ਈਸਾਈ
ਪਿੱਛੇ

ਯੂਹੰਨਾ ਦੀ ਇੰਜੀਲ 19

1ਤਦ ਫੇਰ ਪਿਲਾਤੁਸ ਨੇ ਯਿਸੂ ਨੂੰ ਕੋਰੜੇ ਮਾਰਨ ਦਾ ਹੁਕਮ ਦਿੱਤਾ l

2ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦਕੇ ਉਸ ਦੇ ਸਿਰ ਤੇ ਪਾਇਆ ਅਤੇ ਉਸ ਨੂੰ ਬੈਂਗਣੀ ਚੋਲਾ ਪਹਿਨਾਇਆ।

3ਉਹ ਸੈਨਿਕ ਉਸ ਨੂੰ ਮਜ਼ਾਕ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਨਮਸਕਾਰ।” ਇਸ ਦੇ ਨਾਲ ਹੀ ਉਸ ਦੇ ਮੂੰਹ ਤੇ ਚਪੇੜਾਂ ਵੀ ਮਾਰਦੇ ਰਹੇ।

4ਪਿਲਾਤੁਸ ਨੇ ਫਿਰ ਬਾਹਰ ਨਿੱਕਲ ਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸ ਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ। ਤਾਂ ਜੋ ਤੁਸੀਂ ਵੀ ਜਾਣੋ ਮੈਨੂੰ ਉਸ ਤੇ ਦੋਸ਼ ਲਾਉਣ ਵਾਸਤੇ ਕੁਝ ਵੀ ਨਹੀਂ ਲੱਭਿਆ।”

5ਫਿਰ ਯਿਸੂ ਬਾਹਰ ਆਇਆ, ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਅਤੇ ਸਰੀਰ ਤੇ ਬੈਂਗਣੀ ਚੋਗਾ ਪਾਇਆ ਹੋਇਆ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ।”

6ਜਦੋਂ ਮੁੱਖ ਜਾਜਕਾਂ ਅਤੇ ਸਿਪਾਹੀਆਂ ਨੇ ਇਸ ਨੂੰ ਵੇਖਿਆ ਤਾਂ ਉਨ੍ਹਾਂ ਰੌਲ਼ਾ ਪਾਇਆ, “ਇਸ ਨੂੰ ਸਲੀਬ ਦਿਓ! ਸਲੀਬ ਦਿਓ!” ਪਰ ਪਿਲਾਤੁਸ ਨੇ ਆਖਿਆ, “ਤੁਸੀਂ ਆਪੇ ਇਸ ਨੂੰ ਲੈ ਜਾਵੋ ਅਤੇ ਸਲੀਬ ਦੇ ਦਿਓ, ਪਰ ਮੈਨੂੰ ਇਸ ਤੇ ਦੋਸ਼ ਲਾਉਣ ਲਈ ਕੁਝ ਵੀ ਨਹੀਂ ਲੱਭਿਆ।”

7ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਬਿਵਸਥਾ ਹੈ ਅਤੇ ਉਸ ਅਨੁਸਾਰ ਇਹ ਮਰਨ ਯੋਗ ਹੈ ਕਿਉਂਕਿ ਇਸ ਨੇ ਇਹ ਆਖਿਆ ਹੈ ਕਿ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।”

8ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤਾਂ ਉਹ ਹੋਰ ਵੀ ਡਰ ਗਿਆ।

9ਉਹ ਮੁੜ ਕਚਹਿਰੀ ਨੂੰ ਗਿਆ ਅਤੇ ਯਿਸੂ ਨੂੰ ਆਖਿਆ, “ਤੂੰ ਕਿੱਥੋਂ ਆਇਆ ਹੈਂ?” ਪਰ ਯਿਸੂ ਨੇ ਉਸ ਨੂੰ ਕੋਈ ਜ਼ਵਾਬ ਨਾ ਦਿੱਤਾ।

10ਪਿਲਾਤੁਸ ਨੇ ਕਿਹਾ, “ਕੀ ਤੂੰ ਮੇਰੇ ਨਾਲ ਬੋਲਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਸ਼ਕਤੀ ਹੈ ਕਿ ਮੈਂ ਭਾਵੇਂ ਤੈਨੂੰ ਛੱਡ ਦੇਵਾਂ ਤੇ ਭਾਵੇਂ ਸਲੀਬ ਤੇ ਦੇਵਾਂ?”

11ਯਿਸੂ ਨੇ ਕਿਹਾ, “ਇਹ ਅਧਿਕਾਰ, ਜੋ ਮੇਰੇ ਉੱਪਰ ਤੇਰੇ ਕੋਲ ਹੈ ਪਰਮੇਸ਼ੁਰ ਦੁਆਰਾ ਦਿੱਤਾ ਹੋਇਆ ਹੈ। ਇਸ ਲਈ ਜਿਸ ਆਦਮੀ ਨੇ ਮੈਨੂੰ ਤੇਰੇ ਹੱਥੀਂ ਫ਼ੜਵਾਇਆ ਹੈ ਉਹ ਵੱਧ ਪਾਪ ਦਾ ਦੋਸ਼ੀ ਹੈ।”

12ਇਸ ਤੋਂ ਬਾਅਦ ਪਿਲਾਤੁਸ ਨੇ ਯਿਸੂ ਨੂੰ ਅਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਯਹੂਦੀ ਰੌਲ਼ਾ ਪਾ ਰਹੇ ਸਨ, “ਇਸ ਲਈ ਜੇਕਰ ਤੂੰ ਇਸ ਆਦਮੀ ਨੂੰ ਛੱਡੇਂਗਾ ਤਾਂ ਇਸ ਦਾ ਮਤਲਬ ਤੂੰ ਕੈਸਰ ਦਾ ਮਿੱਤਰ ਨਹੀਂ ਹੈ।”

13ਪਿਲਾਤੁਸ ਇਹ ਗੱਲਾਂ ਸੁਣ ਕੇ ਯਿਸੂ ਨੂੰ ਬਾਹਰ ਪੱਥਰ ਦੇ ਚਬੂਤਰੇ ਦੇ ਕੋਲ ਲਿਆਇਆ। (ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਗਬਥਾ ਆਖਿਆ ਜਾਂਦਾ ਹੈ) ਅਤੇ ਅਦਾਲਤ ਦੀ ਗੱਦੀ ਤੇ ਬੈਠ ਗਿਆ।

14ਇਹ ਤਕਰੀਬਨ ਦੁਪਹਿਰ ਦਾ ਵੇਲਾ ਸੀ ਅਤੇ ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ ਹੈ।”

15ਯਹੂਦੀਆਂ ਨੇ ਡੰਡ ਪਾਈ, “ਇਸ ਨੂੰ ਦੂਰ ਲੈ ਜਾਓ, ਇਸ ਨੂੰ ਲੈ ਜਾਓ ਅਤੇ ਇਸ ਨੂੰ ਸਲੀਬ ਦਿਓ।” ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?” ਮੁੱਖ ਜਾਜਕਾਂ ਨੇ ਆਖਿਆ, “ਸਾਡਾ ਸਿਰਫ਼ ਇੱਕ ਹੀ ਰਾਜਾ ਹੈ, ਕੈਸਰ।”

16ਪਿਲਾਤੁਸ ਨੇ ਯਿਸੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ। ਸਿਪਾਹੀ ਯਿਸੂ ਨੂੰ ਲੈ ਗਏ।

17ਉਸ ਨੇ ਆਪਣੀ ਸਲੀਬ ਚੁੱਕੀ ਅਤੇ ਖੋਪੜੀ ਨਾਮ ਦੀ ਥਾਂ ਉੱਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗਥਾ” ਕਹਿੰਦੇ ਹਨ।

18ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ। ਉੱਥੇ ਦੋ ਮਨੁੱਖ ਹੋਰ ਸਨ, ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਇੱਕ ਮਨੁੱਖ ਉਸ ਦੇ ਇੱਕ ਪਾਸੇ ਅਤੇ ਦੂਸਰਾ ਇੱਕ ਪਾਸੇ ਅਤੇ ਯਿਸੂ ਵਿਚਾਲੇ।

19ਪਿਲਾਤੁਸ ਨੇ ਇੱਕ ਦੋਸ਼ ਪੱਤ੍ਰੀ ਲਿਖਵਾ ਕੇ ਸਲੀਬ ਉੱਪਰ ਲਾਈ ਜਿਸ ਉੱਤੇ ਇਹ ਲਿਖਿਆ ਹੋਇਆ ਸੀ “ਯਿਸੂ ਨਾਸਰੀ ਯਹੂਦੀਆਂ ਦਾ ਰਾਜਾ।”

20ਇਹ ਚਿੰਨ੍ਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿੱਚ ਲਿਖੀ ਹੋਈ ਸੀ। ਬਹੁਤ ਸਾਰੇ ਯਹੂਦੀਆਂ ਨੇ ਇਸ ਪੱਟੀ ਨੂੰ ਪੜਿਆ, ਕਿਉਂਕਿ ਜਿਸ ਜਗ੍ਹਾ ਉਸ ਨੂੰ ਸਲੀਬ ਦਿੱਤੀ ਗਈ ਸ਼ਹਿਰ ਦੇ ਨੇੜੇ ਹੀ ਸੀ।

21ਤਾਂ ਯਹੂਦੀਆਂ ਦੇ ਮੁੱਖ ਜਾਜਕਾਂ ਨੇ ਪਿਲਾਤੁਸ ਨੂੰ ਕਿਹਾ ਕਿ, “ਇਹ ਨਾ ਲਿਖ, ਉਹ ਯਹੂਦੀਆ ਦਾ ਰਾਜਾ ਹੈ। ਸਗੋਂ ਇਹ ਲਿਖ ਕਿ, ‘ਉਸ ਨੇ ਆਖਿਆ, ਕਿ ਮੈਂ ਯਹੂਦੀਆਂ ਦਾ ਰਾਜਾ ਹਾਂ।’”

22ਪਿਲਾਤੁਸ ਨੇ ਕਿਹਾ, “ਜੋ ਮੈਂ ਲਿਖਿਆ ਹੈ, ਉਸ ਨੂੰ ਮੈਂ ਹੁਣ ਨਹੀਂ ਬਦਲ ਸਕਦਾ।”

23ਜਦੋਂ ਸਿਪਾਹੀਆਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਕੱਪੜੇ ਰੱਖ ਕੇ ਅਤੇ ਉਨ੍ਹਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ। ਹਰੇਕ ਸਿਪਾਹੀ ਦਾ ਇੱਕ-ਇੱਕ ਹਿੱਸਾ। ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ। ਇਹ ਇੱਕ ਸਿਰੇ ਤੋਂ ਦੂਜੇ ਸਿਰੇ ਇੱਕੋ ਹੀ ਟੁੱਕੜੇ ਦਾ ਬਣਿਆ ਹੋਇਆ ਸੀ।

24ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾ ਕੇ ਵੇਖ ਲੈਂਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।” ਇਹ ਇਸ ਲਈ ਹੋਇਆ ਤਾਂ ਜੋ ਪਵਿੱਤਰ ਗ੍ਰੰਥ ਦਾ ਬਚਨ ਪੂਰਾ ਹੋ ਸਕੇ। “ਉਨ੍ਹਾਂ ਮੇਰੇ ਕੱਪੜੇ ਵੀ ਆਪਸ ਵਿੱਚ ਵੰਡ ਲਏ ਅਤੇ ਮੇਰੇ ਲਿਬਾਸ ਉੱਤੇ ਪਰਚੀਆਂ ਸੁੱਟਦੇ ਹਨ।” ਤਦ ਸਿਪਾਹੀ ਨੇ ਇਹ ਕੀਤਾ।

25ਯਿਸੂ ਦੀ ਮਾਤਾ ਉਸ ਦੀ ਸਲੀਬ ਦੇ ਕੋਲ ਖੜ੍ਹੀ ਸੀ। ਉਸ ਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਵੀ ਖੜ੍ਹੀਆਂ ਸਨ।

26ਯਿਸੂ ਨੇ ਆਪਣੀ ਮਾਤਾ ਨੂੰ ਵੇਖਿਆ ਅਤੇ ਜਿਸ ਚੇਲੇ ਨੂੰ ਬਹੁਤ ਪਿਆਰ ਕਰਦਾ ਸੀ, ਉਹ ਵੀ ਉੱਥੇ ਹੀ ਖੜ੍ਹਾ ਸੀ ਤਾਂ ਉਸ ਨੇ ਆਪਣੀ ਮਾਤਾ ਨੂੰ ਕਿਹਾ, “ਹੇ ਔਰਤ! ਇਹ ਰਿਹਾ ਤੇਰਾ ਪੁੱਤਰ।”

27ਤਦ ਯਿਸੂ ਨੇ ਉਸ ਚੇਲੇ ਨੂੰ ਆਖਿਆ, “ਇਹ ਤੇਰੀ ਮਾਤਾ ਹੈ।” ਤਾਂ ਇਸ ਤੋਂ ਬਾਅਦ ਉਹ ਚੇਲਾ ਯਿਸੂ ਦੀ ਮਾਤਾ ਨੂੰ ਆਪਣੇ ਘਰ ਆਪਣੇ ਲੈ ਗਿਆ।

28ਯਿਸੂ ਜਾਣਦਾ ਸੀ ਕਿ ਸਭ ਕੁਝ ਪੂਰਾ ਹੋ ਚੁੱਕਿਆ ਹੈ। ਇਸ ਲਈ ਪਵਿੱਤਰ ਗ੍ਰੰਥ ਵਿੱਚ ਜੋ ਲਿਖਿਆ ਹੈ ਉਸ ਨੂੰ ਪੂਰਾ ਕਰਨ ਲਈ ਉਸ ਨੇ ਆਖਿਆ, “ਮੈਂ ਪਿਆਸਾ ਹਾਂ।”

29ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਜ਼ੂਫੇ ਨੂੰ ਗਿੱਲਾ ਕੀਤਾ ਅਤੇ ਉਸ ਸਪੰਜ ਨੂੰ ਟਹਿਣੀ ਨਾਲ ਬੰਨ੍ਹ ਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਕੀਤਾ।

30ਜਦ ਯਿਸੂ ਨੇ ਸਿਰਕੇ ਦਾ ਸਵਾਦ ਲਿਆ, ਉਸ ਨੇ ਆਖਿਆ, “ਪੂਰਾ ਹੋਇਆ ਹੈ।” ਤਦ ਯਿਸੂ ਨੇ ਆਪਣਾ ਸਿਰ ਝੁਕਾਇਆ ਅਤੇ ਜਾਨ ਦੇ ਦਿੱਤੀ।

31ਇਹ ਦਿਨ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਸਬਤ ਦਾ ਦਿਨ ਸੀ। ਯਹੂਦੀ ਇਹ ਨਹੀਂ ਚਾਹੁੰਦੇ ਸਨ ਕਿ ਲਾਸ਼ਾਂ ਸਲੀਬ ਤੇ ਟੰਗੀਆਂ ਰਹਿਣ। ਕਿਉਂਕਿ ਸਬਤ ਦਾ ਦਿਨ ਉਨ੍ਹਾਂ ਲਈ ਬਹੁਤ ਖ਼ਾਸ ਸੀ। ਉਨ੍ਹਾਂ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀਆਂ ਲੱਤਾਂ ਤੋੜਨ ਦੀ ਆਗਿਆ ਦੇਵੇ, ਤਾਂ ਜੋ ਉਹ ਜਲਦੀ ਮਰ ਜਾਣ ਅਤੇ ਸਲੀਬਾਂ ਤੋਂ ਜਲਦੀ ਹੀ ਲਾਸ਼ਾਂ ਨੂੰ ਉਤਾਰਿਆ ਜਾ ਸਕੇ।

32ਤਦ ਸਿਪਾਹੀ ਆਏ ਅਤੇ ਉਨ੍ਹਾਂ ਨੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਫ਼ੇਰ ਉਨ੍ਹਾਂ ਨੇ ਦੂਜੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ ਸੀ।

33ਪਰ ਜਦੋਂ ਉਹ ਯਿਸੂ ਕੋਲ ਆਏ ਤਾਂ ਕੀ ਵੇਖਿਆ ਕਿ ਯਿਸੂ ਤਾਂ ਪਹਿਲਾਂ ਹੀ ਮਰ ਚੁੱਕਾ ਹੈ, ਇਸ ਲਈ ਉਨ੍ਹਾਂ ਨੇ ਉਸ ਦੀਆਂ ਲੱਤਾਂ ਨਾ ਤੋੜੀਆਂ।

34ਪਰ ਉਨ੍ਹਾਂ ਵਿੱਚੋਂ ਇੱਕ ਸਿਪਾਹੀ ਨੇ ਬਰਛਾ ਮਾਰ ਕੇ ਅਤੇ ਯਿਸੂ ਦੀ ਵੱਖੀ ਵਿੰਨ੍ਹ ਦਿੱਤੀ, ਉਸ ਦੇ ਸਰੀਰ ਵਿੱਚੋਂ ਲਹੂ ਅਤੇ ਪਾਣੀ ਨਿੱਕਲਿਆ।

35(ਜਿਸ ਨੇ ਇਹ ਸਭ ਵੇਖਿਆ ਗਵਾਹੀ ਦਿੱਤੀ ਅਤੇ ਉਸ ਦੀ ਗਵਾਹੀ ਸੱਚੀ ਹੈ, ਉਹ ਜਾਣਦਾ ਹੈ ਜੋ ਉਹ ਕਹਿ ਰਿਹਾ, ਸੱਚ ਹੈ। ਉਸ ਨੇ ਗਵਾਹੀ ਦਿੱਤੀ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ)

36ਪਵਿੱਤਰ ਗ੍ਰੰਥ ਦੀ ਇਹ ਲਿਖਤ ਪੂਰੀ ਹੋਈ ਇਸ ਲਈ ਵਾਪਰਿਆ: “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।”

37ਅਤੇ ਦੂਜੀ ਲਿਖਤ ਆਖਦੀ ਹੈ, “ਲੋਕ ਉਸ ਵਿਅਕਤੀ ਨੂੰ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਸੀ।”

38ਇਸ ਤੋਂ ਬਾਅਦ ਅਰਿਮਥੇਆ ਦੇ ਯੂਸੁਫ਼ ਨੇ ਪਿਲਾਤੁਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ। ਕਿਉਂਕਿ ਯੂਸੁਫ਼ ਯਹੂਦੀਆਂ ਤੋਂ ਡਰਦਾ ਸੀ, ਉਹ ਯਿਸੂ ਦਾ ਗੁਪਤ ਚੇਲਾ ਸੀ। ਪਿਲਾਤੁਸ ਨੇ ਉਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਦੇ ਦਿੱਤੀ ਤਾਂ ਯੂਸੁਫ਼ ਆਇਆ ਅਤੇ ਯਿਸੂ ਦੀ ਲਾਸ਼ ਨੂੰ ਉੱਥੋਂ ਲੈ ਗਿਆ।

39ਨਿਕੋਦਿਮੁਸ ਯੂਸੁਫ਼ ਦੇ ਨਾਲ ਗਿਆ। ਨਿਕੋਦਿਮੁਸ ਉਹੀ ਸੀ ਜਿਹੜਾ ਇੱਕ ਵਾਰ ਰਾਤ ਨੂੰ ਯਿਸੂ ਕੋਲ ਗਿਆ ਸੀ। ਉਹ ਆਪਣੇ ਨਾਲ ਪੰਜਾਹ ਕੁ ਸੇਰ ਦੇ ਕਰੀਬ ਗੰਧਰਸ ਨਾਲ ਰਲੇ ਊਦ ਲਿਆਇਆ।

40ਇਨ੍ਹਾਂ ਦੋਹਾਂ ਆਦਮੀਆਂ ਨੇ ਯਿਸੂ ਦੀ ਲਾਸ਼ ਚੁੱਕੀ ਅਤੇ ਯਹੂਦੀਆਂ ਦੇ ਦਫ਼ਨਾਉਣ ਦੇ ਰੀਤ ਮੁਤਾਬਕ ਸਮੱਗਰੀ ਪਾ ਕੇ ਇੱਕ ਪਤਲੇ ਕੱਪੜੇ ਨਾਲ ਉਸ ਦੇ ਸਰੀਰ ਨੂੰ ਲਪੇਟਿਆ।

41ਜਿਸ ਜਗ੍ਹਾ ਯਿਸੂ ਨੂੰ ਸਲੀਬ ਚੜਾਇਆ ਗਿਆ ਸੀ, ਉੱਥੇ ਇੱਕ ਬਾਗ਼ ਸੀ। ਉੱਥੇ ਇੱਕ ਨਵੀਂ ਕਬਰ ਸੀ ਜਿਸ ਵਿੱਚ ਕਦੇ ਵੀ ਕਿਸੇ ਨੂੰ ਦਫ਼ਨਾਇਆ ਨਹੀਂ ਗਿਆ ਸੀ।

42ਆਦਮੀਆਂ ਨੇ ਯਿਸੂ ਨੂੰ ਉਸ ਕਬਰ ਵਿੱਚ ਰੱਖ ਦਿੱਤਾ ਕਿਉਂਕਿ ਇਹ ਨੇੜੇ ਸੀ ਅਤੇ ਯਹੂਦੀਆਂ ਲਈ ਸਬਤ ਦੇ ਦਿਨ ਦੀ ਤਿਆਰੀ ਦਾ ਦਿਨ ਸੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath