ਈਸਾਈ
ਪਿੱਛੇ

ਯਿਰਮਿਯਾਹ 49

1ਅੰਮੋਨੀਆਂ ਦੇ ਵਿਖੇ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਕੀ ਇਸਰਾਏਲ ਦਾ ਕੋਈ ਪੁੱਤਰ ਨਹੀਂ? ਕੀ ਉਹ ਦਾ ਕੋਈ ਵਾਰਿਸ ਨਹੀਂ? ਫਿਰ ਕਿਉਂ ਮਲਕਾਮ ਨੇ ਗਾਦ ਨੂੰ ਕਬਜ਼ੇ ਵਿੱਚ ਕਰ ਲਿਆ? ਅਤੇ ਕਿਉਂ ਉਹ ਦੇ ਕੋਲ ਉਸ ਦੇ ਸ਼ਹਿਰਾਂ ਵਿੱਚ ਵੱਸਦੇ ਹਨ?

2ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਲੜਾਈ ਦਾ ਰੌਲ਼ਾ ਸੁਣਾਵਾਂਗਾ, ਅੰਮੋਨੀਆਂ ਦੇ ਰੱਬਾਹ ਦੇ ਵਿਰੁੱਧ। ਉਹ ਇੱਕ ਵਿਰਾਨ ਥੇਹ ਹੋ ਜਾਵੇਗਾ, ਉਸ ਦਿਨ ਬਸਤੀਆਂ ਅੱਗ ਨਾਲ ਸਾੜੀਆਂ ਜਾਣਗੀਆਂ, ਤਦ ਇਸਰਾਏਲ ਉਹਨਾਂ ਉੱਤੇ ਕਬਜ਼ਾ ਕਰੇਗਾ ਜਿਹਨਾਂ ਉਸ ਦੇ ਉੱਤੇ ਕਬਜ਼ਾ ਕੀਤਾ, ਯਹੋਵਾਹ ਆਖਦਾ ਹੈ।

3ਹੇ ਹਸ਼ਬੋਨ, ਰੋ! ਕਿਉਂ ਜੋ ਅਈ ਲੁੱਟਿਆ ਗਿਆ। ਹੇ ਰੱਬਾਹ ਦੀ ਧੀਓ, ਦੁਹਾਈ ਦਿਓ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਇੱਧਰ ਉੱਧਰ ਦੌੜੋ! ਕਿਉਂ ਜੋ ਮਲਕਾਮ ਗ਼ੁਲਾਮੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ।

4ਤੂੰ ਆਪਣੀਆਂ ਵਾਦੀਆਂ ਦਾ ਕਿਉਂ ਮਾਣ ਕਰਦੀ ਹੈਂ? ਹੇ ਫਿਰਤੂ ਧੀਏ, ਤੇਰੀ ਵਾਦੀ ਵਗਣ ਵਾਲੀ ਹੈ, ਤੇਰਾ ਭਰੋਸਾ ਤੇਰੇ ਖ਼ਜ਼ਾਨਿਆਂ ਉੱਤੇ ਹੈ, ਮੇਰੇ ਵਿਰੁੱਧ ਕੌਣ ਆਵੇਗਾ?

5ਵੇਖ, ਮੈਂ ਤੇਰੇ ਉੱਤੇ ਭੋਂ ਲਿਆਵਾਂਗਾ, ਸੈਨਾਂ ਦੇ ਯਹੋਵਾਹ ਪ੍ਰਭੂ ਦਾ ਵਾਕ ਹੈ, ਉਹਨਾਂ ਸਾਰਿਆਂ ਤੋਂ ਜਿਹੜੇ ਤੇਰੇ ਆਲੇ-ਦੁਆਲੇ ਹਨ, ਤੁਸੀਂ ਹਰੇਕ ਮਨੁੱਖ ਉਹ ਦੇ ਅੱਗੇ ਹੱਕੇ ਜਾਓਗੇ, ਭਗੌੜਿਆਂ ਨੂੰ ਇਕੱਠਾ ਕਰਨ ਲਈ ਕੋਈ ਨਾ ਹੋਵੇਗਾ।

6ਪਰ ਓੜਕ ਨੂੰ ਮੈਂ ਫਿਰ ਅੰਮੋਨੀਆਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ।

7ਅਦੋਮ ਦੇ ਵਿਖੇ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਕੀ ਤੇਮਾਨ ਵਿੱਚ ਹੋਰ ਬੁੱਧੀ ਨਾ ਰਹੀ? ਕੀ ਸਮਝ ਵਾਲਿਆਂ ਵਿੱਚੋਂ ਸਲਾਹ ਦਾ ਨਾਸ ਹੋ ਗਿਆ? ਕੀ ਉਹਨਾਂ ਦੀ ਬੁੱਧੀ ਮਿਟ ਗਈ?

8ਤੁਸੀਂ ਨੱਠੋ, ਮੁੜੋ ਅਤੇ ਡੁੰਘਿਆਈਆਂ ਵਿੱਚ ਵੱਸੋ, ਹੇ ਦਦਾਨ ਦੇ ਵਾਸੀਓ, ਮੈਂ ਉਹ ਦੇ ਉੱਤੇ ਤਾਂ ਏਸਾਓ ਦੀ ਬਿਪਤਾ ਲਿਆਵਾਂਗਾ, ਉਸ ਵੇਲੇ ਜਦ ਮੈਂ ਉਹ ਨੂੰ ਸਜ਼ਾ ਦਿਆਂ!

9ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਦਾਣੇ ਨਹੀਂ ਛੱਡਣਗੇ? ਜੇ ਰਾਤ ਨੂੰ ਚੋਰ ਆਉਣ, ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ?

10ਪਰ ਮੈਂ ਏਸਾਓ ਨੂੰ ਨੰਗਾ ਕੀਤਾ, ਉਸ ਦੇ ਲੁਕੇ ਹੋਏ ਥਾਵਾਂ ਨੂੰ ਬੇਪੜਦਾ ਕੀਤਾ, ਉਹ ਆਪਣੇ ਆਪ ਨੂੰ ਨਾ ਲੁਕਾ ਸਕੇਗਾ, ਉਸ ਦੀ ਨਸਲ ਬਰਬਾਦ ਹੋ ਜਾਵੇਗੀ ਅਤੇ ਉਸ ਦੇ ਭਰਾ ਵੀ, ਅਤੇ ਉਸ ਦੇ ਗੁਆਂਢੀ ਅਤੇ ਉਹ ਹੈ ਨਹੀਂ।

11ਆਪਣੇ ਅਨਾਥਾਂ ਨੂੰ ਛੱਡ, ਮੈਂ ਉਹਨਾਂ ਨੂੰ ਜੀਉਂਦੇ ਰੱਖਾਂਗਾ, ਅਤੇ ਤੇਰੀਆਂ ਵਿਧਵਾਂ ਮੇਰੇ ਉੱਤੇ ਭਰੋਸਾ ਰੱਖਣ।

12ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਵੇਖ, ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਉਹਨਾਂ ਨੇ ਜ਼ਰੂਰ ਪੀਣਾ ਹੈ। ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ਾ ਹੈਂ? ਤੂੰ ਬੇਦੋਸ਼ਾ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ

13ਕਿਉਂ ਜੋ ਮੈਂ ਆਪਣੀ ਹੀ ਸਹੁੰ ਖਾਧੀ ਹੈ, ਯਹੋਵਾਹ ਦਾ ਵਾਕ ਹੈ, ਕਿ ਬਾਸਰਾਹ ਹੈਰਾਨੀ ਅਤੇ ਤਾਹਨੇ ਅਤੇ ਖਰਾਬੀ ਅਤੇ ਸਰਾਪ ਲਈ ਹੋਵੇਗਾ ਅਤੇ ਉਹ ਦੇ ਸਾਰੇ ਸ਼ਹਿਰ ਸਦਾ ਲਈ ਵਿਰਾਨ ਰਹਿਣਗੇ।

14ਮੈਂ ਇੱਕ ਅਵਾਈ ਯਹੋਵਾਹ ਤੋਂ ਸੁਣੀ, ਭਈ ਕੌਮਾਂ ਵਿੱਚ ਇੱਕ ਸੰਦੇਸ਼ਵਾਹਕ ਭੇਜਿਆ ਗਿਆ, ਇਕੱਠੇ ਹੋਵੋ ਅਤੇ ਉਹ ਦੇ ਵਿਰੁੱਧ ਨਿੱਕਲੋ, ਲੜਨ ਲਈ ਉੱਠ ਖੜ੍ਹੇ ਹੋਵੋ!

15ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਕੇ, ਆਦਮੀਆਂ ਵਿੱਚ ਤੁੱਛ ਕਰ ਕੇ ਦਿੱਤਾ ਹੈ।

16ਤੇਰੇ ਭਿਆਨਕ ਰੂਪ ਨੇ ਤੈਨੂੰ ਧੋਖਾ ਦਿੱਤਾ, ਨਾਲੇ ਤੇਰੇ ਦਿਲ ਦੇ ਹੰਕਾਰ ਨੇ, ਤੂੰ ਜਿਹੜਾ ਚੱਟਾਨਾਂ ਦੀਆਂ ਦਰਾਰਾਂ ਵਿੱਚ ਰਹਿੰਦਾ ਹੈਂ, ਅਤੇ ਪਹਾੜੀਆਂ ਦੀਆਂ ਉੱਚਿਆਈਆਂ ਨੂੰ ਫੜਦਾ ਹੈਂ, ਭਾਵੇਂ ਤੂੰ ਆਪਣਾ ਆਲ੍ਹਣਾ ਉਕਾਬ ਵਾਂਗੂੰ ਉੱਚਾ ਬਣਾਵੇਂ, ਪਰ ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ।

17ਅਦੋਮ ਹੈਰਾਨੀ ਲਈ ਹੋਵੇਗਾ, ਹਰੇਕ ਜਿਹੜਾ ਉਹ ਦੇ ਅੱਗੋਂ ਦੀ ਲੰਘੇਗਾ ਉਹ ਹੈਰਾਨ ਹੋਵੇਗਾ ਅਤੇ ਉਸ ਦੀਆਂ ਬਵਾਂ ਦੇ ਕਾਰਨ ਨੱਕ ਚੜ੍ਹਾਵੇਗਾ

18ਜਿਵੇਂ ਸਦੂਮ ਅਤੇ ਅਮੂਰਾਹ ਅਤੇ ਉਹਨਾਂ ਦੇ ਵਾਸ ਉੱਲਦੇ ਗਏ, ਯਹੋਵਾਹ ਆਖਦਾ ਹੈ, ਉੱਥੇ ਕੋਈ ਨਾ ਵੱਸੇਗਾ, ਨਾ ਕੋਈ ਆਦਮ ਵੰਸ਼ ਉਸ ਦੇ ਵਿੱਚ ਟਿਕੇਗਾ

19ਵੇਖੋ, ਉਹ ਬਬਰ ਸ਼ੇਰ ਵਾਂਗੂੰ ਯਰਦਨ ਦੇ ਜੰਗਲ ਵਿੱਚੋਂ ਨਿੱਕਲ ਕੇ ਇੱਕ ਪੱਕੇ ਵਸੇਬੇ ਉੱਤੇ ਆਵੇਗਾ ਕਿਉਂ ਜੋ ਮੈਂ ਅਚਾਨਕ ਉਹਨਾਂ ਨੂੰ ਉੱਥੋਂ ਨਠਾ ਦਿਆਂਗਾ ਅਤੇ ਉਹ ਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਦੇ ਉੱਤੇ ਠਹਿਰਾਵਾਂਗਾ ਕਿਉਂ ਜੋ ਮੇਰੇ ਵਰਗਾ ਕੌਣ ਹੈ? ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ? ਕਿਹੜਾ ਅਯਾਲੀ ਮੇਰੇ ਅੱਗੇ ਖਲੋ ਸਕੇਗਾ?

20ਇਸ ਲਈ ਤੁਸੀਂ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸ ਨੇ ਅਦੋਮ ਦੇ ਬਾਰੇ ਸੋਚੀ ਹੋਈ ਹੈ ਅਤੇ ਉਹ ਦੀਆਂ ਵਿਚਾਰਾਂ ਨੂੰ ਜਿਹੜੀਆਂ ਉਸ ਨੇ ਤੇਮਾਨ ਦੇ ਵਾਸੀਆਂ ਦੇ ਬਾਰੇ ਕੀਤੀਆਂ ਹਨ। ਸੱਚ-ਮੁੱਚ ਉਹ ਉਹਨਾਂ ਦੇ ਇੱਜੜ ਦੇ ਨਿੱਕੇ-ਨਿੱਕੇ ਵੀ ਧੂ ਕੇ ਲੈ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਾਰਗਾਹਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ

21ਉਹਨਾਂ ਦੇ ਡਿੱਗਣ ਦੀ ਅਵਾਜ਼ ਨਾਲ ਧਰਤੀ ਕੰਬੇਗੀ, ਉਹਨਾਂ ਦੀ ਦੁਹਾਈ ਦੀ ਅਵਾਜ਼ ਲਾਲ ਸਮੁੰਦਰ ਤੱਕ ਸੁਣਾਈ ਦੇਵੇਗੀ!

22ਵੇਖੋ, ਉਹ ਉਕਾਬ ਵਾਂਗੂੰ ਚੜ੍ਹੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬਾਸਰਾਹ ਦੇ ਉੱਤੇ ਖਿਲਾਰੇਗਾ ਅਤੇ ਅਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਔਰਤ ਦੇ ਦਿਲ ਵਾਂਗੂੰ ਹੋਵੇਗਾ ਜਿਹ ਨੂੰ ਪੀੜਾਂ ਲੱਗੀਆਂ ਹਨ।

23ਦੰਮਿਸ਼ਕ ਦੇ ਵਿਖੇ, ਹਮਾਥ ਅਤੇ ਅਰਪਾਦ ਘਬਰਾ ਗਏ, ਕਿਉਂ ਜੋ ਉਹਨਾਂ ਨੇ ਬੁਰੀਆਂ ਅਵਾਈਆਂ ਸੁਣੀਆਂ, ਉਹ ਪੰਘਰ ਗਏ, ਸਮੁੰਦਰ ਵਿੱਚ ਹਲਚਲ ਹੈ, ਉਹ ਆਰਾਮ ਨਹੀਂ ਕਰ ਸਕਦਾ।

24ਦੰਮਿਸ਼ਕ ਨਿਰਬਲ ਹੋ ਗਿਆ, ਉਸ ਆਪਣਾ ਮੂੰਹ ਮੋੜ ਲਿਆ, ਕੰਬਣੀ ਨੇ ਉਹ ਨੂੰ ਆ ਫੜਿਆ, ਪੀੜ ਨੇ ਅਤੇ ਗ਼ਮ ਨੇ ਉਹ ਨੂੰ ਫੜ ਲਿਆ ਜਣਨ ਵਾਲੀ ਔਰਤ ਵਾਂਗੂੰ।

25ਉਸਤਤ ਜੋਗ ਮੇਰਾ ਸ਼ਹਿਰ, ਮੇਰਾ ਅਨੰਦ ਦਾ ਨਗਰ, ਕਿਵੇਂ ਤਿਆਗਿਆ ਹੋਇਆ ਹੈ!

26ਇਸ ਲਈ ਉਹ ਦੇ ਗੱਭਰੂ ਉਹ ਦੇ ਚੌਂਕਾਂ ਵਿੱਚ ਡਿੱਗ ਪੈਣਗੇ, ਅਤੇ ਸਾਰੇ ਯੋਧੇ ਉਸ ਦਿਨ ਮਿਟ ਜਾਣਗੇ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।

27ਮੈਂ ਦੰਮਿਸ਼ਕ ਦੀ ਸਫੀਲ ਵਿੱਚ ਅੱਗ ਜਲਾਵਾਂਗਾ, ਉਹ ਬਨ-ਹਦਦ ਦੇ ਮਹਿਲਾਂ ਨੂੰ ਖਾ ਜਾਵੇਗੀ।

28ਕੇਦਾਰ ਦੇ ਬਾਰੇ ਅਤੇ ਹਾਸੋਰ ਦੇ ਰਾਜਿਆਂ ਦੇ ਬਾਰੇ ਜਿਹਨਾਂ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਮਾਰਿਆ, - ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਉੱਠੋ ਅਤੇ ਕੇਦਾਰ ਨੂੰ ਚੜ੍ਹੋ ਚੜ੍ਹਦੇ ਪਾਸੇ ਦੇ ਲੋਕਾਂ ਨੂੰ ਬਰਬਾਦ ਕਰੋ!

29ਉਹਨਾਂ ਦੇ ਤੰਬੂ ਅਤੇ ਉਹਨਾਂ ਦੇ ਇੱਜੜ ਲਏ ਜਾਣਗੇ, ਉਹਨਾਂ ਦੇ ਪੜਦੇ, ਉਹਨਾਂ ਦੇ ਸਾਰੇ ਭਾਂਡੇ, ਉਹਨਾਂ ਦੇ ਊਠ ਉਹ ਆਪਣੇ ਲਈ ਲੈ ਜਾਣਗੇ, ਉਹ ਉਹਨਾਂ ਦੇ ਉੱਤੇ ਪੁਕਾਰਨਗੇ, ਭਈ ਆਲੇ-ਦੁਆਲੇ ਭੈਅ ਹੈ!

30ਤੁਸੀਂ ਨੱਠੋ, ਬਹੁਤ ਦੂਰ ਖਿਸਕ ਜਾਓ ਅਤੇ ਡੂੰਘਿਆਈ ਵਿੱਚ ਵੱਸੋ, ਹੇ ਹਾਸੋਰ ਦੇ ਵਾਸੀਓ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਤੁਹਾਡੇ ਵਿਰੁੱਧ ਸਲਾਹ ਕੀਤੀ ਹੈ, ਅਤੇ ਤੁਹਾਡੇ ਵਿਰੁੱਧ ਮਤਾ ਪਕਾਇਆ ਹੈ।

31ਉੱਠੋ, ਇੱਕ ਨਿਸਚਿੰਤ ਕੌਮ ਉੱਤੇ ਚੜ੍ਹਾਈ ਕਰੋ, ਜਿਹੜੀ ਭਰੋਸੇ ਨਾਲ ਵੱਸਦੀ ਹੈ, ਯਹੋਵਾਹ ਦਾ ਵਾਕ ਹੈ, ਨਾ ਉਸ ਦੇ ਦਰ ਹਨ ਨਾ ਅਰਲ, ਉਹ ਇਕੱਲੀ ਵੱਸਦੀ ਹੈ।

32ਉਹਨਾਂ ਦੇ ਊਠ ਲੁੱਟ ਦਾ ਮਾਲ ਹੋਣਗੇ, ਉਹਨਾਂ ਦੇ ਵੱਗਾਂ ਦੀ ਵਾਫ਼ਰੀ ਮਾਰ-ਧਾੜ ਲਈ ਹੋਵੇਗੀ, ਮੈਂ ਉਹਨਾਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ, ਜਿਹੜੇ ਆਪਣੀਆਂ ਦਾੜ੍ਹੀਆਂ ਦੀਆਂ ਨੁੱਕਰਾਂ ਮੁਨਾਉਂਦੇ ਹਨ, ਮੈਂ ਉਹਨਾਂ ਦੇ ਹਰ ਪਾਸੇ ਤੋਂ ਬਿਪਤਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ।

33ਹਾਸੋਰ ਗਿੱਦੜਾਂ ਦੀ ਖੋਹ ਹੋਵੇਗਾ, ਉਹ ਸਦਾ ਤੱਕ ਵਿਰਾਨ ਰਹੇਗਾ, ਉੱਥੇ ਕੋਈ ਮਨੁੱਖ ਨਾ ਵੱਸੇਗਾ, ਕੋਈ ਆਦਮ ਵੰਸ਼ ਉਹ ਦੇ ਵਿੱਚ ਨਾ ਟਿਕੇਗਾ।

34ਯਹੋਵਾਹ ਦਾ ਬਚਨ ਜਿਹੜਾ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਏਲਾਮ ਦੇ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਕਿ

35ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ ਮੈਂ ਏਲਾਮ ਦੇ ਧਣੁੱਖ ਨੂੰ ਤੋੜ ਸੁੱਟਾਂਗਾ ਜਿਹੜਾ ਉਹਨਾਂ ਦੀ ਸੂਰਮਗਤੀ ਦਾ ਮੁੱਢ ਹੈ

36ਮੈਂ ਏਲਾਮ ਉੱਤੇ ਚੌਂਹ ਹਵਾਵਾਂ ਨੂੰ ਅਕਾਸ਼ ਦੀਆਂ ਚੌਂਹ ਕੂਟਾਂ ਤੋਂ ਲਿਆਵਾਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ ਅਤੇ ਕੋਈ ਕੌਮ ਨਾ ਹੋਵੇਗੀ ਜਿੱਥੇ ਏਲਾਮ ਦੇ ਹੱਕੇ ਹੋਏ ਨਾ ਜਾਣ

37ਮੈਂ ਏਲਾਮ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਅਤੇ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਦੀਆਂ ਜਾਨਾਂ ਦੇ ਗਾਹਕ ਹਨ ਹੱਕਾ-ਬੱਕਾ ਕਰਾਂਗਾ, ਮੈਂ ਉਹਨਾਂ ਉੱਤੇ ਆਪਣੇ ਵੱਡੇ ਕ੍ਰੋਧ ਦੀ ਬੁਰਿਆਈ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। ਮੈਂ ਉਹਨਾਂ ਦੇ ਪਿੱਛੇ ਤਲਵਾਰ ਭੇਜਾਂਗਾ ਐਥੋਂ ਤੱਕ ਕਿ ਉਹਨਾਂ ਦਾ ਸੱਤਿਆਨਾਸ ਕਰ ਦਿੱਤਾ

38ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਰੱਖਾਂਗਾ ਅਤੇ ਉੱਥੋਂ ਰਾਜਾ ਅਤੇ ਸਰਦਾਰਾਂ ਨੂੰ ਨਾਸ ਕਰਾਂਗਾ, ਯਹੋਵਾਹ ਦਾ ਵਾਕ ਹੈ

39ਪਰ ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗਾ ਕਿ ਮੈਂ ਏਲਾਮ ਨੂੰ ਗ਼ੁਲਾਮੀ ਤੋਂ ਮੋੜ ਲਿਆਵਾਂਗਾ, ਯਹੋਵਾਹ ਦਾ ਵਾਕ ਹੈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath