ਈਸਾਈ
ਪਿੱਛੇ

ਯੂਹੰਨਾ ਦੀ ਇੰਜੀਲ 12

1ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਵਿੱਚ ਆਇਆ, ਜਿੱਥੇ ਲਾਜ਼ਰ ਰਹਿੰਦਾ ਸੀ। ਲਾਜ਼ਰ ਉਹ ਆਦਮੀ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ l

2ਉੱਥੇ ਉਨ੍ਹਾਂ ਨੇ ਯਿਸੂ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਨੇ ਭੋਜਨ ਵਰਤਾਇਆ। ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ।

3ਮਰਿਯਮ ਨੇ ਜਟਾਮਾਂਸੀ ਦਾ ਮਹਿੰਗਾ ਅਤਰ ਲਿਆ। ਉਸ ਨੇ ਇਸ ਨੂੰ ਯਿਸੂ ਦੇ ਚਰਨਾਂ ਉੱਤੇ ਮਲਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਸਾਫ਼ ਕੀਤੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ।

4ਯਹੂਦਾ ਇਸਕਰਿਯੋਤੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ। (ਇਹ ਉਹ ਸੀ ਜਿਸ ਨੇ ਯਿਸੂ ਨੂੰ ਫੜਵਾਉਣਾ ਸੀ) ਯਹੂਦਾ ਨੇ ਆਖਿਆ

5“ਉਹ ਅਤਰ ਚਾਂਦੀ ਦੇ ਤਿੰਨ ਸੌ ਸਿੱਕਿਆਂ ਦੇ ਮੁੱਲ ਦਾ ਸੀ। ਇਸ ਨੂੰ ਯਿਸੂ ਤੇ ਮਲਣ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚ ਕੇ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ।”

6ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਾ ਕਰਦਾ ਸੀ, ਪਰ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲੀ ਥੈਲੀ ਉਸ ਕੋਲ ਹੁੰਦੀ ਸੀ, ਜਿਸ ਵਿੱਚੋਂ ਜਦੋਂ ਉਹ ਚਾਹੇ ਚੋਰੀ ਕਰ ਲੈਂਦਾ ਸੀ।

7ਯਿਸੂ ਨੇ ਆਖਿਆ, “ਉਸ ਨੂੰ ਨਾ ਰੋਕੋ, ਉਸ ਨੂੰ ਇਹ ਮੇਰੇ ਦਫ਼ਨਾਉਣ ਦੇ ਦਿਨ ਦੀ ਤਿਆਰੀ ਲਈ ਕਰਨ ਦਿਉ।

8ਕੰਗਾਲ ਲੋਕ ਸਦਾ ਤੁਹਾਡੇ ਨਾਲ ਹੋਣਗੇ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹੋਵਾਂਗਾ।”

9ਬਹੁਤ ਸਾਰੇ ਯਹੂਦੀ ਜਾਣ ਗਏ ਕਿ ਯਿਸੂ ਬੈਤਅਨਿਯਾ ਵਿੱਚ ਸੀ ਅਤੇ ਉਹ ਯਿਸੂ ਨੂੰ ਹੀ ਨਹੀਂ ਸਗੋਂ ਲਾਜ਼ਰ ਨੂੰ ਵੀ ਵੇਖਣ ਆਏ। ਲਾਜ਼ਰ ਨੂੰ ਯਿਸੂ ਨੇ ਮੁਰਦੇ ਤੋਂ ਜਿਵਾਇਆ ਸੀ।

10ਤਦ ਮੁੱਖ ਜਾਜਕਾਂ ਨੇ ਲਾਜ਼ਰ ਨੂੰ ਵੀ ਮਾਰਨ ਦੀ ਸੋਚ ਬਣਾਈ।

11ਲਾਜ਼ਰ ਦੇ ਕਾਰਨ ਬਹੁਤ ਸਾਰੇ ਯਹੂਦੀ ਆਪਣੇ ਆਗੂਆਂ ਨੂੰ ਛੱਡ ਕੇ ਯਿਸੂ ਤੇ ਵਿਸ਼ਵਾਸ ਕਰਨ ਲੱਗ ਪਏ ਸਨ ਇਸ ਲਈ ਯਹੂਦੀਆਂ ਦੇ ਆਗੂ ਲਾਜ਼ਰ ਨੂੰ ਵੀ ਮਾਰ ਮੁਕਾਉਣਾ ਚਾਹੁੰਦੇ ਸਨ।

12ਅਗਲੇ ਦਿਨ ਲੋਕਾਂ ਨੂੰ ਇਹ ਪਤਾ ਲੱਗਾ ਕਿ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ। ਉੱਥੇ ਬਹੁਤ ਸਾਰੇ ਲੋਕ ਸਨ ਜਿਹੜੇ ਪਸਾਹ ਦੇ ਤਿਉਹਾਰ ਤੇ ਆਏ ਸਨ।

13ਉਹ ਖਜ਼ੂਰ ਦੀਆਂ ਟਹਿਣੀਆਂ ਲੈ ਕੇ ਯਿਸੂ ਨੂੰ ਮਿਲਣ ਲਈ ਆਏ ਅਤੇ ਉੱਚੀ-ਉੱਚੀ ਆਖਣ ਲੱਗੇ; “ਹੋਸੰਨਾ! ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਇਸਰਾਏਲ ਦੇ ਪਾਤਸ਼ਾਹ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਵੇ!”

14ਯਿਸੂ ਨੇ ਇੱਕ ਗਧੀ ਦਾ ਬੱਚਾ ਲਿਆ ਅਤੇ ਉਸ ਉੱਤੇ ਬੈਠ ਗਿਆ। ਇਸ ਨੇ ਜੋ ਪੋਥੀ ਵਿੱਚ ਲਿਖਿਆ ਪੂਰਾ ਕਰ ਦਿੱਤਾ

15“ਸੀਯੋਨ ਦੀ ਬੇਟੀ ਨਾ ਡਰ! ਵੇਖ, ਤੇਰਾ ਬਾਦਸ਼ਾਹ ਇੱਕ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ।”

16ਯਿਸੂ ਦੇ ਚੇਲੇ ਉਸ ਸਮੇਂ ਇਹ ਨਾ ਸਮਝ ਸਕੇ ਕਿ ਉਹ ਇਹ ਸਭ ਕੀ ਕਰ ਰਿਹਾ ਹੈ। ਪਰ ਜਦੋਂ ਯਿਸੂ ਮਹਿਮਾ ਨੂੰ ਪਹੁੰਚਿਆ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਬਾਰੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ।

17ਜਦੋਂ ਯਿਸੂ ਨੇ ਲਾਜ਼ਰ ਨੂੰ ਜਿਉਂਦਾ ਕੀਤਾ ਉਸ ਸਮੇਂ ਉਸ ਨਾਲ ਬਹੁਤ ਵੱਡੀ ਭੀੜ ਸੀ ਅਤੇ ਉਸ ਨੇ ਲਾਜ਼ਰ ਨੂੰ ਸੱਦਿਆ ਕਿ ਕਬਰ ਚੋਂ ਬਾਹਰ ਨਿੱਕਲ ਆ। ਹੁਣ ਉਹ ਲੋਕ ਉਸ ਬਾਰੇ, ਜੋ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਸੀ, ਦੂਜਿਆਂ ਨੂੰ ਦੱਸ ਰਹੇ ਸਨ।

18ਬਹੁਤ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਆਏ ਕਿਉਂਕਿ ਉਨ੍ਹਾਂ ਨੇ ਉਸ ਦੇ ਕੀਤੇ ਇਸ ਚਮਤਕਾਰ ਬਾਰੇ ਸੁਣਿਆ ਸੀ।

19ਫ਼ਿਰ ਫ਼ਰੀਸੀਆਂ ਨੇ ਆਪਸ ਵਿੱਚ ਆਖਣਾ ਸ਼ੁਰੂ ਕਰ ਦਿੱਤਾ, “ਦੇਖੋ! ਸਾਡੀ ਯੋਜਨਾ ਵਿਅਰਥ ਹੋ ਗਈ ਹੈ, ਕਿਉਂਕਿ ਸਭ ਲੋਕ ਉਸ ਦੇ ਮਗਰ ਲੱਗ ਰਹੇ ਹਨ।”

20ਉੱਥੇ ਉਨ੍ਹਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ, ਜੋ ਪਸਾਹ ਦੇ ਤਿਉਹਾਰ ਤੇ ਬੰਦਗੀ ਕਰਨ ਲਈ ਆਏ ਸਨ।

21ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ। ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ, “ਕਿ ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।”

22ਫ਼ਿਲਿਪੁੱਸ ਨੇ ਆ ਕੇ ਅੰਦ੍ਰਿਯਾਸ ਨੂੰ ਕਿਹਾ ਅਤੇ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਨੇ ਆ ਕੇ ਯਿਸੂ ਨੂੰ ਦੱਸਿਆ।

23ਯਿਸੂ ਨੇ ਉੱਤਰ ਦਿੱਤਾ, “ਮਨੁੱਖ ਦੇ ਪੁੱਤਰ ਦੀ ਵਡਿਆਈ ਹੋਣ ਦਾ ਸਮਾਂ ਆ ਗਿਆ ਹੈ।

24ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਗਿਰ ਕੇ ਨਾ ਮਰੇ ਇਕੱਲਾ ਦਾਣਾ ਹੀ ਰਹਿੰਦਾ ਹੈ। ਪਰ ਜੇਕਰ ਇਹ ਮਰਦਾ ਹੈ ਤਾਂ ਇਹ ਬਹੁਤ ਸਾਰਾ ਫਲ ਦਿੰਦਾ ਹੈ।

25ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ। ਪਰ ਇਸ ਦੁਨੀਆਂ ਵਿੱਚ ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਨਹੀਂ ਕਰਦਾ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ।

26ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸ ਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤਦ ਮੇਰਾ ਉਹ ਸੇਵਕ, ਜਿੱਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ। ਜਿਹੜਾ ਮੇਰੀ ਸੇਵਾ ਕਰਦਾ ਹੈ, ਪਿਤਾ ਉਸ ਦਾ ਆਦਰ ਕਰਦਾ ਹੈ।”

27ਹੁਣ ਮੇਰਾ ਦਿਲ ਘਬਰਾਉਂਦਾ ਹੈ। ਮੈਨੂੰ ਕੀ ਆਖਣਾ ਚਾਹੀਦਾ ਹੈ? ਕੀ ਮੈਂ ਇਹ ਆਖਾਂ, “ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ?” ਨਹੀਂ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ।

28ਹੇ ਪਿਤਾ, ਆਪਣੇ ਨਾਮ ਨੂੰ ਵਡਿਆਈ ਦੇ! ਫ਼ਿਰ ਸਵਰਗ ਤੋਂ ਇੱਕ ਅਵਾਜ਼ ਆਈ, “ਮੈਂ ਆਪਣੇ ਆਪ ਨੂੰ ਵਡਿਆਈ ਦਿੱਤੀ ਅਤੇ ਮੈਂ ਫ਼ਿਰ ਵੀ ਇਸ ਨੂੰ ਵਡਿਆਈ ਦੇਵਾਂਗਾ।”

29ਜਿਹੜੇ ਲੋਕ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ। ਉਨ੍ਹਾਂ ਨੇ ਆਖਿਆ, “ਇਹ ਬੱਦਲ ਗਰਜਿਆ ਹੈ।” ਪਰ ਕੁਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ।”

30ਯਿਸੂ ਨੇ ਲੋਕਾਂ ਨੂੰ ਕਿਹਾ, “ਇਹ ਅਵਾਜ਼ ਮੇਰੇ ਕਰਕੇ ਨਹੀਂ ਆਈ, ਸਗੋਂ ਤੁਹਾਡੀ ਲਈ ਆਈ ਹੈ।

31ਹੁਣ ਸੰਸਾਰ ਦੇ ਨਿਆਂ ਦਾ ਸਮਾਂ ਆ ਗਿਆ ਹੈ। ਹੁਣ ਇਸ ਸੰਸਾਰ ਦਾ ਹਾਕਮ ਬਾਹਰ ਕੱਢਿਆ ਜਾਵੇਗਾ।

32ਮੈਂ ਵੀ ਇਸ ਸੰਸਾਰ ਤੋਂ ਉੱਚਾ ਕੀਤਾ ਜਾਂਵਾਂਗਾ ਅਤੇ ਜਦੋਂ ਇਉਂ ਹੋਵੇਗਾ ਤਾਂ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।”

33ਇਹ ਆਖ ਕੇ, ਯਿਸੂ ਦੱਸ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰੇਗਾ।

34ਲੋਕਾਂ ਨੇ ਕਿਹਾ, “ਸਾਡੀ ਬਿਵਸਥਾ ਤਾਂ ਆਖਦੀ ਹੈ ਕਿ ਮਸੀਹ ਸਦਾ ਜੀਵੇਗਾ ਤਾਂ ਫ਼ਿਰ ਤੂੰ ਇਹ ਕਿਉਂ ਆਖਦਾ ਹੈ ਕਿ ਮਨੁੱਖ ਦਾ ਪੁੱਤਰ ਜ਼ਰੂਰ ਉੱਤੇ ਉੱਠਾਇਆ ਜਾਵੇਗਾ। ਇਹ ਮਨੁੱਖ ਦਾ ਪੁੱਤਰ ਕੌਣ ਹੈ?”

35ਤਦ ਯਿਸੂ ਨੇ ਕਿਹਾ “ਚਾਨਣ ਕੁਝ ਹੀ ਸਮੇਂ ਲਈ ਤੁਹਾਡੇ ਨਾਲ ਹੈ, ਇਸ ਲਈ ਚਾਨਣ ਵਿੱਚ ਤੁਰੋ। ਜਿਹੜਾ ਮਨੁੱਖ ਹਨੇਰੇ ਵਿੱਚ ਚੱਲਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਚੱਲ ਰਿਹਾ ਹੈ।

36ਇਸ ਲਈ ਜਦੋਂ ਚਾਨਣ ਤੁਹਾਡੇ ਕੋਲ ਹੈ ਚਾਨਣ ਤੇ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਹੋਵੋ।” ਯਹੂਦੀਆਂ ਦਾ ਅਵਿਸ਼ਵਾਸ ਵਿੱਚ ਬਣੇ ਰਹਿਣਾ ਇਹ ਸਭ ਕਹਿਣ ਤੋਂ ਬਾਅਦ ਯਿਸੂ ਅਜਿਹੀ ਜਗਾ ਚਲਾ ਗਿਆ ਜਿੱਥੇ ਲੋਕ ਉਸ ਨੂੰ ਨਾ ਲੱਭ ਸਕੇ।

37ਯਿਸੂ ਨੇ ਲੋਕਾਂ ਸਾਹਮਣੇ ਬਹੁਤ ਸਾਰੇ ਚਮਤਕਾਰ ਕੀਤੇ। ਲੋਕਾਂ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ।

38ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿੱਖਬਾਣੀ ਸੱਚੀ ਹੋ ਸਕੇ: “ਹੇ ਪ੍ਰਭੂ ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ? ਪ੍ਰਭੂ ਦੀ ਸ਼ਕਤੀ ਕਿਸ ਨੇ ਵੇਖੀ?”

39ਇਸੇ ਕਾਰਨ ਲੋਕ ਵਿਸ਼ਵਾਸ ਨਾ ਕਰ ਸਕੇ। ਜਿਵੇਂ ਕਿ ਯਸਾਯਾਹ ਫਿਰ ਆਖਦਾ ਹੈ,

40“ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖੀਆਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਕਰ ਦਿੱਤੇ। ਤਾਂ ਜੋ ਨਾ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਣ, ਨਾ ਦਿਮਾਗ ਨਾਲ ਸਮਝ ਸਕਣ ਅਤੇ ਮੇਰੇ ਕੋਲ ਫ਼ਿਰ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸਕਾਂ।”

41ਯਸਾਯਾਹ ਨੇ ਇਹ ਇਸ ਲਈ ਆਖਿਆ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਸੀ।

42ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ। ਪਰ ਕਿਉਂ ਜੋ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁੱਲਕੇ ਨਾ ਆਖਿਆ ਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਘਰ ਤੋਂ ਕੱਢ ਦਿੱਤੇ ਜਾਣਗੇ।

43ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਵਡਿਆਈ ਨਾਲੋਂ ਵਧ ਲੋਕਾਂ ਦੀ ਵਡਿਆਈ ਨੂੰ ਪਿਆਰ ਕੀਤਾ।

44ਤਦ ਯਿਸੂ ਨੇ ਉੱਚੀ ਅਵਾਜ਼ ਵਿੱਚ ਕਿਹਾ, “ਜੋ ਵਿਅਕਤੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ।

45ਜੋ ਵਿਅਕਤੀ ਮੈਨੂੰ ਵੇਖਦਾ ਹੈ ਉਹ ਉਸ ਨੂੰ ਵੇਖਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ।

46ਮੈਂ ਚਾਨਣ ਹਾਂ ਅਤੇ ਮੈਂ ਇਸ ਦੁਨੀਆਂ ਉੱਤੇ ਆਇਆ ਤਾਂ ਜੋ ਉਹ ਮਨੁੱਖ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ, ਹਨੇਰੇ ਵਿੱਚ ਨਾ ਰਹੇ।

47ਜੋ ਮੇਰੀਆਂ ਸਿਖਿਆਵਾਂ ਸੁਣਦੇ ਹਨ ਅਤੇ ਇਸ ਨੂੰ ਨਹੀਂ ਮੰਨਦੇ। ਮੈਂ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਸਗੋਂ ਲੋਕਾਂ ਨੂੰ ਬਚਾਉਣ ਲਈ ਆਇਆ ਹਾਂ।

48ਜੋ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇੰਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲ ਕਰਦਾ। ਇਹੀ ਬਚਨ ਜਿਹੜਾ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਏਗਾ।

49ਕਿਉਂਕਿ ਮੈਂ ਆਪਣੇ ਮਨੋਂ ਨਹੀਂ ਕਿਹਾ ਸਗੋਂ ਜਿਸ ਪਿਤਾ ਨੇ ਮੈਨੂੰ ਭੇਜਿਆ, ਉਸ ਨੇ ਮੈਨੂੰ ਹੁਕਮ ਦਿੱਤਾ ਕਿ ਮੈਨੂੰ ਕੀ ਆਖਣਾ ਚਾਹੀਦਾ ਅਤੇ ਕੀ ਸਿਖਾਉਣਾ ਚਾਹੀਦਾ।

50ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਬਚਨ ਸਦੀਪਕ ਜੀਵਨ ਲਿਆਉਂਦਾ ਹੈ। ਇਸੇ ਲਈ ਜੋ ਬਚਨ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ।”

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath