ਈਸਾਈ
ਪਿੱਛੇ

ਯਿਰਮਿਯਾਹ 7

1ਇਹ ਉਹ ਬਚਨ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ

2ਤੂੰ ਯਹੋਵਾਹ ਦੇ ਭਵਨ ਦੇ ਫਾਟਕ ਵਿੱਚ ਖਲੋ ਕੇ ਉੱਥੇ ਇਸ ਗੱਲ ਲਈ ਪੁਕਾਰ ਅਤੇ ਆਖ ਕਿ ਹੇ ਯਹੂਦਾਹ ਦੇ ਸਾਰਿਓ, ਯਹੋਵਾਹ ਦਾ ਬਚਨ ਸੁਣੋ, ਤੁਸੀਂ ਜਿਹੜੇ ਇਹਨਾਂ ਫਾਟਕਾਂ ਥਾਣੀ ਯਹੋਵਾਹ ਨੂੰ ਮੱਥਾ ਟੇਕਣ ਲਈ ਵੜਦੇ ਹੋ

3ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਵੱਸਣ ਦਿਆਂਗਾ

4ਤੁਸੀਂ ਇਹਨਾਂ ਝੂਠੀਆਂ ਗੱਲਾਂ ਉੱਤੇ ਭਰੋਸਾ ਨਾ ਰੱਖੋ ਕਿ ਇਹ ਯਹੋਵਾਹ ਦਾ ਭਵਨ ਹੈ, ਇਹ ਯਹੋਵਾਹ ਦਾ ਭਵਨ ਹੈ, ਇਹ ਯਹੋਵਾਹ ਦਾ ਭਵਨ ਹੈ!

5ਜੇ ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਪੱਕੀ ਤਰ੍ਹਾਂ ਨਾਲ ਠੀਕ ਕਰੋ ਅਤੇ ਜੇ ਤੁਸੀਂ ਪੱਕੀ ਤਰ੍ਹਾਂ ਨਾਲ ਮਨੁੱਖ ਅਤੇ ਉਸ ਦੇ ਗੁਆਂਢੀ ਵਿੱਚ ਇਨਸਾਫ਼ ਕਰੋ

6ਜੇ ਤੁਸੀਂ ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦੁੱਖ ਨਾ ਦਿਓ ਅਤੇ ਇਸ ਸਥਾਨ ਵਿੱਚ ਬੇਦੋਸ਼ੇ ਦਾ ਲਹੂ ਨਾ ਵਹਾਓ, ਨਾ ਦੂਜੇ ਦੇਵਤਿਆਂ ਦੇ ਪਿੱਛੇ ਆਪਣੇ ਨੁਕਸਾਨ ਲਈ ਜਾਓ

7ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਅਤੇ ਇਸ ਦੇਸ ਵਿੱਚ ਜਿਹੜਾ ਮੈਂ ਤੁਹਾਡਿਆਂ ਪੁਰਖਿਆਂ ਨੂੰ ਸਦਾ ਲਈ ਦਿੱਤਾ ਹੈ ਵੱਸਣ ਦਿਆਂਗਾ।

8ਵੇਖੋ, ਤੁਸੀਂ ਝੂਠੀਆਂ ਗੱਲਾਂ ਉੱਤੇ ਭਰੋਸਾ ਕਰਦੇ ਹੋ ਜਿਹਨਾਂ ਤੋਂ ਕੁਝ ਲਾਭ ਨਹੀਂ

9ਕੀ ਤੁਸੀਂ ਚੋਰੀ ਕਰੋਗੇ, ਖੂਨ ਕਰੋਗੇ, ਵਿਭਚਾਰ ਕਰੋਗੇ, ਝੂਠੀ ਸਹੁੰ ਖਾਓਗੇ, ਬਆਲ ਲਈ ਧੂਪ ਧੁਖਾਓਗੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਜਾਓਗੇ ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ?

10ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁਖ ਇਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਇਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ?

11ਕੀ ਇਹ ਘਰ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਤੁਹਾਡੀ ਨਿਗਾਹ ਵਿੱਚ ਧਾੜਵੀਆਂ ਦੀ ਗੁਫਾ ਬਣ ਗਿਆ ਹੈ? ਵੇਖੋ, ਇਹ ਮੈਂ ਵੀ ਵੇਖਿਆ ਹੈ, ਯਹੋਵਾਹ ਦਾ ਵਾਕ ਹੈ।

12ਪਰ ਹੁਣ ਤੁਸੀਂ ਉਸ ਸਥਾਨ ਨੂੰ ਜਾਓ ਜਿਹੜਾ ਸ਼ੀਲੋਹ ਵਿੱਚ ਹੈ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਨੂੰ ਵਸਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਬਦਲੇ ਕੀ ਕੀਤਾ!

13ਹੁਣ ਇਸ ਲਈ ਕਿ ਤੁਸੀਂ ਇਹ ਸਾਰੇ ਕੰਮ ਕੀਤੇ, ਯਹੋਵਾਹ ਦਾ ਵਾਕ ਹੈ, ਅਤੇ ਜਦ ਮੈਂ ਤੁਹਾਡੇ ਨਾਲ ਮੂੰਹ ਅਨ੍ਹੇਰੇ ਬੋਲਦਾ ਰਿਹਾ, ਤੁਸੀਂ ਮੇਰੀ ਗੱਲ ਨਾ ਸੁਣੀ ਅਤੇ ਜਦ ਮੈਂ ਤੁਹਾਨੂੰ ਸੱਦਿਆ, ਤੁਸੀਂ ਉੱਤਰ ਨਾ ਦਿੱਤਾ

14ਤਦ ਮੈਂ ਇਸ ਘਰ ਨਾਲ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਜਿਹ ਦੇ ਉੱਤੇ ਤੁਹਾਡਾ ਭਰੋਸਾ ਹੈ, ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਉਹ ਕਰਾਂਗਾ ਜੋ ਮੈਂ ਸ਼ੀਲੋਹ ਵਿੱਚ ਕੀਤਾ

15ਮੈਂ ਤੁਹਾਨੂੰ ਆਪਣੇ ਅੱਗੋਂ ਕੱਢ ਦਿਆਂਗਾ ਜਿਵੇਂ ਮੈਂ ਤੁਹਾਡੇ ਸਾਰੇ ਭਰਾਵਾਂ ਨੂੰ ਇਫ਼ਰਾਈਮ ਦੀ ਸਾਰੀ ਅੰਸ ਨੂੰ ਕੱਢ ਦਿੱਤਾ ਹੈ।

16ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰੀਂ, ਨਾ ਉਹਨਾਂ ਲਈ ਆਪਣੀ ਅਵਾਜ਼ ਚੁੱਕੀ, ਨਾ ਪ੍ਰਾਰਥਨਾ ਕਰੀਂ, ਨਾ ਮੇਰੇ ਕੋਲ ਅਰਦਾਸ ਕਰੀਂ, ਮੈਂ ਤੇਰੀ ਨਹੀਂ ਸੁਣਾਂਗਾ

17ਕੀ ਤੂੰ ਨਹੀਂ ਦੇਖਦਾ ਜੋ ਕੁਝ ਉਹ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕਰ ਰਹੇ ਹਨ?

18ਬੱਚੇ ਲੱਕੜੀਆਂ ਚੁੱਗਦੇ ਹਨ, ਪਿਉ ਅੱਗ ਧੁਖਾਉਂਦੇ ਹਨ ਅਤੇ ਔਰਤਾਂ ਆਟਾ ਗੁੰਨ੍ਹਦੀਆਂ ਹਨ ਜੋ ਦੇਵੀ ਲਈ ਰੋਟੀਆਂ ਪਕਾਉਣ ਕਿ ਦੂਜੇ ਦੇਵਤਿਆਂ ਅੱਗੇ ਪੀਣ ਦੀ ਭੇਟ ਚੜ੍ਹਾਉਣ ਅਤੇ ਮੇਰੇ ਗੁੱਸੇ ਨੂੰ ਭੜਕਾਉਣ!

19ਕੀ ਉਹ ਮੈਂ ਹਾਂ ਜਿਹ ਨੂੰ ਉਹ ਗੁੱਸਾ ਚੜ੍ਹਾਉਂਦੇ ਹਨ? ਯਹੋਵਾਹ ਦਾ ਵਾਕ ਹੈ, ਕੀ ਉਹ ਆਪਣੀ ਗੜਬੜ ਲਈ ਆਪਣੇ ਆਪ ਨੂੰ ਗੁੱਸਾ ਨਹੀਂ ਚੜ੍ਹਾਉਂਦੇ?

20ਇਸ ਲਈ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੇਰਾ ਕ੍ਰੋਧ ਅਤੇ ਮੇਰਾ ਗੁੱਸਾ ਇਸ ਸਥਾਨ ਉੱਤੇ, ਆਦਮੀਆਂ ਉੱਤੇ, ਡੰਗਰਾਂ ਉੱਤੇ, ਰੁੱਖਾਂ ਉੱਤੇ, ਖੇਤਾਂ ਉੱਤੇ, ਜ਼ਮੀਨ ਦੇ ਫਲਾਂ ਉੱਤੇ ਵਹਾਇਆ ਜਾਵੇਗਾ। ਉਹ ਬਲ ਉੱਠੇਗਾ ਅਤੇ ਬੁਝੇਗਾ ਨਹੀਂ।

21ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਆਪਣੀਆਂ ਹੋਮ ਦੀਆਂ ਭੇਟਾਂ ਨਾਲ ਆਪਣੀਆਂ ਬਲੀਆਂ ਵਧਾਓ ਅਤੇ ਮਾਸ ਖਾਓ।

22ਕਿਉਂਕਿ ਜਿਸ ਦਿਨ ਮੈਂ ਉਹਨਾਂ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਂਦਾ ਮੈਂ ਉਹਨਾਂ ਦੇ ਪੁਰਖਿਆਂ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਦੇ ਬਾਰੇ ਨਾ ਆਖਿਆ, ਨਾ ਹੁਕਮ ਦਿੱਤਾ

23ਪਰ ਇਸ ਗੱਲ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਕਿ ਮੇਰੀ ਅਵਾਜ਼ ਸੁਣੋ ਤਾਂ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਤੇ ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੇਰੇ ਸਾਰੇ ਰਾਹਾਂ ਵਿੱਚ ਚੱਲੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਤਾਂ ਜੋ ਤੁਹਾਡਾ ਭਲਾ ਹੋਵੇ

24ਨਾ ਉਹਨਾਂ ਨੇ ਸੁਣਿਆ ਨਾ ਕੰਨ ਲਾਇਆ, ਪਰ ਉਹ ਆਪਣਿਆਂ ਮਨ ਮੱਤਿਆਂ ਅਤੇ ਆਪਣੇ ਬੁਰੇ ਦਿਲ ਦੀ ਆਕੜ ਵਿੱਚ ਚੱਲਦੇ ਰਹੇ। ਉਹ ਪਿਛਾਹਾਂ ਨੂੰ ਗਏ ਪਰ ਅੱਗੇ ਨਾ ਵਧੇ।

25ਇਸ ਲਈ ਉਸ ਦਿਨ ਤੋਂ ਕਿ ਤੁਹਾਡੇ ਪਿਉ-ਦਾਦੇ ਮਿਸਰ ਦੇ ਦੇਸ ਤੋਂ ਬਾਹਰ ਆਏ ਅੱਜ ਦੇ ਦਿਨ ਤੱਕ ਮੈਂ ਆਪਣੇ ਸਾਰੇ ਦਾਸ ਅਰਥਾਤ ਨਬੀਆਂ ਨੂੰ ਤੁਹਾਡੇ ਕੋਲ ਘੱਲਦਾ ਰਿਹਾ, ਮੈਂ ਮੂੰਹ ਅਨ੍ਹੇਰੇ ਉਹਨਾਂ ਨੂੰ ਨਿੱਤ ਘੱਲਦਾ ਰਿਹਾ

26ਪਰ ਉਹਨਾਂ ਮੇਰੀ ਨਾ ਸੁਣੀ, ਨਾ ਆਪਣਾ ਕੰਨ ਲਾਇਆ, ਉਹਨਾਂ ਆਪਣੀ ਧੌਣ ਅਕੜਾਈ ਅਤੇ ਆਪਣੇ ਪੁਰਖਿਆਂ ਨਾਲੋਂ ਵਧ ਕੇ ਬਦੀ ਕੀਤੀ।

27ਤੂੰ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਆਖੇਂਗਾ ਪਰ ਉਹ ਤੇਰੀ ਨਾ ਸੁਣਨਗੇ। ਤੂੰ ਉਹਨਾਂ ਨੂੰ ਸੱਦੇਂਗਾ ਪਰ ਉਹ ਉੱਤਰ ਨਾ ਦੇਣਗੇ।

28ਤੂੰ ਉਹਨਾਂ ਨੂੰ ਆਖੇਂਗਾ, ਇਹ ਉਹ ਕੌਮ ਹੈ ਜਿਸ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ, ਨਾ ਉਹ ਦੀ ਸਿੱਖਿਆ ਲਈ। ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ।

29ਤੂੰ ਆਪਣੇ ਨਜ਼ੀਰ ਹੋਣ ਦੇ ਬਾਲ ਮੁਨਾ, ਅਤੇ ਉਨ੍ਹਾਂ ਨੂੰ ਪਰੇ ਸੁੱਟ ਛੱਡ, ਨੰਗਿਆਂ ਟਿੱਬਿਆਂ ਉੱਤੇ ਵੈਣ ਚੁੱਕ, ਯਹੋਵਾਹ ਨੇ ਤਾਂ ਆਪਣੇ ਗਜ਼ਬ ਦੀ ਪੀੜ੍ਹੀ ਨੂੰ ਰੱਦ ਕਰ ਦਿੱਤਾ ਅਤੇ ਛੱਡ ਦਿੱਤਾ ਹੈ।

30ਯਹੂਦਾਹ ਦੀ ਅੰਸ ਨੇ ਤਾਂ ਉਹ ਕੀਤਾ ਜੋ ਮੇਰੀ ਨਿਗਾਹ ਵਿੱਚ ਬੁਰਾ ਸੀ, ਯਹੋਵਾਹ ਦਾ ਵਾਕ ਹੈ। ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਚੀਜ਼ਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ

31ਉਹਨਾਂ ਨੇ ਤੋਫਥ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ, ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ।

32ਇਸ ਲਈ ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਅੱਗੇ ਨੂੰ ਇਹ ਤੋਫਥ ਨਾ ਅਖਵਾਏਗੀ ਅਤੇ ਨਾ ਬਨ-ਹਿੰਨੋਮ ਦੀ ਵਾਦੀ, ਸਗੋਂ “ਕਤਲ ਦੀ ਵਾਦੀ,” ਕਿਉਂ ਜੋ ਉਹ ਤੋਫਥ ਵਿੱਚ ਦੱਬਣਗੇ ਕਿਉਂਕਿ ਹੋਰ ਕੋਈ ਥਾਂ ਨਾ ਹੋਵੇਗਾ।

33ਅਤੇ ਇਸ ਪਰਜਾ ਦੀਆਂ ਲੋਥਾਂ ਅਕਾਸ਼ ਦੇ ਪੰਛੀ ਅਤੇ ਧਰਤੀ ਦੇ ਦਰਿੰਦੇ ਖਾਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ।

34ਤਦ ਮੈਂ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼ ਅਤੇ ਲਾੜੀ ਦੀ ਅਵਾਜ਼ ਬੰਦ ਕਰ ਦਿਆਂਗਾ ਕਿਉਂ ਜੋ ਇਹ ਦੇਸ ਉਜਾੜ ਬਣ ਜਾਵੇਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath