ਯਿਰਮਿਯਾਹ 19
1ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਾ ਅਤੇ ਘੁਮਿਆਰ ਕੋਲੋਂ ਇੱਕ ਮਿੱਟੀ ਦੀ ਸੁਰਾਹੀ ਮੁੱਲ ਲੈ। ਨਾਲੇ ਲੋਕਾਂ ਦੇ ਬਜ਼ੁਰਗਾਂ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਵੀ ਲੈ
2ਅਤੇ ਬਨ-ਹਿੰਨੋਮ ਦੀ ਵਾਦੀ ਵਿੱਚ ਨਿੱਕਲ ਜਾ ਜਿਹੜੀ ਠੀਕਰੀਆਂ ਦੇ ਫਾਟਕ ਦੇ ਬੂਹੇ ਦੇ ਕੋਲ ਹੈ। ਉੱਥੇ ਉਹਨਾਂ ਗੱਲਾਂ ਦਾ ਹੋਕਾ ਦੇ ਜਿਹੜੀਆਂ ਮੈਂ ਤੈਨੂੰ ਬੋਲਾਂਗਾ
3ਤੂੰ ਆਖੀਂ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਯਰੂਸ਼ਲਮ ਦੇ ਵਾਸੀਓ, ਯਹੋਵਾਹ ਦਾ ਬਚਨ ਸੁਣੋ! ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸਥਾਨ ਉੱਤੇ ਬਦੀ ਲਿਆਵਾਂਗਾ। ਹਰੇਕ ਜਿਹੜਾ ਸੁਣੇਗਾ ਉਹ ਦੇ ਕੰਨ ਝੁਣਝੁਣਾ ਜਾਣਗੇ
4ਇਸ ਲਈ ਜੋ ਉਹਨਾਂ ਮੈਨੂੰ ਤਿਆਗ ਦਿੱਤਾ ਅਤੇ ਇਸ ਸਥਾਨ ਨੂੰ ਓਪਰੇ ਦੇਵਤਿਆਂ ਅੱਗੇ ਧੂਪ ਧੁਖਾ ਕੇ ਭਰਿਸ਼ਟ ਕੀਤਾ ਜਿਹਨਾਂ ਨੂੰ ਨਾ ਉਹ, ਨਾ ਉਹਨਾਂ ਦੇ ਪਿਉ-ਦਾਦੇ, ਨਾ ਯਹੂਦਾਹ ਦੇ ਰਾਜਾ ਜਾਣਦੇ ਸਨ। ਉਹਨਾਂ ਨੇ ਇਸ ਸਥਾਨ ਨੂੰ ਬੇਦੋਸ਼ਾਂ ਦੇ ਲਹੂ ਨਾਲ ਭਰ ਦਿੱਤਾ ਹੈ
5ਉਹਨਾਂ ਨੇ ਬਆਲ ਦੇ ਉੱਚੇ-ਉੱਚੇ ਸਥਾਨ ਬਣਾਏ ਭਈ ਆਪਣੇ ਪੁੱਤਰਾਂ ਨੂੰ ਹੋਮ ਦੀ ਬਲੀ ਕਰਕੇ ਬਆਲ ਲਈ ਅੱਗ ਵਿੱਚ ਸਾੜਨ ਜਿਹ ਦਾ ਮੈਂ ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਗੱਲ ਕੀਤੀ, ਨਾ ਮੇਰੇ ਮਨ ਵਿੱਚ ਹੀ ਆਇਆ
6ਇਸ ਲਈ ਵੇਖੋ, ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸਥਾਨ ਅੱਗੇ ਨੂੰ ਨਾ ਤੋਫਥ ਨਾ ਬਨ-ਹਿੰਨੋਮ ਦੀ ਵਾਦੀ ਅਖਵਾਏਗਾ, ਸਗੋਂ “ਕਤਲ ਦੀ ਵਾਦੀ” ਅਖਵਾਏਗਾ
7ਅਤੇ ਮੈਂ ਇਸੇ ਸਥਾਨ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੀ ਸਲਾਹ ਨੂੰ ਨਿਕੰਮੀ ਕਰਾਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਤਲਵਾਰ ਨਾਲ ਡੇਗ ਦਿਆਂਗਾ ਅਤੇ ਉਹਨਾਂ ਦੇ ਹੱਥਾਂ ਨਾਲ ਜਿਹੜੇ ਉਹਨਾਂ ਦੀ ਜਾਨ ਦੇ ਅਭਿਲਾਸ਼ੀ ਹਨ। ਮੈਂ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿਆਂਗਾ
8ਮੈਂ ਇਸ ਸ਼ਹਿਰ ਨੂੰ ਵਿਰਾਨ ਅਤੇ ਨੱਕ ਚੜ੍ਹਾਉਣ ਦਾ ਕਾਰਨ ਬਣਾਵਾਂਗਾ। ਜਿਹੜਾ ਉਹ ਦੇ ਅੱਗੋਂ ਦੀ ਲੰਘੇਗਾ ਉਹ ਉਸ ਦੀਆਂ ਸਾਰੀਆਂ ਬਵਾਂ ਦੇ ਕਾਰਨ ਹੈਰਾਨ ਹੋਵੇਗਾ ਅਤੇ ਨੱਕ ਚੜ੍ਹਾਵੇਗਾ
9ਅਤੇ ਮੈ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਅਤੇ ਉਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ ਅਤੇ ਹਰੇਕ ਆਪਣੇ ਗੁਆਂਢੀ ਦਾ ਮਾਸ ਘੇਰੇ ਅਤੇ ਦੁੱਖ ਦੇ ਵੇਲੇ ਖਾਵੇਗਾ ਜਿਹ ਦੇ ਨਾਲ ਉਹਨਾਂ ਦੇ ਵੈਰੀ ਅਤੇ ਉਹਨਾਂ ਦੀ ਜਾਨ ਦੇ ਤਾਂਘ ਕਰਨ ਵਾਲੇ ਉਹਨਾਂ ਨੂੰ ਦੁੱਖ ਦੇਣਗੇ!।
10ਤਦ ਤੂੰ ਉਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਸੁਰਾਹੀ ਨੂੰ ਭੰਨ ਸੁੱਟੀਂ
11ਤੂੰ ਉਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸੇ ਤਰ੍ਹਾਂ ਹੀ ਮੈਂ ਇਸ ਪਰਜਾ ਨੂੰ ਅਤੇ ਇਸ ਸ਼ਹਿਰ ਨੂੰ ਭੰਨ ਸੁੱਟਾਂਗਾ ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਭੰਨ ਦਿੰਦਾ ਹੈ, ਜਿਹੜਾ ਫਿਰ ਸਾਬਤ ਨਹੀਂ ਹੋ ਸਕਦਾ। ਉਹ ਤੋਫਥ ਵਿੱਚ ਦਫ਼ਨਾਉਣਗੇ ਇਥੋਂ ਤੱਕ ਕਿ ਦਫ਼ਨਾਉਣ ਦਾ ਥਾਂ ਨਾ ਰਹੇ
12ਇਸੇ ਤਰ੍ਹਾਂ ਮੈਂ ਇਸ ਸ਼ਹਿਰ ਅਤੇ ਇਸ ਦੇ ਵਾਸੀਆਂ ਨਾਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਸਗੋਂ ਮੈਂ ਇਹ ਸ਼ਹਿਰ ਤੋਫਥ ਵਾਂਗੂੰ ਬਣਾਵਾਂਗਾ
13ਤਾਂ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਰਾਜਿਆਂ ਦੇ ਮਹਿਲ ਜਿਹੜੇ ਭਰਿਸ਼ਟ ਕੀਤੇ ਗਏ ਤੋਫਥ ਦੇ ਸਥਾਨ ਵਰਗੇ ਹੋ ਜਾਣਗੇ ਅਰਥਾਤ ਸਾਰੇ ਘਰ ਜਿੱਥੇ ਉਹਨਾਂ ਨੇ ਅਕਾਸ਼ ਦੀ ਸਾਰੀ ਸੈਨਾਂ ਲਈ ਧੂਪ ਧੁਖਾਈ ਅਤੇ ਛੱਤਾਂ ਉੱਤੇ ਪੀਣ ਦੀਆਂ ਭੇਟਾਂ ਦੂਜੇ ਦੇਵਤਿਆਂ ਉੱਤੇ ਡੋਲ੍ਹੀਆਂ।
14ਤਾਂ ਯਿਰਮਿਯਾਹ ਤੋਫਥ ਤੋਂ ਆਇਆ ਜਿੱਥੇ ਯਹੋਵਾਹ ਨੇ ਉਹ ਨੂੰ ਅਗੰਮ ਬਾਣੀ ਲਈ ਭੇਜਿਆ ਸੀ ਅਤੇ ਉਹ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਆ ਖਲੋਤਾ। ਤਾਂ ਉਹ ਨੇ ਸਾਰੀ ਪਰਜਾ ਨੂੰ ਆਖਿਆ,
15ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਉੱਤੇ ਅਤੇ ਇਸ ਦੀਆਂ ਸਾਰੀਆਂ ਬਸਤੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਇਸ ਉੱਤੇ ਲਿਆਉਣ ਦੀ ਗੱਲ ਕੀਤੀ ਹੈ ਲਿਆ ਰਿਹਾ ਹਾਂ ਕਿਉਂ ਜੋ ਉਹਨਾਂ ਨੇ ਆਪਣੀਆਂ ਧੌਣਾਂ ਅਕੜਾ ਲਈਆਂ ਹਨ ਭਈ ਮੇਰੀ ਗੱਲ ਨਾ ਸੁਣਨ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath