ਯਿਰਮਿਯਾਹ 32
1ਉਹ ਬਚਨ ਜਿਹੜਾ ਯਹੂਦਾਹ ਦੇ ਰਾਜਾ ਸ਼ਾਸਨ ਦੇ ਸਿਦਕੀਯਾਹ ਦੇ ਦਸਵੇਂ ਸਾਲ ਜੋ ਨਬੂਕਦਨੱਸਰ ਦਾ ਅਠਾਰ੍ਹਵਾਂ ਵਰ੍ਹਾ ਸੀ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ
2ਉਸ ਵੇਲੇ ਬਾਬਲ ਦੇ ਰਾਜਾ ਦੀ ਫੌਜ ਨੇ ਯਰੂਸ਼ਲਮ ਉੱਤੇ ਘੇਰਾ ਪਾਇਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਉਸ ਕੈਦਖ਼ਾਨੇ ਦੇ ਵੇਹੜੇ ਵਿੱਚ ਜਿਹੜਾ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਸੀ ਬੰਦ ਸੀ
3ਅਤੇ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਉਹ ਨੂੰ ਇਹ ਆਖ ਕੇ ਕੈਦ ਕੀਤਾ ਭਈ ਤੂੰ ਕਿਉਂ ਅਗੰਮ ਵਾਚਦਾ ਹੈਂ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਨੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਉਹ ਇਹ ਨੂੰ ਲੈ ਲਵੇਗਾ?
4ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਾ ਬਚੇਗਾ, ਉਹ ਸੱਚ-ਮੁੱਚ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਦੇ ਨਾਲ ਦੂਹ ਬਦੂਹ ਗੱਲਾਂ ਕਰੇਗਾ ਅਤੇ ਉਹ ਅੱਖ ਨਾਲ ਅੱਖ ਮਿਲਾ ਕੇ ਵੇਖੇਗਾ
5ਉਹ ਸਿਦਕੀਯਾਹ ਨੂੰ ਬਾਬਲ ਵਿੱਚ ਲੈ ਜਾਵੇਗਾ। ਉਹ ਉੱਥੇ ਰਹੇਗਾ ਜਦ ਤੱਕ ਮੈਂ ਉਹ ਦੀ ਖ਼ਬਰ ਨਾ ਲਵਾਂ, ਯਹੋਵਾਹ ਦਾ ਵਾਕ ਹੈ, ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੋ ਪਰ ਜਿੱਤੋਗੇ ਨਹੀਂ।
6ਤਾਂ ਯਿਰਮਿਯਾਹ ਨੇ ਆਖਿਆ ਕਿ ਯਹੋਵਾਹ ਦਾ ਬਚਨ ਆਇਆ ਕਿ
7ਵੇਖ, ਤੇਰੇ ਚਾਚੇ ਸ਼ੱਲੂਮ ਦਾ ਪੁੱਤਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਹੈ ਆਪਣੇ ਲਈ ਮੁੱਲ ਲੈ ਲੈ ਕਿਉਂ ਜੋ ਉਹ ਦਾ ਮੁੱਲ ਦੇ ਕੇ ਛੁਡਾਉਣ ਦਾ ਤੇਰਾ ਹੱਕ ਹੈ
8ਤਾਂ ਮੇਰੇ ਚਾਚੇ ਦਾ ਪੁੱਤਰ ਹਨਮਏਲ ਮੇਰੇ ਕੋਲ ਕੈਦਖ਼ਾਨੇ ਦੇ ਵੇਹੜੇ ਵਿੱਚ ਯਹੋਵਾਹ ਦੇ ਬਚਨ ਅਨੁਸਾਰ ਆਇਆ ਅਤੇ ਉਸ ਮੈਨੂੰ ਆਖਿਆ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਬਿਨਯਾਮੀਨ ਦੇ ਇਲਾਕੇ ਵਿੱਚ ਹੈ ਮੁੱਲ ਲੈ ਲੈ ਕਿਉਂ ਜੋ ਉਹ ਦੇ ਕਬਜ਼ੇ ਦਾ ਅਤੇ ਉਹ ਦੇ ਛੁਡਾਉਣ ਦਾ ਹੱਕ ਤੇਰਾ ਹੈ, ਉਹ ਨੂੰ ਆਪਣੇ ਲਈ ਮੁੱਲ ਲੈ ਲੈ। ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦਾ ਬਚਨ ਸੀ
9ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਦੋ ਸੌ ਗ੍ਰਾਮ ਚਾਂਦੀ
10ਤਾਂ ਮੈਂ ਬੈ-ਨਾਮੇ ਉੱਤੇ ਦਸਖ਼ਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਦਿੱਤੀ ਅਤੇ ਚਾਂਦੀ ਕੰਡੇ ਉੱਤੇ ਤੋਲੀ
11ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਸੀ, ਜੋ ਕਨੂੰਨਾਂ ਅਤੇ ਬਿਧੀਆਂ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਵੀ ਲਿਆ
12ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਹਨਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਦਸਖ਼ਤ ਕੀਤੇ ਸਨ ਅਤੇ ਉਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ
13ਅਤੇ ਮੈਂ ਉਹਨਾਂ ਦੇ ਸਾਹਮਣੇ ਬਾਰੂਕ ਨੂੰ ਹੁਕਮ ਦਿੱਤਾ ਕਿ
14ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਇਹ ਲਿਖਤਾਂ ਲੈ, ਇਹ ਮੋਹਰ ਵਾਲਾ ਬੈ-ਨਾਮਾ ਅਤੇ ਇਹ ਖੁੱਲ੍ਹੀ ਲਿਖਤ, ਅਤੇ ਉਹਨਾਂ ਨੂੰ ਇੱਕ ਮਿੱਟੀ ਦੇ ਭਾਂਡੇ ਵਿੱਚ ਰੱਖ ਭਈ ਉਹ ਬਹੁਤ ਦਿਨਾਂ ਤੱਕ ਰਹਿ ਸਕਣ
15ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਘਰ ਅਤੇ ਖੇਤ ਅਤੇ ਅੰਗੂਰੀ ਬਾਗ਼ ਇਸ ਦੇਸ ਵਿੱਚ ਫੇਰ ਮੁੱਲ ਲਏ ਜਾਣਗੇ।
16ਇਸ ਦੇ ਪਿੱਛੋਂ ਕਿ ਮੈਂ ਉਹ ਬੈ-ਨਾਮੇ ਦੀ ਲਿਖਤ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਦਿੱਤੀ ਮੈਂ ਯਹੋਵਾਹ ਕੋਲ ਪ੍ਰਾਰਥਨਾ ਕੀਤੀ ਕਿ
17ਹੇ ਪ੍ਰਭੂ ਯਹੋਵਾਹ, ਵੇਖ! ਤੂੰ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ
18ਤੂੰ ਹਜ਼ਾਰਾਂ ਉੱਤੇ ਦਯਾ ਕਰਦਾ ਹੈ ਅਤੇ ਪੁਰਖਿਆਂ ਦੀ ਬਦੀ ਦਾ ਬਦਲਾ ਉਹਨਾਂ ਦੇ ਪਿੱਛੋਂ ਉਹਨਾਂ ਦੇ ਪੁੱਤਰ ਦੀ ਝੋਲੀ ਵਿੱਚ ਰੱਖਦਾ ਹੈ। ਇਹ ਵੱਡਾ ਅਤੇ ਬਲਵੰਤ ਪਰਮੇਸ਼ੁਰ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ
19ਸੁਲਾਹ ਵਿੱਚ ਵੱਡਾ ਅਤੇ ਕੰਮਾਂ ਵਿੱਚ ਸੂਰਮਾ ਜਿਹ ਦੀਆਂ ਅੱਖਾਂ ਆਦਮ ਵੰਸ਼ ਦੇ ਸਭ ਰਾਹਾਂ ਉੱਤੇ ਖੁੱਲ੍ਹੀਆਂ ਹਨ ਕਿ ਹਰੇਕ ਨੂੰ ਉਹ ਦੇ ਰਾਹਾਂ ਅਤੇ ਉਹ ਦੇ ਕੰਮਾਂ ਦੇ ਫਲ ਅਨੁਸਾਰ ਦੇਵੇ
20ਜਿਸ ਮਿਸਰ ਦੇ ਦੇਸ ਵਿੱਚ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਅਤੇ ਦੂਸਰੇ ਆਦਮੀਆਂ ਵਿੱਚ ਨਿਸ਼ਾਨ ਅਤੇ ਅਚੰਭੇ ਕੀਤੇ ਅਤੇ ਆਪਣੇ ਲਈ ਇੱਕ ਨਾਮ ਪੈਦਾ ਕੀਤਾ ਜਿਹੜਾ ਅੱਜ ਦੇ ਦਿਨ ਤੱਕ ਹੈ
21ਤੂੰ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਦੇ ਦੇਸ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਤਕੜੇ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਵੱਡੇ ਭੈਅ ਨਾਲ ਬਾਹਰ ਲਿਆਂਦਾ
22ਅਤੇ ਇਹ ਦੇਸ ਉਹਨਾਂ ਨੂੰ ਦਿੱਤਾ ਜਿਹ ਦਾ ਤੂੰ ਉਹਨਾਂ ਦੇ ਪੁਰਖਿਆਂ ਨਾਲ ਉਹਨਾਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਦੇਸ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਸੀ।
23ਉਹ ਉਸ ਦੇ ਵਿੱਚ ਆ ਵੜੇ ਅਤੇ ਉਹਨਾਂ ਨੇ ਕਬਜ਼ਾ ਕਰ ਲਿਆ, ਪਰ ਉਹਨਾਂ ਤੇਰੀ ਅਵਾਜ਼ ਨਾ ਸੁਣੀ, ਨਾ ਤੇਰੀ ਬਿਵਸਥਾ ਉੱਤੇ ਚੱਲੇ, ਅਤੇ ਕੁਝ ਨਾ ਕੀਤਾ ਜਿਹੜਾ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ। ਇਸ ਲਈ ਤੂੰ ਸਾਰੀ ਬੁਰਿਆਈ ਨੂੰ ਉਹਨਾਂ ਲਈ ਸੱਦ ਲਿਆ
24ਵੇਖ, ਸ਼ਹਿਰ ਦੇ ਲੈ ਲੈਣ ਲਈ ਉਸ ਤੱਕ ਦਮਦਮੇ ਬਣ ਗਏ ਹਨ ਅਤੇ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਜਿਹਨਾਂ ਉਹ ਦੇ ਉੱਤੇ ਚੜ੍ਹਾਈ ਕੀਤੀ ਹੈ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਦਿੱਤਾ ਗਿਆ ਹੈ ਅਤੇ ਜੋ ਉਹ ਬੋਲਿਆ ਸੋ ਉਹ ਹੋ ਗਿਆ ਹੈ, ਅਤੇ ਵੇਖ, ਤੂੰ ਆਪ ਦੇਖਦਾ ਹੈਂ
25ਹੇ ਪ੍ਰਭੂ ਯਹੋਵਾਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ।
26ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ
27ਵੇਖ, ਮੈਂ ਸਾਰੇ ਬਸ਼ਰ ਦਾ ਯਹੋਵਾਹ ਪਰਮੇਸ਼ੁਰ ਹਾਂ। ਕੀ ਕੋਈ ਕੰਮ ਮੇਰੇ ਲਈ ਔਖਾ ਹੈ?
28ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਅਤੇ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦੇ ਰਿਹਾ ਹਾਂ ਅਤੇ ਉਹ ਇਹ ਨੂੰ ਲੈ ਲਵੇਗਾ
29ਕਸਦੀ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਲੜਦੇ ਹਨ ਆਉਣਗੇ ਅਤੇ ਇਸ ਸ਼ਹਿਰ ਨੂੰ ਅੱਗ ਲਾ ਦੇਣਗੇ ਅਤੇ ਇਸ ਨੂੰ ਸਾੜ ਦੇਣਗੇ ਅਤੇ ਉਹਨਾਂ ਘਰਾਂ ਨੂੰ ਵੀ ਜਿਹਨਾਂ ਦੀਆਂ ਛੱਤਾਂ ਉੱਤੇ ਉਹਨਾਂ ਨੇ ਬਆਲ ਲਈ ਧੂਪ ਧੁਖਾਈ ਅਤੇ ਦੂਜੇ ਦੇਵਤਿਆਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਭਈ ਮੈਨੂੰ ਗੁੱਸਾ ਚੜ੍ਹਾਉਣ
30ਕਿਉਂ ਜੋ ਇਸਰਾਏਲੀਆਂ ਅਤੇ ਯਹੂਦੀਆਂ ਨੇ ਆਪਣੀ ਜੁਆਨੀ ਵਿੱਚ ਨਿਰਾ ਉਹ ਕੀਤਾ ਜਿਹੜਾ ਮੇਰੀ ਨਿਗਾਹ ਵਿੱਚ ਬੁਰਾ ਸੀ ਕਿਉਂ ਜੋ ਇਸਰਾਏਲੀਆਂ ਨੇ ਆਪਣੇ ਹੱਥਾਂ ਦੇ ਕੰਮਾਂ ਨਾਲ ਮੈਨੂੰ ਨਿਰਾ ਗੁੱਸਾ ਹੀ ਚੜ੍ਹਾਇਆ, ਯਹੋਵਾਹ ਦਾ ਵਾਕ ਹੈ
31ਇਹ ਸ਼ਹਿਰ ਜਿਸ ਦਿਨ ਤੋਂ ਉਹਨਾਂ ਇਸ ਨੂੰ ਬਣਾਇਆ ਅੱਜ ਦੇ ਦਿਨ ਤੱਕ ਮੇਰੇ ਕ੍ਰੋਧ ਅਤੇ ਗੁੱਸੇ ਦੇ ਭੜਕਾਉਣ ਦਾ ਕਾਰਨ ਬਣਿਆ ਹੋਇਆ ਹੈ। ਇਸ ਲਈ ਮੈਂ ਉਹ ਨੂੰ ਆਪਣੇ ਅੱਗੋਂ ਹਟਾ ਦਿਆਂਗਾ
32ਨਾਲੇ ਉਹ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਇਸਰਾਏਲੀਆਂ ਅਤੇ ਯਹੂਦੀਆਂ ਨੇ ਕੀਤੀ ਭਈ ਮੇਰੇ ਗੁੱਸੇ ਨੂੰ ਭੜਕਾਉਣ, ਉਹਨਾਂ ਨੇ ਅਤੇ ਉਹਨਾਂ ਦੇ ਰਾਜਿਆਂ, ਸਰਦਾਰਾਂ, ਜਾਜਕਾਂ, ਨਬੀਆਂ ਨੇ ਨਾਲੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਵੀ
33ਉਹਨਾਂ ਨੇ ਮੇਰੀ ਵੱਲ ਆਪਣੀ ਪਿੱਠ ਕੀਤੀ ਪਰ ਮੂੰਹ ਨਾ ਕੀਤਾ ਅਤੇ ਭਾਵੇਂ ਮੈਂ ਉਹਨਾਂ ਨੂੰ ਸਿਖਾਇਆ, ਸਗੋਂ ਜਤਨ ਨਾਲ ਸਿਖਾਇਆ ਪਰ ਉਹਨਾਂ ਨੇ ਨਾ ਸੁਣਿਆ ਭਈ ਇਸ ਤੋਂ ਸਿੱਖਿਆ ਲੈਂਦੇ
34ਸਗੋਂ ਉਹਨਾਂ ਨੇ ਉਸ ਘਰ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਪਲੀਤ ਚੀਜ਼ਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ
35ਉਹਨਾਂ ਨੇ ਬਆਲ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲਕ ਲਈ ਉਹ ਦੇ ਵਿੱਚੋਂ ਦੀ ਲੰਘਾਉਣ ਜਿਹ ਦੀ ਮੈਂ ਉਹਨਾਂ ਨੂੰ ਆਗਿਆ ਨਹੀਂ ਦਿੱਤੀ, ਨਾ ਇਹ ਮੇਰੇ ਮੰਨ ਵਿੱਚ ਆਇਆ ਕਿ ਉਹ ਇਹ ਘਿਣਾਉਣੇ ਕੰਮ ਕਰ ਕੇ ਯਹੂਦਾਹ ਤੋਂ ਪਾਪ ਕਰਾਉਣ।
36ਇਸ ਲਈ ਹੁਣ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਸ਼ਹਿਰ ਦੇ ਬਾਰੇ ਜਿਹ ਨੂੰ ਤੁਸੀਂ ਆਖਦੇ ਹੋ ਕਿ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਗਿਆ ਹੈ ਇਸ ਤਰ੍ਹਾਂ ਆਖਦਾ ਹੈ, -
37ਵੇਖੋ, ਮੈਂ ਉਹਨਾਂ ਨੂੰ ਸਾਰਿਆਂ ਦੇਸਾਂ ਵਿੱਚੋਂ ਜਿੱਥੇ ਮੈਂ ਉਹਨਾਂ ਨੂੰ ਆਪਣੇ ਕ੍ਰੋਧ, ਗੁੱਸੇ ਅਤੇ ਵੱਡੇ ਕੋਪ ਨਾਲ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਅਤੇ ਉਹਨਾਂ ਨੂੰ ਇਸ ਸਥਾਨ ਨੂੰ ਫੇਰ ਲਿਆਵਾਂਗਾ ਅਤੇ ਉਹਨਾਂ ਨੂੰ ਚੈਨ ਨਾਲ ਵਸਾਵਾਂਗਾ
38ਉਹ ਮੇਰੀ ਪਰਜਾ ਹੋਵੇਗੀ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ
39ਮੈਂ ਉਹਨਾਂ ਨੂੰ ਇੱਕ ਦਿਲ ਅਤੇ ਇੱਕ ਮਾਰਗ ਦਿਖਾਵਾਂਗਾ ਭਈ ਉਹ ਸਦਾ ਲਈ ਆਪਣੇ ਅਤੇ ਆਪਣੇ ਪਿੱਛੋਂ ਆਪਣੇ ਪੁੱਤਰਾਂ ਦੀ ਭਲਿਆਈ ਲਈ ਮੈਥੋਂ ਡਰਨ
40ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ ਅਤੇ ਮੈਂ ਉਹਨਾਂ ਦਾ ਭਲਾ ਕਰਨ ਤੋਂ ਨਾ ਹਟਾਂਗਾ ਅਤੇ ਮੈਂ ਆਪਣਾ ਭੈਅ ਉਹਨਾਂ ਦੇ ਦਿਲ ਵਿੱਚ ਪਾਵਾਂਗਾ ਭਈ ਉਹ ਫੇਰ ਮੈਥੋਂ ਫਿਰ ਨਾ ਜਾਣ
41ਮੈਂ ਖੁਸ਼ ਹੋ ਕੇ ਉਹਨਾਂ ਉੱਤੇ ਭਲਿਆਈ ਕਰਾਂਗਾ, ਮੈਂ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਸੱਚ-ਮੁੱਚ ਉਹਨਾਂ ਨੂੰ ਇਸ ਦੇਸ ਵਿੱਚ ਲਾਵਾਂਗਾ।
42ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਜਿਵੇਂ ਮੈਂ ਇਸ ਪਰਜਾ ਉੱਤੇ ਇਹ ਸਾਰੀ ਵੱਡੀ ਬੁਰਿਆਈ ਲਿਆਂਦੀ ਤਿਵੇਂ ਮੈਂ ਉਹਨਾਂ ਉੱਤੇ ਸਾਰੀ ਭਲਿਆਈ ਲਿਆਵਾਂਗਾ ਜਿਹ ਦੀ ਮੈਂ ਉਹਨਾਂ ਨਾਲ ਗੱਲ ਕੀਤੀ ਸੀ
43ਇਸ ਦੇਸ ਵਿੱਚ ਖੇਤ ਮੁੱਲ ਲਏ ਜਾਣਗੇ ਜਿਹ ਦੇ ਬਾਰੇ ਤੁਸੀਂ ਆਖਦੇ ਹੋ ਕਿ ਇਹ ਵਿਰਾਨ ਹੈ, ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ। ਇਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ
44ਉਹ ਚਾਂਦੀ ਨਾਲ ਖੇਤ ਮੁੱਲ ਲੈਣਗੇ ਅਤੇ ਬੈ-ਨਾਮਿਆਂ ਤੇ ਦਸਖ਼ਤ ਕਰਨਗੇ, ਮੋਹਰਾਂ ਲਾਉਣਗੇ, ਗਵਾਹ ਗਵਾਹੀ ਦੇਣਗੇ, ਬਿਨਯਾਮੀਨ ਦੇ ਇਲਾਕੇ ਵਿੱਚ, ਯਰੂਸ਼ਲਮ ਦੇ ਆਲੇ-ਦੁਆਲੇ, ਯਹੂਦਾਹ ਦੇ ਸ਼ਹਿਰਾਂ ਵਿੱਚ, ਪਹਾੜੀ ਸ਼ਹਿਰਾਂ ਵਿੱਚ, ਮੈਦਾਨੀ ਸ਼ਹਿਰਾਂ ਵਿੱਚ ਅਤੇ ਦੱਖਣ ਦੇ ਸ਼ਹਿਰਾਂ ਵਿੱਚ, ਕਿਉਂ ਜੋ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath