ਈਸਾਈ
ਪਿੱਛੇ

ਯੂਹੰਨਾ ਦੀ ਇੰਜੀਲ 16

1ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਠੋਕਰ ਨਾ ਖਾਓ।

2ਲੋਕ ਤੁਹਾਨੂੰ ਪ੍ਰਾਰਥਨਾ ਘਰ ਤੋਂ ਬਾਹਰ ਕੱਢ ਦੇਣਗੇ। ਹਾਂ, ਸਮਾਂ ਆਉਂਦਾ ਹੈ ਜਦੋਂ ਲੋਕ ਇਹ ਸਮਝਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ।

3ਉਹ ਇਹ ਗੱਲਾਂ ਇਸ ਲਈ ਕਰਨਗੇ ਕਿਉਂਕਿ ਉਹ ਪਿਤਾ ਅਤੇ ਮੈਨੂੰ ਬਿਲਕੁਲ ਹੀ ਨਹੀਂ ਜਾਣਦੇ।

4ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਆਖੀਆਂ ਹਨ, ਤਾਂ ਜਦੋਂ ਇਨ੍ਹਾਂ ਗੱਲਾਂ ਦੇ ਪੂਰੇ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਦੱਸ ਦਿੱਤਾ ਸੀ। ਪਵਿੱਤਰ ਆਤਮਾ ਦੇ ਕੰਮ ਇਹ ਗੱਲਾਂ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸੀਆਂ ਸੀ ਕਿਉਂਕਿ ਮੈਂ ਤੁਹਾਡੇ ਨਾਲ ਸੀ।

5ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸ ਨੇ ਮੈਨੂੰ ਭੇਜਿਆ ਸੀ ਪਰ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ ਤੂੰ ਕਿੱਥੇ ਜਾਂਦਾ ਹੈ।

6ਤੁਹਾਡੇ ਦਿਲ ਦੁੱਖ ਨਾਲ ਭਰੇ ਹਨ ਕਿਉਂਕਿ ਮੈਂ ਤੁਹਾਨੂੰ ਅਜਿਹੀਆਂ ਗੱਲਾਂ ਆਖੀਆਂ ਹਨ।

7ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜਦੋਂ ਮੈਂ ਜਾਂਵਾਂਗਾ ਤਾਂ ਮੈਂ ਤੁਹਾਡੇ ਲਈ ਸਹਾਇਕ ਭੇਜਾਂਗਾ। ਪਰ ਜੇਕਰ ਮੈਂ ਨਾ ਜਾਂਵਾਂ, ਤਾਂ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ।

8ਜਦੋਂ ਸਹਾਇਕ ਆਵੇਗਾ, ਉਹ ਇਸ ਸੰਸਾਰ ਦੇ ਲੋਕਾਂ ਨੂੰ ਪਾਪ, ਧਾਰਮਿਕਤਾ ਅਤੇ ਨਿਆਂ ਬਾਰੇ ਕਾਇਲ ਕਰੇਗਾ।

9ਪਾਪ ਦੇ ਬਾਰੇ ਇਸ ਲਈ ਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ l

10ਉਹ ਉਨ੍ਹਾਂ ਨੂੰ ਸਾਬਤ ਕਰੇਗਾ ਕਿ ਉਹ ਧਾਰਮਿਕਤਾ ਦੇ ਵਿਖੇ ਗਲਤ ਹਨ, ਕਿਉਂਕਿ ਮੈਂ ਵਾਪਸ ਆਪਣੇ ਪਿਤਾ ਕੋਲ ਜਾਂਦਾ ਹਾਂ। ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ।

11ਸਹਾਇਕ ਇਸ ਸੰਸਾਰ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਨਿਆਂ ਦੇ ਬਾਰੇ ਗਲਤ ਹਨ, ਕਿਉਂਕਿ ਇਸ ਸੰਸਾਰ ਦੇ ਹਾਕਮ (ਸ਼ੈਤਾਨ) ਦਾ ਨਿਆਂ ਪਹਿਲਾਂ ਹੀ ਹੋ ਚੁੱਕਾ ਹੈ।

12“ਮੇਰੇ ਕੋਲ ਹੋਰ ਵੀ ਤੁਹਾਨੂੰ ਦੱਸਣ ਲਈ ਬਹੁਤ ਕੁਝ ਹੈ, ਪਰ ਇਸ ਸਮੇਂ ਤੁਹਾਡੇ ਲਈ ਉਨ੍ਹਾਂ ਨੂੰ ਸਹਿਣਾ ਮੁਸ਼ਕਿਲ ਹੈ।

13ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ। ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ। ਉਹ ਉਹੀ ਦੱਸੇਗਾ ਜੋ ਉਹ ਸੁਣੇਗਾ ਹੈ ਅਤੇ ਉਹ ਤੁਹਾਨੂੰ ਦੱਸੇਗਾ ਕਿ ਕੀ ਹੋਣ ਵਾਲਾ ਹੈ।

14ਸਚਿਆਈ ਦਾ ਆਤਮਾ ਮੈਨੂੰ ਵਡਿਆਈ ਦੇਵੇਗਾ। ਕਿਉਂਕਿ ਉਹ ਮੇਰੀਆਂ ਗੱਲਾਂ ਹੀ ਤੁਹਾਨੂੰ ਦੱਸੇਗਾ।

15ਉਹ ਸਭ ਕੁਝ ਜੋ ਪਿਤਾ ਦਾ ਹੈ, ਮੇਰਾ ਹੈ। ਇਸ ਲਈ ਮੈਂ ਤੁਹਾਨੂੰ ਕਿਹਾ ਹੈ ਕਿ ਆਤਮਾ ਮੇਰੇ ਕੋਲੋਂ ਗੱਲਾਂ ਲਵੇਗਾ ਅਤੇ ਉਨ੍ਹਾਂ ਨੂੰ ਤੁਹਾਨੂੰ ਦੱਸੇਗਾ।

16“ਥੋੜੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ। ਉਸ ਤੋਂ ਕੁਝ ਦੇਰ ਬਾਅਦ ਤੁਸੀਂ ਮੈਨੂੰ ਫ਼ੇਰ ਵੇਖੋਂਗੇ।”

17ਕੁਝ ਚੇਲਿਆਂ ਨੇ ਆਪਸ ਵਿੱਚ ਕਿਹਾ, ਯਿਸੂ ਦਾ ਇਸ ਤੋਂ ਕੀ ਭਾਵ ਹੈ? ਜੋ ਉਹ ਕਹਿੰਦਾ ਕਿ, “ਕੁਝ ਦੇਰ ਲਈ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਕੁਝ ਦੇਰ ਬਾਅਦ ਫ਼ੇਰ ਤੁਸੀਂ ਮੈਨੂੰ ਵੇਖੋਂਗੇ ਉਹ ਕਹਿੰਦਾ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾਂਦਾ ਹਾਂ?”

18ਤਾਂ ਉਨ੍ਹਾਂ ਨੇ ਪੁੱਛਿਆ, “ਥੋੜੀ ਦੇਰ” ਤੋਂ ਉਸਦਾ ਕੀ ਭਾਵ ਹੈ? ਜੋ ਉਹ (ਯਿਸੂ) ਕਹਿੰਦਾ ਹੈ ਅਸੀਂ ਨਹੀਂ ਸਮਝੇ।

19ਯਿਸੂ ਨੇ ਵੇਖਿਆ ਕਿ ਚੇਲੇ ਉਸ ਨੂੰ ਇਸ ਬਾਰੇ ਕੁਝ ਪੁੱਛਣਾ ਚਾਹੁੰਦੇ ਹਨ ਤਾਂ ਯਿਸੂ ਨੇ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਇਸ ਗੱਲ ਬਾਰੇ ਪੁੱਛ ਰਹੇ ਹੋ ਕਿ ਜੋ ਮੈਂ ਆਖਿਆ, ਕਿ ਥੋੜ੍ਹੇ ਦੇਰ ਬਾਅਦ, ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜ੍ਹੇ ਜਿਹੇ ਚਿਰ ਬਾਅਦ ਤੁਸੀਂ ਮੈਨੂੰ ਫ਼ੇਰ ਵੇਖੋਂਗੇ?”

20ਮੈਂ ਤੁਹਾਨੂੰ ਸੱਚ-ਸੱਚ ਦੱਸ ਰਿਹਾ ਹਾਂ ਕਿ ਤੁਸੀਂ ਰੋਵੋਂਗੇ ਅਤੇ ਉਦਾਸ ਹੋਵੋਂਗੇ ਪਰ ਸੰਸਾਰ ਖੁਸ਼ ਹੋਵੇਗਾ l ਤੁਸੀਂ ਉਦਾਸ ਹੋਵੋਂਗੇ ਪਰ ਤੁਹਾਡੀ ਉਦਾਸੀ ਖੁਸ਼ੀ ਵਿੱਚ ਬਦਲ ਜਾਵੇਗੀ।

21“ਜਦੋਂ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਉਹ ਪੀੜ੍ਹਾ ਨੂੰ ਸਹਿਣ ਕਰਦੀ ਹੈ ਕਿਉਂਕਿ ਉਸਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਚੁੱਕਾ ਹੈ। ਪਰ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹ ਇਸ ਖੁਸ਼ੀ ਕਾਰਨ, ਕਿ ਇਸ ਦੁਨੀਆਂ ਵਿੱਚ ਇੱਕ ਨਵਾਂ ਬਾਲਕ ਜੰਮਿਆ ਹੈ, ਉਹ ਸਾਰੀਆਂ ਪੀੜਾਂ ਭੁੱਲ ਜਾਂਦੀ ਹੈ।

22ਹੁਣ ਤੁਸੀਂ ਉਦਾਸ ਹੋ ਪਰ ਜਦੋਂ ਮੈਂ ਤੁਹਾਨੂੰ ਫ਼ੇਰ ਵੇਖਾਂਗਾ ਤੁਸੀਂ ਖੁਸ਼ ਹੋਵੋਂਗੇ ਅਤੇ ਉਹ ਖੁਸ਼ੀ ਤੁਹਾਡੇ ਕੋਲੋਂ ਕੋਈ ਨਹੀਂ ਖੋਹ ਸਕਦਾ।

23ਅਤੇ ਉਸ ਦਿਨ ਤੁਸੀਂ ਮੈਨੂੰ ਕੋਈ ਸਵਾਲ ਨਹੀਂ ਕਰੋਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਮ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ।

24ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ, ਮੰਗੋ ਤਾਂ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ।

25“ਮੈਂ ਤੁਹਾਨੂੰ ਇਹ ਗੱਲਾਂ ਬੁਝਾਰਤਾਂ ਵਿੱਚ ਕੀਤੀਆਂ ਹਨ। ਪਰ ਉਹ ਸਮਾਂ ਆਵੇਗਾ ਜਦ ਮੈਂ ਤੁਹਾਨੂੰ ਕੁਝ ਵੀ ਦੱਸਣ ਲਈ ਬੁਝਾਰਤਾਂ ਨਹੀਂ ਆਖਾਂਗਾ। ਸਗੋਂ ਮੈਂ ਤੁਹਾਨੂੰ ਆਪਣੇ ਪਿਤਾ ਬਾਰੇ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਦੱਸਾਂਗਾ।

26ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਤੁਹਾਡੇ ਲਈ ਪਿਤਾ ਕੋਲੋਂ ਨਹੀਂ ਮੰਗਾਂਗਾ।

27ਪਿਤਾ ਆਪ ਹੀ ਤੁਹਾਨੂੰ ਪਿਆਰ ਕਰਦਾ ਹੈ, ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ। ਉਹ ਤੁਹਾਨੂੰ ਵੀ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ੁਰ ਕੋਲੋਂ ਆਇਆ ਹਾਂ।

28ਮੈਂ ਪਿਤਾ ਵੱਲੋਂ ਇਸ ਸੰਸਾਰ ਵਿੱਚ ਆਇਆ ਹਾਂ ਅਤੇ ਹੁਣ ਮੈਂ ਇਹ ਦੁਨੀਆਂ ਨੂੰ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾਂਦਾ ਹਾਂ।”

29ਤਦ ਯਿਸੂ ਦੇ ਚੇਲਿਆਂ ਨੇ ਆਖਿਆ, “ਵੇਖ, ਹੁਣ ਤੂੰ ਸਪੱਸ਼ਟ ਬੋਲ ਰਿਹਾ ਹੈ ਅਤੇ ਕੋਈ ਬੁਝਾਰਤ ਨਹੀਂ।

30ਹੁਣ ਅਸੀਂ ਜਾਣਦੇ ਹਾਂ ਕਿ ਤੈਨੂੰ ਸਭ ਕੁਝ ਪਤਾ ਹੈ, ਤੈਨੂੰ ਜ਼ਰੂਰਤ ਨਹੀਂ ਕਿ ਕੋਈ ਕੁਝ ਪੁੱਛੇ। ਇਸੇ ਲਈ, ਸਾਨੂੰ ਵਿਸ਼ਵਾਸ ਹੈ ਕਿ ਤੂੰ ਪਰਮੇਸ਼ੁਰ ਵੱਲੋਂ ਆਇਆ ਹੈਂ।”

31ਯਿਸੂ ਨੇ ਪੁੱਛਿਆ, “ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ?”

32ਇੱਕ ਸਮਾਂ ਆਵੇਗਾ ਜਦੋਂ ਤੁਸੀਂ ਸਭ ਖਿੰਡ ਜਾਵੋਂਗੇ ਅਤੇ ਆਪਣੇ ਘਰਾਂ ਨੂੰ ਮੁੜ ਜਾਵੋਂਗੇ ਅਤੇ ਤੁਸੀਂ ਮੈਨੂੰ ਇਕੱਲਾ ਛੱਡ ਦੇਵੋਂਗੇ। ਉਹ ਸਮਾਂ ਹੁਣ ਆ ਹੀ ਚੁੱਕਿਆ ਹੈ। ਪਰ ਤਾਂ ਵੀ ਮੈਂ ਇਕੱਲਾ ਨਹੀਂ ਹੋਵਾਂਗਾ ਕਿਉਂਕਿ ਪਿਤਾ ਮੇਰੇ ਨਾਲ ਹੈ।

33“ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋ, ਇਸ ਦੁਨੀਆਂ ਵਿੱਚ ਤੁਸੀਂ ਕਸ਼ਟ ਝੱਲੋਂਗੇ। ਪਰ ਹੌਂਸਲਾ ਰੱਖੋ ਮੈਂ ਸੰਸਾਰ ਨੂੰ ਜਿੱਤ ਲਿਆ ਹੈ।”

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath