ਯਿਰਮਿਯਾਹ 52
1ਜਦ ਸਿਦਕੀਯਾਹ ਰਾਜ ਕਰਨ ਲੱਗਾ ਤਾਂ ਇੱਕੀਆਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰ੍ਹਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਿਯਾਹ ਦੀ ਧੀ ਸੀ
2ਅਤੇ ਸਭ ਕੁਝ ਜੋ ਯਹੋਯਾਕੀਮ ਨੇ ਕੀਤਾ ਸੀ ਉਸੇ ਦੇ ਅਨੁਸਾਰ ਉਸ ਨੇ ਵੀ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ
3ਕਿਉਂ ਜੋ ਯਹੋਵਾਹ ਦੇ ਕ੍ਰੋਧ ਕਰ ਕੇ ਜੋ ਯਰੂਸ਼ਲਮ ਅਤੇ ਯਹੂਦਾਹ ਦੇ ਉੱਤੇ ਸੀ ਇਹ ਹੋਇਆ ਕਿ ਅੰਤ ਨੂੰ ਉਸ ਨੇ ਉਨ੍ਹਾਂ ਨੂੰ ਆਪਣੇ ਸਾਹਮਣਿਓਂ ਕੱਢ ਦਿੱਤਾ ਅਤੇ ਸਿਦਕੀਯਾਹ ਬਾਬਲ ਦੇ ਰਾਜਾ ਤੋਂ ਬੇਮੁੱਖ ਹੋ ਗਿਆ।
4ਇਸ ਤਰ੍ਹਾਂ ਹੋਇਆ ਕਿ ਉਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਸਾਰੀ ਸੈਨਾਂ ਦੇ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਹ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਨ੍ਹਾਂ ਨੇ ਉਹ ਦੇ ਸਾਹਮਣੇ ਤੇ ਆਲੇ-ਦੁਆਲੇ ਦਮਦਮਾ ਬਣਾਇਆ
5ਅਤੇ ਸਿਦਕੀਯਾਹ ਰਾਜਾ ਦੇ ਸ਼ਾਸਨ ਦੇ ਗਿਆਰਵੇਂ ਸਾਲ ਤੱਕ ਸ਼ਹਿਰ ਘੇਰਿਆ ਰਿਹਾ
6ਚੌਥੇ ਮਹੀਨੇ ਦੇ ਨੌਵੇਂ ਦਿਨ ਜਦ ਕਾਲ ਸ਼ਹਿਰ ਵਿੱਚ ਡਾਢਾ ਹੋ ਗਿਆ ਅਤੇ ਦੇਸ ਦੇ ਲੋਕਾਂ ਲਈ ਰੋਟੀ ਨਾ ਰਹੀ
7ਤਦ ਸ਼ਹਿਰ ਤੋੜਿਆ ਗਿਆ ਅਤੇ ਦੋਹਾਂ ਕੰਧਾਂ ਦੇ ਵਿਚਕਾਰ ਜੋ ਫਾਟਕ ਰਾਜਾ ਦੇ ਬਾਗ ਦੇ ਕੋਲ ਸੀ ਉਹ ਦੇ ਰਾਹੀਂ ਸਾਰੇ ਯੋਧੇ ਰਾਤੋਂ-ਰਾਤ ਭੱਜ ਗਏ ਜਦ ਕਸਦੀ ਸ਼ਹਿਰ ਦੇ ਆਲੇ-ਦੁਆਲੇ ਸਨ ਤਾਂ ਉਹ ਮੈਦਾਨ ਦੇ ਰਾਹ ਗਏ
8ਅਤੇ ਕਸਦੀਆਂ ਦੀ ਸੈਨਾਂ ਨੇ ਰਾਜਾ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨ ਵਿੱਚ ਸਿਦਕੀਯਾਹ ਨੂੰ ਜਾ ਲਿਆ ਅਤੇ ਉਹ ਦੀ ਸਾਰੀ ਸੈਨਾਂ ਉਹ ਦੇ ਕੋਲੋਂ ਖਿੰਡ-ਪੁੰਡ ਗਈ
9ਸੋ ਉਨ੍ਹਾਂ ਨੇ ਰਾਜਾ ਨੂੰ ਫੜ੍ਹ ਲਿਆ ਅਤੇ ਉਹ ਨੂੰ ਹਮਾਥ ਦੇਸ ਦੇ ਰਿਬਲਾਹ ਵਿੱਚ ਬਾਬਲ ਦੇ ਰਾਜਾ ਕੋਲ ਲਿਆਏ ਤਾਂ ਉਸ ਨੇ ਉਹ ਦਾ ਨਿਆਂ ਕੀਤਾ
10ਤਾਂ ਬਾਬਲ ਦੇ ਰਾਜਾ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਕੋਹਿਆ ਨਾਲੇ ਯਹੂਦਾਹ ਦੇ ਸਾਰੇ ਸਰਦਾਰਾਂ ਨੂੰ ਰਿਬਲਾਹ ਵਿੱਚ ਵੱਢ ਸੁੱਟਿਆ
11ਉਸ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਅਤੇ ਉਹ ਨੂੰ ਬੇੜੀਆਂ ਨਾਲ ਜਕੜ ਕੇ ਬਾਬਲ ਵਿੱਚ ਲਿਆਇਆ ਅਤੇ ਉਹ ਨੂੰ ਪਹਿਰੇ ਦੇ ਘਰ ਵਿੱਚ ਉਹ ਦੀ ਮੌਤ ਦੇ ਦਿਨ ਤੱਕ ਰੱਖਿਆ।
12ਪੰਜਵੇਂ ਮਹੀਨੇ ਦੇ ਦਸਵੇਂ ਦਿਨ ਜੋ ਬਾਬਲ ਦੇ ਰਾਜਾ ਨਬੂਕਦਨੱਸਰ ਦਾ ਉੱਨੀਵਾਂ ਸਾਲ ਸੀ ਸ਼ਾਹੀ ਜੱਲਾਦਾਂ ਦਾ ਸਰਦਾਰ ਨਬੂਜ਼ਰਦਾਨ ਜੋ ਬਾਬਲ ਦੇ ਰਾਜਾ ਦਾ ਚਾਕਰ ਸੀ ਯਰੂਸ਼ਲਮ ਵਿੱਚ ਆਇਆ
13ਅਤੇ ਯਹੋਵਾਹ ਦਾ ਭਵਨ ਅਤੇ ਰਾਜਾ ਦਾ ਮਹਿਲ ਸਾੜ ਸੁੱਟਿਆ, ਹਾਂ, ਯਰੂਸ਼ਲਮ ਦੇ ਸਾਰੇ ਘਰ, ਨਾਲੇ ਹਰ ਮਹਾਂ ਪੁਰਸ਼ ਦਾ ਘਰ ਉਸ ਨੇ ਅੱਗ ਨਾਲ ਫੂਕ ਦਿੱਤਾ
14ਅਤੇ ਕਸਦੀਆਂ ਦੀ ਸਾਰੀ ਸੈਨਾਂ ਨੇ ਜੋ ਜੱਲਾਦਾਂ ਦੇ ਸਰਦਾਰ ਦੇ ਨਾਲ ਸੀ, ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ
15ਅਤੇ ਲੋਕਾਂ ਦੇ ਅੱਤ ਗਰੀਬਾਂ ਵਿੱਚੋਂ ਅਤੇ ਬਚੇ-ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜੋ ਬਾਬਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਕਾਰੀਗਰਾਂ ਦੇ ਬਕੀਏ ਨੂੰ ਨਬੂਜ਼ਰਦਾਨ ਜੱਲਾਦਾਂ ਦਾ ਸਰਦਾਰ ਗ਼ੁਲਾਮ ਕਰ ਕੇ ਲੈ ਗਿਆ
16ਪਰ ਨਬੂਜ਼ਰਦਾਨ ਜੱਲਾਦਾਂ ਦੇ ਸਰਦਾਰ ਨੇ ਦੇਸ ਦੇ ਅੱਤ ਕੰਗਾਲਾਂ ਵਿੱਚੋਂ ਕੁਝ ਲੋਕ ਛੱਡ ਦਿੱਤੇ ਕਿ ਦਾਖ ਦੇ ਬਾਗ਼ਾਂ ਦੇ ਰਾਖੇ ਤੇ ਬਾਗਬਾਨ ਹੋਣ
17ਅਤੇ ਪਿੱਤਲ ਦੇ ਉਹਨਾਂ ਥੰਮ੍ਹਾਂ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸਨ ਅਤੇ ਕੁਰਸੀਆਂ ਨੂੰ ਅਤੇ ਪਿੱਤਲ ਦੇ ਵੱਡੇ ਹੌਦ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸੀ ਕਸਦੀਆਂ ਨੇ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਉਹ ਉਹਨਾਂ ਦਾ ਸਾਰਾ ਪਿੱਤਲ ਬਾਬਲ ਨੂੰ ਲੈ ਗਏ
18ਅਤੇ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ
19ਨਾਲੇ ਕਟੋਰੇ, ਅੰਗੀਠੀਆਂ, ਬਾਟੇ, ਵਲਟੋਹੇ, ਸ਼ਮਾਦਾਨ, ਕੌਲੀਆਂ, ਅਤੇ ਕਟੋਰਦਾਨ ਜੋ ਸੋਨੇ ਦੇ ਸਨ ਉਹਨਾਂ ਦਾ ਸੋਨਾ ਅਤੇ ਜੋ ਚਾਂਦੀ ਦੇ ਸਨ ਉਹਨਾਂ ਦੀ ਚਾਂਦੀ ਜੱਲਾਦਾਂ ਦਾ ਸਰਦਾਰ ਲੈ ਗਿਆ
20ਰਹੇ ਦੋ ਥੰਮ੍ਹ, ਵੱਡਾ ਹੌਦ, ਉਹ ਦੇ ਹੇਠਾਂ ਦੇ ਬਾਰਾਂ ਸਾਨ੍ਹ, ਅਤੇ ਕੁਰਸੀਆਂ ਜਿਨ੍ਹਾਂ ਨੂੰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਤੋਂ ਬਾਹਰ ਸੀ
21ਹਰ ਥੰਮ੍ਹ ਅਠਾਰਾਂ ਹੱਥ ਉੱਚਾ ਸੀ ਅਤੇ ਬਾਰਾਂ ਹੱਥ ਦੀ ਰੱਸੀ ਉਹ ਦੇ ਦੁਆਲੇ ਆਉਂਦੀ ਸੀ ਅਤੇ ਉਹ ਚਾਰ ਉਂਗਲ ਮੋਟਾ ਸੀ ਤੇ ਪੋਲਾ ਸੀ
22ਉਹ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਪੰਜ ਹੱਥ ਉੱਚਾ ਸੀ ਅਤੇ ਉਹ ਕਲਸ ਉੱਤੇ ਚੁਫ਼ੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਜਾ ਥੰਮ੍ਹ ਵੀ ਇਹੋ ਜਿਹਾ ਸੀ ਅਤੇ ਉਸ ਉੱਤੇ ਵੀ ਅਨਾਰ ਸਨ
23ਛਿਆਨਵੇਂ ਅਨਾਰ ਉਸ ਦੇ ਪਾਸੇ ਉੱਤੇ ਸਨ ਅਤੇ ਜਾਲੀ ਦੇ ਦੁਆਲੇ ਦੇ ਸਾਰੇ ਅਨਾਰ ਇੱਕ ਸੌ ਸਨ।
24ਜੱਲਾਦਾਂ ਦੇ ਸਰਦਾਰ ਨੇ ਸਰਾਯਾਹ ਪ੍ਰਧਾਨ ਜਾਜਕ ਅਤੇ ਉਹ ਦੇ ਹੇਠਲੇ ਜਾਜਕ ਸਫ਼ਨਯਾਹ ਅਤੇ ਤਿੰਨਾਂ ਦਰਬਾਨਾਂ ਨੂੰ ਫੜ ਲਿਆ
25ਅਤੇ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ ਜੋ ਯੋਧਿਆਂ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਰਾਜਾ ਦੇ ਸਨਮੁਖ ਰਹਿੰਦੇ ਸਨ ਉਨ੍ਹਾਂ ਵਿੱਚੋਂ ਸੱਤ ਮਨੁੱਖਾਂ ਨੂੰ ਜੋ ਸ਼ਹਿਰ ਵਿੱਚ ਮਿਲੇ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ
26ਇਨ੍ਹਾਂ ਨੂੰ ਜੱਲਾਦਾਂ ਦਾ ਸਰਦਾਰ ਨਬੂਜ਼ਰਦਾਨ ਫੜ੍ਹ ਕੇ ਬਾਬਲ ਦੇ ਰਾਜਾ ਦੇ ਕੋਲ ਰਿਬਲਾਹ ਵਿੱਚ ਲੈ ਗਿਆ
27ਅਤੇ ਬਾਬਲ ਦੇ ਰਾਜਾ ਨੇ ਉਨ੍ਹਾਂ ਨੂੰ ਹਮਾਥ ਦੇਸ ਦੇ ਰਿਬਲਾਹ ਵਿੱਚ ਮਾਰ ਕੇ ਉਨ੍ਹਾਂ ਦਾ ਘਾਤ ਕੀਤਾ ਸੋ ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਗ਼ੁਲਾਮ ਹੋ ਗਿਆ।
28ਇਹ ਉਹ ਲੋਕ ਹਨ ਜਿਹਨਾਂ ਨੂੰ ਨਬੂਕਦਨੱਸਰ ਗ਼ੁਲਾਮ ਕਰ ਕੇ ਲੈ ਗਿਆ - ਸੱਤਵੇਂ ਸਾਲ ਵਿੱਚ ਤਿੰਨ ਹਜ਼ਾਰ ਤੇਈ ਯਹੂਦੀ
29ਅਤੇ ਨਬੂਕਦਨੱਸਰ ਦੇ ਅਠਾਰਵੇਂ ਸਾਲ ਉਹ ਯਰੂਸ਼ਲਮ ਵਿੱਚੋਂ ਅੱਠ ਸੌ ਬੱਤੀ ਜਾਨਾਂ ਨੂੰ ਗ਼ੁਲਾਮ ਕਰਕੇ ਲੈ ਗਿਆ
30ਨਬੂਕਦਨੱਸਰ ਦੇ ਤੇਈਵੇਂ ਸਾਲ ਨਬੂਜ਼ਰਦਾਨ ਜੱਲਾਦਾਂ ਦਾ ਸਰਦਾਰ ਸੱਤ ਸੌ ਪੰਤਾਲੀ ਯਹੂਦੀ ਗ਼ੁਲਾਮ ਕਰ ਕੇ ਲੈ ਗਿਆ। ਇਹ ਸਾਰੇ ਜਣੇ ਚਾਰ ਹਜ਼ਾਰ ਛੇ ਸੌ ਸਨ।
31ਅਤੇ ਯਹੂਦਾਹ ਦੇ ਰਾਜਾ ਯਹੋਯਾਕੀਨ ਦੀ ਗ਼ੁਲਾਮੀ ਦੇ ਸੈਂਤੀਵੇਂ ਸਾਲ ਦੇ ਬਾਰ੍ਹਵੇਂ ਮਹੀਨੇ ਦੇ ਪੱਚੀਵੇਂ ਦਿਨ ਅਜਿਹਾ ਹੋਇਆ ਕਿ ਬਾਬਲ ਦੇ ਰਾਜਾ ਅਵੀਲ-ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਹੀ ਸਾਲ ਯਹੂਦਾਹ ਦੇ ਰਾਜਾ ਯਹੋਯਾਕੀਨ ਨੂੰ ਕੈਦ ਤੋਂ ਕੱਢ ਕੇ ਉਹ ਨੂੰ ਉੱਚਿਆਂ ਕੀਤਾ
32ਅਤੇ ਉਸ ਨੇ ਉਹ ਦੇ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਉਹ ਦੇ ਸਿੰਘਾਸਣ ਨੂੰ ਉਹਨਾਂ ਰਾਜਿਆਂ ਦੇ ਸਿੰਘਾਸਣਾਂ ਨਾਲੋਂ ਜੋ ਉਹ ਦੇ ਬਾਬਲ ਵਿੱਚ ਸਨ ਉੱਚਿਆਂ ਕੀਤਾ
33ਸੋ ਯਹੋਯਾਕੀਨ ਆਪਣੇ ਕੈਦ ਵਾਲੇ ਬਸਤਰ ਬਦਲ ਕੇ ਉਹ ਉਮਰ ਭਰ ਉਸ ਦੇ ਸਾਹਮਣੇ ਰੋਟੀ ਖਾਂਦਾ ਰਿਹਾ
34ਉਹ ਦਾ ਰਾਸ਼ਨ ਸਦਾ ਦਾ ਰਾਸ਼ਨ ਸੀ ਅਤੇ ਉਹ ਨੂੰ ਰਾਜਾ ਵੱਲੋਂ ਉਹ ਦੀ ਉਮਰ ਭਰ ਮੌਤ ਤੱਕ ਨਿੱਤ ਦਿੱਤਾ ਜਾਂਦਾ ਰਿਹਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath