ਈਸਾਈ
ਪਿੱਛੇ

ਯੂਹੰਨਾ ਦੀ ਇੰਜੀਲ 21

1ਬਾਅਦ ਵਿੱਚ ਯਿਸੂ ਨੇ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ। ਇਹ ਤਿਬਿਰਿਯਾਸ ਦੀ ਝੀਲ ਤੇ ਵਾਪਰਿਆ।

2ਕੁਝ ਚੇਲੇ ਉੱਥੇ ਇਕੱਠੇ ਹੋਏ ਸਨ, ਉਹ ਸ਼ਮਊਨ ਪਤਰਸ, ਥੋਮਾ, ਜਿਹੜਾ ਕਿ ਦੀਦੁਮੁਸ ਅਖਵਾਉਂਦਾ ਹੈ, ਨਥਾਨਿਏਲ ਜੋ ਗਲੀਲ ਦੇ ਕਾਨਾ ਤੋਂ ਸੀ, ਜ਼ਬਦੀ ਦੇ ਪੁੱਤਰ ਅਤੇ ਉਸ ਦੇ ਚੇਲਿਆਂ ਵਿੱਚੋਂ ਦੋ ਹੋਰ ਸਨ।

3ਸ਼ਮਊਨ ਪਤਰਸ ਨੇ ਕਿਹਾ, “ਮੈਂ ਮੱਛੀਆਂ ਫ਼ੜਨ ਜਾਂਦਾ ਹਾਂ।” ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਤਦ ਸਾਰੇ ਚੇਲੇ ਗਏ ਅਤੇ ਬੇੜੀ ਉੱਤੇ ਚੜ ਗਏ। ਉਨ੍ਹਾਂ ਉਸ ਰਾਤ ਮੱਛੀਆਂ ਫ਼ੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕੋਈ ਮੱਛੀ ਨਾ ਫ਼ੜ ਸਕੇ।

4ਸਵੇਰ ਵੇਲੇ ਯਿਸੂ ਕਿਨਾਰੇ ਕੋਲ ਖੜ੍ਹਾ ਸੀ, ਪਰ ਚੇਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਯਿਸੂ ਸੀ।

5ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਮਿੱਤਰੋ ਕੀ ਤੁਸੀਂ ਕੁਝ ਖਾਣ ਲਈ ਫੜਿਆ?” ਚੇਲਿਆਂ ਨੇ ਉੱਤਰ ਦਿੱਤਾ, “ਨਹੀਂ।”

6ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਆਪਣਾ ਜਾਲ਼ ਬੇੜੀ ਦੇ ਸੱਜੇ ਪਾਸੇ ਪਾਣੀ ਵਿੱਚ ਸੁੱਟੋ ਉੱਥੇ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ ਤਾਂ ਚੇਲਿਆਂ ਨੇ ਓਸੇ ਤਰ੍ਹਾਂ ਹੀ ਕੀਤਾ। ਉਨ੍ਹਾਂ ਨੂੰ ਉੱਥੇ ਮੱਛੀਆਂ ਮਿਲੀਆਂ। ਜਾਲ਼ ਬਹੁਤ ਭਾਰਾ ਹੋ ਗਿਆ ਤੇ ਉਹ ਇਸ ਨੂੰ ਬੇੜੀ ਵੱਲ ਖਿੱਚ ਨਾ ਸਕੇ।

7ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਸ਼ਮਊਨ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ

8ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ਼ ਖਿੱਚਣ ਲੱਗੇ। ਉਹ ਕੰਡੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ।

9ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਅਤੇ ਜ਼ਮੀਨ ਤੇ ਪਹੁੰਚੇ, ਉੱਥੇ ਉਨ੍ਹਾਂ ਨੇ ਅੱਗ ਵੇਖੀ। ਇਸ ਉੱਤੇ ਇੱਕ ਮੱਛੀ ਅਤੇ ਰੋਟੀ ਪਈ ਸੀ।

10ਯਿਸੂ ਨੇ ਆਖਿਆ ਉਹ “ਮੱਛੀਆਂ ਲਿਆਓ ਜਿਹੜੀਆਂ ਤੁਸੀਂ ਹੁਣੇ ਫ਼ੜੀਆਂ ਹਨ।”

11ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ਼ ਨੂੰ ਕਿਨਾਰੇ ਤੇ ਖਿੱਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ, ਭਾਵੇਂ ਮੱਛੀਆਂ ਬੜੀਆਂ ਵੱਡੀਆਂ ਸਨ, ਪਰ ਜਾਲ਼ ਤਾਂ ਵੀ ਨਾ ਟੁੱਟਿਆ।

12ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਤੇ ਆ ਕੇ ਖਾਵੋ।” ਕਿਸੇ ਚੇਲੇ ਵਿੱਚ ਉਸ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਸੀ, “ਕਿ ਤੂੰ ਕੌਣ ਹੈ?” ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਹੈ।

13ਯਿਸੂ ਆਇਆ, ਰੋਟੀ ਲਈ ਅਤੇ ਉਨ੍ਹਾਂ ਨੂੰ ਦੇ ਦਿੱਤੀ। ਇਸੇ ਤਰ੍ਹਾਂ ਹੀ ਮੱਛੀ ਵੀ ਲਈ ਅਤੇ ਉਨ੍ਹਾਂ ਨੂੰ ਦਿੱਤੀ।

14ਜੀ ਉੱਠਣ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਨੇ ਚੇਲਿਆਂ ਨੂੰ ਦਰਸ਼ਣ ਦਿੱਤਾ ਸੀ।

15ਉਨ੍ਹਾਂ ਦੇ ਖਾ ਹਟਣ ਤੋਂ ਬਾਅਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾਂ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈਂ?” ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ ਚਾਰ।”

16ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਦੀ ਰਾਖੀ ਕਰ।”

17ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਨੂੰ ਚਾਰ।

18ਮੈਂ ਤੈਨੂੰ ਸੱਚ-ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਲੰਬੇ ਕਰੇਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ।”

19ਯਿਸੂ ਨੇ ਉਸ ਨੂੰ ਇਹ ਦੱਸਣ ਲਈ ਕਿਹਾ ਕਿ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ। ਅਤੇ ਇਹ ਕਹਿ ਕੇ ਉਸ ਨੇ ਆਖਿਆ, “ਮੇਰੇ ਮਗਰ ਹੋ ਤੁਰ।”

20ਪਤਰਸ ਨੇ ਵੇਖਿਆ ਕਿ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਉਹ ਚੇਲਾ ਪਿਛੇ ਆ ਰਿਹਾ ਸੀ। ਇਹ ਉਹ ਚੇਲਾ ਸੀ ਜਿਹੜਾ ਉਸ ਰਾਤ ਦੇ ਖਾਣੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਣਾਂ ਹੱਥੀਂ ਕੌਣ ਫ਼ੜਵਾਏਗਾ?”

21ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿਛੋਂ ਆਉਂਦਿਆਂ ਦੇਖਿਆ ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਸ ਦਾ ਕੀ ਹੋਵੇਗਾ?”

22ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਹਵਾਂ ਕਿ ਮੇਰੇ ਆਉਣ ਤੱਕ ਉਹ ਠਹਿਰੇ, ਤਾਂ ਤੈਨੂੰ ਕੀ? ਤੂੰ ਮੇਰੇ ਪਿਛੇ ਹੋ ਤੁਰ।”

23ਤਾਂ ਇਹ ਗੱਲ ਚੇਲਿਆਂ ਵਿੱਚ ਫ਼ੈਲ ਗਈ ਕਿ ਇਹ ਚੇਲਾ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਓਹ ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਹਵਾਂ ਮੇਰੇ ਆਉਣ ਤੱਕ ਓਹ ਜੀਵੇ ਤਾਂ ਤੁਹਾਨੂੰ ਕੀ?”

24ਇਹ ਉਹ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ। ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।

25ਯਿਸੂ ਨੇ ਹੋਰ ਵੀ ਬਹੁਤ ਕੰਮ ਕੀਤੇ। ਜੇ ਉਹ ਸਾਰੇ ਇੱਕ-ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰਾ ਜਗਤ ਵੀ ਘੱਟ ਹੁੰਦਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath