ਈਸਾਈ
ਪਿੱਛੇ

ਯਿਰਮਿਯਾਹ 36

1ਤਦ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਚੌਥੇ ਸਾਲ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਇਹ ਬਚਨ ਆਇਆ ਕਿ

2ਆਪਣੇ ਲਈ ਇੱਕ ਲਪੇਟਵੀਂ ਪੱਤ੍ਰੀ ਲੈ ਅਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਇਸਰਾਏਲ ਦੇ ਵਿਖੇ, ਯਹੂਦਾਹ ਦੇ ਬਾਰੇ ਅਤੇ ਸਾਰੀਆਂ ਕੌਮਾਂ ਦੇ ਬਾਰੇ ਉਸ ਦਿਨ ਤੋਂ ਜਦ ਮੈਂ ਤੇਰੇ ਨਾਲ ਬੋਲਿਆ ਅਰਥਾਤ ਯੋਸ਼ੀਯਾਹ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਖੀਆਂ ਉਹ ਦੇ ਵਿੱਚ ਲਿਖ ਲੈ

3ਕੀ ਜਾਣੀਏ ਕਿ ਯਹੂਦਾਹ ਦਾ ਘਰਾਣਾ ਉਸ ਸਾਰੀ ਬੁਰਿਆਈ ਨੂੰ ਜਿਹ ਦਾ ਮੈਂ ਉਹਨਾਂ ਉੱਤੇ ਲਿਆਉਣ ਦਾ ਮਤਾ ਕੀਤਾ ਹੈ ਸੁਣੇ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਤਾਂ ਮੈਂ ਉਹਨਾਂ ਦੀ ਬਦੀ ਅਤੇ ਪਾਪ ਮਾਫ਼ ਕਰ ਦੇਵਾਂ

4ਤਾਂ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੁਲਾਇਆ ਅਤੇ ਬਾਰੂਕ ਨੇ ਯਿਰਮਿਯਾਹ ਦੇ ਮੂੰਹ ਤੋਂ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਉਸ ਨੂੰ ਬੋਲਿਆ ਲਪੇਟਵੀਂ ਪੱਤ੍ਰੀ ਵਿੱਚ ਲਿਖ ਲਈਆਂ

5ਯਿਰਮਿਯਾਹ ਨੇ ਬਾਰੂਕ ਨੂੰ ਹੁਕਮ ਦੇ ਕੇ ਆਖਿਆ, ਮੈਂ ਰੋਕਿਆ ਗਿਆ ਹਾਂ ਅਤੇ ਯਹੋਵਾਹ ਦੇ ਭਵਨ ਵਿੱਚ ਜਾ ਨਹੀਂ ਸਕਦਾ

6ਇਸ ਲਈ ਤੂੰ ਜਾ ਅਤੇ ਯਹੋਵਾਹ ਦੀਆਂ ਉਹ ਗੱਲਾਂ ਜਿਹੜੀਆਂ ਤੂੰ ਮੇਰੇ ਮੂੰਹੋਂ ਉਸ ਲਪੇਟੇ ਹੋਏ ਪੱਤਰ ਵਿੱਚ ਲਿਖੀਆਂ ਹਨ ਯਹੋਵਾਹ ਦੇ ਭਵਨ ਵਿੱਚ ਵਰਤ ਵਾਲੇ ਦਿਨ ਪੜ੍ਹ ਕੇ ਪਰਜਾ ਦੇ ਕੰਨਾਂ ਵਿੱਚ ਸੁਣਾ, ਨਾਲੇ ਸਾਰੇ ਯਹੂਦਾਹ ਦੇ ਕੰਨਾਂ ਵਿੱਚ ਜਿਹੜੇ ਆਪਣੇ ਸ਼ਹਿਰਾਂ ਤੋਂ ਆਏ ਹੋਏ ਹਨ ਪੜ੍ਹ ਕੇ ਸੁਣਾ

7ਕੀ ਜਾਣੀਏ ਭਈ ਉਹਨਾਂ ਦਾ ਤਰਲਾ ਯਹੋਵਾਹ ਅੱਗੇ ਆਵੇ ਅਤੇ ਉਹਨਾਂ ਵਿੱਚੋਂ ਹਰੇਕ ਆਪਣੇ ਬੁਰੇ ਰਾਹ ਤੋਂ ਫਿਰੇ ਕਿਉਂ ਜੋ ਉਹ ਕ੍ਰੋਧ ਅਤੇ ਗੁੱਸਾ ਜਿਹ ਦੇ ਬਾਰੇ ਉਹ ਇਸ ਪਰਜਾ ਨਾਲ ਬੋਲਿਆ ਹੈ ਵੱਡਾ ਹੈ

8ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਿਰਮਿਯਾਹ ਨਬੀ ਨੇ ਉਹ ਨੂੰ ਹੁਕਮ ਦਿੱਤਾ ਸੀ ਅਤੇ ਯਹੋਵਾਹ ਦੇ ਭਵਨ ਵਿੱਚ ਯਹੋਵਾਹ ਦੀਆਂ ਗੱਲਾਂ ਪੱਤਰੀ ਵਿੱਚੋਂ ਪੜ੍ਹੀਆਂ

9ਤਾਂ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਪੰਜਵੇਂ ਸਾਲ ਦੇ ਨੌਵੇਂ ਮਹੀਨੇ ਯਰੂਸ਼ਲਮ ਦੀ ਸਾਰੀ ਪਰਜਾ ਨੇ ਅਤੇ ਸਾਰੀ ਪਰਜਾ ਨੇ ਜਿਹੜੀ ਯਹੂਦਾਹ ਦੇ ਸ਼ਹਿਰਾਂ ਤੋਂ ਯਰੂਸ਼ਲਮ ਨੂੰ ਆਈ ਹੋਈ ਸੀ ਵਰਤ ਦੀ ਡੌਂਡੀ ਯਹੋਵਾਹ ਦੇ ਸਨਮੁਖ ਪਿੱਟੀ

10ਤਦ ਬਾਰੂਕ ਨੇ ਯਹੋਵਾਹ ਦੇ ਭਵਨ ਵਿੱਚ ਯਿਰਮਿਯਾਹ ਦੀਆਂ ਗੱਲਾਂ ਪੱਤ੍ਰੀ ਵਿੱਚੋਂ ਸ਼ਾਫਾਨ ਦੇ ਪੁੱਤਰ ਗਮਰਯਾਹ ਲਿਖਾਰੀ ਦੀ ਕੋਠੜੀ ਦੇ ਵਿੱਚ ਉੱਪਰਲੇ ਵਿਹੜੇ ਦੇ ਵਿਚਕਾਰ ਯਹੋਵਾਹ ਦੇ ਭਵਨ ਨੇ ਨਵੇਂ ਫਾਟਕ ਦੇ ਦਰ ਉੱਤੇ ਸਾਰੀ ਪਰਜਾ ਦੇ ਕੰਨਾਂ ਵਿੱਚ ਪੜ੍ਹ ਕੇ ਸੁਣਾਈਆਂ।

11ਜਦ ਸ਼ਾਫਾਨ ਦੇ ਪੋਤੇ ਗਮਰਯਾਹ ਦੇ ਪੁੱਤਰ ਮੀਕਾਯਾਹ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਪੱਤ੍ਰੀ ਵਿੱਚ ਸਨ ਸੁਣੀਆਂ

12ਤਾਂ ਉਹ ਉਤਰ ਕੇ ਰਾਜਾ ਦੇ ਮਹਿਲ ਵਿੱਚ ਲਿਖਾਰੀ ਦੀ ਕੋਠੜੀ ਉੱਤੇ ਗਿਆ। ਵੇਖੋ, ਉੱਥੇ ਸਾਰੇ ਸਰਦਾਰ ਬੈਠੇ ਸਨ, ਅਲੀਸ਼ਾਮਾ ਲਿਖਾਰੀ, ਸ਼ਮਆਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ ਅਲਨਾਥਾਨ, ਸ਼ਾਫਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਸਾਰੇ ਸਰਦਾਰ

13ਮੀਕਾਯਾਹ ਨੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਜਿਹੜੀਆਂ ਬਾਰੂਕ ਨੇ ਪੱਤ੍ਰੀ ਵਿੱਚੋਂ ਪੜ੍ਹੀਆਂ ਅਤੇ ਪਰਜਾ ਦੇ ਕੰਨੀਂ ਸੁਣਾਈਆਂ ਸਨ

14ਤਾਂ ਸਾਰੇ ਸਰਦਾਰਾਂ ਨੇ ਕੂਸ਼ੀ ਦੇ ਪੜਪੋਤੇ ਸ਼ਲਮਯਾਹ ਦੇ ਪੋਤੇ ਨਥਨਯਾਹ ਦੇ ਪੁੱਤਰ ਯਹੂਦੀ ਨੂੰ ਬਾਰੂਕ ਕੋਲ ਭੇਜਿਆ ਕਿ ਉਹ ਲਪੇਟਿਆ ਹੋਇਆ ਪੱਤਰ ਜਿਹੜਾ ਤੂੰ ਪੜ੍ਹ ਕੇ ਪਰਜਾ ਦੇ ਕੰਨੀਂ ਸੁਣਾਇਆ ਹੈ ਆਪਣੇ ਹੱਥ ਵਿੱਚ ਲੈ ਕੇ ਤੁਰ ਆ। ਤਾਂ ਨੇਰੀਯਾਹ ਦਾ ਪੁੱਤਰ ਬਾਰੂਕ ਉਹ ਲਪੇਟਿਆ ਹੋਇਆ ਆਪਣੇ ਹੱਥ ਵਿੱਚ ਲੈ ਕੇ ਉਹਨਾਂ ਕੋਲ ਗਿਆ

15ਉਹਨਾਂ ਉਸ ਨੂੰ ਆਖਿਆ, ਜ਼ਰਾ ਬੈਠ ਜਾ ਅਤੇ ਪੜ੍ਹ ਕੇ ਸਾਨੂੰ ਸੁਣਾ। ਤਾਂ ਬਾਰੂਕ ਨੇ ਪੜ੍ਹ ਕੇ ਉਹਨਾਂ ਨੂੰ ਸੁਣਾਇਆ

16ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹਨਾਂ ਇਹ ਗੱਲਾਂ ਸੁਣੀਆਂ ਤਾਂ ਹਰੇਕ ਆਪਣੇ ਸਾਥੀ ਵੱਲ ਵੇਖ ਕੇ ਕੰਬਣ ਲੱਗ ਪਿਆ। ਉਹਨਾਂ ਨੇ ਬਾਰੂਕ ਨੂੰ ਆਖਿਆ ਕਿ ਸਾਨੂੰ ਇਹ ਸਾਰੀਆਂ ਗੱਲਾਂ ਰਾਜਾ ਨੂੰ ਦੱਸਣੀਆਂ ਪੈਣਗੀਆਂ

17ਉਹਨਾਂ ਨੇ ਬਾਰੂਕ ਨੂੰ ਪੁੱਛਿਆ ਕਿ ਸਾਨੂੰ ਦੱਸ ਭਈ ਇਹ ਸਾਰੀਆਂ ਗੱਲਾਂ ਤੂੰ ਉਹ ਦੇ ਮੂੰਹੋਂ ਕਿਵੇਂ ਲਿਖੀਆਂ?

18ਤਾਂ ਬਾਰੂਕ ਨੇ ਉਹਨਾਂ ਨੂੰ ਆਖਿਆ ਕਿ ਉਹ ਇਹ ਸਾਰੀਆਂ ਗੱਲਾਂ ਆਪਣੇ ਮੂੰਹੋਂ ਉੱਚਰਦਾ ਗਿਆ ਅਤੇ ਮੈਂ ਸਿਆਹੀ ਨਾਲ ਪੱਤ੍ਰੀ ਉੱਤੇ ਲਿਖਦਾ ਗਿਆ

19ਤਦ ਸਰਦਾਰਾਂ ਨੇ ਬਾਰੂਕ ਨੂੰ ਆਖਿਆ, ਜਾ ਤੂੰ ਅਤੇ ਯਿਰਮਿਯਾਹ, ਆਪਣੇ ਆਪ ਨੂੰ ਲੁਕਾ ਲਓ ਅਤੇ ਕੋਈ ਨਾ ਜਾਣੇ ਕਿ ਤੁਸੀਂ ਕਿੱਥੇ ਹੋ!

20ਉਹ ਵਿਹੜੇ ਵਿੱਚ ਰਾਜਾ ਕੋਲ ਗਏ ਪਰ ਉਸ ਲਪੇਟੇ ਹੋਏ ਪੱਤਰ ਨੂੰ ਅਲੀਸ਼ਾਮਾ ਲਿਖਾਰੀ ਦੀ ਕੋਠੜੀ ਵਿੱਚ ਰਖਵਾ ਗਏ। ਉਹਨਾਂ ਨੇ ਉਹ ਸਾਰੀਆਂ ਗੱਲਾਂ ਰਾਜਾ ਨੂੰ ਸੁਣਾਈਆਂ ਅਤੇ ਦੱਸੀਆਂ

21ਤਾਂ ਰਾਜਾ ਨੇ ਯਹੂਦੀ ਨੂੰ ਭੇਜਿਆ ਕਿ ਉਸ ਲਪੇਟੇ ਹੋਏ ਪੱਤਰ ਨੂੰ ਲਿਆਵੇ ਤਾਂ ਉਹ ਉਸ ਨੂੰ ਅਲੀਸ਼ਾਮਾ ਲਿਖਾਰੀ ਦੀ ਕੋਠੜੀ ਵਿੱਚੋਂ ਲੈ ਆਇਆ। ਯਹੂਦੀ ਨੇ ਰਾਜਾ ਦੇ ਕੰਨੀਂ ਅਤੇ ਸਾਰੇ ਸਰਦਾਰਾਂ ਦੇ ਕੰਨੀਂ ਜਿਹੜੇ ਰਾਜਾ ਦੇ ਅੱਗੇ ਖਲੋਤੇ ਸਨ ਉਸ ਨੂੰ ਪੜ੍ਹ ਕੇ ਸੁਣਾਇਆ

22ਰਾਜਾ ਸਿਆਲ ਵਾਲੇ ਮਹਿਲ ਵਿੱਚ ਬੈਠਾ ਹੋਇਆ ਸੀ। ਨੌਵਾਂ ਮਹੀਨਾ ਸੀ ਅਤੇ ਉਹ ਦੇ ਅੱਗੇ ਅੰਗੀਠੀ ਬਲਦੀ ਸੀ

23ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਹੂਦੀ ਤਿੰਨ ਚਾਰ ਕਾਂਡ ਪੜ੍ਹ ਚੁੱਕਾ ਤਾਂ ਉਸ ਨੂੰ ਲਿਖਾਰੀ ਦੇ ਚਾਕੂ ਨਾਲ ਕੱਟ ਕੇ ਅੱਗ ਵਿੱਚ ਪਾ ਦਿੱਤਾ ਜਿਹੜੀ ਅੰਗੀਠੀ ਵਿੱਚ ਸੀ ਐਥੋਂ ਤੱਕ ਕਿ ਉਹ ਲਪੇਟਿਆ ਹੋਇਆ ਪੱਤਰ ਸਾਰੇ ਦਾ ਸਾਰਾ ਅੰਗੀਠੀ ਦੀ ਅੱਗ ਵਿੱਚ ਭਸਮ ਹੋ ਗਿਆ

24ਨਾ ਉਹ ਡਰੇ, ਨਾ ਉਹਨਾਂ ਆਪਣੇ ਕੱਪੜੇ ਪਾੜੇ, ਨਾ ਰਾਜਾ ਨੇ ਨਾ ਉਹ ਦੇ ਸਾਰੇ ਟਹਿਲੂਆਂ ਨੇ ਜਿਹਨਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ

25ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਪੱਤਰ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ

26ਤਾਂ ਰਾਜਾ ਨੇ ਰਾਜਾ ਦੇ ਪੁੱਤਰ ਯਰਹਮਏਲ ਨੂੰ ਅਤੇ ਅਜ਼ਰੀਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸ਼ਲਮਯਾਹ ਨੂੰ ਹੁਕਮ ਦਿੱਤਾ ਕਿ ਬਾਰੂਕ ਲਿਖਾਰੀ ਨੂੰ ਯਿਰਮਿਯਾਹ ਨਬੀ ਨੂੰ ਫੜ ਲੈਣ ਪਰ ਯਹੋਵਾਹ ਨੇ ਉਹਨਾਂ ਨੂੰ ਲੁਕਾ ਦਿੱਤਾ।

27ਇਸ ਦੇ ਪਿੱਛੇ ਕਿ ਰਾਜਾ ਨੇ ਉਹ ਲਪੇਟਿਆ ਹੋਇਆ ਪੱਤਰ ਅਤੇ ਯਿਰਮਿਯਾਹ ਦੇ ਮੂੰਹ ਦੀਆਂ ਗੱਲਾਂ ਜਿਹੜੀਆਂ ਬਾਰੂਕ ਨੇ ਲਿਖੀਆਂ ਸਨ ਉਹ ਸਾੜ ਦਿੱਤੀਆਂ, ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਦੇ ਕੋਲ ਆਇਆ ਕਿ

28ਫਿਰ ਆਪਣੇ ਲਈ ਦੂਜਾ ਲਪੇਟਿਆ ਹੋਇਆ ਪੱਤਰ ਲੈ ਅਤੇ ਉਹ ਦੇ ਵਿੱਚ ਉਹ ਸਾਰੀਆਂ ਪਹਿਲੀਆਂ ਗੱਲਾਂ ਜਿਹੜੀਆਂ ਅਗਲੇ ਲਪੇਟੇ ਹੋਏ ਪੱਤਰ ਵਿੱਚ ਸਨ ਜਿਹ ਨੂੰ ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਸਾੜ ਸੁੱਟਿਆ ਹੈ ਲਿਖ

29ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਬਾਰੇ ਤੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੂੰ ਇਹ ਲਪੇਟਿਆ ਹੋਇਆ ਪੱਤਰ ਇਹ ਆਖ ਕੇ ਸਾੜ ਸੁੱਟਿਆ ਭਈ ਤੂੰ ਉਹ ਦੇ ਉੱਤੇ ਕਿਉਂ ਲਿਖਿਆ ਕਿ ਬਾਬਲ ਦਾ ਰਾਜਾ ਜ਼ਰੂਰ ਆਵੇਗਾ ਅਤੇ ਇਸ ਦੇਸ ਦਾ ਨਾਸ ਕਰੇਗਾ ਅਤੇ ਇਸ ਵਿੱਚੋਂ ਆਦਮੀ ਅਤੇ ਡੰਗਰ ਮੁਕਾ ਦੇਵੇਗਾ?

30ਇਸ ਲਈ ਯਹੋਵਾਹ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ ਕਿ ਦਾਊਦ ਦੇ ਸਿੰਘਾਸਣ ਉੱਤੇ ਬੈਠਣ ਲਈ ਉਹ ਦਾ ਕੋਈ ਨਾ ਹੋਵੇਗਾ, ਅਤੇ ਉਹ ਦੀ ਲੋਥ ਦਿਨ ਦੀ ਗਰਮੀ ਵਿੱਚ ਅਤੇ ਰਾਤ ਦੇ ਪਾਲੇ ਵਿੱਚ ਸੁੱਟੀ ਜਾਵੇਗੀ

31ਮੈਂ ਉਹ ਨੂੰ, ਉਹ ਦੀ ਨਸਲ ਨੂੰ, ਉਹ ਦੇ ਟਹਿਲੂਆਂ ਨੂੰ ਉਹਨਾਂ ਦੀ ਬਦੀ ਦੇ ਕਾਰਨ ਸਜ਼ਾ ਦਿਆਂਗਾ। ਮੈਂ ਉਹਨਾਂ ਉੱਤੇ, ਯਰੂਸ਼ਲਮ ਦੇ ਵਾਸੀਆਂ ਉੱਤੇ ਅਤੇ ਯਹੂਦਾਹ ਦੇ ਮਨੁੱਖਾਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਉਹਨਾਂ ਨੂੰ ਆਖੀ ਹੈ ਲਿਆਵਾਂਗਾ ਪਰ ਉਹਨਾਂ ਨਾ ਸੁਣਿਆ।

32ਤਦ ਯਿਰਮਿਯਾਹ ਨੇ ਦੂਜਾ ਲਪੇਟਣ ਵਾਲਾ ਪੱਤਰ ਲਿਆ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਲਿਖਾਰੀ ਨੂੰ ਦਿੱਤਾ, ਤਾਂ ਉਹ ਦੇ ਉੱਤੇ ਯਿਰਮਿਯਾਹ ਦੇ ਮੂੰਹੋਂ ਉਸ ਪੋਥੀ ਦੀਆਂ ਸਾਰੀਆਂ ਗੱਲਾਂ ਲਿਖੀਆਂ ਜਿਹ ਨੂੰ ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਅੱਗ ਵਿੱਚ ਸਾੜ ਦਿੱਤਾ ਸੀ ਅਤੇ ਹੋਰ ਉਹਨਾਂ ਵਰਗੀਆਂ ਬਹੁਤ ਗੱਲਾਂ ਉਹਨਾਂ ਵਿੱਚ ਮਿਲਾਈਆਂ ਗਈਆਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath