ਈਸਾਈ
ਪਿੱਛੇ

ਯਿਰਮਿਯਾਹ 50

1ਉਹ ਬਚਨ ਜਿਹੜਾ ਯਹੋਵਾਹ ਬਾਬਲ ਲਈ ਕਸਦੀਆਂ ਦੇ ਦੇਸ ਦੇ ਬਾਰੇ ਯਿਰਮਿਯਾਹ ਨਬੀ ਦੇ ਰਾਹੀਂ ਬੋਲਿਆ, -

2ਕੌਮਾਂ ਦੇ ਵਿੱਚ ਦੱਸੋ ਅਤੇ ਸੁਣਾਓ, ਝੰਡਾ ਖੜਾ ਕਰੋ ਅਤੇ ਸੁਣਾਓ, ਨਾ ਲੁਕਾਓ ਪਰ ਆਖੋ, ਬਾਬਲ ਲੈ ਲਿਆ ਗਿਆ! ਬੇਲ ਸ਼ਰਮਿੰਦਾ ਹੋਇਆ, ਮਰੋਦਾਕ ਹੱਕਾ-ਬੱਕਾ ਹੋਇਆ, ਉਹ ਦੀਆਂ ਮੂਰਤਾਂ ਸ਼ਰਮਿੰਦਾ ਹੋਈਆਂ, ਉਹ ਦੇ ਬੁੱਤ ਹੱਕੇ-ਬੱਕੇ ਰਹਿ ਗਏ!।

3ਉੱਤਰ ਵੱਲੋਂ ਉਹ ਦੇ ਵਿਰੁੱਧ ਇੱਕ ਕੌਮ ਚੜ੍ਹੀ ਆਉਂਦੀ ਹੈ ਜਿਹੜੀ ਉਹ ਦੇ ਦੇਸ ਨੂੰ ਵਿਰਾਨ ਕਰ ਦੇਵੇਗੀ ਅਤੇ ਉਹ ਦੇ ਵਿੱਚ ਕੋਈ ਨਾ ਵੱਸੇਗਾ। ਆਦਮੀਆਂ ਤੋਂ ਡੰਗਰਾਂ ਤੱਕ ਖਿਸਕ ਕੇ ਚੱਲੇ ਜਾਣਗੇ।

4ਉਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ, ਯਹੋਵਾਹ ਦਾ ਵਾਕ ਹੈ, ਇਸਰਾਏਲੀ ਅਤੇ ਯਹੂਦੀ ਇਕੱਠੇ ਆਉਣਗੇ, ਉਹ ਰੋਂਦੇ-ਰੋਂਦੇ ਆਉਣਗੇ, ਉਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਣਗੇ

5ਉਹ ਆਪਣਿਆਂ ਮੂੰਹਾਂ ਨੂੰ ਉੱਧਰ ਕਰ ਕੇ ਸੀਯੋਨ ਦਾ ਰਾਹ ਪੁੱਛਣਗੇ ਕਿ ਆਓ, ਅਸੀਂ ਯਹੋਵਾਹ ਨਾਲ ਮਿਲ ਕੇ ਇੱਕ ਸਦੀਪਕਾਲ ਦਾ ਨੇਮ ਬੰਨ੍ਹੀਏ ਜਿਹੜਾ ਵਿਸਾਰਿਆ ਨਾ ਜਾਵੇਗਾ।

6ਮੇਰੀ ਪਰਜਾ ਭੁੱਲੀ ਭੇਡ ਹੈ, ਉਹਨਾਂ ਦੇ ਆਜੜੀਆਂ ਨੇ ਉਹਨਾਂ ਨੂੰ ਕੁਰਾਹੇ ਪਾਇਆ, ਉਹਨਾਂ ਨੇ ਉਹਨਾਂ ਨੂੰ ਪਹਾੜਾਂ ਵਿੱਚ ਭੁਆਂਇਆ। ਉਹ ਪਹਾੜੀ ਤੋਂ ਟਿੱਲੇ ਨੂੰ ਗਏ, ਉਹ ਆਪਣੇ ਲੇਟਣ ਦਾ ਥਾਂ ਭੁੱਲ ਗਏ ਹਨ

7ਉਹ ਸਾਰੇ ਜਿਹਨਾਂ ਨੇ ਉਹਨਾਂ ਨੂੰ ਲੱਭਿਆ ਉਹਨਾਂ ਨੂੰ ਖਾ ਗਏ। ਉਹਨਾਂ ਦੇ ਵਿਰੋਧੀਆਂ ਨੇ ਆਖਿਆ, ਅਸੀਂ ਦੋਸ਼ੀ ਨਹੀਂ ਹਾਂ, ਉਹਨਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ ਜਿਹੜਾ ਧਰਮ ਸਥਾਨ ਹੈ, ਹਾਂ, ਯਹੋਵਾਹ, ਉਹਨਾਂ ਦੇ ਪੁਰਖਿਆਂ ਦੀ ਆਸ।

8ਬਾਬਲ ਦੇ ਵਿਚਕਾਰੋਂ ਨੱਠੋ ਅਤੇ ਕਸਦੀਆਂ ਦੇ ਦੇਸ ਵਿੱਚੋਂ ਨਿੱਕਲੋ ਅਤੇ ਇੱਜੜ ਦੇ ਅੱਗੇ ਬੱਕਰਿਆਂ ਵਾਂਗੂੰ ਹੋਵੋ

9ਕਿਉਂ ਜੋ ਵੇਖੋ, ਮੈਂ ਉੱਤਰ ਦੇਸ ਵੱਲੋਂ ਵੱਡੀਆਂ ਕੌਮਾਂ ਦਾ ਇੱਕ ਦਲ ਪਰੇਰ ਕੇ ਬਾਬਲ ਦੇ ਵਿਰੁੱਧ ਚੜ੍ਹਾ ਲਿਆਉਂਦਾ ਹਾਂ। ਉਹ ਉਸ ਦੇ ਵਿਰੁੱਧ ਪਾਲਾਂ ਬੰਨ੍ਹਣਗੇ ਅਤੇ ਉੱਥੋਂ ਉਸ ਨੂੰ ਲੈ ਲੈਣਗੇ। ਉਹਨਾਂ ਦੇ ਤੀਰ ਇੱਕ ਘਾਗ ਸੂਰਮੇ ਦੇ ਹੋਣਗੇ ਜਿਹੜਾ ਖਾਲੀ ਹੱਥ ਨਹੀਂ ਮੁੜਦਾ

10ਕਸਦੀ ਲੁੱਟੇ ਜਾਣਗੇ ਅਤੇ ਜਿਹੜੇ ਉਸ ਨੂੰ ਲੁੱਟਣਗੇ ਉਹ ਰੱਜ ਜਾਣਗੇ, ਯਹੋਵਾਹ ਦਾ ਵਾਕ ਹੈ।

11ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਬਾਗ਼ ਬਾਗ ਹੋਵੋ, ਹੇ ਮੇਰੀ ਮਿਲਖ਼ ਨੂੰ ਲੁੱਟਣ ਵਾਲਿਓ! ਭਾਵੇਂ ਤੁਸੀਂ ਘਾਹ ਉੱਤੇ ਵੱਛੀ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ,

12ਤੁਹਾਡੀ ਮਾਂ ਬਹੁਤ ਸ਼ਰਮਿੰਦੀ ਹੋਵੇਗੀ, ਜਿਸ ਤੁਹਾਨੂੰ ਜਣਿਆ ਉਹ ਬੇਪਤ ਹੋਵੇਗੀ, ਵੇਖੋ, ਉਹ ਕੌਮਾਂ ਵਿੱਚ ਨੀਚ ਹੋਵੇਗੀ, ਸੁੱਕੀ ਉਜਾੜ ਅਤੇ ਥਲ।

13ਯਹੋਵਾਹ ਦੇ ਕੋਪ ਦੇ ਕਾਰਨ ਉਹ ਨਾ ਵਸਾਈ ਜਾਵੇਗੀ, ਪਰ ਉਹ ਉੱਕੀ ਵਿਰਾਨ ਕੀਤੀ ਜਾਵੇਗੀ, ਹਰੇਕ ਜਿਹੜਾ ਬਾਬਲ ਦੇ ਕੋਲੋਂ ਦੀ ਲੰਘੇਗਾ ਹੈਰਾਨ ਹੋਵੇਗਾ, ਉਹ ਦੀਆਂ ਸਾਰੀਆਂ ਬਵਾਂ ਦੇ ਕਾਰਨ ਉਹ ਨੱਕ ਚੜ੍ਹਾਵੇਗਾ।

14ਤੁਸੀਂ ਬਾਬਲ ਦੇ ਆਲੇ-ਦੁਆਲੇ ਆਪਣੀਆਂ ਪਾਲਾਂ ਬੰਨ੍ਹੋ, ਤੁਸੀਂ ਸਾਰੇ ਜਿਹੜੇ ਧਣੁੱਖ ਚਲਾਉਂਦੇ ਹੋ, ਉਹ ਦੇ ਉੱਤੇ ਚਲਾਓ ਅਤੇ ਤੀਰਾਂ ਦਾ ਸਰਫ਼ਾ ਨਾ ਕਰੋ, ਕਿਉਂ ਜੋ ਉਸ ਨੇ ਯਹੋਵਾਹ ਦਾ ਪਾਪ ਕੀਤਾ ਹੈ।

15ਉਹ ਦੇ ਵਿਰੁੱਧ ਆਲਿਓਂ-ਦੁਆਲਿਓਂ ਲਲਕਾਰੋ, ਉਸ ਨੇ ਹਾਰ ਮੰਨੀ, ਉਹ ਦੀਆਂ ਨੀਹਾਂ ਡਿੱਗ ਪਾਈਆਂ, ਉਹ ਦੀ ਸ਼ਹਿਰਪਨਾਹ ਢਾਹੀ ਗਈ, ਕਿਉਂ ਜੋ ਇਹ ਯਹੋਵਾਹ ਦਾ ਬਦਲਾ ਹੈ। ਉਸ ਤੋਂ ਬਦਲਾ ਲਓ, ਜਿਵੇਂ ਉਸ ਕੀਤਾ, ਉਸ ਦੇ ਨਾਲ ਕਰੋ!

16ਬਾਬਲ ਵਿੱਚੋਂ ਬੀਜਣ ਵਾਲੇ ਨੂੰ, ਅਤੇ ਫਸਲ ਦੇ ਵੇਲੇ ਦਾਤੀ ਫੜਨ ਵਾਲੇ ਨੂੰ ਵੱਢ ਸੁੱਟੋ! ਸਤਾਉਣ ਵਾਲੇ ਦੀ ਤਲਵਾਰ ਦੇ ਕਾਰਨ, ਹਰੇਕ ਆਪਣੇ ਲੋਕਾਂ ਵੱਲ ਮੁੜੇਗਾ, ਹਰੇਕ ਆਪਣੇ ਦੇਸ ਵੱਲ ਨੱਠੇਗਾ।

17ਇਸਰਾਏਲ ਇੱਕ ਭਟਕੀ ਹੋਈ ਭੇਡ ਹੈ ਜਿਹ ਨੂੰ ਬੱਬਰ ਸ਼ੇਰਾਂ ਨੇ ਧੱਕ ਦਿੱਤਾ ਹੈ। ਪਹਿਲਾਂ ਉਹ ਨੂੰ ਅੱਸ਼ੂਰ ਦੇ ਰਾਜਾ ਨੇ ਖਾਧਾ ਅਤੇ ਓੜਕ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਉਹ ਦੀਆਂ ਹੱਡੀਆਂ ਚੱਬ ਗਿਆ ਹੈ

18ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਬਾਬਲ ਦੇ ਰਾਜਾ ਨੂੰ ਅਤੇ ਉਸ ਦੇ ਦੇਸ ਨੂੰ ਸਜ਼ਾ ਦਿਆਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜਾ ਨੂੰ ਸਜ਼ਾ ਦਿੱਤੀ ਹੈ

19ਮੈਂ ਇਸਰਾਏਲ ਨੂੰ ਉਹ ਦੀ ਚਰਾਂਦ ਵਿੱਚ ਮੋੜ ਲਿਆਵਾਂਗਾ। ਉਹ ਕਰਮਲ ਅਤੇ ਬਾਸ਼ਾਨ ਵਿੱਚ ਚੁੱਗੇਗਾ ਅਤੇ ਇਫ਼ਰਾਈਮ ਅਤੇ ਗਿਲਆਦ ਦੇ ਪਰਬਤ ਉੱਤੇ ਉਹ ਦੀ ਜਾਨ ਰੱਜ ਜਾਵੇਗੀ

20ਉਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ, ਯਹੋਵਾਹ ਦਾ ਵਾਕ ਹੈ, ਇਸਰਾਏਲ ਦੀ ਬਦੀ ਭਾਲੀ ਜਾਵੇਗੀ ਪਰ ਹੋਵੇਗੀ ਨਹੀਂ ਅਤੇ ਯਹੂਦਾਹ ਦੇ ਪਾਪ, ਪਰ ਪਾਏ ਨਾ ਜਾਣਗੇ। ਜਿਹਨਾਂ ਨੂੰ ਮੈਂ ਬਾਕੀ ਰੱਖਾਂਗਾ ਉਹਨਾਂ ਨੂੰ ਮਾਫ਼ ਕਰਾਂਗਾ।

21ਮਰਾਥਇਮ ਦੇ ਦੇਸ ਉੱਤੇ ਚੜ੍ਹ ਜਾ, ਅਤੇ ਪਕੋਦ ਦੇ ਵਾਸੀਆਂ ਦੇ ਵਿਰੁੱਧ, ਉਹਨਾਂ ਨੂੰ ਵਿਰਾਨ ਕਰ ਅਤੇ ਉਹਨਾਂ ਦੇ ਪਿੱਛੇ ਪੈ ਕੇ ਉਹਨਾਂ ਦਾ ਸੱਤਿਆਨਾਸ ਕਰ, ਯਹੋਵਾਹ ਦਾ ਵਾਕ ਹੈ, ਉਹ ਸਭ ਕੁਝ ਕਰ ਜਿਹ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।

22ਦੇਸ ਵਿੱਚ ਲੜਾਈ ਦੀ ਅਵਾਜ਼ ਹੈ, ਅਤੇ ਵੱਡੇ ਭੰਨ ਤੋੜ ਦੀ!

23ਸਾਰੀ ਧਰਤੀ ਦਾ ਹਥੌੜਾ ਕਿਵੇਂ ਕੱਟਿਆ ਗਿਆ ਅਤੇ ਭੰਨਿਆ ਗਿਆ! ਬਾਬਲ ਕੌਮਾਂ ਦੇ ਵਿੱਚ ਵਿਰਾਨ ਕਿਵੇਂ ਹੋ ਗਿਆ!

24ਹੇ ਬਾਬਲ, ਮੈਂ ਤੇਰੇ ਲਈ ਫਾਹੀ ਲਾਈ ਅਤੇ ਤੂੰ ਫੜਿਆ ਗਿਆ, ਤੂੰ ਨਾ ਜਾਣਿਆ, ਤੂੰ ਲੱਭ ਪਿਆ ਅਤੇ ਫੜਿਆ ਵੀ ਗਿਆ, ਕਿਉਂ ਜੋ ਤੂੰ ਯਹੋਵਾਹ ਨਾਲ ਝਗੜਾ ਕੀਤਾ।

25ਯਹੋਵਾਹ ਨੇ ਆਪਣਾ ਸ਼ਸਤਰ-ਖ਼ਾਨਾ ਖੋਲ੍ਹਿਆ ਹੈ, ਨਾਲੇ ਆਪਣੇ ਗਜ਼ਬ ਦੇ ਹਥਿਆਰਾਂ ਨੂੰ ਬਾਹਰ ਕੱਢਿਆ ਹੈ, ਕਿਉਂ ਜੋ ਸੈਨਾਂ ਦੇ ਪ੍ਰਭੂ ਯਹੋਵਾਹ ਨੇ ਕਸਦੀਆਂ ਦੇ ਦੇਸ ਵਿੱਚ ਇੱਕ ਕੰਮ ਕਰਨਾ ਹੈ।

26ਹਰ ਪਾਸਿਓਂ ਉਹ ਦੇ ਵਿਰੁੱਧ ਆਓ, ਉਹ ਦੇ ਖੱਤਿਆਂ ਨੂੰ ਖੋਲ੍ਹੋ ਅੰਨ ਦੀਆਂ ਢੇਰੀਆਂ ਵਾਂਗੂੰ ਉਹ ਦੀਆਂ ਢੇਰੀਆਂ ਲਾ ਦਿਓ, ਉਹ ਦਾ ਸੱਤਿਆਨਾਸ ਕਰ ਦਿਓ, ਉਹ ਦਾ ਕੁਝ ਬਾਕੀ ਨਾ ਰਹੇ!

27ਉਹ ਦੇ ਸਾਰੇ ਬਲ਼ਦਾਂ ਨੂੰ ਕੱਟ ਸੁੱਟੋ, ਉਹਨਾਂ ਨੂੰ ਵੱਢੇ ਜਾਣ ਲਈ ਹੇਠਾਂ ਜਾਣ ਦਿਓ, ਉਹਨਾਂ ਉੱਤੇ ਅਫ਼ਸੋਸ, ਕਿਉਂ ਜੋ ਉਹਨਾਂ ਦਾ ਦਿਨ ਆ ਗਿਆ, ਉਹਨਾਂ ਦੀ ਸਜ਼ਾ ਦਾ ਵੇਲਾ!।

28ਬਾਬਲ ਦੇ ਦੇਸ ਵਿੱਚੋਂ ਨੱਠਣ ਵਾਲਿਆਂ ਅਤੇ ਬਚਣ ਵਾਲਿਆਂ ਦੀ ਅਵਾਜ਼ ਹੈ ਭਈ ਉਹ ਸੀਯੋਨ ਵਿੱਚ ਯਹੋਵਾਹ ਸਾਡੇ ਪਰਮੇਸ਼ੁਰ ਦਾ ਬਦਲਾ, ਉਹ ਦੀ ਹੈਕਲ ਦਾ ਬਦਲਾ ਦੱਸਣ

29ਧਣੁੱਖ ਦੇ ਘਾਗਾਂ ਨੂੰ ਸਾਰੇ ਜਿਹੜੇ ਧਣੁੱਖ ਝੁਕਾਉਂਦੇ ਹਨ ਬਾਬਲ ਦੇ ਵਿਰੁੱਧ ਬੁਲਾ ਲਓ। ਉਹ ਉਸ ਦੇ ਆਲੇ-ਦੁਆਲੇ ਤੰਬੂ ਲਾਉਣ, ਕੋਈ ਨਾ ਹੋਵੇ ਜਿਹੜਾ ਬਚ ਜਾਵੇ! ਉਸ ਦੇ ਕੰਮ ਦਾ ਵੱਟਾ ਉਸ ਨੂੰ ਦਿਓ। ਉਹ ਦੇ ਅਨੁਸਾਰ ਜੋ ਉਸ ਨੇ ਕੀਤਾ ਉਸ ਦੇ ਨਾਲ ਕਰੋ ਕਿਉਂ ਜੋ ਉਸ ਯਹੋਵਾਹ ਦੇ ਵਿਰੁੱਧ ਹੰਕਾਰ ਕੀਤਾ, ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ

30ਇਸ ਲਈ ਉਸ ਦੇ ਚੁਗਵੇਂ ਉਸ ਦੇ ਚੌਂਕਾਂ ਵਿੱਚ ਡਿੱਗਣਗੇ ਅਤੇ ਉਸ ਦੇ ਸਾਰੇ ਯੋਧੇ ਉਸ ਦਿਨ ਨਾਸ ਹੋ ਜਾਣਗੇ, ਯਹੋਵਾਹ ਦਾ ਵਾਕ ਹੈ।

31ਵੇਖ, ਹੇ ਹੰਕਾਰੀ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੇਰਾ ਦਿਨ ਆ ਗਿਆ, ਤੇਰੀ ਸਜ਼ਾ ਦਾ ਸਮਾਂ।

32ਹੰਕਾਰੀ ਠੇਡਾ ਖਾਵੇਗਾ ਅਤੇ ਡਿੱਗ ਪਵੇਗਾ, ਉਹ ਨੂੰ ਕੋਈ ਨਾ ਉਠਾਵੇਗਾ, ਮੈਂ ਉਹ ਦੇ ਸ਼ਹਿਰਾਂ ਵਿੱਚ ਅੱਗ ਬਾਲਾਂਗਾ, ਉਹ ਉਸ ਦਾ ਸਾਰਾ ਆਲਾ-ਦੁਆਲਾ ਭੱਖ ਲਵੇਗੀ।

33ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸਰਾਏਲੀਆਂ ਅਤੇ ਯਹੂਦੀਆਂ ਉੱਤੇ ਇਕੱਠਾ ਅਨ੍ਹੇਰ ਹੋਇਆ ਹੈ ਅਤੇ ਉਹ ਸਾਰੇ ਜਿਹਨਾਂ ਨੇ ਉਹਨਾਂ ਨੂੰ ਗ਼ੁਲਾਮ ਕੀਤਾ ਹੈ ਉਹਨਾਂ ਨੂੰ ਫੜੀ ਬੈਠੇ ਹਨ ਅਤੇ ਉਹਨਾਂ ਨੂੰ ਛੱਡਣ ਤੋਂ ਮੁੱਕਰਦੇ ਹਨ

34ਉਹਨਾਂ ਦਾ ਛੁਟਕਾਰਾ ਦੇਣ ਵਾਲਾ ਤਕੜਾ ਹੈ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ, ਉਹ ਜ਼ਰੂਰ ਉਹਨਾਂ ਦਾ ਮੁਕੱਦਮਾ ਲੜੇਗਾ ਤਾਂ ਜੋ ਉਹ ਦੇਸ ਨੂੰ ਆਰਾਮ ਦੇਵੇ ਪਰ ਬਾਬਲ ਦੇ ਵਾਸੀਆਂ ਨੂੰ ਹੈਰਾਨ ਕਰੇ।

35ਕਸਦੀਆਂ ਉੱਤੇ ਤਲਵਾਰ ਹੈ, ਯਹੋਵਾਹ ਦਾ ਵਾਕ ਹੈ, ਅਤੇ ਬਾਬਲ ਦੇ ਵਾਸੀਆਂ ਉੱਤੇ ਵੀ, ਨਾਲੇ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਉੱਤੇ!

36ਬੜਬੋਲਿਆਂ ਉੱਤੇ ਤਲਵਾਰ ਹੈ, ਕਿ ਉਹ ਮੂਰਖ ਹੋ ਜਾਣ! ਉਹ ਦੇ ਸੂਰਮਿਆਂ ਉੱਤੇ ਤਲਵਾਰ ਹੈ, ਕਿ ਉਹ ਘਬਰਾ ਜਾਣ!

37ਉਹ ਦੇ ਘੋੜਿਆਂ ਅਤੇ ਰੱਥਾਂ ਉੱਤੇ ਤਲਵਾਰ ਹੈ, ਉਹਨਾਂ ਸਾਰੀਆਂ ਰਲਿਆਂ-ਮਿਲਿਆਂ ਉੱਤੇ ਜਿਹੜੇ ਉਹ ਦੇ ਵਿੱਚ ਹਨ, ਭਈ ਉਹ ਔਰਤਾਂ ਵਰਗੇ ਹੋ ਜਾਣ! ਉਹ ਦੇ ਸਾਰੇ ਖ਼ਜ਼ਾਨਿਆਂ ਉੱਤੇ ਤਲਵਾਰ ਹੈ, ਭਈ ਉਹ ਲੁੱਟ ਦਾ ਮਾਲ ਹੋਣ!

38ਉਹ ਦੇ ਪਾਣੀਆਂ ਉੱਤੇ ਔੜ ਹੈ, ਕਿ ਉਹ ਸੁੱਕ ਜਾਣ! ਕਿਉਂ ਜੋ ਇਹ ਘੜ੍ਹੀਆਂ ਹੋਈਆਂ ਮੂਰਤਾਂ ਦਾ ਦੇਸ ਹੈ, ਉਹ ਬੁੱਤਾਂ ਉੱਤੇ ਪਾਗਲ ਹੋਏ ਪਏ ਹਨ!।

39ਇਸ ਲਈ ਜੰਗਲੀ ਜਾਨਵਰ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓਂ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ

40ਜਿਵੇਂ ਹੋਇਆ ਜਦ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਅਤੇ ਉਹ ਦੇ ਵਾਸਾਂ ਨੂੰ ਉਲਟਾ ਦਿੱਤਾ, ਸੋ ਉਸ ਦੇ ਵਿੱਚ ਕੋਈ ਮਨੁੱਖ ਨਹੀਂ ਵੱਸੇਗਾ, ਨਾ ਕੋਈ ਆਦਮ ਵੰਸ਼ ਉਸ ਦੇ ਵਿੱਚ ਟਿਕੇਗਾ, ਯਹੋਵਾਹ ਦਾ ਵਾਕ ਹੈ।

41ਵੇਖੋ, ਉੱਤਰ ਵੱਲੋਂ ਇੱਕ ਉੱਮਤ ਆਉਂਦੀ ਹੈ, ਇੱਕ ਵੱਡੀ ਕੌਮ ਅਤੇ ਬਹੁਤੇ ਰਾਜੇ, ਧਰਤੀ ਦੀਆਂ ਹੱਦਾਂ ਤੋਂ ਉਹ ਉਕਸਾਏ ਗਏ ਹਨ।

42ਉਹਨਾਂ ਧਣੁੱਖ ਅਤੇ ਭਾਲਾ ਫੜਿਆ ਹੈ, ਉਹ ਜ਼ਾਲਮ ਹਨ, ਉਹਨਾਂ ਵਿੱਚ ਰਹਮ ਨਹੀਂ, ਉਹਨਾਂ ਦੀ ਅਵਾਜ਼ ਸਮੁੰਦਰ ਵਾਂਗੂੰ ਗੱਜਦੀ ਹੈ, ਉਹ ਘੋੜਿਆਂ ਉੱਤੇ ਸਵਾਰ ਹਨ, ਉਹ ਜੰਗੀ ਮਨੁੱਖਾਂ ਵਾਂਗੂੰ ਪਾਲਾਂ ਬੰਨ੍ਹਦੇ ਹਨ, ਹੇ ਬਾਬਲ ਦੀਏ ਧੀਏ, ਤੇਰੇ ਵਿਰੁੱਧ!

43ਬਾਬਲ ਦੇ ਰਾਜਾ ਨੇ ਉਹਨਾਂ ਦੀ ਅਵਾਈ ਸੁਣੀ, ਉਹ ਦੇ ਹੱਥ ਢਿੱਲੇ ਪੈ ਗਏ, ਦੁੱਖ ਨੇ ਉਹ ਨੂੰ ਆ ਫੜਿਆ, ਉਹ ਨੂੰ ਜਣਨ ਵਾਲੀ ਔਰਤ ਵਾਂਗੂੰ ਪੀੜਾਂ ਲੱਗੀਆਂ ਹਨ।

44ਵੇਖੋ, ਉਹ ਬਬਰ ਸ਼ੇਰ ਵਾਂਗੂੰ ਯਰਦਨ ਦੇ ਜੰਗਲ ਵਿੱਚੋਂ ਨਿੱਕਲ ਕੇ ਇੱਕ ਪੱਕੇ ਵਸੇਬੇ ਉੱਤੇ ਚੜ੍ਹ ਆਵੇਗਾ ਕਿਉਂ ਜੋ ਮੈਂ ਅਚਾਨਕ ਉਹਨਾਂ ਨੂੰ ਉੱਥੋਂ ਨਠਾ ਦਿਆਂਗਾ ਅਤੇ ਉਹ ਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਦੇ ਉੱਤੇ ਠਹਿਰਾਵਾਂਗਾ ਕਿਉਂ ਜੋ ਮੇਰੇ ਵਰਗਾ ਕੌਣ ਹੈ? ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ? ਕਿਹੜਾ ਅਯਾਲੀ ਮੇਰੇ ਅੱਗੇ ਖਲੋ ਸਕੇਗਾ?

45ਇਸ ਲਈ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸ ਦੇ ਬਾਬਲ ਦੇ ਬਾਰੇ ਸੋਚੀ ਹੈ ਅਤੇ ਉਹ ਦੀਆਂ ਵਿਚਾਰਾਂ ਜਿਹੜੀਆਂ ਉਸ ਕਸਦੀਆਂ ਦੇ ਦੇਸ ਦੇ ਬਾਰੇ ਕੀਤੀਆਂ ਹਨ। ਸੱਚ-ਮੁੱਚ ਉਹ ਉਹਨਾਂ ਦੇ ਇੱਜੜ ਦੇ ਨਿੱਕੇ-ਨਿੱਕੇ ਧੂ ਕੇ ਲੈ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਾਰਗਾਹਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ

46ਬਾਬਲ ਦੇ ਲਏ ਜਾਣ ਦੀ ਅਵਾਜ਼ ਨਾਲ ਧਰਤੀ ਕੰਬੇਗੀ ਅਤੇ ਉਹ ਦਾ ਚਿੱਲਾਉਣਾ ਕੌਮਾਂ ਵਿੱਚ ਸੁਣਿਆ ਜਾਵੇਗਾ!।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath