ਈਸਾਈ
ਪਿੱਛੇ

ਯਿਰਮਿਯਾਹ 13

1ਯਹੋਵਾਹ ਨੇ ਮੈਨੂੰ ਇਸ ਤਰ੍ਹਾਂ ਆਖਿਆ ਕਿ ਜਾ ਅਤੇ ਆਪਣੇ ਲਈ ਇੱਕ ਕਤਾਨ ਦਾ ਕਮਰ ਕੱਸਾ ਮੁੱਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਨੂੰ ਪਾਣੀ ਵਿੱਚ ਨਾ ਭੇਵੀਂ

2ਸੋ ਮੈਂ ਯਹੋਵਾਹ ਦੇ ਬਚਨ ਦੇ ਅਨੁਸਾਰ ਇੱਕ ਕਮਰ ਕੱਸਾ ਮੁੱਲ ਲਿਆ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲਿਆ

3ਤਾਂ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਦੂਜੀ ਵਾਰ ਮੇਰੇ ਕੋਲ ਆਇਆ ਕਿ

4ਜਿਹੜਾ ਕਮਰ ਕੱਸਾ ਤੂੰ ਮੁੱਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਹ ਨੂੰ ਲੈ, ਉੱਠ ਅਤੇ ਫ਼ਰਾਤ ਨੂੰ ਜਾ ਅਤੇ ਉੱਥੇ ਉਹ ਨੂੰ ਇੱਕ ਚੱਟਾਨ ਦੀ ਤੇੜ ਵਿੱਚ ਲੁਕਾ ਦੇ

5ਸੋ ਮੈਂ ਗਿਆ ਅਤੇ ਉਹ ਫ਼ਰਾਤ ਕੋਲ ਲੁਕਾ ਦਿੱਤਾ ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ

6ਤਾਂ ਇਸ ਤਰ੍ਹਾਂ ਹੋਇਆ ਕਿ ਬਹੁਤ ਦਿਨਾਂ ਦੇ ਅੰਤ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਉੱਠ ਕੇ ਫ਼ਰਾਤ ਨੂੰ ਜਾ ਅਤੇ ਉਸ ਕਮਰ ਕੱਸੇ ਨੂੰ ਉੱਥੋਂ ਲੈ ਲੈ ਜਿਹ ਦੇ ਲੁਕਾਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ

7ਤਾਂ ਮੈਂ ਫ਼ਰਾਤ ਨੂੰ ਗਿਆ ਅਤੇ ਮੈਂ ਪੁੱਟਿਆ ਅਤੇ ਉਸ ਕਮਰ ਕੱਸੇ ਨੂੰ ਉਸ ਥਾਓਂ ਲਿਆ ਜਿੱਥੇ ਮੈਂ ਉਸ ਨੂੰ ਲੁਕਾਇਆ ਸੀ ਅਤੇ ਵੇਖੋ, ਉਹ ਵਿਗੜ ਗਿਆ ਸੀ, ਉਹ ਕਿਸੇ ਕੰਮ ਦਾ ਨਾ ਰਿਹਾ।

8ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

9ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਐਉਂ ਹੀ ਯਹੂਦਾਹ ਦੇ ਹੰਕਾਰ ਅਤੇ ਯਰੂਸ਼ਲਮ ਦੇ ਵੱਡੇ ਹੰਕਾਰ ਨੂੰ ਵਿਗਾੜ ਦਿਆਂਗਾ

10ਇਹ ਬੁਰੀ ਪਰਜਾ ਜਿਹੜੀ ਮੇਰੀਆਂ ਗੱਲਾਂ ਸੁਣਨ ਤੋਂ ਮੁੱਕਰਦੀ ਹੈ ਅਤੇ ਆਪਣੇ ਦਿਲ ਦੀ ਆਕੜ ਵਿੱਚ ਚੱਲਦੀ ਹੈ, ਜਿਹੜੀ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲਦੀ, ਉਹਨਾਂ ਦੀ ਪੂਜਾ ਕਰਦੀ ਅਤੇ ਉਹਨਾਂ ਨੂੰ ਮੱਥਾ ਟੇਕਦੀ ਹੈ, ਉਹ ਇਸ ਕਮਰ ਕੱਸੇ ਵਾਂਗੂੰ ਹੈ ਜਿਹੜਾ ਕਿਸੇ ਕੰਮ ਦਾ ਨਹੀਂ

11ਕਿਉਂ ਜੋ ਜਿਵੇਂ ਕਮਰ ਕੱਸਾ ਕਿਸੇ ਮਨੁੱਖ ਦੇ ਲੱਕ ਨਾਲ ਬੱਝਾ ਰਹਿੰਦਾ ਹੈ ਤਿਵੇਂ ਇਸਰਾਏਲ ਦਾ ਸਾਰਾ ਘਰਾਣਾ ਅਤੇ ਯਹੂਦਾਹ ਦਾ ਸਾਰਾ ਘਰਾਣਾ ਮੇਰੇ ਨਾਲ ਬਝੇ ਰਹਿਣ, ਯਹੋਵਾਹ ਦਾ ਵਾਕ ਹੈ, ਭਈ ਉਹ ਮੇਰੇ ਲਈ ਪਰਜਾ, ਨਾਮ, ਉਸਤਤ ਅਤੇ ਸੁਹੱਪਣ ਹੋਣ ਪਰ ਉਹਨਾਂ ਨੇ ਨਾ ਮੰਨਿਆ l

12ਤੂੰ ਉਹਨਾਂ ਨੂੰ ਇਹ ਗੱਲ ਆਖ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ ਅਤੇ ਉਹ ਤੈਨੂੰ ਆਖਣਗੇ, ਕੀ ਅਸੀਂ ਸੱਚ-ਮੁੱਚ ਨਹੀਂ ਜਾਣਿਆ ਕਿ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ?

13ਤਦ ਤੂੰ ਉਹਨਾਂ ਨੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਦੇ ਸਾਰੇ ਵਾਸੀਆਂ ਨੂੰ ਅਤੇ ਰਾਜਿਆਂ ਨੂੰ ਜਿਹੜੇ ਦਾਊਦ ਦੇ ਸਿੰਘਾਸਣ ਉੱਤੇ ਬੈਠਦੇ ਹਨ, ਜਾਜਕਾਂ ਨੂੰ, ਨਬੀਆਂ ਨੂੰ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੂੰ ਨਸ਼ੇ ਨਾਲ ਦਬਾ ਕੇ ਭਰ ਦਿਆਂਗਾ

14ਮੈਂ ਉਹਨਾਂ ਸਾਰਿਆਂ ਨੂੰ ਟਕਰਾ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤਰ ਨਾਲ, ਯਹੋਵਾਹ ਦਾ ਵਾਕ ਹੈ, ਨਾ ਮੈਂ ਤਰਸ ਕਰਾਂਗਾ, ਨਾ ਪੱਖ ਕਰਾਂਗਾ, ਨਾ ਰਹਮ ਕਰਾਂਗਾ ਭਈ ਮੈਂ ਉਹਨਾਂ ਨੂੰ ਨਾਸ ਨਾ ਕਰ ਦੇ।

15ਸੁਣੋ ਅਤੇ ਕੰਨ ਲਾਓ, ਹੰਕਾਰ ਨਾ ਕਰੋ, ਕਿਉਂ ਜੋ ਯਹੋਵਾਹ ਬੋਲਿਆ ਹੈ।

16ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਡਿਆਈ ਦਿਓ, ਇਸ ਤੋਂ ਪਹਿਲਾਂ ਕਿ ਉਹ ਅਨ੍ਹੇਰਾ ਲਿਆਵੇ, ਇਸ ਤੋਂ ਪਹਿਲਾਂ ਭਈ ਤੁਹਾਡੇ ਪੈਰਾਂ ਨੂੰ ਠੇਡਾ ਲੱਗੇ, ਘੁਸਮੁਸੇ ਦੇ ਪਰਬਤ ਉੱਤੇ, ਜਦ ਤੁਸੀਂ ਚਾਨਣ ਨੂੰ ਉਡੀਕਦੇ ਹੋ, ਤਾਂ ਉਹ ਉਸ ਨੂੰ ਅਨ੍ਹੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਸਾਯਾ ਕਰ ਦੇਵੇ।

17ਪਰ ਜੇ ਤੁਸੀਂ ਨਾ ਸੁਣੋਗੇ, ਤਾਂ ਤੁਹਾਡੇ ਹੰਕਾਰ ਦੇ ਕਾਰਨ ਮੇਰੀ ਜਾਣ ਪੜਦੇ ਵਿੱਚ ਰੋਵੇਗੀ, ਮੇਰੀਆਂ ਅੱਖਾਂ ਫੁੱਟ-ਫੁੱਟ ਕੇ ਰੋਣਗੀਆਂ ਅਤੇ ਅੱਥਰੂ ਵਗਾਉਣਗੀਆਂ, ਕਿਉਂ ਜੋ ਯਹੋਵਾਹ ਦਾ ਇੱਜੜ ਫੜਿਆ ਗਿਆ।

18ਰਾਜਾ ਅਤੇ ਰਾਣੀ ਨੂੰ ਆਖ, ਹੇਠਾਂ ਬੈਠੋ! ਕਿਉਂ ਜੋ ਤੁਹਾਡਾ ਸੋਹਣਾ ਮੁਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ।

19ਦੱਖਣ ਦੇ ਸ਼ਹਿਰ ਬੰਦ ਹੋ ਗਏ, ਉਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ, ਯਹੂਦਾਹ ਗ਼ੁਲਾਮ ਹੋ ਗਿਆ, ਸਾਰੇ ਦੇ ਸਾਰੇ ਗ਼ੁਲਾਮ ਹੋ ਗਏ।

20ਆਪਣੀਆਂ ਅੱਖਾਂ ਚੁੱਕ, ਤੇ ਉੱਤਰ ਵਲੋਂ ਆਉਣ ਵਾਲਿਆ ਨੂੰ ਵੇਖ! ਉਹ ਇੱਜੜ ਕਿੱਥੇ ਹੈ ਜਿਹੜਾ ਤੈਨੂੰ ਦਿੱਤਾ ਗਿਆ ਸੀ? ਹਾਂ, ਤੇਰਾ ਸੋਹਣਾ ਇੱਜੜ?

21ਤੂੰ ਕੀ ਆਖੇਗੀ ਜਦ ਉਹ ਤੇਰੇ ਉੱਤੇ ਆਗੂ ਹੋਣ ਲਈ, ਉਹਨਾਂ ਨੂੰ ਠਹਿਰਾਵੇ ਜਿਹਨਾਂ ਨੂੰ ਤੂੰ ਆਪ ਸਿਖਾਇਆ, ਭਈ ਉਹ ਤੇਰੇ ਯਾਰ ਹੋਣ? ਕੀ ਤੈਨੂੰ ਪੀੜਾਂ ਨਾ ਲੱਗਣਗੀਆਂ? ਜਿਵੇਂ ਔਰਤ ਨੂੰ ਜਣਨ ਦੀਆਂ ਲੱਗਦੀਆਂ ਹਨ?

22ਜੇ ਤੂੰ ਆਪਣੇ ਦਿਲ ਵਿੱਚ ਆਖੇ, ਇਹ ਗੱਲਾਂ ਮੇਰੇ ਉੱਤੇ ਕਿਉਂ ਆਈਆਂ? ਇਹ ਤੇਰੀ ਬਦੀ ਦੇ ਵਾਫ਼ਰ ਹੋਣ ਦੇ ਕਾਰਨ ਹੈ, ਕਿ ਤੇਰਾ ਲਹਿੰਗਾ ਚੁੱਕਿਆ ਗਿਆ, ਅਤੇ ਤੇਰੀਆਂ ਅੱਡੀਆਂ ਉੱਤੇ ਜ਼ੋਰ ਮਾਰਿਆ ਗਿਆ

23ਭਲਾ, ਕੂਸ਼ੀ ਆਪਣੀ ਖੱਲ ਨੂੰ, ਜਾਂ ਚੀਤਾ ਆਪਣੇ ਦਾਗਾਂ ਨੂੰ ਬਦਲ ਸਕਦਾ ਹੈ? ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈਂ, ਜਿਸ ਨੇ ਬੁਰਿਆਈ ਸਿੱਖੀ ਹੋਈ ਹੈ!

24ਮੈਂ ਉਹਨਾਂ ਨੂੰ ਭੋਹ ਵਾਂਗੂੰ ਖਿਲਾਰ ਦਿਆਂਗਾ, ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ।

25ਇਹ ਤੇਰਾ ਗੁਣਾ ਹੈ, ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੂੰ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ।

26ਮੈਂ ਵੀ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਦਿਆਂਗਾ, ਸੋ ਤੇਰੀ ਸ਼ਰਮ ਵੇਖੀ ਜਾਵੇਗੀ।

27ਤੇਰਾ ਵਿਭਚਾਰ, ਤੇਰਾ ਹਿਣਕਣਾ, ਤੇਰੇ ਗੁੰਡੇ ਵਿਭਚਾਰ, ਪੈਲੀਆਂ ਵਿੱਚ, ਟਿੱਬਿਆਂ ਉੱਤੇ, ਇਹ ਤੇਰੇ ਘਿਣਾਉਣੇ ਕੰਮ ਮੈਂ ਵੇਖੇ। ਹੇ ਯਰੂਸ਼ਲਮ, ਹਾਏ ਤੇਰੇ ਉੱਤੇ! ਤੂੰ ਪਾਕ ਸਾਫ਼ ਨਾ ਹੋਵੇਂਗਾ! ਕਿੰਨ੍ਹਾਂ ਸਮਾਂ ਅਜੇ ਹੋਰ ਹੈ?

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath