ ਰਿਹਾ ਹੈਂ।”
14ਯਿਸੂ ਨੇ ਉੱਤਰ ਦਿੱਤਾ, “ਹਾਂ ਮੈਂ ਆਪਣੇ ਆਪ ਬਾਰੇ ਅਜਿਹੀਆਂ ਗੱਲਾਂ ਆਖ ਰਿਹਾ ਹਾਂ ਅਤੇ ਇਹ ਸੱਚ ਹਨ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾਂਵਾਂਗਾ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਂਵਾਂਗਾ।
15ਤੁਸੀਂ ਲੋਕ ਮਨੁੱਖੀ ਦਰਜੇ ਨਾਲ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ।
16ਪਰ ਜੇ ਮੈਂ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ, ਕਿਉਂਕਿ ਮੈਂ ਇਕੱਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ।
17ਤੁਹਾਡੀ ਬਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਸੱਚੀ ਹੈ।
18ਮੈਂ ਆਪਣੇ ਬਾਰੇ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ, ਜਿਸ ਨੇ ਮੈਨੂੰ ਭੇਜਿਆ ਹੈ, ਮੇਰੇ ਬਾਰੇ ਗਵਾਹੀ ਦਿੰਦਾ ਹੈ।”
19ਲੋਕਾਂ ਨੇ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਮੈਨੂੰ ਜਾਂ ਮੇਰੇ ਪਿਤਾ ਨੂੰ ਨਹੀਂ ਜਾਣਦੇ। ਪਰ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।”
20ਯਿਸੂ ਨੇ ਇਹ ਗੱਲਾਂ ਉਸ ਵੇਲੇ ਆਖੀਆਂ ਜਦੋਂ ਉਹ ਹੈਕਲ ਦੇ ਇਲਾਕੇ ਵਿੱਚ ਉਪਦੇਸ਼ ਦੇ ਰਿਹਾ ਸੀ। ਜਦੋਂ ਉਹ ਭੰਡਾਰ ਘਰ ਕੋਲ ਪ੍ਰਚਾਰ ਕਰ ਰਿਹਾ ਸੀ ਪਰ ਕਿਸੇ ਵੀ ਮਨੁੱਖ ਨੇ ਉਸ ਨੂੰ ਫੜਿਆ ਨਹੀਂ ਕਿਉਂਕਿ ਅਜੇ ਯਿਸੂ ਦਾ ਸਮਾਂ ਨਹੀਂ ਆਇਆ ਸੀ।
21ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਤਾਂ ਮੈਂ ਚਲਾ ਜਾਂਵਾਂਗਾ ਅਤੇ ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ। ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ, ਜਿੱਥੇ ਮੈਂ ਜਾ ਰਿਹਾ ਹਾਂ।”
22ਫੇਰ ਯਹੂਦੀ ਆਪਸ ਵਿੱਚ ਕਹਿਣ ਲੱਗੇ, “ਕੀ ਯਿਸੂ ਆਪਣੇ ਆਪ ਨੂੰ ਮਾਰ ਲਵੇਗਾ? ਕਿਉਂ ਜੋ ਉਸ ਨੇ ਆਖਿਆ ਹੈ, ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ। ਉੱਥੇ ਤੁਸੀਂ ਨਹੀਂ ਪਹੁੰਚ ਸਕਦੇ।”
23ਪਰ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਤੋਂ ਹਾਂ। ਤੁਸੀਂ ਇਸ ਦੁਨੀਆਂ ਨਾਲ ਸੰਬੰਧਿਤ ਹੋ ਪਰ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ।
24ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ।”
25ਤਾਂ ਉਨ੍ਹਾਂ ਨੇ ਆਖਿਆ “ਤੂੰ ਕੌਣ ਹੈਂ?” ਯਿਸੂ ਨੇ ਜ਼ਵਾਬ ਦਿੱਤਾ, “ਮੈਂ ਉਹੀ ਹਾਂ ਜੋ ਮੈਂ ਤੁਹਾਨੂੰ ਸ਼ੁਰੂ ਤੋਂ ਕਹਿੰਦਾ ਆ ਰਿਹਾ ਹਾਂ।
26ਮੇਰੇ ਕੋਲ ਤੁਹਾਡੇ ਨਿਆਂ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ। ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸ ਕੋਲੋਂ ਸੁਣੀਆਂ ਹਨ।”
27ਲੋਕ ਉਹ ਨਾ ਸਮਝ ਸਕੇ ਕਿ ਯਿਸੂ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰਦਾ ਹੈ।
28ਤਾਂ ਯਿਸੂ ਨੇ ਲੋਕਾਂ ਆਖਿਆ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਤੁਸੀਂ ਜਾਣ ਜਾਓਗੇ ਕਿ ਮੈਂ ਉਹ ਹਾਂ। ਅਤੇ ਮੈਂ ਕੁਝ ਵੀ ਆਪਣੇ ਅਧਿਕਾਰ ਨਾਲ ਨਹੀਂ ਕਰਦਾ। ਅਤੇ ਤੁਸੀਂ ਜਾਣ ਜਾਓਗੇ ਕਿ ਮੈਂ ਉਹੀ ਬੋਲਦਾ ਹਾਂ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਹੈ।
29ਉਹ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। ਮੈਂ ਹਮੇਸ਼ਾਂ ਉਹੀ ਕਰਦਾ ਹਾਂ ਜੋ ਉਸ ਨੂੰ ਪਸੰਦ ਹੈ, ਇਸ ਲਈ ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ।”
30ਜਦੋਂ ਯਿਸੂ ਅਜਿਹੀਆਂ ਗੱਲਾਂ ਕਹਿ ਰਿਹਾ ਸੀ, ਤਾਂ ਬਹੁਤ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ।
31ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਤੇ ਵਿਸ਼ਵਾਸ ਕਰਦੇ ਸਨ, “ਜੇਕਰ ਤੁਸੀਂ ਮੇਰੇ ਬਚਨਾਂ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਚੇਲੇ ਹੋਵੋਗੇ।
32ਤਦ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ।”
33ਯਹੂਦੀਆਂ ਨੇ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ ਹਾਂ। ਅਸੀਂ ਕਦੇ ਵੀ ਕਿਸੇ ਦੇ ਗੁਲਾਮ ਨਹੀਂ ਰਹੇ ਫਿਰ ਤੂੰ ਕਿਉਂ ਕਹਿੰਦਾ ਹੈਂ ਕਿ ਅਸੀਂ ਆਜ਼ਾਦ ਹੋ ਜਾਂਵਾਂਗੇ?”
34ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਹਰੇਕ ਜੋ, ਜਿਹੜਾ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ।
35ਇੱਕ ਗੁਲਾਮ ਹਮੇਸ਼ਾਂ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾਂ ਘਰ ਵਿੱਚ ਰਹਿੰਦਾ ਹੈ।
36ਇਸ ਲਈ ਜੇਕਰ ਤੁਹਾਨੂੰ ਪੁੱਤਰ ਅਜ਼ਾਦ ਕਰੇ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਓਗੇ।
37ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ ਹੋ। ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਮੇਰੇ ਬਚਨ ਨੂੰ ਕਬੂਲ ਕਰਨ ਲਈ ਰਾਜੀ ਨਹੀਂ ਹੋ।
38ਮੈਂ ਤੁਹਾਨੂੰ ਉਹੀ ਕੁਝ ਆਖ ਰਿਹਾ ਹਾਂ ਜੋ ਮੇਰੇ ਪਿਤਾ ਨੇ ਮੈਨੂੰ ਵਿਖਾਇਆ ਹੈ। ਪਰ ਤੁਸੀਂ ਉਹ ਕੁਝ ਕਰਦੇ ਹੋ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਕਰਨ ਵਾਸਤੇ ਕਿਹਾ ਹੈ।”
39ਯਹੂਦੀਆਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਆਖਿਆ, “ਜੇਕਰ ਸੱਚ-ਮੁੱਚ ਤੁਸੀਂ ਅਬਰਾਹਾਮ ਦੀ ਅੰਸ ਹੁੰਦੇ, ਤਾਂ ਤੁਸੀਂ ਉਹੀ ਕੰਮ ਕਰਦੇ ਜੋ ਅਬਰਾਹਾਮ ਨੇ ਕੀਤੇ।
40ਮੈਂ ਉਹ ਹਾਂ ਜਿਸ ਨੇ ਤੁਹਾਨੂੰ ਸੱਚ ਦੱਸਿਆ, ਜਿਹੜਾ ਮੈਂ ਪਰਮੇਸ਼ੁਰ ਤੋਂ ਸੁਣਿਆ, ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ। ਅਬਰਾਹਾਮ ਨੇ ਤਾਂ ਅਜਿਹਾ ਕੁਝ ਨਹੀਂ ਸੀ ਕੀਤਾ
41ਤੁਸੀਂ ਉਵੇਂ ਦੀਆਂ ਗੱਲਾਂ ਕਰੋ ਜਿਵੇਂ ਦੀਆਂ ਤੁਹਾਡਾ ਪਿਤਾ ਕਰਦਾ ਹੈ।” ਪਰ ਯਹੂਦੀਆਂ ਨੇ ਕਿਹਾ, “ਅਸੀਂ ਉਨ੍ਹਾਂ ਬੱਚਿਆਂ ਦੀ ਤਰ੍ਹਾਂ ਨਹੀਂ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿਤਾ ਕੌਣ ਸੀ? ਸਾਡਾ ਇੱਕ ਪਿਤਾ ਹੈ ਅਤੇ ਉਹ ਪਰਮੇਸ਼ੁਰ ਹੈ।”
42ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਕਿਹਾ, “ਜੇਕਰ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ ਅਤੇ ਹੁਣ ਮੈਂ ਇੱਥੇ ਹਾਂ। ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਮੈਨੂੰ ਪਰਮੇਸ਼ੁਰ ਨੇ ਹੀ ਭੇਜਿਆ ਹੈ।
43ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ? ਕਿਉਂਕਿ ਤੁਸੀਂ ਮੇਰੇ ਬਚਨ ਨੂੰ ਸੁਨਣ ਲਈ ਤਿਆਰ ਨਹੀਂ ਹੋ।
44ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸ ਦੀ ਅੰਸ ਹੋ ਤੇ ਸਿਰਫ਼ ਉਹੀ ਕਰਨਾ ਚਾਹੁੰਦੇ ਹੋ ਜੋ ਉਸ ਨੂੰ ਪਸੰਦ ਹੈ। ਸ਼ੈਤਾਨ ਸ਼ੁਰੂ ਤੋਂ ਹੀ ਘਾਤਕ ਹੈ ਉਹ ਸੱਚ ਦੇ ਵਿਰੁੱਧ ਹੈ। ਉਸ ਵਿੱਚ ਕੋਈ ਸੱਚ ਨਹੀਂ। ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਰੂਪ ਪ੍ਰਗਟ ਕਰਦਾ ਹੈ। ਹਾਂ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ।
45ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ।
46ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ? ਜੇਕਰ ਮੈਂ ਸੱਚ ਆਖ ਰਿਹਾ ਹਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ?
47ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਹੈ, ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰਦਾ ਹੈ ਪਰ ਤੁਸੀਂ ਸੁਨਣ ਤੋਂ ਇੰਨਕਾਰ ਕਰਦੇ ਹੋ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”
48ਯਹੂਦੀਆਂ ਨੇ ਆਖਿਆ, “ਕੀ ਅਸੀਂ ਠੀਕ ਨਹੀਂ ਕਹਿੰਦੇ ਕਿ ਤੂੰ ਇੱਕ ਸਾਮਰੀ ਹੈ ਅਤੇ ਤੇਰੇ ਅੰਦਰ ਇੱਕ ਭੂਤ ਹੈ।”
49ਯਿਸੂ ਨੇ ਆਖਿਆ, “ਮੇਰੇ ਅੰਦਰ ਕੋਈ ਭੂਤ ਨਹੀਂ ਹੈ। ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ।
50ਮੈਂ ਆਪਣਾ ਆਦਰ ਨਹੀਂ ਚਾਹੁੰਦਾ। ਇੱਕ ਅਜਿਹਾ ਹੈ ਜੋ ਮੇਰਾ ਆਦਰ ਕਰਨਾ ਚਾਹੁੰਦਾ ਹੈ। ਉਹ ਨਿਆਈਂ ਹੈ।
51ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਬਚਨ ਨੂੰ ਮੰਨੇਗਾ ਉਹ ਕਦੇ ਵੀ ਨਹੀਂ ਮਰੇਗਾ।”
52ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ। ਇਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਦਾ ਹੈਂ ਕਿ ਜੇਕਰ ਕੋਈ ਮੇਰੇ ਬਚਨ ਦੀ ਪਾਲਣਾ ਕਰਦਾ ਉਹ ਸਦੀਪਕ ਜੀਵਨ ਪਾਵੇਗਾ। ਉਹ ਕਦੇ ਵੀ ਨਹੀਂ ਮਰੇਗਾ।
53ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੱਡਾ ਹੈਂ? ਅਬਰਾਹਾਮ ਅਤੇ ਨਬੀ ਮਰ ਗਏ ਪਰ ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ?”
54ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਆਪਣੇ ਆਪ ਦਾ ਆਦਰ ਚਾਹੁੰਦਾ ਹਾਂ, ਤਾਂ ਉਸ ਆਦਰ ਦੀ ਕੋਈ ਕੀਮਤ ਨਹੀਂ। ਪਰ ਜਿਹੜਾ ਮੇਰਾ ਆਦਰ ਕਰਦਾ ਹੈ, ਮੇਰਾ ਪਿਤਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ੁਰ ਹੈ।
55ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਪਰ ਮੈਂ ਉਸ ਨੂੰ ਜਾਣਦਾ ਹਾਂ। ਜੇਕਰ ਮੈਂ ਇਹ ਆਖਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਦੀ ਪਾਲਨਾ ਕਰਦਾ ਹਾਂ।
56ਤੁਹਾਡਾ ਪਿਤਾ ਅਬਰਾਹਾਮ ਖੁਸ਼ ਸੀ ਕਿ ਉਹ ਮੇਰੇ ਆਉਣ ਦਾ ਦਿਨ ਵੇਖੇ। ਉਸ ਨੇ ਓਹ ਦਿਨ ਵੇਖਿਆ ਅਤੇ ਬੜਾ ਖੁਸ਼ ਹੋਇਆ।”
57ਫਿਰ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਅਬਰਾਹਾਮ ਨੂੰ ਵੇਖਿਆ ਹੈ? ਤੂੰ ਕਿਵੇਂ ਵੇਖਿਆ ਹੋ ਸਕਦਾ ਹੈ ਜਦ ਕਿ ਤੂੰ ਪੰਜਾਹਾਂ ਸਾਲਾਂ ਦਾ ਵੀ ਨਹੀਂ।”
58ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ। ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ।”
59ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ, ਲੋਕਾਂ ਨੇ ਉਸ ਨੂੰ ਮਾਰਨ ਵਾਸਤੇ ਪੱਥਰ ਚੁੱਕੇ। ਪਰ ਯਿਸੂ ਲੁੱਕ ਗਿਆ ਅਤੇ ਹੈਕਲ ਛੱਡ ਕੇ ਚਲਾ ਗਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath