ਯਿਰਮਿਯਾਹ 5
1ਤੁਸੀਂ ਯਰੂਸ਼ਲਮ ਦੀਆਂ ਗਲੀਆਂ ਵਿੱਚ ਐਧਰ ਉੱਧਰ ਨੱਸੋ, ਵੇਖੋ ਅਤੇ ਜਾਣੋ ਅਤੇ ਉਹ ਦੇ ਚੌਕਾਂ ਵਿੱਚ ਭਾਲੋ, ਜੇ ਕੋਈ ਮਨੁੱਖ ਤੁਹਾਨੂੰ ਮਿਲ ਸਕੇ, ਜਿਹੜਾ ਇਨਸਾਫ਼ ਕਰਨ ਵਾਲਾ, ਅਤੇ ਸਚਿਆਈ ਦਾ ਭਾਲਣ ਵਾਲਾ ਹੋਵੇ, ਤਾਂ ਮੈਂ ਉਹ ਨੂੰ ਮਾਫ਼ ਕਰ ਦਿਆਂਗਾ।
2ਭਾਵੇਂ ਉਹ ਆਖਦੇ ਹਨ “ਜੀਉਂਦੇ ਯਹੋਵਾਹ ਦੀ ਸਹੁੰ,” ਉਹ ਜ਼ਰੂਰ ਝੂਠੀ ਸਹੁੰ ਖਾਂਦੇ ਹਨ।
3ਹੇ ਯਹੋਵਾਹ, ਕੀ ਤੇਰੀਆਂ ਅੱਖਾਂ ਸਚਿਆਈ ਦੇ ਉੱਤੇ ਨਹੀਂ ਹਨ? ਤੂੰ ਉਹਨਾਂ ਨੂੰ ਮਾਰਿਆ ਕੁੱਟਿਆ, ਪਰ ਉਹ ਨਹੀਂ ਝੁਰੇ, ਤੂੰ ਉਹਨਾਂ ਨੂੰ ਮੁਕਾ ਦਿੱਤਾ, ਪਰ ਉਹ ਸਿੱਖਿਆ ਲੈਣ ਤੋਂ ਮੁੱਕਰ ਗਏ। ਉਹਨਾਂ ਨੇ ਆਪਣੇ ਚਿਹਰਿਆਂ ਨੂੰ ਪੱਥਰ ਨਾਲੋਂ ਵੀ ਸਖ਼ਤ ਕੀਤਾ ਹੈ, ਪਰ ਉਹ ਮੁੜਨ ਤੋਂ ਮੁੱਕਰ ਗਏ ਹਨ।
4ਤਦ ਮੈਂ ਆਖਿਆ, ਇਹ ਸੱਚ-ਮੁੱਚ ਗਰੀਬ ਹਨ, ਇਹ ਬੇਅਕਲ ਹਨ, ਤਾਂ ਯਹੋਵਾਹ ਦੇ ਰਾਹ ਨੂੰ ਨਹੀਂ ਜਾਣਦੇ, ਨਾ ਆਪਣੇ ਪਰਮੇਸ਼ੁਰ ਦੇ ਇਨਸਾਫ਼ ਨੂੰ।
5ਮੈਂ ਵੱਡਿਆਂ ਕੋਲ ਜਾਂਵਾਂਗਾ, ਮੈਂ ਉਹਨਾਂ ਦੇ ਨਾਲ ਬੋਲਾਂਗਾ, ਉਹ ਤਾਂ ਯਹੋਵਾਹ ਦੇ ਰਾਹ ਨੂੰ ਜਾਣਦੇ ਹਨ, ਅਤੇ ਆਪਣੇ ਪਰਮੇਸ਼ੁਰ ਦੇ ਇਨਸਾਫ਼ ਨੂੰ ਵੀ। ਪਰ ਉਹਨਾਂ ਨੇ ਰਲ ਮਿਲ ਕੇ ਜੂਲਾ ਭੰਨ ਸੁੱਟਿਆ ਹੈ, ਅਤੇ ਬੰਧਨਾਂ ਨੂੰ ਤੋੜ ਛੱਡਿਆ ਹੈ।
6ਇਸ ਲਈ ਜੰਗਲ ਦਾ ਬੱਬਰ ਸ਼ੇਰ ਉਹਨਾਂ ਨੂੰ ਮਾਰ ਸੁੱਟੇਗਾ, ਅਤੇ ਉਜਾੜ ਦਾ ਬਘਿਆੜ ਉਹਨਾਂ ਨੂੰ ਨਾਸ ਕਰੇਗਾ, ਚੀਤਾ ਉਹਨਾਂ ਦੇ ਸ਼ਹਿਰਾਂ ਦੀ ਘਾਤ ਵਿੱਚ ਰਹਿੰਦਾ ਹੈ, - ਹਰੇਕ ਜਿਹੜਾ ਉਹਨਾਂ ਵਿੱਚੋਂ ਬਾਹਰ ਜਾਵੇ ਪਾੜਿਆ ਜਾਵੇਗਾ, ਕਿਉਂ ਜੋ ਉਹਨਾਂ ਦੇ ਅਪਰਾਧ ਬਹੁਤ ਹੋ ਗਏ, ਉਹਨਾਂ ਦੀਆਂ ਫਿਰਤਾਂ ਵਧ ਗਈਆਂ ਹਨ।
7ਮੈਂ ਤੈਨੂੰ ਕਿਵੇਂ ਮਾਫ਼ ਕਰ ਸਕਦਾ ਹਾਂ? ਤੇਰੇ ਪੁੱਤਰਾਂ ਨੇ ਮੈਨੂੰ ਤਿਆਗ ਦਿੱਤਾ ਹੈ, ਅਤੇ ਉਹਨਾਂ ਦੀ ਸਹੁੰ ਖਾਧੀ ਹੈ ਜਿਹੜੇ ਦੇਵਤੇ ਵੀ ਨਹੀਂ! ਜਦ ਮੈਂ ਉਹਨਾਂ ਨੂੰ ਰਜਾ ਕੇ ਖੁਆਇਆ, ਉਹਨਾਂ ਨੇ ਵਿਭਚਾਰ ਕੀਤਾ, ਉਹ ਟੋਲੀਆਂ ਬਣ ਕੇ ਕੰਜਰੀਆਂ ਦੇ ਘਰ ਵਿੱਚ ਇਕੱਠੇ ਹੋਏ!
8ਉਹ ਰੱਜੇ ਹੋਏ ਘੋੜਿਆਂ ਵਾਂਗੂੰ ਫਿਰਦੇ ਸਨ, ਹਰੇਕ ਆਪਣੇ ਗੁਆਂਢੀ ਦੀ ਔਰਤ ਉੱਤੇ ਹਿਣਕਦਾ ਹੈ।
9ਕੀ ਮੈਂ ਇਹਨਾਂ ਗੱਲਾਂ ਦੀ ਖ਼ਬਰ ਨਾ ਲਵਾਂਗਾ? ਯਹੋਵਾਹ ਦਾ ਵਾਕ ਹੈ, ਅਤੇ ਮੇਰੀ ਜਾਨ ਅਜਿਹੀ ਕੌਮ ਕੋਲੋਂ ਬਦਲਾ ਨਾ ਲਵੇਗੀ?
10ਤੁਸੀਂ ਉਹ ਦੀਆਂ ਕੰਧਾਂ ਉੱਤੇ ਚੜ੍ਹ ਜਾਓ ਅਤੇ ਨਾਸ ਕਰੋ, ਪਰ ਉਹ ਨੂੰ ਮੂਲੋਂ ਹੀ ਨਾ ਮੁਕਾ ਦਿਓ। ਉਹ ਦੀਆਂ ਡਾਲੀਆਂ ਛਾਂਗ ਸੁੱਟੋ, ਉਹ ਯਹੋਵਾਹ ਦੀਆਂ ਨਹੀਂ ਹਨ।
11ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਮੇਰੇ ਨਾਲ ਬੜਾ ਦਗ਼ਾ ਕੀਤਾ, ਯਹੋਵਾਹ ਦਾ ਵਾਕ ਹੈ।
12ਉਹਨਾਂ ਨੇ ਯਹੋਵਾਹ ਦਾ ਇਨਕਾਰ ਕੀਤਾ, ਅਤੇ ਆਖਿਆ ਇਹ ਉਹ ਨਹੀਂ, ਸਾਡੇ ਉੱਤੇ ਕੋਈ ਬੁਰਿਆਈ ਨਹੀਂ ਆਵੇਗੀ, ਅਸੀਂ ਨਾ ਤਲਵਾਰ ਨਾ ਕਾਲ ਵੇਖਾਂਗੇ।
13ਨਬੀ ਹਵਾ ਬਣ ਜਾਣਗੇ, ਬਚਨ ਉਹਨਾਂ ਵਿੱਚ ਹੈ ਨਹੀਂ, ਐਉਂ ਉਹਨਾਂ ਨਾਲ ਹੋ ਜਾਵੇਗਾ।
14ਸੋ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਐਉਂ ਫਰਮਾਉਂਦਾ ਹੈ, ਇਸ ਲਈ ਕਿ ਤੁਸੀਂ ਇਹ ਬਚਨ ਆਖਿਆ ਹੈ, ਵੇਖ, ਮੈਂ ਇਹਨਾਂ ਗੱਲਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿੰਦਾ ਹਾਂ, ਅਤੇ ਇਸ ਪਰਜਾ ਨੂੰ ਲੱਕੜੀ, ਇਹ ਉਹਨਾਂ ਨੂੰ ਖਾ ਜਾਵੇਗੀ।
15ਹੇ ਇਸਰਾਏਲ ਦੇ ਘਰਾਣੇ, ਵੇਖੋ, ਦੂਰੋਂ ਇੱਕ ਕੌਮ ਨੂੰ ਤੁਹਾਡੇ ਉੱਤੇ ਚੜ੍ਹਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। ਉਹ ਇੱਕ ਸੂਰਮੀ ਕੌਮ ਹੈ, ਉਹ ਇੱਕ ਸਨਾਤਨੀ ਕੌਮ ਹੈ, ਇੱਕ ਕੌਮ ਜਿਹ ਦੀ ਬੋਲੀ ਤੂੰ ਨਹੀਂ ਜਾਣਦਾ, ਅਤੇ ਨਾ ਸਮਝ ਸਕਦਾ ਹੈ ਕਿ ਉਹ ਕੀ ਬੋਲਦੀ ਹੈ।
16ਉਹਨਾਂ ਦਾ ਤਰਕਸ਼ ਖੁੱਲ੍ਹੀ ਗੋਰ ਹੈ, ਉਹ ਸਾਰਿਆਂ ਦੇ ਸਾਰੇ ਸੂਰਮੇ ਹਨ।
17ਉਹ ਤੇਰੀ ਫ਼ਸਲ ਅਤੇ ਤੇਰੀ ਰੋਟੀ ਖਾ ਜਾਣਗੇ, ਉਹ ਤੇਰੇ ਇੱਜੜਾਂ ਨੂੰ ਅਤੇ ਤੇਰੇ ਵੱਗਾਂ ਨੂੰ ਖਾ ਜਾਣਗੇ, ਉਹ ਤੇਰੇ ਅੰਗੂਰ ਅਤੇ ਤੇਰੀ ਹੰਜ਼ੀਰ ਚੱਟ ਕਰ ਲੈਣਗੇ, ਉਹ ਤੇਰੇ ਗੜ੍ਹ ਵਾਲੇ ਸ਼ਹਿਰ ਜਿਹਨਾਂ ਉੱਤੇ ਤੇਰਾ ਮਾਣ ਹੈ ਤਲਵਾਰ ਨਾਲ ਢਾਹ ਦੇਣਗੇ।
18ਪਰ ਉਹਨਾਂ ਦਿਨਾਂ ਵਿੱਚ ਵੀ ਮੈਂ ਤੈਨੂੰ ਮੂਲੋਂ ਹੀ ਨਾ ਮੁਕਾਵਾਂਗਾ, ਯਹੋਵਾਹ ਦਾ ਵਾਕ ਹੈ
19ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਆਖਣਗੇ, ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਇਹ ਕਿਉਂ ਕੀਤਾ ਹੈ? ਤਦ ਤੁਸੀਂ ਉਹਨਾਂ ਨੂੰ ਆਖੋਗੇ, ਜਿਵੇਂ ਤੁਸੀਂ ਮੈਨੂੰ ਤਿਆਗ ਦਿੱਤਾ ਅਤੇ ਆਪਣੇ ਦੇਸ ਵਿੱਚ ਓਪਰੇ ਦੇਵਤੇ ਦੀ ਪੂਜਾ ਕੀਤੀ ਤਿਵੇਂ ਤੁਸੀਂ ਪਰਾਇਆਂ ਦੀ ਸੇਵਾ ਉਸੇ ਦੇਸ ਵਿੱਚ ਜਿਹੜਾ ਤੁਹਾਡਾ ਨਹੀਂ ਹੈ ਕਰੋਗੇ।
20ਯਾਕੂਬ ਦੇ ਘਰਾਣੇ ਵਿੱਚ ਇਹ ਦੱਸੋ, ਅਤੇ ਯਹੂਦਾਹ ਵਿੱਚ ਇਹ ਸੁਣਾਓ,
21ਹੇ ਮੂਰਖ ਅਤੇ ਬੇਸਮਝ ਲੋਕੋ, ਇਹ ਨੂੰ ਸੁਣੋ ਤਾਂ, ਤੁਸੀਂ ਜਿਹਨਾਂ ਦੀਆਂ ਅੱਖਾਂ ਤਾਂ ਹਨ ਪਰ ਵੇਖਦੇ ਨਹੀਂ, ਜਿਹਨਾਂ ਦੇ ਕੰਨ ਤਾਂ ਹਨ ਪਰ ਸੁਣਦੇ ਨਹੀਂ,
22ਕੀ ਤੁਸੀਂ ਮੈਥੋਂ ਨਹੀਂ ਡਰਦੇ? ਯਹੋਵਾਹ ਦਾ ਵਾਕ ਹੈ, ਕੀ ਤੁਸੀਂ ਮੇਰੇ ਅੱਗੇ ਨਾ ਕੰਬੋਗੇ, ਜਿਹਨੇ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਭਈ ਉਹ ਉਸ ਤੋਂ ਲੰਘ ਨਹੀਂ ਸਕਦਾ? ਭਾਵੇਂ ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸਕਦੀਆਂ, ਭਾਵੇਂ ਉਹ ਗੱਜਣ ਪਰ ਉਹ ਉਸ ਤੋਂ ਲੰਘ ਨਹੀਂ ਸਕਦੀਆਂ।
23ਪਰ ਇਸ ਪਰਜਾ ਦਾ ਦਿਲ ਜ਼ਿੱਦੀ ਅਤੇ ਆਕੀ ਹੈ, ਉਹ ਇੱਕ ਪਾਸੇ ਹੋ ਕੇ ਚਲੇ ਗਏ।
24ਉਹ ਆਪਣੇ ਮਨ ਵਿੱਚ ਨਹੀਂ ਆਖਦੇ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੀਏ, ਜਿਹੜਾ ਸਾਨੂੰ ਰੁੱਤ ਸਿਰ ਮੀਂਹ ਦਿੰਦਾ ਹੈ, ਪਹਿਲਾ ਅਤੇ ਪਿਛਲਾ ਮੀਂਹ, ਉਹ ਫ਼ਸਲ ਦੇ ਮਿੱਥੇ ਹੋਏ ਹਫ਼ਤਿਆਂ ਨੂੰ ਸਾਡੇ ਲਈ ਸਾਂਭ ਕੇ ਰੱਖਦਾ ਹੈ।
25ਤੁਹਾਡੀਆਂ ਬੁਰਿਆਈਆਂ ਨੇ ਇਹ ਚੀਜ਼ਾਂ ਤੁਹਾਥੋਂ ਦੂਰ ਕਰ ਦਿੱਤੀਆਂ ਹਨ, ਤੁਹਾਡੇ ਪਾਪਾਂ ਨੇ ਇਹ ਚੰਗੀਆਂ ਚੀਜ਼ਾਂ ਤੁਹਾਥੋਂ ਡੱਕ ਲਈਆਂ ਹਨ।
26ਮੇਰੀ ਪਰਜਾ ਵਿੱਚ ਤਾਂ ਦੁਸ਼ਟ ਪਾਏ ਗਏ, ਉਹ ਫਾਂਧੀਆਂ ਵਾਂਗੂੰ ਘਾਤ ਵਿੱਚ ਬੈਠਦੇ ਹਨ, ਉਹ ਫਾਹੀ ਲਾਉਂਦੇ ਹਨ, ਉਹ ਮਨੁੱਖਾਂ ਨੂੰ ਫੜ੍ਹਦੇ ਹਨ।
27ਜਿਵੇਂ ਪਿੰਜਰਾ ਪੰਛੀਆਂ ਨਾਲ ਭਰਿਆ ਹੋਇਆ ਹੁੰਦਾ ਹੈ, ਤਿਵੇਂ ਉਹਨਾਂ ਦੇ ਘਰ ਮੱਕਾਰੀ ਨਾਲ ਭਰੇ ਹੋਏ ਹਨ, ਇਸੇ ਲਈ ਉਹ ਵੱਡੇ ਅਤੇ ਧਨੀ ਹੋ ਗਏ ਹਨ।
28ਉਹ ਮੋਟੇ ਹੋ ਗਏ ਅਤੇ ਫਿੱਟ ਗਏ, ਨਾਲੇ ਉਹ ਬੁਰੀਆਂ ਗੱਲਾਂ ਵਿੱਚ ਵਧ ਗਏ, ਉਹ ਇਨਸਾਫ਼ ਵੀ ਨਹੀਂ ਕਰਦੇ, ਨਾ ਹੀ ਯਤੀਮਾਂ ਦਾ, ਭਈ ਉਹ ਸਫ਼ਲ ਹੋਣ, ਉਹ ਕੰਗਾਲਾਂ ਦਾ ਇਨਸਾਫ਼ ਨਾਲ ਨਿਆਂ ਨਹੀਂ ਕਰਦੇ।
29ਕੀ ਮੈਂ ਇਹਨਾਂ ਗੱਲਾਂ ਦੀ ਸਜ਼ਾ ਨਾ ਦਿਆਂਗਾ? ਯਹੋਵਾਹ ਦਾ ਵਾਕ ਹੈ, ਕੀ ਮੈਂ ਆਪ ਹੀ ਵੱਟਾ ਨਾ ਲਵਾਂਗਾ, ਅਜਿਹੀ ਕੌਮ ਤੋਂ ਜਿਵੇਂ ਇਹ ਹੈ?
30ਇੱਕ ਅਚਰਜ਼ ਅਤੇ ਭਿਆਨਕ ਗੱਲ ਦੇਸ ਵਿੱਚ ਹੋਈ ਹੈ,
31ਨਬੀ ਝੂਠੇ ਅਗੰਮ ਵਾਚਦੇ ਹਨ, ਜਾਜਕ ਉਹਨਾਂ ਦੇ ਕਾਰਨ ਹੁਕਮ ਚਲਾਉਂਦੇ ਹਨ, ਅਤੇ ਮੇਰੀ ਪਰਜਾ ਐਉਂ ਹੀ ਪਸੰਦ ਕਰਦੀ ਹੈ! ਪਰ ਜਦ ਓੜਕ ਹੋਵੇਗਾ ਤਾਂ ਤੁਸੀਂ ਕੀ ਕਰੋਗੇ?।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath