ਯਿਰਮਿਯਾਹ 22
1ਯਹੋਵਾਹ ਐਉਂ ਆਖਦਾ ਹੈ ਕਿ ਯਹੂਦਾਹ ਦੇ ਰਾਜਾ ਦੇ ਮਹਿਲ ਨੂੰ ਉੱਤਰ ਜਾ ਅਤੇ ਉੱਥੇ ਇਹ ਗੱਲ ਕਰ ਕੇ ਆਖ ਕਿ
2ਯਹੋਵਾਹ ਦਾ ਬਚਨ ਸੁਣ, ਹੇ ਯਹੂਦਾਹ ਦੇ ਪਾਤਸ਼ਾਹ, ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੇਰੇ ਟਹਿਲੂਏ ਤੇਰੇ ਕੋਲ ਜਿਹੜੇ ਇਹਨਾਂ ਫਾਟਕਾਂ ਥਾਣੀ ਵੜਦੇ ਹੋ
3ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁੱਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਇਸ ਸਥਾਨ ਵਿੱਚ ਬੇਦੋਸ਼ ਦਾ ਲਹੂ ਵਹਾਓ
4ਕਿਉਂਕਿ ਜੇ ਉਹ ਸੱਚੀ ਮੁੱਚੀ ਇਹ ਕਰੋਗੇ ਤਾਂ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਰਾਜਾ ਰੱਥਾਂ ਅਤੇ ਘੋੜਿਆਂ ਉੱਤੇ ਚੜ੍ਹ ਕੇ ਇਸ ਮਹਿਲ ਦੇ ਫਾਟਕਾਂ ਵਿੱਚ ਵੜਨਗੇ, ਉਹ ਅਤੇ ਉਹਨਾਂ ਦੇ ਟਹਿਲੂਏ ਅਤੇ ਉਹਨਾਂ ਦੇ ਲੋਕ ਵੀ
5ਪਰ ਜੇ ਤੁਸੀਂ ਇਹ ਗੱਲਾਂ ਨਾ ਸੁਣੋਗੇ ਤਾਂ ਮੈਨੂੰ ਮੇਰੀ ਹੀ ਸਹੁੰ, ਯਹੋਵਾਹ ਦਾ ਵਾਕ ਹੈ, ਕਿ ਇਹ ਘਰ ਵਿਰਾਨ ਹੋ ਜਾਵੇਗਾ
6ਯਹੂਦਾਹ ਦੇ ਰਾਜਾ ਦੇ ਮਹਿਲ ਦੇ ਬਾਰੇ ਯਹੋਵਾਹ ਐਉਂ ਆਖਦਾ ਹੈ, - ਤੂੰ ਮੇਰੇ ਲਈ ਗਿਲਆਦ ਹੈਂ ਅਤੇ ਲਬਾਨੋਨ ਦਾ ਸਿਰ, ਸੱਚੀ ਮੁੱਚੀ ਮੈਂ ਤੈਨੂੰ ਉਜਾੜ ਬਣਾ ਦਿਆਂਗਾ, ਉਹ ਸ਼ਹਿਰ ਜਿਹਨਾਂ ਵਿੱਚ ਕੋਈ ਨਹੀਂ ਵੱਸਦਾ।
7ਮੈਂ ਤੇਰੇ ਵਿਰੁੱਧ ਨਾਸ ਕਰਨ ਵਾਲਿਆਂ ਨੂੰ ਤਿਆਰ ਕਰਾਂਗਾ, ਹਰ ਮਨੁੱਖ ਆਪਣੇ ਸ਼ਸਤਰਾਂ ਨਾਲ, ਉਹ ਤੇਰੇ ਚੁਗਵੇਂ ਦਿਆਰਾਂ ਨੂੰ ਵੱਢਣਗੇ, ਅਤੇ ਉਹਨਾਂ ਨੂੰ ਅੱਗ ਉੱਤੇ ਸੁੱਟਣਗੇ।
8ਬਹੁਤ ਸਾਰੀਆਂ ਕੌਮਾਂ ਇਸ ਸ਼ਹਿਰ ਦੇ ਕੋਲ ਦੀ ਲੰਘਣਗੀਆਂ ਅਤੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਖੇਗਾ, ਯਹੋਵਾਹ ਨੇ ਇਸ ਵੱਡੇ ਸ਼ਹਿਰ ਨਾਲ ਐਉਂ ਕਿਉਂ ਕੀਤਾ?
9ਤਾਂ ਉਹ ਆਖਣਗੇ, ਇਸ ਲਈ ਕਿ ਉਹਨਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ।
10ਤੁਸੀਂ ਮੋਏ ਹੋਏ ਲਈ ਨਾ ਰੋਵੋ, ਨਾ ਮਾਤਮ ਕਰੋ, ਪਰ ਜਿਹੜਾ ਤੁਰਿਆ ਜਾਂਦਾ ਹੈ, ਉਹ ਦੇ ਲਈ ਧਾਹਾਂ ਮਾਰ-ਮਾਰ ਕੇ ਰੋਵੋ, ਕਿਉਂ ਜੋ ਉਹ ਫਿਰ ਨਹੀਂ ਮੁੜੇਗਾ, ਨਾ ਆਪਣੀ ਜਨਮ ਭੂਮੀ ਨੂੰ ਵੇਖੇਗਾ।
11ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਦੇ ਬਾਰੇ ਜਿਹਨੇ ਆਪਣੇ ਪਿਤਾ ਯੋਸ਼ੀਯਾਹ ਦੇ ਥਾਂ ਰਾਜ ਕੀਤਾ ਅਤੇ ਇਸ ਥਾਂ ਤੋਂ ਤੁਰ ਗਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਭਈ ਉਹ ਇੱਧਰ ਫਿਰ ਨਾ ਆਵੇਗਾ
12ਪਰ ਜਿੱਥੇ ਉਹ ਨੂੰ ਗ਼ੁਲਾਮ ਕਰਕੇ ਲੈ ਗਏ ਹਨ ਉੱਥੇ ਉਹ ਮਰੇਗਾ ਅਤੇ ਇਸ ਦੇਸ ਨੂੰ ਉਹ ਫਿਰ ਨਾ ਵੇਖੇਗਾ।
13ਹਾਏ ਉਹ ਦੇ ਉੱਤੇ ਜਿਹੜਾ ਆਪਣੇ ਘਰ ਨੂੰ ਕੁਧਰਮ ਨਾਲ ਅਤੇ ਉਹ ਦੇ ਉੱਪਰਲੀਆਂ ਕੋਠੜੀਆਂ ਬਿਨਾਂ ਨਿਆਂ ਦੇ ਬਣਾਉਂਦਾ ਹੈ! ਜਿਹੜਾ ਆਪਣੇ ਗੁਆਂਢੀ ਤੋਂ ਬੇਗਾਰ ਲੈਂਦਾ ਹੈ, ਅਤੇ ਉਸ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ।
14ਉਹ ਆਖਦਾ ਹੈ, ਮੈਂ ਆਪਣੇ ਲਈ ਇੱਕ ਵੱਡਾ ਘਰ ਬਣਾਵਾਂਗਾ, ਅਤੇ ਹਵਾਦਾਰ ਚੁਬਾਰੇ ਵੀ, ਅਤੇ ਉਹ ਦੇ ਵਿੱਚ ਛੇਕ ਕਰਕੇ ਤਾਕੀਆਂ ਲਾਉਂਦਾ ਹੈ, ਅਤੇ ਉਹ ਦੀ ਦਿਆਰ ਦੀ ਛੱਤ ਬਣਾਉਂਦਾ ਹੈ, ਉਹ ਨੂੰ ਸਿੰਗਰਫ਼ੀ ਰੰਗ ਨਾਲ ਰੰਗਦਾ ਹੈ।
15ਕੀ ਤੂੰ ਇਸ ਲਈ ਰਾਜ ਕਰੇਂਗਾ, ਭਈ ਤੈਨੂੰ ਦਿਆਰ ਦੇ ਕੰਮ ਦਾ ਚਾਅ ਹੈ? ਕੀ ਤੇਰੇ ਪਿਤਾ ਨੇ ਨਹੀਂ ਖਾਧਾ ਪੀਤਾ, ਅਤੇ ਨਿਆਂ ਅਤੇ ਧਰਮ ਨਹੀਂ ਕੀਤਾ? ਤਦ ਹੀ ਉਹ ਦਾ ਭਲਾ ਹੋਇਆ।
16ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ, ਤਦ ਹੀ ਉਹ ਦਾ ਭਲਾ ਹੋਇਆ। ਕੀ ਇਹ ਮੇਰਾ ਗਿਆਨ ਨਹੀਂ ਹੈ? ਯਹੋਵਾਹ ਦਾ ਵਾਕ ਹੈ।
17ਤੇਰਾ ਦਿਲ ਅਤੇ ਤੇਰੀਆਂ ਅੱਖੀਆਂ ਕੇਵਲ ਨਹੱਕੇ ਲੋਭ ਉੱਤੇ, ਬੇਦੋਸ਼ਿਆਂ ਦਾ ਲਹੂ ਵਹਾਉਣ ਉੱਤੇ, ਜ਼ੁਲਮ ਅਤੇ ਸਖ਼ਤੀ ਕਰਨ ਉੱਤੇ ਲੱਗੀਆਂ ਹਨ!।
18ਇਸ ਲਈ ਯਹੋਵਾਹ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, - ਉਹ ਦੇ ਉੱਤੇ ਉਹ ਇਹ ਆਖ ਕੇ ਸੋਗ ਨਾ ਕਰਨਗੇ, ਹਾਏ ਮੇਰੇ ਭਰਾ! ਜਾਂ ਹਾਏ ਮੇਰੀ ਭੈਣ! ਨਾ ਉਹ ਦੇ ਉੱਤੇ ਇਹ ਆਖ ਕੇ ਸੋਗ ਕਰਨਗੇ, ਹਾਏ ਮਾਲਕ! ਹਾਏ ਮਹਾਰਾਜ!
19ਉਹ ਦਾ ਦਫ਼ਨਾਉਣਾ ਗਧੇ ਦੇ ਦਫ਼ਨਾਉਣ ਜਿਹਾ ਹੋਵੇਗਾ, ਉਹ ਨੂੰ ਧੂ ਕੇ ਯਰੂਸ਼ਲਮ ਦੇ ਫਾਟਕਾਂ ਤੋਂ ਬਾਹਰ ਸੁੱਟ ਦੇਣਗੇ।
20ਲਬਾਨੋਨ ਨੂੰ ਚੜ੍ਹ ਜਾ ਅਤੇ ਚਿੱਲਾ, ਅਤੇ ਬਾਸ਼ਾਨ ਵਿੱਚ ਆਪਣੀ ਅਵਾਜ਼ ਉੱਚੀ ਕਰ, ਅਬਾਰੀਮ ਤੋਂ ਚਿੱਲਾ, ਕਿ ਤੇਰੇ ਸਾਰੇ ਪ੍ਰੇਮੀ ਭੰਨੇ ਤੋੜੇ ਗਏ ਹਨ!
21ਮੈਂ ਤੇਰੀ ਭਾਗਵਾਨੀ ਦੇ ਵੇਲੇ ਤੇਰੇ ਨਾਲ ਬੋਲਿਆ, ਪਰ ਤੂੰ ਆਖਿਆ, ਮੈਂ ਨਾ ਸੁਣਾਂਗੀ। ਤੇਰੀ ਜੁਆਨੀ ਤੋਂ ਤੇਰਾ ਇਹੋ ਹੀ ਰਾਹ ਰਿਹਾ, ਕਿਉਂ ਜੋ ਤੂੰ ਮੇਰੀ ਅਵਾਜ਼ ਨਹੀਂ ਸੁਣੀ।
22ਹਵਾ ਤੇਰੇ ਸਾਰੇ ਅਯਾਲੀਆਂ ਨੂੰ ਚਰਾਵੇਗੀ, ਅਤੇ ਤੇਰੇ ਪ੍ਰੇਮੀ ਕੈਦ ਵਿੱਚ ਜਾਣਗੇ। ਤਦ ਤੂੰ ਆਪਣੀ ਸਾਰੀ ਬਦੀ ਦੇ ਕਾਰਨ ਲੱਜਿਆਵਾਨ ਅਤੇ ਮੂੰਹ ਕਾਲਾ ਹੋਵੇਂਗੀ!
23ਹੇ ਲਬਾਨੋਨ ਦਾ ਵਸਨੀਕ, ਤੂੰ ਜਿਹੜੀ ਦਿਆਰਾਂ ਵਿੱਚ ਆਪਣਾ ਆਲ੍ਹਣਾ ਬਣਾਉਂਦੀ ਹੈ, ਤੂੰ ਕਿੰਨੀ ਕੁ ਦਯਾ ਜੋਗ ਹੋਵੇਗੀ ਜਦ ਤੈਨੂੰ ਪੀੜਾਂ ਲੱਗਣਗੀਆਂ, ਜਣਨ ਵਾਲੀ ਔਰਤ ਵਾਂਗੂੰ ਪੀੜਾਂ ਲੱਗਣਗੀਆਂ!।
24ਯਹੋਵਾਹ ਦਾ ਵਾਕ ਹੈ ਕਿ ਮੈਨੂੰ ਜਾਨ ਦੀ ਸਹੁੰ, ਜੇਕਰ ਯਹੂਦਾਹ ਦੇ ਰਾਜਾ ਯਹੋਯਾਕੀਮ ਦਾ ਪੁੱਤਰ ਕਾਨਯਾਹ ਮੇਰੇ ਸੱਜੇ ਹੱਥ ਦੀ ਅੰਗੂਠੀ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ!
25ਮੈਂ ਤੈਨੂੰ ਉਹਨਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੀ ਤਾਂਘ ਕਰਨ ਵਾਲੇ ਹਨ ਅਤੇ ਉਹਨਾਂ ਦੇ ਹੱਥ ਵਿੱਚ ਜਿਹਨਾਂ ਤੋਂ ਤੂੰ ਡਰਦਾ ਹੈ ਅਰਥਾਤ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ
26ਮੈਂ ਤੈਨੂੰ ਅਤੇ ਤੇਰੀ ਮਾਤਾ ਨੂੰ ਜਿਸ ਤੈਨੂੰ ਜਣਿਆ ਦੂਜੇ ਦੇਸ ਵਿੱਚ ਜਿੱਥੇ ਤੁਸੀਂ ਨਹੀਂ ਜੰਮੇ ਕੱਢ ਦਿਆਂਗਾ। ਉੱਥੇ ਤੁਸੀਂ ਮਰ ਜਾਓਗੇ
27ਪਰ ਉਸ ਦੇਸ ਨੂੰ ਜਿੱਥੇ ਉਹਨਾਂ ਦਾ ਜੀ ਮੁੜਨ ਨੂੰ ਚਾਹੁੰਦਾ ਹੈ ਉੱਥੇ ਫਿਰ ਨਾ ਮੁੜਨਗੇ।
28ਕੀ ਇਹ ਮਨੁੱਖ ਕਾਨਯਾਹ ਇੱਕ ਨਖਿੱਧ ਟੁੱਟਾ ਭਾਂਡਾ ਹੈ, ਇੱਕ ਭਾਂਡਾ ਜਿਸ ਤੋਂ ਕੋਈ ਖੁਸ਼ ਨਹੀਂ? ਉਹ ਅਤੇ ਉਹ ਦੀ ਨਸਲ ਕਿਉਂ ਕੱਢੇ ਗਏ ਹਨ, ਅਤੇ ਉਸ ਦੇਸ ਵਿੱਚ ਸੁੱਟੇ ਗਏ ਜਿਸ ਨੂੰ ਉਹ ਨਹੀਂ ਜਾਣਦੇ?
29ਹੇ ਧਰਤੀ, ਹੇ ਧਰਤੀ, ਹੇ ਧਰਤੀ! ਯਹੋਵਾਹ ਦਾ ਬਚਨ ਸੁਣ!
30ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਮਨੁੱਖ ਨੂੰ ਔਂਤਰਾ ਲਿਖੋ, ਇੱਕ ਮਰਦ ਜਿਹੜਾ ਆਪਣੇ ਦਿਨਾਂ ਵਿੱਚ ਸਫ਼ਲ ਨਾ ਹੋਵੇਗਾ, ਨਾ ਹੀ ਉਸ ਦੀ ਨਸਲ ਵਿੱਚੋਂ ਕੋਈ ਸਫ਼ਲ ਹੋਵੇਗਾ, ਭਈ ਦਾਊਦ ਦੇ ਸਿੰਘਾਸਣ ਉੱਤੇ ਬੈਠੇ, ਅਤੇ ਯਹੂਦਾਹ ਉੱਤੇ ਫਿਰ ਰਾਜ ਕਰੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath