ਯਿਰਮਿਯਾਹ 2
1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ
2ਕਿ ਜਾ ਅਤੇ ਯਰੂਸ਼ਲਮ ਦੇ ਵਿੱਚ ਪੁਕਾਰ ਕਿ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਜੁਆਨੀ ਦੀ ਕਿਰਪਾ, ਤੇਰੇ ਵਿਆਹ ਦੇ ਪ੍ਰੇਮ ਨੂੰ ਚੇਤੇ ਕਰਦਾ ਹਾਂ, ਜੋ ਤੂੰ ਉਜਾੜ ਵਿੱਚ ਮੇਰੇ ਪਿੱਛੇ-ਪਿੱਛੇ ਚੱਲੀਂ, ਉਸ ਧਰਤੀ ਵਿੱਚ ਜਿਹੜੀ ਬੀਜੀ ਨਹੀਂ ਗਈ ਸੀ।
3ਇਸਰਾਏਲ ਯਹੋਵਾਹ ਲਈ ਪਵਿੱਤਰ ਸੀ, ਉਹ ਦੀ ਪੈਦਾਵਾਰ ਦਾ ਪਹਿਲਾ ਫਲ, ਉਸ ਦੇ ਖਾਣ ਵਾਲੇ ਸਾਰੇ ਦੋਸ਼ੀ ਠਹਿਰਨਗੇ, ਉਹਨਾਂ ਉੱਤੇ ਬੁਰਿਆਈ ਆਵੇਗੀ, ਯਹੋਵਾਹ ਦਾ ਵਾਕ ਹੈ।
4ਹੇ ਯਾਕੂਬ ਦੇ ਘਰਾਣੇ ਦੇ ਲੋਕੋ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਟੱਬਰੋ, ਯਹੋਵਾਹ ਦੀ ਗੱਲ ਸੁਣੋ
5ਯਹੋਵਾਹ ਐਉਂ ਆਖਦਾ ਹੈ, ਤੁਹਾਡੇ ਪੁਰਖਿਆਂ ਨੇ ਮੇਰੇ ਵਿੱਚ ਕੀ ਅਨਿਆਈਂ ਲੱਭੀ, ਜੋ ਉਹ ਮੈਥੋਂ ਦੂਰ ਚਲੇ ਗਏ, ਅਤੇ ਨਿਕੰਮੀ ਮੂਰਤੀਆਂ ਦੇ ਪਿੱਛੇ ਲੱਗ ਕੇ ਨਿਕੰਮੇ ਬਣ ਗਏ?
6ਉਹਨਾਂ ਨੇ ਨਾ ਆਖਿਆ ਯਹੋਵਾਹ ਕਿੱਥੇ ਹੈ? ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਉਤਾਹਾਂ ਲੈ ਆਇਆ, ਜਿਹਨੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਹ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ।
7ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲਿਆਂਦਾ, ਭਈ ਤੁਸੀਂ ਉਹ ਦੇ ਮੇਵੇ ਅਤੇ ਚੰਗੇ ਪਦਾਰਥ ਖਾਓ, ਪਰ ਤੁਸੀਂ ਵੜ ਕੇ ਮੇਰੀ ਧਰਤੀ ਨੂੰ ਭਰਿਸ਼ਟ ਕੀਤਾ, ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਕੀਤਾ।
8ਜਾਜਕਾਂ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ? ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ, ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮ ਵਾਕ ਕੀਤਾ, ਉਹ ਉਹਨਾਂ ਚੀਜ਼ਾਂ ਦੇ ਪਿੱਛੇ ਲੱਗ ਗਏ ਜਿਹਨਾਂ ਤੋਂ ਲਾਭ ਨਹੀਂ।
9ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ।
10ਕਿੱਤੀਮ ਦੇ ਟਾਪੂਆਂ ਵਿੱਚੋਂ ਲੰਘੋ ਅਤੇ ਵੇਖੋ, ਜਾਂ ਕੇਦਾਰ ਨੂੰ ਘੱਲੋ ਅਤੇ ਬਹੁਤ ਗੌਰ ਨਾਲ ਸੋਚੋ, ਅਤੇ ਵੇਖੋ ਭਈ ਅਜਿਹੀ ਗੱਲ ਕਿਤੇ ਹੋਈ ਹੈ!
11ਕੀ ਕਿਸੇ ਕੌਮ ਨੇ ਆਪਣੇ ਦੇਵਤਿਆਂ ਨੂੰ ਬਦਲ ਦਿੱਤਾ, ਭਾਵੇਂ ਉਹ ਦੇਵਤੇ ਵੀ ਨਹੀਂ ਸਨ? ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਉਸ ਦੇ ਲਈ ਬਦਲ ਦਿੱਤਾ, ਜਿਸ ਤੋਂ ਕੁਝ ਲਾਭ ਨਹੀਂ।
12ਹੇ ਅਕਾਸ਼ੋ, ਇਸ ਉੱਤੇ ਹੈਰਾਨ ਹੋਵੋ, ਬਹੁਤ ਡਰ ਜਾਓ ਤੇ ਉੱਕੇ ਵਿਰਾਨ ਹੋ ਜਾਓ! ਯਹੋਵਾਹ ਦਾ ਵਾਕ ਹੈ।
13ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ, - ਉਹਨਾਂ ਨੇ ਮੈਨੂੰ ਤਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ।
14ਕੀ ਇਸਰਾਏਲ ਗੁਲਾਮ ਹੈ? ਕੀ ਉਹ ਮੁੱਢੋਂ ਗੁਲਾਮੀ ਵਿੱਚ ਹੈ? ਉਹ ਕਿਉਂ ਲੁੱਟ ਬਣਿਆ?
15ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਅਵਾਜ਼ ਕੱਢੀ, ਉਹਨਾਂ ਨੇ ਉਸ ਦਾ ਦੇਸ ਖ਼ਰਾਬ ਬਣਾ ਦਿੱਤਾ, ਉਹ ਦੇ ਸ਼ਹਿਰ ਸਾੜੇ ਹੋਏ ਹਨ, ਅਤੇ ਵੱਸਣ ਵਾਲਾ ਕੋਈ ਨਹੀਂ।
16ਨਾਲੇ ਨੋਫ਼ ਅਤੇ ਤਹਪਨਹੇਸ ਸ਼ਹਿਰ ਦੀ ਅੰਸ ਨੇ, ਤੇਰੇ ਸਿਰ ਦੀ ਖੋਪੜੀ ਭੰਨੀ।
17ਕੀ ਤੂੰ ਆਪ ਵੀ ਇਹ ਆਪਣੇ ਉੱਤੇ ਨਹੀਂ ਲਿਆਈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਤਿਆਗਣ ਦੇ ਕਾਰਨ ਜਦ ਉਹ ਤੈਨੂੰ ਰਾਹੇ ਰਾਹ ਲਈ ਜਾਂਦਾ ਸੀ?
18ਹੁਣ ਮਿਸਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਜੋ ਤੂੰ ਨੀਲ ਦਾ ਪਾਣੀ ਪੀਵੇਂ? ਅਤੇ ਅੱਸ਼ੂਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਜੋ ਤੂੰ ਦਰਿਆ ਦਾ ਪਾਣੀ ਪੀਵੇਂ?
19ਤੇਰੀ ਬੁਰਿਆਈ ਤੈਨੂੰ ਝਿੜਕੇਗੀ, ਤੇਰਾ ਫਿਰ ਜਾਣਾ ਤੈਨੂੰ ਝਾੜ ਪਾਵੇਗਾ, ਜਾਣ ਅਤੇ ਵੇਖ ਕਿ ਇਹ ਬੁਰੀ ਅਤੇ ਕੌੜੀ ਗੱਲ ਹੈ, ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ, ਅਤੇ ਤੈਨੂੰ ਮੇਰਾ ਭੈਅ ਨਹੀਂ, ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ।
20ਤੂੰ ਤਾਂ ਚਿਰੋਕਣਾ ਆਪਣਾ ਜੂਲਾ ਭੰਨ ਛੱਡਿਆ, ਅਤੇ ਆਪਣੇ ਬੰਨ੍ਹ ਤੋੜ ਸੁੱਟੇ। ਤੂੰ ਆਖਿਆ ਮੈਂ ਟਹਿਲ ਨਾ ਕਰਾਂਗੀ! ਹਾਂ ਤੂੰ ਹਰ ਉੱਚੇ ਟਿੱਬੇ ਉੱਤੇ, ਅਤੇ ਹਰ ਹਰੇ ਰੁੱਖ ਹੇਠ ਵਿਭਚਾਰ ਲਈ ਝੁੱਕ ਗਈ।
21ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ। ਜੋ ਸਰਾਸਰ ਖਾਲ਼ਸ ਬੀ ਤੋਂ ਸੀ, ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ?
22ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੇ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।
23ਤੂੰ ਕਿਵੇਂ ਆਖ ਸਕਦੀ ਹੈ, ਮੈਂ ਭਰਿਸ਼ਟ ਨਹੀਂ ਹੋਈ, ਮੈਂ ਬਆਲਾਂ ਦੇ ਪਿੱਛੇ ਨਹੀਂ ਗਈ? ਵਾਦੀ ਵਿੱਚ ਆਪਣੇ ਰਾਹ ਨੂੰ ਵੇਖ, ਜਾਣ ਲੈ ਕਿ ਤੂੰ ਕੀ ਕੁਝ ਕੀਤਾ ਹੈ, ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈਂ!
24ਇੱਕ ਜੰਗਲੀ ਗਧੀ ਜਿਹੜੀ ਉਜਾੜ ਦੀ ਗਿੱਝੀ ਹੋਈ ਹੈ, ਜੋ ਆਪਣੇ ਵੇਗ ਵਿੱਚ ਹਵਾ ਨੂੰ ਸੁੰਘਦੀ ਹੈ, ਉਹ ਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ? ਉਹ ਦੇ ਸਾਰੇ ਭਾਲਣ ਵਾਲੇ ਨਹੀਂ ਥੱਕਣਗੇ, ਉਹ ਦੇ ਮਹੀਨੇ ਵਿੱਚ ਉਹ ਉਸ ਨੂੰ ਪਾ ਲੈਣਗੇ।
25ਤੂੰ ਆਪਣੇ ਪੈਰਾਂ ਨੂੰ ਨੰਗੇ ਹੋਣ ਤੋਂ, ਅਤੇ ਆਪਣੇ ਸੰਘ ਨੂੰ ਖੁਸ਼ਕੀ ਤੋਂ ਬਚਾ। ਪਰ ਤੂੰ ਆਖਿਆ, ਕੁਝ ਆਸ ਨਹੀਂ, ਮੈਂ ਪਰਦੇਸੀਆਂ ਨੂੰ ਪਿਆਰ ਜੋ ਕੀਤਾ, ਮੈਂ ਉਹਨਾਂ ਦੇ ਪਿੱਛੇ ਜਾਂਵਾਂਗੀ।
26ਜਿਵੇਂ ਚੋਰ ਜਦ ਫੜਿਆ ਗਿਆ ਸ਼ਰਮਿੰਦਾ ਹੁੰਦਾ ਹੈ, ਤਿਵੇਂ ਇਸਰਾਏਲ ਦਾ ਘਰਾਣਾ, ਉਹ, ਉਹਨਾਂ ਦੇ ਪਾਤਸ਼ਾਹ, ਉਹਨਾਂ ਦੇ ਸਰਦਾਰ, ਉਹਨਾਂ ਦੇ ਜਾਜਕ, ਅਤੇ ਉਹਨਾਂ ਦੇ ਨਬੀ ਸ਼ਰਮਿੰਦੇ ਹੋਣਗੇ।
27ਉਹ ਰੁੱਖ ਨੂੰ ਆਖਦੇ ਹਨ ਤੂੰ ਮੇਰਾ ਪਿਤਾ ਹੈ, ਅਤੇ ਪੱਥਰ ਨੂੰ, ਤੂੰ ਮੈਨੂੰ ਜਣਿਆ! ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ ਅਤੇ ਆਪਣਾ ਮੂੰਹ ਨਹੀਂ, ਪਰ ਬਿਪਤਾ ਦੇ ਵੇਲੇ ਉਹ ਆਖਣਗੇ, ਉੱਠ ਤੇ ਸਾਨੂੰ ਬਚਾ।
28ਕਿੱਥੇ ਹਨ ਤੇਰੇ ਦੇਵਤੇ, ਜਿਹਨਾਂ ਨੂੰ ਤੂੰ ਆਪਣੇ ਲਈ ਬਣਾਇਆ? ਉਹ ਉੱਠਣ ਜੇ ਉਹ ਤੇਰੀ ਬਿਪਤਾ ਦੇ ਵੇਲੇ ਤੈਨੂੰ ਬਚਾ ਸਕਣ। ਹੇ ਯਹੂਦਾਹ ਜਿੰਨੇ ਕੁ ਤੇਰੇ ਸ਼ਹਿਰ ਹਨ, ਓਨ੍ਹੇ ਤੇਰੇ ਦੇਵਤੇ ਹਨ!
29ਤੁਸੀਂ ਕਿਉਂ ਮੇਰੇ ਨਾਲ ਝਗੜੋਗੇ? ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ, ਯਹੋਵਾਹ ਦਾ ਵਾਕ ਹੈ।
30ਮੈਂ ਐਂਵੇਂ ਕਿਵੇਂ ਤੇਰੇ ਪੁੱਤਰਾਂ ਨੂੰ ਮਾਰਿਆ, ਉਹਨਾਂ ਨਾ ਮੰਨਿਆ, ਤੁਸੀਂ ਆਪਣੀ ਤਲਵਾਰ ਨਬੀਆਂ ਨੂੰ ਮਾਰਿਆ ਜਿਵੇਂ ਹੜੱਪ ਕਰਨ ਵਾਲਾ ਬੱਬਰ ਸ਼ੇਰ।
31ਓਏ ਤੁਸੀਂ ਜਿਹੜੇ ਇਸ ਪੀੜ੍ਹੀ ਦੇ ਹੋ, ਯਹੋਵਾਹ ਦੇ ਬਚਨ ਦਾ ਧਿਆਨ ਕਰੋ। ਕੀ ਮੈਂ ਇਸਰਾਏਲ ਲਈ ਉਜਾੜ, ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ? ਤਦ ਮੇਰੀ ਪਰਜਾ ਕਿਉਂ ਆਖਦੀ ਹੈ, ਅਸੀਂ ਤਾਂ ਅਜ਼ਾਦ ਹਾਂ, ਅਸੀਂ ਫਿਰ ਤੇਰੇ ਕੋਲ ਨਾ ਆਵਾਂਗੇ?
32ਕੀ ਕੋਈ ਕੁਆਰੀ ਆਪਣੇ ਗਹਿਣੇ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ।
33ਤੂੰ ਕਿਵੇਂ ਆਪਣੇ ਪ੍ਰੇਮੀਆਂ ਦੇ ਭਾਲਣ ਲਈ ਆਪਣੇ ਰਾਹ ਸੁਆਰਦੀ ਹੈਂ! ਭਈ ਤੂੰ ਬੁਰੀਆਂ ਔਰਤਾਂ ਨੂੰ ਆਪਣੇ ਰਾਹ ਸਿਖਾਏ ਹਨ!
34ਨਾਲੇ ਤੇਰੇ ਪੱਲੇ ਉੱਤੇ ਬੇਦੋਸ਼ ਕੰਗਾਲਾਂ ਦੀਆਂ ਜਾਨਾਂ ਦਾ ਲਹੂ ਲੱਭਿਆ, ਤੂੰ ਉਹਨਾਂ ਨੂੰ ਸੰਨ੍ਹ ਲਾਉਂਦਿਆਂ ਨਹੀਂ ਦੇਖਿਆ, ਪਰ ਇਹਨਾਂ ਸਾਰੀਆਂ ਗੱਲਾਂ ਦੇ ਹੁੰਦਿਆਂ,
35ਤੂੰ ਆਖਦੀ ਹੈ, ਮੈਂ ਬੇਦੋਸ਼ ਹਾਂ! ਸੱਚ-ਮੁੱਚ ਉਸ ਦਾ ਕ੍ਰੋਧ ਮੈਥੋਂ ਟਲ ਗਿਆ ਹੈ। ਕਿਉਂਕਿ ਤੂੰ ਆਖਿਆ, ਮੈਂ ਪਾਪ ਨਹੀਂ ਕੀਤਾ
36ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦੀ ਹੈਂ? ਤੂੰ ਮਿਸਰ ਤੋਂ ਵੀ ਲੱਜਿਆਵਾਨ ਹੋਵੇਂਗੀ, ਜਿਵੇਂ ਅੱਸ਼ੂਰ ਤੋਂ ਲੱਜਿਆਵਾਨ ਹੋਈ ਸੀ।
37ਉੱਥੋਂ ਵੀ ਤੂੰ ਸਿਰ ਉੱਤੇ ਆਪਣੇ ਹੱਥ ਰੱਖ ਕੇ ਨਿੱਕਲੇਗੀ, ਕਿਉਂ ਜੋ ਯਹੋਵਾਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ, ਤੂੰ ਉਹਨਾਂ ਨਾਲ ਸਫ਼ਲ ਨਾ ਹੋਵੇਗੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath