ਯਿਰਮਿਯਾਹ 3
1ਆਖਦੇ ਹਨ ਕਿ ਜੇ ਕੋਈ ਆਪਣੀ ਔਰਤ ਨੂੰ ਛੱਡ ਦੇਵੇ, ਅਤੇ ਉਹ ਉਸ ਦੇ ਕੋਲੋਂ ਚੱਲੀ ਜਾਵੇ, ਅਤੇ ਕਿਸੇ ਹੋਰ ਦੀ ਔਰਤ ਹੋ ਜਾਵੇ, ਕੀ ਉਹ ਆਦਮੀ ਉਸ ਕੋਲ ਫਿਰ ਮੁੜ ਜਾਵੇਗਾ? ਕੀ ਉਹ ਦੇਸ ਬਹੁਤਾ ਭਰਿਸ਼ਟ ਨਾ ਹੋ ਜਾਵੇਗਾ? ਤੂੰ ਤਾਂ ਬਹੁਤਿਆਂ ਯਾਰਾਂ ਨਾਲ ਵਿਭਚਾਰ ਕੀਤਾ, ਤੂੰ ਤਾਂ ਮੇਰੀ ਵੱਲ ਮੁੜੇਂਗੀ? ਯਹੋਵਾਹ ਦਾ ਵਾਕ ਹੈ।
2ਉਚਿਆਈਆਂ ਵੱਲ ਆਪਣੀਆਂ ਅੱਖਾਂ ਚੁੱਕ, ਤੇ ਵੇਖ! ਉਹ ਕਿਹੜਾ ਥਾਂ ਹੈ ਜਿੱਥੇ ਤੂੰ ਭਿੱਟੀ ਨਹੀਂ ਗਈ? ਤੂੰ ਰਾਹਾਂ ਵਿੱਚ ਉਹਨਾਂ ਲਈ ਬੈਠੀ, ਜਿਵੇਂ ਕੋਈ ਅਰਬੀ ਉਜਾੜ ਵਿੱਚ। ਤੂੰ ਆਪਣੇ ਵਿਭਚਾਰ ਤੇ ਬੁਰਿਆਈ ਨਾਲ ਦੇਸ ਨੂੰ ਭਰਿਸ਼ਟ ਕੀਤਾ।
3ਇਸੇ ਲਈ ਝੜ੍ਹੀਆਂ ਵਾਲਾ ਮੀਂਹ ਨਹੀਂ ਪੈਂਦਾ, ਅਤੇ ਆਖਰੀ ਬਰਸਾਤ ਨਹੀਂ ਹੋਈ। ਤੇਰਾ ਮੱਥਾ ਕੰਜਰੀ ਦਾ ਹੈ, ਤੂੰ ਸ਼ਰਮ ਖਾਣ ਤੋਂ ਮੁੱਕਰ ਗਈ।
4ਕੀ ਤੂੰ ਹੁਣ ਤੋਂ ਮੈਨੂੰ ਨਾ ਪੁਕਾਰੇਂਗੀ, ਹੇ ਪਿਤਾ, ਤੂੰ ਮੇਰੀ ਜੁਆਨੀ ਦਾ ਸਾਥੀ ਹੈ?
5ਕੀ ਉਹ ਦਾ ਗੁੱਸਾ ਸਦਾ ਤੱਕ ਰਹੇਗਾ? ਕੀ ਉਹ ਆਖੀਰ ਤੱਕ ਖਿੱਝਦਾ ਰਹੇਗਾ? ਵੇਖ, ਤੂੰ ਐਉਂ ਤਾਂ ਬੋਲੀ, ਪਰ ਜਿੰਨੀਆਂ ਕਰ ਸਕੀ ਤੂੰ ਬੁਰਿਆਈਆਂ ਕੀਤੀਆਂ।
6ਯੋਸ਼ੀਯਾਹ ਰਾਜਾ ਦੇ ਦਿਨਾਂ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਕੀ ਤੂੰ ਵੇਖਿਆ ਜੋ ਵਿਦਰੋਹੀ ਇਸਰਾਏਲ ਨੇ ਕੀਤਾ? ਉਹ ਹਰੇਕ ਉੱਚੇ ਪਰਬਤ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਵਿਭਚਾਰ ਕੀਤਾ
7ਤਾਂ ਮੈਂ ਆਖਿਆ, ਇਹ ਸਭ ਕੁਝ ਕਰਨ ਦੇ ਪਿੱਛੋਂ ਉਹ ਮੇਰੀ ਵੱਲ ਮੁੜੇਗੀ ਪਰ ਉਹ ਨਾ ਮੁੜੀ ਤਾਂ ਉਹ ਦੀ ਚਾਲ ਬਾਜ਼ ਭੈਣ ਯਹੂਦਾਹ ਨੇ ਇਹ ਵੇਖਿਆ
8ਮੈਂ ਇਹ ਵੇਖਿਆ ਕਿ ਜਦ ਆਕੀ ਇਸਰਾਏਲ ਦੀ ਸਾਰੀ ਵਿਭਚਾਰ ਦੇ ਕਾਰਨ ਮੈਂ ਉਹ ਨੂੰ ਕੱਢ ਦਿੱਤਾ ਅਤੇ ਤਿਆਗ ਪੱਤਰੀ ਉਹ ਨੂੰ ਦੇ ਦਿੱਤੀ ਤਾਂ ਵੀ ਉਹ ਦੀ ਚਾਲ ਬਾਜ਼ ਭੈਣ ਯਹੂਦਾਹ ਨਾ ਡਰੀ ਸਗੋਂ ਉਸ ਵੀ ਜਾ ਕੇ ਵਿਭਚਾਰ ਕੀਤਾ
9ਤਾਂ ਇਸ ਤਰ੍ਹਾਂ ਹੋਇਆ ਕਿ ਇਸ ਲਈ ਜੋ ਉਹ ਨੂੰ ਵਿਭਚਾਰ ਇੱਕ ਹਲਕੀ ਚੀਜ਼ ਲੱਗੀ ਤਾਂ ਦੇਸ ਭਰਿਸ਼ਟ ਕੀਤਾ ਗਿਆ ਜਦੋਂ ਉਹ ਨੇ ਪੱਥਰਾਂ ਅਤੇ ਰੁੱਖਾਂ ਨਾਲ ਵਿਭਚਾਰ ਕੀਤਾ!
10ਇਸ ਸਾਰੇ ਦੇ ਹੁੰਦਿਆਂ ਤੇ ਵੀ ਉਹ ਦੀ ਚਾਲ ਬਾਜ਼ ਭੈਣ ਪੂਰੇ ਦਿਲ ਨਾਲ ਮੇਰੀ ਵੱਲ ਨਾ ਮੁੜੀ ਸਗੋਂ ਮੱਕਾਰੀ ਨਾਲ, ਯਹੋਵਾਹ ਦਾ ਵਾਕ ਹੈ।
11ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਆਕੀ ਇਸਰਾਏਲ ਨੇ ਚਾਲਬਾਜ਼ ਯਹੂਦਾਹ ਨਾਲੋਂ ਆਪਣੇ ਆਪ ਨੂੰ ਵੱਧ ਧਰਮੀ ਵਿਖਾਇਆ ਹੈ
12ਜਾ, ਉੱਤਰ ਵੱਲ ਇਹਨਾਂ ਗੱਲਾਂ ਦਾ ਪਰਚਾਰ ਕਰ ਅਤੇ ਆਖ, - ਮੁੜ, ਹੇ ਆਕੀ ਇਸਰਾਏਲ, ਯਹੋਵਾਹ ਦਾ ਵਾਕ ਹੈ, ਮੈਂ ਨਹਿਰੀਆਂ ਵੱਟ ਕੇ ਤੈਨੂੰ ਨਾ ਵੇਖਾਂਗਾ, ਮੈਂ ਦਿਆਲੂ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਦਾ ਤੱਕ ਗੁੱਸਾ ਨਹੀਂ ਰੱਖਾਂਗਾ।
13ਨਿਰਾ ਆਪਣੀ ਬੁਰਿਆਈ ਨੂੰ ਮੰਨ ਲੈ, ਕਿ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਪਰਾਧੀ ਹੋਈ, ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਿਲਾਰਿਆ, ਅਤੇ ਮੇਰੀ ਅਵਾਜ਼ ਨਹੀਂ ਸੁਣੀ, ਯਹੋਵਾਹ ਦਾ ਵਾਕ ਹੈ।
14ਹੇ ਬੇਈਮਾਨ ਪੁੱਤਰੋ, ਮੁੜੋ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡਾ ਮਾਲਕ ਜੋ ਹਾਂ, ਮੈਂ ਤੁਹਾਡੇ ਵਿੱਚੋਂ ਲਵਾਂਗਾ, ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਟੱਬਰ ਵਿੱਚੋਂ ਦੋ, ਅਤੇ ਮੈਂ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ।
15ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ
16ਇਸ ਤਰ੍ਹਾਂ ਹੋਵੇਗਾ ਕਿ ਜਦ ਤੁਸੀਂ ਉਸ ਦੇਸ ਵਿੱਚ ਵੱਧ ਜਾਓਗੇ ਅਤੇ ਬਹੁਤ ਹੋ ਜਾਓਗੇ ਉਹਨਾਂ ਵਿੱਚ, ਯਹੋਵਾਹ ਦਾ ਵਾਕ ਹੈ, ਉਹ ਫਿਰ ਨਾ ਆਖਣਗੇ “ਯਹੋਵਾਹ ਦੇ ਨੇਮ ਦਾ ਸੰਦੂਕ,” ਨਾ ਉਹ ਉਹਨਾਂ ਦੇ ਮਨ ਵਿੱਚ ਆਵੇਗਾ, ਨਾ ਉਹ ਨੂੰ ਚੇਤੇ ਕਰਨਗੇ, ਨਾ ਉਹ ਦੀ ਦੇਖਭਾਲ ਕਰਨਗੇ, ਨਾ ਉਹ ਫਿਰ ਬਣਾਇਆ ਜਾਵੇਗਾ
17ਉਸ ਵੇਲੇ ਉਹ ਯਰੂਸ਼ਲਮ ਨੂੰ “ਯਹੋਵਾਹ ਦਾ ਸਿੰਘਾਸਣ” ਆਖਣਗੇ ਅਤੇ ਉਹ ਦੇ ਕੋਲ ਯਹੋਵਾਹ ਦੇ ਨਾਮ ਉੱਤੇ ਸਾਰੀਆਂ ਕੌਮਾਂ ਯਰੂਸ਼ਲਮ ਵਿੱਚ ਇਕੱਠੀਆਂ ਹੋਣਗੀਆਂ। ਉਹ ਫਿਰ ਆਪਣੇ ਬੁਰੇ ਦਿਲ ਦੀ ਅੜੀ ਪਿੱਛੇ ਨਾ ਚੱਲਣਗੀਆਂ
18ਉਹਨਾਂ ਦਿਨਾਂ ਵਿੱਚ ਯਹੂਦਾਹ ਦਾ ਘਰਾਣਾ ਇਸਰਾਏਲ ਦੇ ਘਰਾਣੇ ਨਾਲ ਚੱਲੇਗਾ, ਉਹ ਮਿਲ ਕੇ ਉੱਤਰ ਦੇ ਦੇਸ ਤੋਂ ਉਸ ਦੇਸ ਵਿੱਚ ਆਉਣਗੇ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨੂੰ ਮਿਲਖ਼ ਵਿੱਚ ਦਿੱਤਾ।
19ਮੈਂ ਤਾਂ ਆਖਿਆ ਸੀ, - ਮੈਂ ਕਿਵੇਂ ਤੈਨੂੰ ਆਪਣੇ ਪੁੱਤਰਾਂ ਵਿੱਚ ਰਲਾਵਾਂ, ਅਤੇ ਤੈਨੂੰ ਇੱਕ ਚੰਗੀ ਧਰਤੀ ਦੇ, ਕੌਮਾਂ ਦੀਆਂ ਸੈਨਾਂ ਦੀ ਸ਼ਾਨਦਾਰ ਧਰਤੀ ਦੀ ਮਿਲਖ਼! ਮੈਂ ਆਖਿਆ ਕਿ ਤੁਸੀਂ ਮੈਨੂੰ ਆਪਣਾ ਪਿਤਾ ਸੱਦੋਗੇ, ਅਤੇ ਮੇਰੇ ਪਿੱਛੇ ਚੱਲਣ ਤੋਂ ਫਿਰ ਨਾ ਜਾਓਗੇ।
20ਸੱਚ-ਮੁੱਚ ਜਿਵੇਂ ਕੋਈ ਔਰਤ ਆਪਣੇ ਪਤੀ ਨਾਲ ਬੇਈਮਾਨੀ ਕਰਦੀ ਹੈ, ਹੇ ਇਸਰਾਏਲ ਦੇ ਘਰਾਣੇ, ਤਿਵੇਂ ਹੀ ਤੁਸੀਂ ਮੇਰੇ ਨਾਲ ਬੇਈਮਾਨੀ ਕੀਤੀ, ਯਹੋਵਾਹ ਦਾ ਵਾਕ ਹੈ।
21ਉਚਿਆਈਆਂ ਤੋਂ ਇੱਕ ਅਵਾਜ਼ ਸੁਣਾਈ ਦਿੰਦੀ ਹੈ, ਇਸਰਾਏਲ ਦੇ ਪੁੱਤਰਾਂ ਦੇ ਰੋਣ ਅਤੇ ਤਰਲਿਆਂ ਦੀ, ਉਹਨਾਂ ਨੇ ਆਪਣਾ ਰਾਹ ਜੋ ਵਿਗਾੜ ਲਿਆ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲਾ ਦਿੱਤਾ।
22ਹੇ ਫਿਰਤੂ ਪੁੱਤਰੋ, ਮੁੜੋ, ਮੈਂ ਤੁਹਾਡੇ ਫਿਰਨ ਦਾ ਦਵਾ-ਦਾਰੂ ਕਰਾਂਗਾ। ਵੇਖ, ਅਸੀਂ ਤੇਰੇ ਕੋਲ ਆਏ ਹਾਂ, ਤੂੰ ਸਾਡਾ ਯਹੋਵਾਹ ਪਰਮੇਸ਼ੁਰ ਜੋ ਹੈਂ।
23ਸੱਚ-ਮੁੱਚ ਟਿੱਲਿਆਂ ਅਤੇ ਪਹਾੜਾਂ ਦਾ ਰੌਲ਼ਾ ਧੋਖਾ ਹੈ, ਪਰ ਸੱਚ-ਮੁੱਚ ਇਸਰਾਏਲ ਦੀ ਮੁਕਤੀ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੈ।
24ਪਰ ਉਸ ਘਿਣਾਉਣੀ ਵਸਤੂ ਨੇ ਸਾਡੀ ਜੁਆਨੀ ਤੋਂ ਲੈ ਕੇ ਸਾਡੇ ਪੁਰਖਿਆਂ ਦੀ ਮਿਹਨਤ ਨੂੰ ਅਤੇ ਉਹਨਾਂ ਦੀਆਂ ਇੱਜੜਾਂ ਅਤੇ ਉਹਨਾਂ ਦਿਆਂ ਚੌਣਿਆਂ ਅਤੇ ਉਹਨਾਂ ਦਿਆਂ ਪੁੱਤਰਾਂ ਧੀਆਂ ਨੂੰ ਭੱਖ ਲਿਆ ਹੈ
25ਅਸੀਂ ਆਪਣੀ ਸ਼ਰਮ ਵਿੱਚ ਲੰਮੇ ਪੈ ਜਾਈਏ ਅਤੇ ਘਬਰਾਹਟ ਸਾਨੂੰ ਕੱਜ ਲਵੇ, ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਪਾਪ ਜੋ ਕੀਤਾ, ਅਸੀਂ ਤੇ ਸਾਡੇ ਪੁਰਖਿਆਂ ਨੇ ਜੁਆਨੀ ਤੋਂ ਅੱਜ ਦੇ ਦਿਨ ਤੱਕ, ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath