ਯਿਰਮਿਯਾਹ 4
1ਹੇ ਇਸਰਾਏਲ, ਜੇ ਤੂੰ ਮੁੜੇਂ, ਯਹੋਵਾਹ ਦਾ ਵਾਕ ਹੈ, ਤਾਂ ਤੂੰ ਮੇਰੀ ਵੱਲ ਮੁੜੇਂਗਾ। ਜੇ ਤੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨੂੰ ਮੇਰੇ ਅੱਗੋਂ ਦੂਰ ਕਰੇਂ, ਜੇ ਤੂੰ ਅਵਾਰਾ ਨਾ ਫਿਰੇਂ,
2ਜੇ ਤੂੰ ਜੀਉਂਦੇ ਯਹੋਵਾਹ ਦੀ ਸਹੁੰ ਖਾਵੇਂ, ਸਚਿਆਈ ਨਾਲ, ਨਿਆਂ ਨਾਲ ਅਤੇ ਧਰਮ ਨਾਲ, ਤਦ ਕੌਮਾਂ ਉਹ ਦੇ ਵਿੱਚ ਆਪ ਨੂੰ ਮੁਬਾਰਕ ਆਖਣਗੀਆਂ, ਅਤੇ ਉਹ ਨੂੰ ਉਸਤਤ ਦੇਣਗੀਆਂ।
3ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਲਈ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਆਪਣੀ ਪਈ ਹੋਈ ਜ਼ਮੀਨ ਨੂੰ ਵਾਹੋ, ਅਤੇ ਕੰਡਿਆਂ ਵਿੱਚ ਨਾ ਬੀਜੋ।
4ਯਹੋਵਾਹ ਲਈ ਆਪਣੀ ਸੁੰਨਤ ਕਰਾਓ, ਆਪਣੇ ਦਿਲ ਦੀ ਖੱਲੜੀ ਲਹਾਓ, ਹੇ ਯਹੂਦਾਹ ਦੇ ਮਨੁੱਖੋ ਅਤੇ ਯਰੂਸ਼ਲਮ ਦੇ ਵਾਸੀਓ! ਮਤੇ ਮੇਰਾ ਗੁੱਸਾ ਅੱਗ ਵਾਂਗੂੰ ਭੜਕ ਉੱਠੇ, ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ।
5ਯਹੂਦਾਹ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ, ਅਤੇ ਆਖੋ ਭਈ ਦੇਸ ਵਿੱਚ ਤੁਰ੍ਹੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇਕੱਠੇ ਹੋ ਜੋ ਭਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ!
6ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ, ਕਿਉਂ ਜੋ ਮੈਂ ਉੱਤਰ ਵਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹੈ!
7ਇੱਕ ਬੱਬਰ ਸ਼ੇਰ ਆਪਣੇ ਝਾੜ ਵਿੱਚੋਂ ਨਿੱਕਲਿਆ ਹੈ, ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ, ਉਹ ਆਪਣੇ ਥਾਂ ਤੋਂ ਨਿੱਕਲਿਆ, ਭਈ ਤੇਰੇ ਦੇਸ ਨੂੰ ਵਿਰਾਨ ਕਰੇ। ਤੇਰੇ ਸ਼ਹਿਰ ਥੇਹ ਹੋ ਜਾਣਗੇ, ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ।
8ਇਸ ਦੇ ਕਾਰਨ ਤੁਸੀਂ ਆਪਣੇ ਲੱਕ ਉੱਤੇ ਤੱਪੜ ਪਾਓ, ਸਿਆਪਾ ਕਰੋ ਤੇ ਕੁਰਲਾਓ, ਕਿ ਯਹੋਵਾਹ ਦਾ ਤੇਜ਼ ਗੁੱਸਾ ਸਾਥੋਂ ਟਲ ਨਹੀਂ ਗਿਆ।
9ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ ਕਿ ਰਾਜਾ ਦਾ ਦਿਲ ਅਤੇ ਸਰਦਾਰਾਂ ਦੇ ਦਿਲ ਬੈਠ ਜਾਣਗੇ, ਅਤੇ ਜਾਜਕ ਡਰ ਜਾਣਗੇ ਅਤੇ ਨਬੀ ਹੈਰਾਨ ਹੋਣਗੇ
10ਤਦ ਮੈਂ ਆਖਿਆ, ਹਾਏ, ਪ੍ਰਭੂ ਯਹੋਵਾਹ! ਤੂੰ ਸੱਚ-ਮੁੱਚ ਇਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਇਹ ਆਖ ਕੇ ਵੱਡਾ ਧੋਖਾ ਦਿੱਤਾ ਭਈ ਤੁਹਾਡੇ ਲਈ ਸ਼ਾਂਤੀ ਹੋਵੇਗੀ ਪਰ ਤਲਵਾਰ ਜਾਨਾਂ ਤੱਕ ਅੱਪੜ ਪਈ ਹੈ!।
11ਉਸ ਵੇਲੇ ਇਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਇਹ ਆਖਿਆ ਜਾਵੇਗਾ ਕਿ ਉੱਚਿਆਂ ਥਾਵਾਂ ਤੋਂ ਇੱਕ ਤੱਤੀ ਹਵਾ ਮੇਰੀ ਪਰਜਾ ਦੀ ਧੀ ਵੱਲ ਉਜਾੜ ਤੋਂ ਵੱਗੇਗੀ, ਉਡਾਉਣ ਜਾਂ ਸਾਫ਼ ਕਰਨ ਲਈ ਨਹੀਂ,
12ਸਗੋਂ ਉੱਥੋਂ ਇੱਕ ਤੁੰਦ ਹਵਾ ਮੇਰੇ ਲਈ ਵੱਗੇਗੀ, ਨਾਲੇ ਹੁਣ ਮੈਂ ਉਹਨਾਂ ਉੱਤੇ ਨਿਆਂ ਕਰਾਂਗਾ।
13ਵੇਖ ਉਹ ਬੱਦਲਾਂ ਵਾਂਗੂੰ ਆ ਰਿਹਾ ਹੈ, ਉਹ ਦੇ ਰਥ ਵਾਵਰੋਲੇ ਵਾਂਗੂੰ ਹਨ, ਉਹ ਦੇ ਘੋੜੇ ਉਕਾਬਾਂ ਨਾਲੋਂ ਤੇਜ ਹਨ, ਹਾਏ ਸਾਨੂੰ! ਅਸੀਂ ਬਰਬਾਦ ਹੋ ਗਏ!
14ਹੇ ਯਰੂਸ਼ਲਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ। ਕਿੰਨ੍ਹਾਂ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ?
15ਦਾਨ ਤੋਂ ਤਾਂ ਇੱਕ ਅਵਾਜ਼ ਦੱਸਦੀ, ਅਤੇ ਇਫ਼ਰਾਈਮ ਦੇ ਪਰਬਤ ਤੋਂ ਬਦੀ ਦੀ ਖ਼ਬਰ ਸੁਣਾਉਂਦੀ,
16ਤੁਸੀਂ ਕੌਮਾਂ ਨੂੰ ਚੇਤੇ ਕਰਾਓ, - ਵੇਖੋ, ਯਰੂਸ਼ਲਮ ਨੂੰ ਖ਼ਬਰ ਦਿਓ, ਕਿ ਘੇਰਾ ਪਾਉਣ ਵਾਲੇ ਦੂਰ ਦੇਸ ਤੋਂ ਲੱਗੇ ਆਉਂਦੇ ਹਨ!
17ਉਹ ਯਹੂਦਾਹ ਦੇ ਸ਼ਹਿਰਾਂ ਦੇ ਵਿਰੁੱਧ ਲਲਕਾਰਦੇ ਹਨ! ਪੈਲੀ ਦੇ ਰਾਖਿਆਂ ਵਾਂਗੂੰ ਉਹ ਉਸ ਨੂੰ ਚੌਂਹ ਪਾਸਿਓਂ ਘੇਰਨਗੇ, ਉਹ ਮੈਥੋਂ ਆਕੀ ਜੋ ਹੋ ਗਈ ਹੈ, ਯਹੋਵਾਹ ਦਾ ਵਾਕ ਹੈ।
18ਤੇਰੀ ਚਾਲ ਅਤੇ ਤੇਰੇ ਕੰਮਾਂ ਨੇ ਇਹ ਤੇਰੇ ਉੱਤੇ ਲਿਆਂਦਾ, ਇਹ ਤੇਰੀ ਬਿਪਤਾ ਹੈ ਅਤੇ ਇਹ ਕੌੜੀ ਹੈ, ਇਹ ਤੇਰੇ ਦਿਲ ਤੱਕ ਅੱਪੜ ਗਈ ਹੈ!
19ਹਾਏ ਮੈਨੂੰ! ਹਾਏ ਮੈਨੂੰ! ਮੇਰੇ ਦਿਲ ਦੇ ਪੜਦੇ ਵਿੱਚ ਪੀੜ ਹੈ, ਮੇਰਾ ਦਿਲ ਬੇਚੈਨ ਹੈ, ਮੈਂ ਚੁੱਪ ਨਹੀਂ ਰਹਿ ਸਕਦਾ! ਮੇਰੀ ਜਾਨ ਤੁਰ੍ਹੀ ਦੀ ਅਵਾਜ਼, ਅਤੇ ਲੜਾਈ ਦੀ ਲਲਕਾਰ ਸੁਣਦੀ ਹੈ।
20ਰਾਹ ਉੱਤੇ ਹਾਰ ਦੀ ਖ਼ਬਰ ਆਉਂਦੀ ਹੈ, ਕਿ ਸਾਰਾ ਦੇਸ ਤਬਾਹ ਹੋ ਗਿਆ, ਅਚਾਨਕ ਤੇਰੇ ਤੰਬੂ ਨਾਸ ਗਏ, ਅਤੇ ਮੇਰੇ ਪੜਦੇ ਇੱਕ ਦਮ ਵਿੱਚ।
21ਮੈਂ ਕਦ ਤੱਕ ਇਹ ਝੰਡਾ ਵੇਖਾਂਗਾ, ਅਤੇ ਤੁਰ੍ਹੀ ਦੀ ਅਵਾਜ਼ ਸੁਣਾਂਗਾ?
22ਮੇਰੀ ਪਰਜਾ ਤਾਂ ਮੂਰਖ ਹੈ, ਉਹ ਮੈਨੂੰ ਨਹੀਂ ਜਾਣਦੀ। ਉਹ ਮੂਰਖ ਬੱਚੇ ਹਨ, ਉਹਨਾਂ ਨੂੰ ਕੋਈ ਸਮਝ ਨਹੀਂ। ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ, ਪਰ ਉਹ ਨੇਕੀ ਕਰਨੀ ਨਹੀਂ ਜਾਣਦੇ।
23ਮੈਂ ਧਰਤੀ ਨੂੰ ਦੇਖਿਆ ਅਤੇ ਵੇਖੋ, ਉਹ ਬੇਡੌਲ ਅਤੇ ਸੁੰਨੀ ਸੀ, ਅਤੇ ਅਕਾਸ਼ਾਂ ਵੱਲ ਅਤੇ ਉਹਨਾਂ ਵਿੱਚ ਚਾਨਣ ਨਹੀਂ ਸੀ।
24ਮੈਂ ਪਹਾੜਾਂ ਨੂੰ ਦੇਖਿਆ ਅਤੇ ਵੇਖੋ, ਉਹ ਕੰਬ ਰਹੇ ਸਨ, ਅਤੇ ਸਾਰੇ ਟਿੱਲੇ ਅੱਗੇ ਪਿੱਛੇ ਹੋ ਜਾਂਦੇ ਸਨ!
25ਮੈਂ ਦੇਖਿਆ ਅਤੇ ਵੇਖੋ, ਕੋਈ ਆਦਮੀ ਨਹੀਂ ਸੀ, ਅਤੇ ਅਕਾਸ਼ ਦੇ ਸਾਰੇ ਪੰਛੀ ਉੱਡ ਗਏ।
26ਮੈਂ ਦੇਖਿਆ ਅਤੇ ਵੇਖੋ, ਉਹ ਦਾ ਮੇਵੇਦਾਰ ਮੈਦਾਨ ਉਜਾੜ ਹੋ ਗਿਆ, ਉਹ ਦੇ ਸਾਰੇ ਸ਼ਹਿਰ ਯਹੋਵਾਹ ਅੱਗੇ, ਉਹ ਦੇ ਡਾਢੇ ਕ੍ਰੋਧ ਦੇ ਅੱਗੇ ਬਰਬਾਦ ਹੋ ਗਏ।
27ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਾਰੀ ਧਰਤੀ ਵਿਰਾਨ ਹੋ ਜਾਵੇਗੀ, ਤਾਂ ਵੀ ਮੈਂ ਉਹ ਨੂੰ ਉੱਕਾ ਹੀ ਨਹੀਂ ਮੁਕਾਵਾਂਗਾ!
28ਇਸ ਉੱਤੇ ਧਰਤੀ ਸੋਗ ਕਰੇਗੀ ਅਤੇ ਅਕਾਸ਼ ਕਾਲੇ ਹੋ ਜਾਣਗੇ, ਕਿਉਂ ਜੋ ਮੈਂ ਇਸ ਉੱਤੇ ਬੋਲ ਚੁੱਕਿਆ ਹਾਂ, ਮੈਂ ਇਹ ਠਾਣਿਆ ਹੈ, ਮੈਂ ਨਾ ਹੀ ਗਰੰਜ ਹੋਵਾਂਗਾ ਨਾ ਹੀ ਇਸ ਤੋਂ ਮੁੜਾਂਗਾ।
29ਘੋੜ ਚੜ੍ਹੇ ਅਤੇ ਤੀਰ-ਅੰਦਾਜ਼ ਦੀ ਅਵਾਜ਼ ਨਾਲ, ਹਰੇਕ ਸ਼ਹਿਰ ਨੱਠ ਜਾਂਦਾ ਹੈ। ਉਹ ਝੰਗੀ ਵਿੱਚ ਵੜਦੇ ਅਤੇ ਚਟਾਨਾਂ ਉੱਤੇ ਚੜ੍ਹ ਜਾਂਦੇ ਹਨ। ਹਰੇਕ ਸ਼ਹਿਰ ਛੱਡਿਆ ਜਾਂਦਾ ਹੈ, ਅਤੇ ਕੋਈ ਮਨੁੱਖ ਉਹਨਾਂ ਵਿੱਚ ਨਹੀਂ ਵੱਸਦਾ।
30ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈਂ? ਭਾਵੇਂ ਤੂੰ ਲਾਲ ਜੋੜਾ ਪਾਵੇਂ, ਭਾਵੇਂ ਤੂੰ ਆਪ ਨੂੰ ਸੋਨੇ ਦੇ ਗਹਿਣਿਆਂ ਦੇ ਨਾਲ ਸਜਾਵੇਂ, ਭਾਵੇਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ, ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ, ਤੇਰੇ ਪ੍ਰੇਮੀ ਤੈਥੋਂ ਘਿਣ ਕਰਦੇ ਹਨ, ਉਹ ਤੇਰੀ ਜਾਨ ਨੂੰ ਭਾਲਦੇ ਹਨ।
31ਮੈਂ ਤਾਂ ਉਸ ਔਰਤ ਵਰਗੀ ਇੱਕ ਅਵਾਜ਼ ਸੁਣੀ, ਜਿਹ ਨੂੰ ਜਣਨ ਦੀਆਂ ਪੀੜਾਂ ਹੋਣ, - ਉਹ ਦੇ ਵਰਗੀ ਡਾਢੀ ਪੀੜ ਦੀ ਅਵਾਜ਼, ਜਿਹੜੀ ਆਪਣਾ ਪਹਿਲੌਠਾ ਪੁੱਤਰ ਜਣਦੀ, ਸੀਯੋਨ ਦੀ ਧੀ ਦੀ ਅਵਾਜ਼ ਜਿਹੜੀ ਸਾਹ ਲਈ ਹੌਂਕਦੀ ਹੈ, ਜਿਹੜੀ ਆਪਣੇ ਹੱਥ ਵਧਾਉਂਦੀ ਹੈ, ਹਾਏ ਮੇਰੇ ਉੱਤੇ ਭਈ ਮੇਰੀ ਜਾਨ ਨੂੰ ਖ਼ੂਨੀਆਂ ਅੱਗੇ ਡੋਬ ਪੈ ਗਿਆ!।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath