ਯਿਰਮਿਯਾਹ 29
1ਇਹ ਉਸ ਪੱਤ੍ਰੀ ਦੀਆਂ ਗੱਲਾਂ ਹਨ ਜਿਹੜੀ ਯਿਰਮਿਯਾਹ ਨਬੀ ਨੇ ਯਰੂਸ਼ਲਮ ਤੋਂ ਗ਼ੁਲਾਮੀ ਦੇ ਰਹਿੰਦੇ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੂੰ ਘੱਲੀ ਜਿਹਨਾਂ ਨੂੰ ਨਬੂਕਦਨੱਸਰ ਯਰੂਸ਼ਲਮ ਵਿੱਚੋਂ ਬਾਬਲ ਨੂੰ ਗ਼ੁਲਾਮ ਕਰ ਕੇ ਲੈ ਗਿਆ
2ਇਸ ਤੋਂ ਪਿੱਛੇ ਕਿ ਯਕਾਨਯਾਹ ਪਾਤਸ਼ਾਹ, ਰਾਜ ਮਾਤਾ, ਤੇ ਖੁਸਰੇ ਤੇ ਸਰਦਾਰ, ਲੁਹਾਰ ਤੇ ਤਰਖਾਣ ਯਹੂਦਾਹ ਤੇ ਯਰੂਸ਼ਲਮ ਵਿੱਚੋਂ ਨਿੱਕਲ ਗਏ ਸਨ
3ਉਸ ਨੇ ਸ਼ਾਫਾਨ ਦੇ ਪੁੱਤਰ ਅਲਾਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਦੇ ਹੱਥੀਂ ਇਹ ਪੱਤ੍ਰੀ ਘੱਲੀ ਜਿਹਨਾਂ ਨੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਬਾਬਲ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਕੋਲ ਭੇਜਿਆ
4ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਉਹਨਾਂ ਸਾਰੀਆਂ ਗ਼ੁਲਾਮਾਂ ਨੂੰ ਜਿਹਨਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਗ਼ੁਲਾਮ ਕਰ ਕੇ ਬਾਬਲ ਨੂੰ ਭੇਜਿਆ ਹੈ ਇਸ ਤਰ੍ਹਾਂ ਆਖਦਾ ਹੈ, -
5ਤੁਸੀਂ ਘਰ ਬਣਾਓ ਅਤੇ ਉਹਨਾਂ ਵਿੱਚ ਵੱਸੋ ਅਤੇ ਬਾਗ਼ ਲਾਓ ਅਤੇ ਉਹਨਾਂ ਦੇ ਮੇਵੇ ਖਾਓ
6ਤੁਸੀਂ ਔਰਤਾਂ ਵਿਆਹੋ ਅਤੇ ਪੁੱਤਰ ਧੀਆਂ ਪੈਦਾ ਕਰੋ ਅਤੇ ਆਪਣੇ ਪੁੱਤਰਾਂ ਲਈ ਔਰਤਾਂ ਵਿਆਹੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਉਹ ਪੁੱਤਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜੋ ਅਤੇ ਘਟੋ ਨਾ
7ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਗ਼ੁਲਾਮ ਕਰ ਕੇ ਭੇਜਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਸ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ
8ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਹਾਡੇ ਨਬੀ ਜਿਹੜੇ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਫ਼ਾਲ ਪਾਉਣ ਵਾਲੇ ਤੁਹਾਨੂੰ ਕੁਰਾਹੇ ਨਾ ਪਾਉਣ ਅਤੇ ਆਪਣੇ ਸੁਫ਼ਨੇ ਜਿਹੜੇ ਤੁਸੀਂ ਵੇਖਦੇ ਹੋ ਨਾ ਮੰਨੋ
9ਕਿਉਂ ਜੋ ਉਹ ਮੇਰੇ ਨਾਮ ਉੱਤੇ ਝੂਠ ਅਗੰਮ ਵਾਚਦੇ ਹਨ, ਮੈਂ ਉਹਨਾਂ ਨੂੰ ਨਹੀਂ ਭੇਜਿਆ, ਯਹੋਵਾਹ ਦਾ ਵਾਕ ਹੈ।
10ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਦ ਬਾਬਲ ਲਈ ਸੱਤਰ ਸਾਲ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਇਸ ਸਥਾਨ ਉੱਤੇ ਫਿਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ
11ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਬਾਰੇ ਸੋਚਦਾ ਹਾਂ, ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ
12ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ
13ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ
14ਮੈਂ ਤੁਹਾਨੂੰ ਲੱਭਾਂਗਾ, ਯਹੋਵਾਹ ਦਾ ਵਾਕ ਹੈ। ਮੈਂ ਤੁਹਾਡੀ ਗ਼ੁਲਾਮੀ ਨੂੰ ਮੁਕਾ ਦਿਆਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰਿਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਇਸ ਥਾਂ ਨੂੰ ਮੋੜ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਗ਼ੁਲਾਮ ਕਰਵਾਇਆ ਸੀ।
15ਤੁਸੀਂ ਜੋ ਆਖਿਆ ਹੈ ਕਿ ਯਹੋਵਾਹ ਨੇ ਸਾਡੇ ਲਈ ਬਾਬਲ ਵਿੱਚ ਨਬੀ ਕਾਇਮ ਕੀਤੇ ਹਨ
16ਇਸ ਲਈ ਯਹੋਵਾਹ ਉਸ ਰਾਜਾ ਦੇ ਬਾਰੇ ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਸਾਰੀ ਪਰਜਾ ਦੇ ਬਾਰੇ ਜਿਹੜੀ ਇਸ ਸ਼ਹਿਰ ਵਿੱਚ ਵੱਸਦੀ ਹੈ ਅਤੇ ਤੁਹਾਡੇ ਭਰਾਵਾਂ ਦੇ ਬਾਰੇ ਜਿਹੜੇ ਤੁਹਾਡੇ ਨਾਲ ਗ਼ੁਲਾਮ ਹੋ ਕੇ ਬਾਹਰ ਨਹੀਂ ਗਏ ਇਸ ਤਰ੍ਹਾਂ ਆਖਦਾ ਹੈ,
17ਵੇਖੋ, ਮੈਂ ਉਹਨਾਂ ਲਈ ਤਲਵਾਰ, ਕਾਲ ਅਤੇ ਬਵਾ ਨੂੰ ਘੱਲਾਂਗਾ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਉਹਨਾਂ ਨੂੰ ਸੜੀਆਂ ਹੋਈਆਂ ਹੰਜ਼ੀਰਾਂ ਵਾਂਗੂੰ ਬਣਾਵਾਂਗਾ ਜਿਹੜੀਆਂ ਖ਼ਰਾਬ ਹੋਣ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ
18ਮੈਂ ਤਲਵਾਰ, ਕਾਲ ਅਤੇ ਬਵਾ ਨਾਲ ਉਹਨਾਂ ਦਾ ਪਿੱਛਾ ਕਰਾਂਗਾ। ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਇੱਕ ਭੈਅ ਬਣਾਵਾਂਗਾ ਅਤੇ ਉਹ ਉਹਨਾਂ ਸਾਰੀਆਂ ਕੌਮਾਂ ਵਿੱਚ ਜਿਹਨਾਂ ਵਿੱਚ ਮੈਂ ਉਹਨਾਂ ਨੂੰ ਹੱਕ ਦਿਆਂਗਾ ਸਰਾਪ, ਹੌਲ ਅਤੇ ਨੱਕ ਚੜ੍ਹਾਉਣ ਅਤੇ ਨਿੰਦਿਆ ਦਾ ਕਾਰਨ ਹੋਣਗੇ
19ਇਸ ਲਈ ਜੋ ਉਹਨਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ, ਯਹੋਵਾਹ ਦਾ ਵਾਕ ਹੈ, ਮੈਂ ਆਪਣੇ ਦਾਸਾਂ, ਆਪਣੇ ਨਬੀਆਂ ਨੂੰ ਉਹਨਾਂ ਕੋਲ ਭੇਜਿਆ ਸਗੋਂ ਜਤਨ ਨਾਲ ਉਹਨਾਂ ਨੂੰ ਭੇਜਿਆ, ਪਰ ਤੁਸੀਂ ਨਾ ਸੁਣਿਆ, ਯਹੋਵਾਹ ਦਾ ਵਾਕ ਹੈ
20ਸੋ ਹੇ ਸਾਰੇ ਗੁਲਾਮੋ, ਜਿਹਨਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਬਾਬਲ ਨੂੰ ਭੇਜਿਆ, ਯਹੋਵਾਹ ਦਾ ਬਚਨ ਸੁਣੋ
21ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਕੋਲਾਯਾਹ ਦੇ ਪੁੱਤਰ ਅਹਾਬ ਨੂੰ ਅਤੇ ਮਆਸਯਾਹ ਦੇ ਪੁੱਤਰ ਸਿਦਕੀਯਾਹ ਨੂੰ ਜਿਹੜੇ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਤੁਹਾਡੇ ਵੇਖਦਿਆਂ ਉਹਨਾਂ ਨੂੰ ਮਾਰ ਸੁੱਟੇਗਾ!
22ਯਹੂਦਾਹ ਦੇ ਸਾਰੇ ਗ਼ੁਲਾਮਾਂ ਨਾਲ ਜਿਹੜੇ ਬਾਬਲ ਵਿੱਚ ਹਨ ਉਹਨਾਂ ਦੇ ਕਾਰਨ ਇਹ ਸਰਾਪ ਵਰਤਿਆ ਜਾਵੇਗਾ ਕਿ “ਯਹੋਵਾਹ ਤੈਨੂੰ ਸਿਦਕੀਯਾਹ ਅਤੇ ਅਹਾਬ ਵਾਂਗੂੰ ਕਰੇ ਜਿਹਨਾਂ ਨੂੰ ਬਾਬਲ ਦੇ ਰਾਜਾ ਨੇ ਅੱਗ ਉੱਤੇ ਭੁੰਨ ਸੁੱਟਿਆ!”
23ਕਿਉਂ ਜੋ ਉਹਨਾਂ ਇਸਰਾਏਲ ਵਿੱਚ ਮੂਰਖਪੁਣਾ ਕੀਤਾ ਅਤੇ ਆਪਣੀਆਂ ਗੁਆਂਢੀਆਂ ਦੀਆਂ ਔਰਤਾਂ ਦੇ ਨਾਲ ਵਿਭਚਾਰ ਕੀਤਾ ਅਤੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੇ ਜਿਹਨਾਂ ਦਾ ਮੈਂ ਉਹਨਾਂ ਨੂੰ ਹੁਕਮ ਨਹੀਂ ਦਿੱਤਾ ਸੀ। ਮੈਂ ਉਹੋ ਹਾਂ ਜੋ ਜਾਣਦਾ ਹੈ ਅਤੇ ਮੈਂ ਗਵਾਹ ਹਾਂ, ਯਹੋਵਾਹ ਦਾ ਵਾਕ ਹੈ।
24ਤੂੰ ਸ਼ਮਅਯਾਹ ਨਹਲਾਮੀ ਨੂੰ ਆਖ ਕਿ
25ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਤੂੰ ਆਪਣੇ ਨਾਮ ਉੱਤੇ ਸਾਰੀ ਪਰਜਾ ਨੂੰ ਜਿਹੜੀ ਯਰੂਸ਼ਲਮ ਵਿੱਚ ਹੈ ਅਤੇ ਮਆਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਅਤੇ ਸਾਰੇ ਜਾਜਕਾਂ ਨੂੰ ਪੱਤਰੀਆਂ ਲਿਖ ਘੱਲੀਆਂ ਹਨ ਕਿ
26ਯਹੋਵਾਹ ਨੇ ਯਹੋਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਹੋਵਾਹ ਦੇ ਭਵਨ ਉੱਤੇ ਜ਼ਿੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਸ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ
27ਹੁਣ ਤੂੰ ਅੰਨਥੋਥੀ ਯਿਰਮਿਯਾਹ ਨੂੰ ਕਿਉਂ ਨਹੀਂ ਘੁਰਕਿਆ ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ?
28ਕਿਉਂ ਜੋ ਉਸ ਨੇ ਸਾਨੂੰ ਬਾਬਲ ਵਿੱਚ ਇਹ ਅਖਵਾ ਭੇਜਿਆ ਹੈ ਕਿ ਤੁਹਾਡੀ ਗ਼ੁਲਾਮੀ ਲੰਮੀ ਹੈ। ਤੁਸੀਂ ਘਰ ਬਣਾਓ ਅਤੇ ਵੱਸੋ, ਬਾਗ਼ ਲਓ ਅਤੇ ਉਹ ਦਾ ਫਲ ਖਾਓ
29ਤਾਂ ਸਫ਼ਨਯਾਹ ਜਾਜਕ ਨੇ ਇਹ ਪੱਤਰੀ ਵਾਚ ਕੇ ਯਿਰਮਿਯਾਹ ਨਬੀ ਦੇ ਕੰਨਾਂ ਵਿੱਚ ਸੁਣਾਇਆ।
30ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ
31ਸਭ ਗ਼ੁਲਾਮਾਂ ਨੂੰ ਅਖਵਾ ਘੱਲ ਕਿ ਯਹੋਵਾਹ ਨਹਲਾਮ ਦੇ ਸ਼ਮਅਯਾਹ ਬਾਰੇ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਸ਼ਮਅਯਾਹ ਨੇ ਤੁਹਾਡੇ ਲਈ ਅਗੰਮ ਵਾਚਿਆ ਅਤੇ ਮੈਂ ਉਹ ਨੂੰ ਨਹੀਂ ਭੇਜਿਆ ਉਸ ਨੇ ਤੁਹਾਨੂੰ ਝੂਠ ਉੱਤੇ ਆਸ ਦੁਆਈ, -
32ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਨਹਲਾਮੀ ਸ਼ਮਅਯਾਹ ਅਤੇ ਉਸ ਦੀ ਨਸਲ ਦੀ ਖ਼ਬਰ ਲੈਂਦਾ ਹਾਂ ਅਤੇ ਉਹ ਦਾ ਕੋਈ ਮਨੁੱਖ ਇਸ ਪਰਜਾ ਵਿੱਚ ਨਾ ਵੱਸੇਗਾ ਜੋ ਉਸ ਭਲਿਆਈ ਨੂੰ ਜਿਹੜੀ ਮੈਂ ਆਪਣੀ ਪਰਜਾ ਨਾਲ ਕਰਾਂਗਾ ਵੇਖੇਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਉਹ ਯਹੋਵਾਹ ਦੇ ਵਿਰੁੱਧ ਬਗਾਵਤ ਬੋਲਿਆ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath