ਯਿਰਮਿਯਾਹ 51
1ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ, ਬਾਬਲ ਦੇ ਵਿਰੁੱਧ, ਲੇਬ-ਕਾਮਾਈ ਦੇ ਵਿਰੁੱਧ।
2ਮੈਂ ਬਾਬਲ ਲਈ ਉਡਾਵੇ ਘੱਲਾਂਗਾ, ਉਹ ਉਸ ਨੂੰ ਉਡਾਉਣਗੇ, ਉਹ ਦੇਸ ਨੂੰ ਸੱਖਣਾ ਕਰਨਗੇ, ਜਦ ਉਹ ਆਲਿਓਂ-ਦੁਆਲਿਓਂ ਉਸ ਦੇ ਵਿਰੁੱਧ, ਉਸ ਦੀ ਬਿਪਤਾ ਦੇ ਦਿਨ ਹੋਣਗੇ।
3ਤੀਰ-ਅੰਦਾਜ਼ ਆਪਣਾ ਧਣੁੱਖ ਤੀਰ-ਅੰਦਾਜ਼ ਦੇ ਵਿਰੁੱਧ ਚੜ੍ਹਾਵੇ, ਅਤੇ ਉਸ ਦੇ ਵਿਰੁੱਧ ਜੋ ਆਪਣੇ ਆਪ ਨੂੰ ਸੰਜੋ ਵਿੱਚ ਚੁੱਕਦਾ ਹੈ, ਤੁਸੀਂ ਉਸ ਦੇ ਜੁਆਨਾਂ ਦਾ ਸਰਫ਼ਾ ਨਾ ਕਰੋ, ਉਸ ਦੀ ਸਾਰੀ ਸੈਨਾਂ ਦਾ ਸੱਤਿਆ ਨਾਸ ਕਰ ਦਿਓ!
4ਉਹ ਮਾਰੇ ਜਾ ਕੇ ਕਸਦੀਆਂ ਦੇ ਦੇਸ ਵਿੱਚ ਡਿੱਗਣਗੇ, ਵਿੰਨ੍ਹੇ ਹੋਏ ਉਸ ਦੀਆਂ ਗਲੀਆਂ ਵਿੱਚ।
5ਕਿਉਂ ਜੋ ਇਸਰਾਏਲ ਅਤੇ ਯਹੂਦਾਹ, ਸੈਨਾਂ ਦੇ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਤਿਆਗੇ ਨਾ ਗਏ, ਭਾਵੇਂ ਉਹਨਾਂ ਦਾ ਦੇਸ ਇਸਰਾਏਲ ਦੇ ਪਵਿੱਤਰ ਪੁਰਖ ਦੇ ਅੱਗੇ ਦੋਸ਼ ਨਾਲ ਭਰਿਆ ਹੋਇਆ ਹੈ।
6ਬਾਬਲ ਦੇ ਵਿਚਕਾਰੋਂ ਨੱਠੋ, ਹਰੇਕ ਮਨੁੱਖ ਆਪਣੀ ਜਾਨ ਬਚਾਵੇ! ਉਸ ਦੀ ਬਦੀ ਵਿੱਚ ਮਾਰੇ ਨਾ ਜਾਓ, ਕਿਉਂ ਜੋ ਇਹ ਯਹੋਵਾਹ ਦੇ ਬਦਲੇ ਦਾ ਵੇਲਾ ਹੈ, ਉਹ ਉਸ ਨੂੰ ਵੱਟਾ ਦੇਵੇਗਾ।
7ਬਾਬਲ ਯਹੋਵਾਹ ਦੇ ਹੱਥ ਵਿੱਚ ਇੱਕ ਸੋਨੇ ਦਾ ਕਟੋਰਾ ਸੀ, ਜਿਸ ਸਾਰੀ ਧਰਤੀ ਨੂੰ ਨਸ਼ਈ ਕੀਤਾ, ਕੌਮਾਂ ਨੇ ਉਸ ਦੀ ਮਧ ਪੀਤੀ ਇਸ ਲਈ ਕੌਮਾਂ ਖੀਵੀਆਂ ਹੋ ਗਈਆਂ।
8ਬਾਬਲ ਮਲਕੜੇ ਡਿੱਗ ਪਿਆ ਅਤੇ ਭੰਨਿਆ ਤੋੜਿਆ ਗਿਆ, ਉਸ ਦੇ ਉੱਤੇ ਰੋਵੋ! ਉਸ ਦੇ ਦੁੱਖ ਲਈ ਬਲਸਾਨ ਲਓ, ਸ਼ਾਇਦ ਉਹ ਚੰਗਾ ਹੋ ਜਾਵੇ।
9ਅਸੀਂ ਤਾਂ ਬਾਬਲ ਨੂੰ ਚੰਗਾ ਕਰਨਾ ਚਾਹੁੰਦੇ ਸੀ, ਪਰ ਉਹ ਚੰਗਾ ਨਾ ਹੋਇਆ। ਤੁਸੀਂ ਉਸ ਨੂੰ ਛੱਡੋ, ਆਓ, ਅਸੀਂ ਹਰੇਕ ਆਪਣੇ ਦੇਸ ਨੂੰ ਤੁਰ ਚੱਲੀਏ, ਕਿਉਂ ਜੋ ਉਸ ਦਾ ਨਿਆਂ ਅਕਾਸ਼ ਦੇ ਨੇੜੇ ਪਹੁੰਚਿਆ, ਅਤੇ ਬੱਦਲਾਂ ਤੱਕ ਉੱਠ ਗਿਆ ਹੈ।
10ਯਹੋਵਾਹ ਨੇ ਸਾਡੇ ਧਰਮ ਨੂੰ ਪਰਗਟ ਕੀਤਾ ਹੈ, ਆਓ, ਸੀਯੋਨ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਦੇ ਕੰਮ ਦਾ ਵਰਣਨ ਕਰੀਏ।
11ਤੀਰਾਂ ਨੂੰ ਤਿੱਖਾ ਕਰੋ, ਢਾਲਾਂ ਨੂੰ ਤਕੜਾਈ ਨਾਲ ਫੜੋ! ਯਹੋਵਾਹ ਨੇ ਮਾਦੀ ਰਾਜਿਆਂ ਦੀ ਰੂਹ ਨੂੰ ਪਰੇਰਿਆ ਹੈ, ਕਿਉਂ ਜੋ ਉਸ ਦਾ ਪਰੋਜਨ ਬਾਬਲ ਦੇ ਉਜਾੜ ਦੇਣ ਦਾ ਹੈ, ਇਹ ਯਹੋਵਾਹ ਦਾ ਬਦਲਾ, ਹਾਂ, ਉਹ ਦੀ ਹੈਕਲ ਦਾ ਬਦਲਾ ਹੈ!
12ਬਾਬਲ ਦੀ ਸ਼ਹਿਰਪਨਾਹ ਦੇ ਵਿਰੁੱਧ ਝੰਡਾ ਖੜਾ ਕਰੋ, ਪਹਿਰੇ ਨੂੰ ਤਕੜਾ ਕਰੋ, ਪਹਿਰੇਦਾਰ ਨੂੰ ਕਾਇਮ ਕਰੋ, ਘਾਤ ਦੇ ਥਾਂ ਤਿਆਰ ਕਰੋ, ਕਿਉਂ ਜੋ ਯਹੋਵਾਹ ਨੇ ਮਤਾ ਪਕਾਇਆ ਸੋ ਕੀਤਾ ਵੀ, ਜਿਹੜਾ ਉਹ ਬਾਬਲ ਦੇ ਵਾਸੀਆਂ ਦੇ ਬਾਰੇ ਬੋਲਿਆ ਸੀ।
13ਬਹੁਤਿਆਂ ਖ਼ਜ਼ਾਨਿਆਂ ਵਾਲੀਏ, ਤੂੰ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਵੱਸਦੀ ਹੈਂ, ਤੇਰਾ ਅੰਤ ਆ ਗਿਆ, ਤੇਰੀ ਮਾਰ-ਧਾੜ ਦਾ ਹਾੜਾ ਭਰ ਗਿਆ।
14ਸੈਨਾਂ ਦੇ ਯਹੋਵਾਹ ਨੇ ਆਪਣੀ ਜਾਨ ਦੀ ਸਹੁੰ ਖਾਧੀ ਹੈ, ਮੈਂ ਜ਼ਰੂਰ ਤੈਨੂੰ ਆਦਮੀਆਂ ਨਾਲ ਸਲਾ ਵਾਂਗੂੰ ਭਰ ਦਿਆਂਗਾ, ਉਹ ਤੇਰੇ ਉੱਤੇ ਫਤਹ ਦਾ ਨਾਰਾ ਮਾਰਨਗੇ!
15ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ, ਅਤੇ ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ।
16ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਬਣਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।
17ਹਰੇਕ ਆਦਮੀ ਪਸ਼ੂ ਜਿਹਾ ਵਹਿਸ਼ੀ ਅਤੇ ਗਿਆਨਹੀਣ ਹੋ ਗਿਆ ਹੈ, ਹਰੇਕ ਸਰਾਫ਼ ਆਪਣੀ ਮੂਰਤ ਤੋਂ ਸ਼ਰਮਿੰਦਾ ਹੈ, ਕਿਉਂ ਜੋ ਉਸ ਦੀ ਢਾਲੀ ਹੋਈ ਮੂਰਤ ਝੂਠੀ ਹੈ, ਉਸ ਦੇ ਵਿੱਚ ਸਾਹ ਨਹੀਂ।
18ਉਹ ਫੋਕੇ ਹਨ, ਉਹ ਧੋਖੇ ਦਾ ਕੰਮ ਹਨ, ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ।
19ਯਾਕੂਬ ਦਾ ਹਿੱਸਾ ਉਹਨਾਂ ਵਰਗਾ ਨਹੀਂ, ਕਿਉਂ ਜੋ ਉਹ ਉਹਨਾਂ ਸਭਨਾਂ ਦਾ ਸਿਰਜਣਹਾਰ ਹੈ, ਉਹ ਉਸ ਦੀ ਮਿਲਖ਼ ਦਾ ਗੋਤ ਹੈ, - ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ।
20ਤੂੰ ਮੇਰੇ ਲਈ ਹਥੌੜਾ ਅਤੇ ਲੜਾਈ ਦਾ ਹਥਿਆਰ ਹੈਂ, ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ, ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ।
21ਮੈਂ ਤੇਰੇ ਨਾਲ ਘੋੜੇ ਅਤੇ ਉਸ ਦੇ ਸਵਾਰ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਰਥ ਅਤੇ ਸਾਰਥੀ ਨੂੰ ਭੰਨ ਸੁੱਟਾਂਗਾ।
22ਮੈਂ ਤੇਰੇ ਨਾਲ ਮਨੁੱਖ ਅਤੇ ਔਰਤ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਬੁੱਢੇ ਅਤੇ ਜੁਆਨ ਨੂੰ ਭੰਨ ਸੁੱਟਾਂਗਾ ਮੈਂ ਤੇਰੇ ਨਾਲ ਗੱਭਰੂ ਅਤੇ ਕੁਆਰੀ ਨੂੰ ਭੰਨ ਸੁੱਟਾਂਗਾ।
23ਮੈਂ ਤੇਰੇ ਨਾਲ ਅਯਾਲੀ ਅਤੇ ਉਸ ਦੇ ਇੱਜੜ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਹਾਲ੍ਹੀ ਅਤੇ ਉਸ ਦੀ ਜੋਗ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਸੂਬੇਦਾਰ ਅਤੇ ਰਈਸਾਂ ਨੂੰ ਭੰਨ ਸੁੱਟਾਂਗਾ।
24ਮੈਂ ਬਾਬਲ ਅਤੇ ਕਸਦੀਆਂ ਦੇ ਸਾਰੇ ਵਾਸੀਆਂ ਨੂੰ ਉਸ ਸਾਰੀ ਬੁਰਿਆਈ ਦਾ ਜਿਹੜੀ ਉਹਨਾਂ ਸੀਯੋਨ ਵਿੱਚ ਤੁਹਾਡੇ ਵੇਖਦਿਆਂ ਕੀਤੀ ਬਦਲਾ ਦਿਆਂਗਾ, ਯਹੋਵਾਹ ਦਾ ਵਾਕ ਹੈ।
25ਵੇਖ, ਹੇ ਨਾਸ ਕਰਨ ਵਾਲੇ ਪਰਬਤ, ਮੈਂ ਤੇਰੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਸ ਨੇ ਸਾਰੀ ਧਰਤੀ ਨੂੰ ਨਾਸ ਕਰ ਦਿੱਤਾ ਹੈ, ਮੈਂ ਤੇਰੇ ਵਿਰੁੱਧ ਆਪਣੇ ਹੱਥ ਪਸਾਰਾਂਗਾ, ਅਤੇ ਤੈਨੂੰ ਚਟਾਨਾਂ ਵਿੱਚੋਂ ਰੇੜ੍ਹ ਦਿਆਂਗਾ, ਤੈਨੂੰ ਬਲਿਆ ਹੋਇਆ ਪਰਬਤ ਬਣਾ ਦਿਆਂਗਾ।
26ਉਹ ਤੇਰੇ ਵਿੱਚੋਂ ਨਾ ਕੋਈ ਪੱਥਰ ਖੂੰਜੇ ਲਈ, ਨਾ ਕੋਈ ਪੱਥਰ ਨੀਹਾਂ ਲਈ ਲੈਣਗੇ, ਪਰ ਤੂੰ ਸਦਾ ਲਈ ਵਿਰਾਨ ਰਹੇਂਗਾ, ਯਹੋਵਾਹ ਦਾ ਵਾਕ ਹੈ।
27ਤੁਸੀਂ ਦੇਸ ਵਿੱਚ ਝੰਡਾ ਖੜਾ ਕਰੋ, ਕੌਮਾਂ ਵਿੱਚ ਤੁਰ੍ਹੀ ਫੂਕੋ, ਕੌਮਾਂ ਨੂੰ ਉਸ ਦੇ ਵਿਰੁੱਧ ਤਿਆਰ ਕਰੋ, ਪਾਤਸ਼ਾਹੀਆਂ ਨੂੰ ਉਸ ਦੇ ਵਿਰੁੱਧ ਬੁਲਾਓ, ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਜ਼ ਨੂੰ, ਉਸ ਦੇ ਵਿਰੁੱਧ ਸੈਨਾਪਤੀ ਠਹਿਰਾਓ, ਵਾਲਾਂ ਵਾਲੀਆਂ ਸਲਾ ਵਾਂਗੂੰ ਘੋੜਿਆਂ ਨੂੰ ਚੜ੍ਹਾ ਲਿਆਓ!
28ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ, ਮਾਦੀ ਰਾਜਿਆਂ ਨੂੰ, ਉਸ ਦੇ ਸੂਬੇਦਾਰਾਂ ਨੂੰ, ਅਤੇ ਉਸ ਦੇ ਸਾਰੇ ਰਈਸਾਂ ਨੂੰ, ਉਹਨਾਂ ਦੀ ਹਕੂਮਤ ਦੇ ਹਰੇਕ ਦੇਸ ਨੂੰ!
29ਉਹ ਦੇਸ ਕੰਬਦਾ ਹੈ ਅਤੇ ਪੀੜਾਂ ਲੱਗੀਆਂ ਹੋਈਆਂ ਹਨ, ਕਿਉਂ ਜੋ ਯਹੋਵਾਹ ਦੇ ਪਰੋਜਨ ਬਾਬਲ ਦੇ ਵਿਰੁੱਧ ਕਾਇਮ ਹਨ, ਭਈ ਬਾਬਲ ਦੇ ਦੇਸ ਨੂੰ ਵਿਰਾਨ ਕਰੇ, ਜਿਸ ਦੇ ਵਿੱਚ ਕੋਈ ਨਾ ਵੱਸੇ।
30ਬਾਬਲ ਦੇ ਸੂਰਮਿਆਂ ਨੇ ਲੜਨਾ ਛੱਡ ਦਿੱਤਾ ਹੈ, ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ, ਉਹਨਾਂ ਦੀ ਸੂਰਮਤਾਈ ਘੱਟ ਗਈ ਹੈ, ਉਹ ਔਰਤਾਂ ਵਾਂਗੂੰ ਹੋ ਗਏ, ਉਸ ਦੇ ਵਾਸ ਸੜ ਗਏ, ਉਸ ਦੇ ਅਰਲ ਤੋੜੇ ਗਏ।
31ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ, ਅਤੇ ਇੱਕ ਦੱਸਣ ਵਾਲਾ ਦੂਜੇ ਦੱਸਣ ਵਾਲੇ ਨੂੰ ਮਿਲਣ ਲਈ ਨੱਠੇਗਾ, ਬਾਬਲ ਦੇ ਰਾਜਾ ਨੂੰ ਦੱਸਣ ਲਈ, ਭਈ ਉਹ ਦਾ ਸ਼ਹਿਰ ਹਰ ਪਾਸਿਓਂ ਲੈ ਲਿਆ ਗਿਆ।
32ਪੱਤਣ ਵੀ ਖੋਹ ਲਏ ਗਏ, ਕਾਨੇ ਅੱਗ ਨਾਲ ਸਾੜੇ ਗਏ, ਅਤੇ ਯੋਧੇ ਘਬਰਾ ਗਏ!
33ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਕਹਿੰਦਾ ਹੈ, ਕਿ ਬਾਬਲ ਦੀ ਧੀ ਪਿੜ ਵਾਂਗੂੰ ਹੈ, ਉਸ ਵੇਲੇ ਜਦ ਗਾਹੁੰਦੇ ਹਨ, ਥੋੜਾ ਚਿਰ ਬਾਕੀ ਹੈ, ਕਿ ਉਸ ਦੀ ਫਸਲ ਦਾ ਵੇਲਾ ਆ ਜਾਵੇਗਾ।
34ਬਾਬਲ ਦੇ ਰਾਜਾ ਨਬੂਕਦਨੱਸਰ ਨੇ ਮੈਨੂੰ ਭੱਖ ਲਿਆ, ਉਸ ਨੇ ਮੈਨੂੰ ਭੰਨ ਸੁੱਟਿਆ ਹੈ, ਉਸ ਨੇ ਮੈਨੂੰ ਇੱਕ ਸੱਖਣਾ ਭਾਂਡਾ ਕਰ ਦਿੱਤਾ ਹੈ, ਉਸ ਨੇ ਸਰਾਲ ਵਾਂਗੂੰ ਮੈਨੂੰ ਹੜੱਪ ਲਿਆ, ਉਸ ਨੇ ਆਪਣੇ ਢਿੱਡ ਨੂੰ ਮੇਰਿਆਂ ਪਦਾਰਥਾਂ ਨਾਲ ਭਰ ਲਿਆ, ਉਸ ਨੇ ਮੈਨੂੰ ਕੱਢ ਦਿੱਤਾ!
35ਸੀਯੋਨ ਦੇ ਵੱਸਣ ਵਾਲੀ ਆਖੇਗੀ, ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬਲ ਉੱਤੇ ਹੋਵੇ! ਯਰੂਸ਼ਲਮ ਆਖੇਗੀ, ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ!
36ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਤੇਰਾ ਮੁਕੱਦਮਾ ਆਪ ਲੜਾਂਗਾ, ਤੇਰਾ ਬਦਲਾ ਮੈਂ ਲਵਾਂਗਾ, ਮੈਂ ਉਸ ਦੇ ਸਮੁੰਦਰ ਨੂੰ ਮੁਕਾ ਦਿਆਂਗਾ, ਉਸ ਦੇ ਸੋਤੇ ਨੂੰ ਮੈਂ ਸੁਕਾ ਦਿਆਂਗਾ।
37ਬਾਬਲ ਥੇਹ ਹੋ ਜਾਵੇਗਾ, ਉਹ ਗਿੱਦੜਾਂ ਦੀ ਖੋਹ ਹੋਵੇਗਾ, ਉਹ ਹੈਰਾਨੀ ਅਤੇ ਸੂੰ-ਸੂੰ ਦਾ ਕਾਰਨ ਹੋਵੇਗਾ, ਉੱਥੇ ਕੋਈ ਨਾ ਵੱਸੇਗਾ।
38ਉਹ ਇਕੱਠੇ ਜੁਆਨ ਬੱਬਰ ਸ਼ੇਰਾਂ ਵਾਂਗੂੰ ਬੁੱਕਣਗੇ, ਉਹ ਸ਼ੇਰਨੀ ਦੇ ਬੱਚਿਆਂ ਵਾਂਗੂੰ ਗੁਰ ਗੁਰ ਕਰਨਗੇ।
39ਉਹਨਾਂ ਦੀ ਮਸਤੀ ਵਿੱਚ ਮੈਂ ਉਹਨਾਂ ਦੀ ਦਾਵਤ ਕਰਾਂਗਾ, ਭਈ ਉਹ ਖੀਵੇ ਹੋ ਜਾਣ ਅਤੇ ਖੁਸ਼ ਹੋਣ, ਸਦਾ ਦੀ ਨੀਂਦ ਸੌਂ ਜਾਣ, ਅਤੇ ਨਾ ਜਾਗਣ, ਯਹੋਵਾਹ ਦਾ ਵਾਕ ਹੈ।
40ਮੈਂ ਉਹਨਾਂ ਨੂੰ ਲੇਲਿਆਂ ਵਾਂਗੂੰ ਮੇਂਢਿਆਂ ਅਤੇ ਬੱਕਰਿਆਂ ਵਾਂਗੂੰ ਘਾਤ ਹੋਣ ਲਈ ਹੇਠਾਂ ਲਾਹ ਲਿਆਵਾਂਗਾ।
41ਸ਼ੇਸ਼ਕ ਕਿਵੇਂ ਲੈ ਲਿਆ ਗਿਆ, ਸਾਰੀ ਧਰਤੀ ਦੀ ਵਡਿਆਈ ਫੜੀ ਗਈ! ਬਾਬਲ ਕਿਵੇਂ ਕੌਮਾਂ ਵਿੱਚ ਵਿਰਾਨ ਹੋ ਗਿਆ।
42ਬਾਬਲ ਉੱਤੇ ਸਮੁੰਦਰ ਚੜ੍ਹ ਗਿਆ, ਉਹ ਉਸ ਦੀਆਂ ਠਾਠਾਂ ਦੀ ਵਾਫ਼ਰੀ ਨਾਲ ਕੱਜਿਆ ਗਿਆ।
43ਉਸ ਦੇ ਸ਼ਹਿਰ ਵਿਰਾਨ ਹੋ ਗਏ, ਉਹ ਧਰਤੀ ਸੁੱਕੀ ਅਤੇ ਥਲ ਹੋ ਗਈ, ਉਹ ਧਰਤੀ ਜਿਸ ਵਿੱਚ ਕੋਈ ਨਹੀਂ ਵੱਸਦਾ, ਜਿਹ ਦੇ ਵਿੱਚੋਂ ਦੀ ਆਦਮ ਵੰਸ਼ ਨਹੀਂ ਲੰਘਦਾ।
44ਮੈਂ ਬਾਬਲ ਵਿੱਚ ਬੇਲ ਉੱਤੇ ਸਜ਼ਾ ਲਾਵਾਂਗਾ, ਮੈਂ ਉਸ ਦੇ ਨਿਗਲੇ ਹੋਏ ਨੂੰ ਉਸ ਦੇ ਮੂੰਹੋਂ ਕੱਢਾਂਗਾ, ਕੌਮਾਂ ਫਿਰ ਉਸ ਦੀ ਵੱਲ ਨਾ ਵੱਗਣਗੀਆਂ, ਹਾਂ, ਬਾਬਲ ਦੀ ਕੰਧ ਢਾਹੀ ਜਾਵੇਗੀ!
45ਹੇ ਮੇਰੀ ਪਰਜਾ, ਉਸ ਦੇ ਵਿਚਕਾਰੋਂ ਨਿੱਕਲ ਜਾ, ਹਰ ਮਨੁੱਖ ਯਹੋਵਾਹ ਦੇ ਤੇਜ ਕ੍ਰੋਧ ਤੋਂ ਆਪਣੀ ਜਾਨ ਬਚਾਵੇ!
46ਨਾ ਤਾਂ ਤੁਹਾਡਾ ਦਿਲ ਘਬਰਾਏ ਅਤੇ ਨਾ ਤੁਸੀਂ ਡਰੋ, ਦੇਸ ਦੇ ਅਵਾਈਆਂ ਦੇ ਸੁਣਨ ਕਰਕੇ, - ਇੱਕ ਸਾਲ ਇੱਕ ਅਫ਼ਵਾਹ ਆਉਂਦੀ ਹੈ, ਉਹ ਦੇ ਪਿੱਛੋਂ ਦੂਜੇ ਸਾਲ ਹੋਰ ਅਫ਼ਵਾਹ, ਦੇਸ ਵਿੱਚ ਧੱਕਾ ਧੋੜਾ ਅਤੇ ਹਾਕਮ, ਹਾਕਮ ਦੇ ਵਿਰੁੱਧ ਹੋਵੇਗਾ।
47ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਜਦ ਮੈਂ ਬਾਬਲ ਦੀਆਂ ਘੜ੍ਹੀਆਂ ਹੋਈਆਂ ਮੂਰਤਾਂ ਉੱਤੇ ਸਜ਼ਾ ਲਿਆਵਾਂਗਾ, ਉਹ ਦਾ ਸਾਰਾ ਦੇਸ ਸ਼ਰਮਿੰਦਾ ਹੋ ਜਾਵੇਗਾ, ਉਸ ਦੇ ਸਾਰੇ ਵੱਢੇ ਹੋਏ ਉਸ ਦੇ ਵਿਚਕਾਰ ਡਿੱਗ ਪੈਣਗੇ।
48ਤਦ ਅਕਾਸ਼ ਅਤੇ ਧਰਤੀ, ਅਤੇ ਸਭ ਜੋ ਉਹ ਦੇ ਵਿੱਚ ਹੈ, ਬਾਬਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਲੁੱਟਣ ਵਾਲਾ ਉੱਤਰ ਵੱਲੋਂ ਉਸ ਦੇ ਵਿਰੁੱਧ ਆਵੇਗਾ, ਯਹੋਵਾਹ ਦਾ ਵਾਕ ਹੈ।
49ਜਿਵੇਂ ਬਾਬਲ ਨੇ ਇਸਰਾਏਲ ਦੇ ਵੱਢੇ ਹੋਏ ਡੇਗੇ, ਤਿਵੇਂ ਸਾਰੇ ਦੇਸ ਦੇ ਵੱਢੇ ਹੋਏ ਬਾਬਲ ਲਈ ਡਿੱਗਣਗੇ!
50ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਤੁਸੀਂ ਜਾਓ ਅਤੇ ਨਾ ਖਲੋਵੋ! ਯਹੋਵਾਹ ਨੂੰ ਦੂਰੋਂ ਯਾਦ ਕਰੋ, ਯਰੂਸ਼ਲਮ ਤੁਹਾਡੇ ਦਿਲਾਂ ਉੱਤੇ ਆਵੇ।
51ਅਸੀਂ ਸ਼ਰਮਿੰਦੇ ਹਾਂ ਕਿਉਂ ਜੋ ਅਸੀਂ ਤਾਹਨੇ ਸੁਣੇ ਹਨ, ਨਮੋਸ਼ੀ ਨੇ ਸਾਡੇ ਮੂੰਹਾਂ ਨੂੰ ਕੱਜ ਦਿੱਤਾ ਹੈ, ਕਿਉਂ ਜੋ ਯਹੋਵਾਹ ਦੇ ਭਵਨ ਦੇ ਪਵਿੱਤਰ ਸਥਾਨਾਂ ਉੱਤੇ ਪਰਾਏ ਆ ਗਏ ਹਨ!
52ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਜਦ ਮੈਂ ਉਸ ਦੀਆਂ ਘੜ੍ਹੀਆਂ ਹੋਈਆਂ ਮੂਰਤਾਂ ਦੀ ਖ਼ਬਰ ਲਵਾਂਗਾ, ਉਸ ਦੇ ਸਾਰੇ ਦੇਸ ਵਿੱਚ ਵੱਢੇ ਹੋਏ ਹੂੰਗਣਗੇ!
53ਭਾਵੇਂ ਬਾਬਲ ਅਕਾਸ਼ ਉੱਤੇ ਚੜ੍ਹ ਜਾਵੇ, ਭਾਵੇਂ ਉਹ ਆਪਣੇ ਬਲਵੰਤ ਉਚਿਆਈ ਨੂੰ ਪੱਕਾ ਕਰੇ, ਤਦ ਵੀ ਮੇਰੀ ਵੱਲੋਂ ਬਰਬਾਦ ਕਰਨ ਵਾਲੇ ਉਸ ਦੇ ਉੱਤੇ ਆਉਣਗੇ, ਯਹੋਵਾਹ ਦਾ ਵਾਕ ਹੈ।
54ਬਾਬਲ ਵਿੱਚ ਚਿੱਲਾਉਣ ਦੀ, ਕਸਦੀਆਂ ਦੇ ਦੇਸ ਵਿੱਚੋਂ ਵੱਡੇ ਭੰਨ ਤੋੜ ਦੀ ਅਵਾਜ਼ ਆਉਂਦੀ ਹੈ!
55ਯਹੋਵਾਹ ਤਾਂ ਬਾਬਲ ਨੂੰ ਵਿਰਾਨ ਕਰ ਰਿਹਾ ਹੈ, ਉਸ ਦੇ ਵਿੱਚੋਂ ਵੱਡੀ ਆਵਾਜ਼ ਨੂੰ ਮਿਟਾਉਂਦਾ ਹੈ, ਉਸ ਦੀਆਂ ਠਿੱਲਾਂ ਬਹੁਤਿਆਂ ਪਾਣੀਆਂ ਵਾਂਗੂੰ ਗੱਜਦੀਆਂ ਹਨ, ਉਹਨਾਂ ਦੀ ਅਵਾਜ਼ ਦਾ ਸ਼ੋਰ ਉਠਾਇਆ ਗਿਆ ਹੈ।
56ਬਰਬਾਦ ਕਰਨ ਵਾਲਾ ਉਸ ਦੇ ਉੱਤੇ, ਬਾਬਲ ਦੇ ਉੱਤੇ, ਆ ਗਿਆ ਹੈ, ਉਸ ਦੇ ਸੂਰਮੇ ਫੜੇ ਗਏ, ਉਹਨਾਂ ਦੇ ਧਣੁੱਖ ਤੋੜੇ ਜਾਂਦੇ ਹਨ, ਯਹੋਵਾਹ ਤਾਂ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ, ਉਹ ਜ਼ਰੂਰ ਬਦਲਾ ਲਵੇਗਾ!
57ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ, ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ ਯਹੋਵਾਹ ਹੈ।
58ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਬਾਬਲ ਦੀ ਚੌੜੀ ਸ਼ਹਿਰਪਨਾਹ ਮੁੱਢੋਂ ਢਾਹੀ ਜਾਵੇਗੀ, ਉਸ ਦੇ ਉੱਚੇ ਫਾਟਕ ਅੱਗ ਨਾਲ ਸਾੜੇ ਜਾਣਗੇ, ਲੋਕ ਫੋਕੀਆਂ ਗੱਲਾਂ ਲਈ ਮਿਹਨਤ ਕਰਨਗੇ, ਅਤੇ ਉੱਮਤਾਂ ਕੇਵਲ ਅੱਗ ਲਈ ਥੱਕ ਜਾਣਗੀਆਂ।
59ਇਹ ਉਹ ਬਚਨ ਹੈ ਜਿਹ ਦਾ ਯਿਰਮਿਯਾਹ ਨਬੀ ਨੇ ਮਹਸੇਯਾਹ ਦੇ ਪੋਤੇ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਹੁਕਮ ਦਿੱਤਾ ਜਦ ਉਹ ਯਹੂਦਾਹ ਦੇ ਰਾਜਾ ਸਿਦਕੀਯਾਹ ਨਾਲ ਉਹ ਦੀ ਪਾਤਸ਼ਾਹੀ ਦੇ ਚੌਥੇ ਸਾਲ ਬਾਬਲ ਨੂੰ ਗਿਆ। ਸਰਾਯਾਹ ਵੱਡਾ ਮੋਦੀ ਸੀ
60ਯਿਰਮਿਯਾਹ ਨੇ ਉਹ ਸਾਰੀ ਬੁਰਿਆਈ ਜਿਹੜੀ ਬਾਬਲ ਉੱਤੇ ਆਉਣ ਵਾਲੀ ਸੀ ਲਿਖੀ ਅਰਥਾਤ ਇਹ ਸਾਰੀਆਂ ਗੱਲਾਂ ਜਿਹੜੀਆਂ ਬਾਬਲ ਦੇ ਬਾਰੇ ਲਿਖੀਆਂ ਗਈਆਂ ਸਨ
61ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, ਜਦ ਤੂੰ ਬਾਬਲ ਵਿੱਚ ਆਵੇਂਗਾ ਤਾਂ ਵੇਖੀਂ ਕਿ ਤੂੰ ਇਹਨਾਂ ਸਾਰੀਆਂ ਗੱਲਾਂ ਨੂੰ ਪੜ੍ਹੇਂ
62ਤਾਂ ਤੂੰ ਆਖੀਂ, ਹੇ ਯਹੋਵਾਹ, ਤੂੰ ਇਸ ਸਥਾਨ ਦੀ ਬਰਬਾਦੀ ਲਈ ਗੱਲ ਕੀਤੀ ਸੀ ਭਈ ਇਹ ਦੇ ਵਿੱਚ ਕੋਈ ਨਾ ਵੱਸੇਗਾ ਆਦਮੀ ਤੋਂ ਡੰਗਰ ਤੱਕ, ਕਿਉਂ ਜੋ ਇਹ ਸਦਾ ਲਈ ਵਿਰਾਨ ਹੋਵੇਗਾ
63ਜਦ ਤੂੰ ਇਸ ਪੋਥੀ ਨੂੰ ਪੜ੍ਹ ਲਵੇਂ ਤਾਂ ਤੂੰ ਇਹ ਦੇ ਨਾਲ ਇੱਕ ਪੱਥਰ ਬੰਨ੍ਹੀਂ ਅਤੇ ਫ਼ਰਾਤ ਵਿੱਚ ਸੁੱਟ ਦੇਵੀਂ
64ਤਾਂ ਤੂੰ ਆਖੀਂ, ਬਾਬਲ ਉਸ ਬੁਰਿਆਈ ਦੇ ਕਾਰਨ ਜਿਹੜੀ ਮੈਂ ਉਸ ਦੇ ਉੱਤੇ ਲਿਆਵਾਂਗਾ ਇਸੇ ਤਰ੍ਹਾਂ ਡੁੱਬ ਜਾਵੇਗਾ ਅਤੇ ਫਿਰ ਨਾ ਉੱਠੇਗਾ ਅਤੇ ਉਹ ਥੱਕ ਜਾਣਗੇ। ਯਿਰਮਿਯਾਹ ਦੀਆਂ ਗੱਲਾਂ ਇਥੋਂ ਤੱਕ ਹਨ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath