ਨਿਆਂਈਆਂ ਦੀ ਪੋਥੀ 8
1ਤਦ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਨੂੰ ਕਿਹਾ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ ਕਿ ਜਦ ਤੂੰ ਮਿਦਯਾਨੀਆਂ ਨਾਲ ਲੜਨ ਲਈ ਗਿਆ ਤਾਂ ਸਾਨੂੰ ਨਾ ਬੁਲਾਇਆ?” ਸੋ ਉਨ੍ਹਾਂ ਨੇ ਉਸ ਦੇ ਨਾਲ ਬਹੁਤ ਝਗੜਾ ਕੀਤਾ।
2ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਭਲਾ, ਹੁਣ ਮੈਂ ਤੁਹਾਡੇ ਵਾਂਗੂੰ ਕੀ ਕੀਤਾ ਹੈ? ਕੀ ਇਫ਼ਰਾਈਮ ਦੇ ਬਚੀ-ਖੁਚੀ ਦਾਖ਼ ਵੀ ਅਬੀਅਜ਼ਰ ਦੀ ਸਾਰੀ ਦਾਖਾਂ ਦੀ ਫ਼ਸਲ ਨਾਲੋਂ ਚੰਗੀ ਨਹੀਂ?
3ਪਰਮੇਸ਼ੁਰ ਨੇ ਮਿਦਯਾਨ ਦੇ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਤੁਹਾਡੇ ਵੱਸ ਕਰ ਦਿੱਤਾ, ਹੋਰ ਤੁਹਾਡੇ ਬਰਾਬਰ ਕੰਮ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਸੀ?” ਜਦ ਉਸ ਨੇ ਇਹ ਗੱਲ ਕਹੀ ਤਾਂ ਉਨ੍ਹਾਂ ਦਾ ਕ੍ਰੋਧ ਉਸ ਤੋਂ ਘੱਟ ਗਿਆ।
4ਤਦ ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਆਪਣੇ ਤਿੰਨ ਸੌ ਸਾਥੀਆਂ ਨਾਲ ਪਾਰ ਲੰਘਿਆ, ਉਹ ਸਾਰੇ ਥੱਕੇ ਹੋਏ ਤਾਂ ਸਨ ਪਰ ਫਿਰ ਵੀ ਮਿਦਯਾਨੀਆਂ ਦੇ ਪਿੱਛੇ ਲੱਗੇ ਰਹੇ। ਤਦ ਗਿਦਾਊਨ ਨੇ ਸੁੱਕੋਥ ਦੇ ਲੋਕਾਂ ਨੂੰ ਕਿਹਾ, “ਜਿਹੜੇ ਮੇਰੇ ਨਾਲ ਹਨ, ਇਨ੍ਹਾਂ ਲੋਕਾਂ ਨੂੰ ਰੋਟੀਆਂ ਦਿਉ,
5ਕਿਉਂ ਜੋ ਇਹ ਥੱਕੇ ਹੋਏ ਹਨ ਅਤੇ ਮੈਂ ਮਿਦਯਾਨ ਦੇ ਦੋਹਾਂ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਦੇ ਪਿੱਛੇ ਪਿਆ ਹੋਇਆ ਹਾਂ।”
6ਪਰ ਸੁੱਕੋਥ ਦੇ ਹਾਕਮਾਂ ਨੇ ਉੱਤਰ ਦਿੱਤਾ, “ਕੀ ਜ਼ਬਾਹ ਅਤੇ ਸਲਮੁੰਨਾ ਹੁਣੇ ਤੇਰੇ ਹੱਥਾਂ ਵਿੱਚ ਆ ਗਏ ਹਨ ਜੋ ਅਸੀਂ ਤੇਰੀ ਫੌਜ ਨੂੰ ਰੋਟੀਆਂ ਦੇਈਏ?”
7ਗਿਦਾਊਨ ਨੇ ਕਿਹਾ, “ਠੀਕ ਹੈ, ਜਦ ਯਹੋਵਾਹ ਜ਼ਬਾਹ ਅਤੇ ਸਲਮੁੰਨਾ ਨੂੰ ਮੇਰੇ ਹੱਥਾਂ ਵਿੱਚ ਕਰ ਦੇਵੇਗਾ ਤਾਂ ਮੈਂ ਤੁਹਾਡੇ ਮਾਸ ਨੂੰ ਜੰਗਲੀ ਕੰਡਿਆਂ ਅਤੇ ਕੰਟੀਲੀ ਝਾੜੀਆਂ ਨਾਲ ਛਿੱਲਾਂਗਾ!”
8ਉੱਥੋਂ ਉਹ ਪਨੂਏਲ ਨੂੰ ਗਿਆ ਅਤੇ ਉੱਥੇ ਦੇ ਲੋਕਾਂ ਤੋਂ ਇਸੇ ਤਰ੍ਹਾਂ ਭੋਜਨ ਮੰਗਿਆ, ਪਰ ਪਨੂਏਲ ਦੇ ਲੋਕਾਂ ਨੇ ਵੀ ਉਸੇ ਤਰ੍ਹਾਂ ਉੱਤਰ ਦਿੱਤਾ, ਜੋ ਸੁੱਕੋਥੀਆਂ ਨੇ ਦਿੱਤਾ ਸੀ।
9ਉਸ ਨੇ ਪਨੂਏਲ ਦੇ ਵਾਸੀਆਂ ਨੂੰ ਕਿਹਾ, “ਜਦ ਮੈਂ ਸੁੱਖ-ਸਾਂਦ ਨਾਲ ਮੁੜ ਆਵਾਂਗਾ ਤਾਂ ਮੈਂ ਇਸ ਬੁਰਜ ਨੂੰ ਢਾਹ ਦਿਆਂਗਾ!”
10ਜ਼ਬਾਹ ਅਤੇ ਸਲਮੁੰਨਾ ਕਰਕੋਰ ਵਿੱਚ ਸਨ, ਅਤੇ ਉਨ੍ਹਾਂ ਦੇ ਨਾਲ ਲੱਗਭੱਗ ਪੰਦਰਾਂ ਹਜ਼ਾਰ ਮਨੁੱਖਾਂ ਦੀ ਫੌਜ ਸੀ, ਕਿਉਂ ਜੋ ਪੂਰਬ ਦੇ ਲੋਕਾਂ ਵਿੱਚੋਂ ਉਹ ਹੀ ਬਾਕੀ ਬਚੇ ਸਨ, ਅਤੇ ਜੋ ਮਾਰੇ ਗਏ ਉਹ ਇੱਕ ਲੱਖ ਵੀਹ ਹਜ਼ਾਰ ਹਥਿਆਰ ਬੰਦ ਸਨ।
11ਤਦ ਗਿਦਾਊਨ ਨੇ ਨੋਬਹ ਅਤੇ ਯਾਗਬਹਾਹ ਦੇ ਪੂਰਬ ਵੱਲ, ਤੰਬੂਆਂ ਵਿੱਚ ਰਹਿਣ ਵਾਲਿਆਂ ਦੇ ਰਸਤੇ ਤੋਂ ਚੜ੍ਹਾਈ ਕਰ ਕੇ ਉਸ ਫੌਜ ਨੂੰ ਮਾਰਿਆ, ਕਿਉਂ ਜੋ ਉਹ ਫੌਜ ਬੇਫ਼ਿਕਰ ਪਈ ਸੀ।
12ਜਦ ਜ਼ਬਾਹ ਅਤੇ ਸਲਮੁੰਨਾ ਭੱਜੇ, ਤਾਂ ਉਸ ਨੇ ਉਨ੍ਹਾਂ ਦਾ ਪਿੱਛਾ ਕਰਕੇ ਮਿਦਯਾਨੀਆਂ ਦੇ ਦੋਵੇਂ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਨੂੰ ਫੜ ਲਿਆ ਅਤੇ ਸਾਰੀ ਫੌਜ ਨੂੰ ਹਰਾ ਦਿੱਤਾ।
13ਯੋਆਸ਼ ਦਾ ਪੁੱਤਰ ਗਿਦਾਊਨ ਹਰਸ ਦੀ ਚੜ੍ਹਾਈ ਤੋਂ ਲੜਾਈ ਵਿੱਚੋਂ ਮੁੜਿਆ।
14ਅਤੇ ਸੁੱਕੋਥੀਆਂ ਵਿੱਚੋਂ ਇੱਕ ਜਵਾਨ ਨੂੰ ਫੜ੍ਹ ਕੇ ਉਸ ਤੋਂ ਪੁੱਛਿਆ, ਤਾਂ ਉਸ ਨੇ ਸੱਤਰ ਮਨੁੱਖਾਂ ਦਾ ਪਤਾ ਦੱਸਿਆ। ਇਹ ਸਭ ਸੁੱਕੋਥ ਦੇ ਹਾਕਮ ਅਤੇ ਬਜ਼ੁਰਗ ਸਨ।
15ਤਦ ਉਹ ਸੁੱਕੋਥੀਆਂ ਕੋਲ ਆਇਆ ਅਤੇ ਕਹਿਣ ਲੱਗਾ, “ਜ਼ਬਾਹ ਅਤੇ ਸਲਮੁੰਨਾ ਨੂੰ ਵੇਖੋ, ਜਿਨ੍ਹਾਂ ਦੇ ਲਈ ਤੁਸੀਂ ਮੈਨੂੰ ਉਲਾਂਭਾ ਦਿੱਤਾ ਸੀ ਅਤੇ ਕਿਹਾ ਸੀ, ਭਲਾ, ਜ਼ਬਾਹ ਅਤੇ ਸਲਮੁੰਨਾ ਹੁਣੇ ਤੇਰੇ ਹੱਥ ਵਿੱਚ ਆ ਗਏ ਹਨ, ਜੋ ਅਸੀਂ ਤੇਰੇ ਥੱਕੇ ਹੋਏ ਜੁਆਨਾਂ ਨੂੰ ਰੋਟੀ ਦੇਈਏ?”
16ਤਾਂ ਉਸ ਨੇ ਸ਼ਹਿਰ ਦੇ ਬਜ਼ੁਰਗਾਂ ਨੂੰ ਫੜਿਆ ਅਤੇ ਜੰਗਲੀ ਕੰਡਿਆਂ ਅਤੇ ਕੰਟੀਲੀ ਝਾੜੀਆਂ ਨਾਲ ਸਜ਼ਾ ਦੇ ਕੇ ਸੁੱਕੋਥ ਦੇ ਲੋਕਾਂ ਨੂੰ ਸਬਕ ਸਿਖਾਇਆ।
17ਅਤੇ ਉਸ ਨੇ ਪਨੂਏਲ ਦਾ ਬੁਰਜ ਢਾਹ ਦਿੱਤਾ, ਅਤੇ ਨਗਰ ਦੇ ਮਨੁੱਖਾਂ ਨੂੰ ਵੱਢ ਸੁੱਟਿਆ।
18ਫੇਰ ਉਸ ਨੇ ਜ਼ਬਾਹ ਅਤੇ ਸਲਮੁੰਨਾ ਤੋਂ ਪੁੱਛਿਆ, “ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਤਾਬੋਰ ਵਿੱਚ ਵੱਢਿਆ ਸੀ, ਉਹ ਕਿਹੋ ਜਿਹੇ ਸਨ?” ਉਨ੍ਹਾਂ ਦੇ ਉੱਤਰ ਦਿੱਤਾ, “ਅਜਿਹੇ ਸਨ ਜਿਹੋ ਜਿਹਾ ਤੂੰ ਹੈਂ ਅਰਥਾਤ ਸਾਰੇ ਰਾਜਕੁਮਾਰਾਂ ਵਰਗੇ ਸਨ।”
19ਤਾਂ ਉਸ ਨੇ ਕਿਹਾ, “ਉਹ ਮੇਰੇ ਸੱਕੇ ਭਰਾ, ਮੇਰੀ ਮਾਂ ਦੇ ਪੁੱਤਰ ਸਨ, ਜੀਉਂਦੇ ਯਹੋਵਾਹ ਦੀ ਸਹੁੰ, ਜੇ ਤੁਸੀਂ ਉਨ੍ਹਾਂ ਨੂੰ ਜੀਉਂਦਾ ਛੱਡ ਦਿੰਦੇ ਤਾਂ ਮੈਂ ਤੁਹਾਨੂੰ ਨਾ ਮਾਰਦਾ!”
20ਫੇਰ ਉਸ ਨੇ ਆਪਣੇ ਪਹਿਲੌਠੇ ਪੁੱਤਰ ਯਥਰ ਨੂੰ ਕਿਹਾ, “ਉੱਠ, ਇਨ੍ਹਾਂ ਨੂੰ ਵੱਢ ਸੁੱਟ!” ਪਰ ਉਸ ਜੁਆਨ ਨੇ ਡਰ ਦੇ ਮਾਰੇ ਆਪਣੀ ਤਲਵਾਰ ਨਾ ਖਿੱਚੀ, ਕਿਉਂ ਜੋ ਉਹ ਅਜੇ ਮੁੰਡਾ ਹੀ ਸੀ।
21ਤਦ ਜ਼ਬਾਹ ਅਤੇ ਸਲਮੁੰਨਾ ਨੇ ਕਿਹਾ, “ਤੂੰ ਆਪ ਉੱਠ ਅਤੇ ਸਾਡੇ ਉੱਤੇ ਵਾਰ ਕਰ, ਕਿਉਂਕਿ ਜਿਹੋ ਜਿਹਾ ਮਨੁੱਖ ਉਸੇ ਤਰ੍ਹਾਂ ਹੀ ਉਸ ਦਾ ਜ਼ੋਰ ਹੋਵੇਗਾ!” ਤਾਂ ਗਿਦਾਊਨ ਨੇ ਉੱਠ ਕੇ ਜ਼ਬਾਹ ਅਤੇ ਸਲਮੁੰਨਾ ਨੂੰ ਵੱਢ ਸੁੱਟਿਆ ਅਤੇ ਉਹ ਜੰਜ਼ੀਰਾਂ ਜੋ ਉਨ੍ਹਾਂ ਦੇ ਊਠਾਂ ਦੇ ਗਲੇ ਵਿੱਚ ਸਨ, ਉਸ ਨੇ ਲਾਹ ਲਈਆਂ।
22ਤਦ ਇਸਰਾਏਲ ਦੇ ਮਨੁੱਖਾਂ ਨੇ ਗਿਦਾਊਨ ਨੂੰ ਕਿਹਾ, “ਤੂੰ ਸਾਡੇ ਉੱਤੇ ਰਾਜ ਕਰ, ਤੂੰ ਅਤੇ ਤੇਰਾ ਪੁੱਤਰ ਅਤੇ ਤੇਰਾ ਪੋਤਰਾ ਵੀ, ਕਿਉਂ ਜੋ ਤੂੰ ਹੀ ਸਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ ਹੈ।”
23ਤਦ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਨਾ ਮੈਂ ਤੁਹਾਡੇ ਉੱਤੇ ਰਾਜ ਕਰਾਂਗਾ ਅਤੇ ਨਾ ਮੇਰਾ ਪੁੱਤਰ ਤੁਹਾਡੇ ਉੱਤੇ ਰਾਜ ਕਰੇਗਾ, ਸਗੋਂ ਯਹੋਵਾਹ ਹੀ ਤੁਹਾਡੇ ਉੱਤੇ ਰਾਜ ਕਰੇਗਾ।”
24ਤਾਂ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਇੱਕ ਚੀਜ਼ ਤੁਹਾਡੇ ਤੋਂ ਮੰਗਦਾ ਹਾਂ, ਕਿ ਤੁਸੀਂ ਸਾਰੇ ਆਪਣੀ ਲੁੱਟ ਦੇ ਵਿੱਚੋਂ ਵਾਲੀਆਂ ਮੈਨੂੰ ਦੇ ਦਿਉ।” (ਕਿਉਂ ਜੋ ਉਹ ਵਾਲੀਆਂ ਸੋਨੇ ਦੀਆਂ ਸਨ, ਅਤੇ ਸੋਨੇ ਦੀਆਂ ਵਾਲੀਆਂ ਪਾਉਣਾ ਇਸਮਾਏਲੀਆਂ ਦੀ ਰੀਤ ਸੀ)
25ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਦੇਣ ਵਿੱਚ ਰਾਜ਼ੀ ਹਾਂ।” ਤਦ ਉਨ੍ਹਾਂ ਨੇ ਇੱਕ ਚਾਦਰ ਵਿਛਾ ਕੇ ਆਪਣੀ-ਆਪਣੀ ਲੁੱਟ ਦੇ ਧਨ ਵਿੱਚੋਂ ਵਾਲੀਆਂ ਕੱਢ ਕੇ ਉਸ ਵਿੱਚ ਪਾ ਦਿੱਤੀਆਂ।
26ਜੋ ਸੋਨੇ ਦੀਆਂ ਵਾਲੀਆਂ ਉਸ ਨੇ ਮੰਗੀਆਂ ਸਨ, ਉਨ੍ਹਾਂ ਦਾ ਤੋਲ ਵੀਹ ਸੇਰ ਦੇ ਲੱਗਭੱਗ ਸੀ, ਉਨ੍ਹਾਂ ਗਹਿਣਿਆਂ, ਕੈਂਠੇ ਅਤੇ ਬੈਂਗਣੀ ਕੱਪੜਿਆਂ ਤੋਂ ਬਿਨ੍ਹਾਂ ਜੋ ਮਿਦਯਾਨੀਆਂ ਦੇ ਰਾਜੇ ਪਹਿਨਦੇ ਸਨ ਅਤੇ ਉਨ੍ਹਾਂ ਗਹਿਣਿਆਂ ਤੋਂ ਬਿਨ੍ਹਾਂ ਜੋ ਊਠਾਂ ਦੇ ਗਲ਼ ਵਿੱਚ ਸਨ।
27ਗਿਦਾਊਨ ਨੇ ਉਨ੍ਹਾਂ ਦਾ ਇੱਕ ਏਫ਼ੋਦ ਬਣਾ ਕੇ ਆਪਣੇ ਸ਼ਹਿਰ ਆਫ਼ਰਾਹ ਵਿੱਚ ਉਸ ਨੂੰ ਰੱਖਿਆ, ਅਤੇ ਉੱਥੇ ਸਾਰੇ ਇਸਰਾਏਲੀ ਵਿਭਚਾਰੀਆਂ ਵਾਂਗੂੰ ਉਸ ਦੇ ਪਿੱਛੇ ਲੱਗ ਗਏ ਅਤੇ ਇਹ ਗੱਲ ਗਿਦਾਊਨ ਅਤੇ ਉਸ ਦੇ ਘਰਾਣੇ ਲਈ ਫਾਹੀ ਹੋ ਗਈ।
28ਇਸ ਤਰ੍ਹਾਂ ਨਾਲ ਮਿਦਯਾਨੀ ਇਸਰਾਏਲੀਆਂ ਤੋਂ ਅਜਿਹੇ ਹਾਰੇ ਕਿ ਫਿਰ ਸਿਰ ਨਾ ਚੁੱਕ ਸਕੇ ਅਤੇ ਗਿਦਾਊਨ ਦੇ ਦਿਨਾਂ ਵਿੱਚ ਚਾਲ੍ਹੀ ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ।
29ਯੋਆਸ਼ ਦਾ ਪੁੱਤਰ ਯਰੁੱਬਆਲ ਆਪਣੇ ਘਰ ਜਾ ਕੇ ਉੱਥੇ ਹੀ ਰਹਿਣ ਲੱਗਾ,
30ਅਤੇ ਗਿਦਾਊਨ ਦੇ ਸੱਤਰ ਪੁੱਤਰ ਪੈਦਾ ਹੋਏ, ਕਿਉਂ ਜੋ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ।
31ਉਸ ਦੀ ਇੱਕ ਰਖ਼ੈਲ ਜੋ ਸ਼ਕਮ ਵਿੱਚ ਰਹਿੰਦੀ ਸੀ, ਉਸ ਤੋਂ ਇੱਕ ਪੁੱਤਰ ਜਣੀ ਅਤੇ ਗਿਦਾਊਨ ਨੇ ਉਸ ਦਾ ਨਾਮ ਅਬੀਮਲਕ ਰੱਖਿਆ।
32ਅਤੇ ਯੋਆਸ਼ ਦਾ ਪੁੱਤਰ ਗਿਦਾਊਨ ਬਹੁਤ ਬੁੱਢਾ ਹੋ ਕੇ ਮਰ ਗਿਆ ਅਤੇ ਆਪਣੇ ਪਿਤਾ ਯੋਆਸ਼ ਦੀ ਕਬਰ ਵਿੱਚ ਜੋ ਅਬੀ-ਅਜ਼ਰੀਆਂ ਦੇ ਆਫ਼ਰਾਹ ਵਿੱਚ ਸੀ, ਦਫ਼ਨਾਇਆ ਗਿਆ।
33ਅਤੇ ਅਜਿਹਾ ਹੋਇਆ ਕਿ ਗਿਦਾਊਨ ਦੀ ਮੌਤ ਹੁੰਦਿਆਂ ਹੀ ਇਸਰਾਏਲੀ ਮੁੜ ਗਏ ਅਤੇ ਬਆਲਾਂ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ।
34ਇਸ ਤਰ੍ਹਾਂ ਇਸਰਾਏਲੀਆਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਨਾ ਰੱਖਿਆ, ਜਿਸ ਨੇ ਉਨ੍ਹਾਂ ਨੂੰ ਚੁਫ਼ੇਰਿਓਂ ਉਨ੍ਹਾਂ ਦੇ ਸਾਰੇ ਵੈਰੀਆਂ ਦੇ ਹੱਥਾਂ ਤੋਂ ਛੁਡਾਇਆ ਸੀ,
35ਅਤੇ ਨਾ ਉਨ੍ਹਾਂ ਨੇ ਯਰੁੱਬਆਲ ਅਰਥਾਤ ਗਿਦਾਊਨ ਦੀਆਂ ਉਨ੍ਹਾਂ ਸਾਰੀਆਂ ਭਲਿਆਈਆਂ ਦੇ ਬਦਲੇ ਜੋ ਉਸ ਨੇ ਇਸਰਾਏਲੀਆਂ ਨਾਲ ਕੀਤੀਆਂ ਸਨ, ਉਸ ਦੇ ਘਰ ਉੱਤੇ ਦਯਾ ਕੀਤੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath