ਨਿਆਂਈਆਂ ਦੀ ਪੋਥੀ 7
1ਤਦ ਗਿਦਾਊਨ ਜੋ ਯਰੁੱਬਆਲ ਵੀ ਕਹਾਉਂਦਾ ਹੈ, ਅਤੇ ਉਹ ਸਾਰੇ ਲੋਕ ਜੋ ਉਸ ਦੇ ਨਾਲ ਸਨ, ਸਵੇਰ ਨੂੰ ਉੱਠੇ ਅਤੇ ਹਰੋਦ ਦੇ ਸੋਤੇ ਕੋਲ ਆਪਣੇ ਤੰਬੂ ਲਾਏ, ਅਤੇ ਮਿਦਯਾਨੀਆਂ ਦੀ ਛਾਉਣੀ ਉਨ੍ਹਾਂ ਦੇ ਉੱਤਰ ਵੱਲ ਮੋਰਹ ਪਰਬਤ ਦੇ ਕੋਲ ਘਾਟੀ ਵਿੱਚ ਸੀ।
2ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਮਿਦਯਾਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ, ਤੇਰੇ ਨਾਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਏਲ ਮੇਰੇ ਸਾਹਮਣੇ ਆਕੜ ਕੇ ਕਹੇ ਕਿ ‘ਮੇਰੇ ਹੀ ਹੱਥ ਨੇ ਮੈਨੂੰ ਬਚਾਇਆ ਹੈ।’
3ਇਸ ਲਈ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਘੋਸ਼ਣਾ ਕਰ ਅਤੇ ਕਹਿ ਕਿ ਜਿਹੜਾ ਘਬਰਾਉਂਦਾ ਹੈ ਅਤੇ ਡਰਦਾ ਹੈ ਉਹ ਗਿਲਆਦ ਪਰਬਤ ਤੋਂ ਵਾਪਿਸ ਮੁੜ ਜਾਵੇ।” ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਿਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ।
4ਤਦ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਹੁਣ ਵੀ ਲੋਕ ਬਹੁਤ ਜ਼ਿਆਦਾ ਹਨ, ਉਨ੍ਹਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਦੀ ਪ੍ਰੀਖਿਆ ਲਵਾਂਗਾ, ਅਤੇ ਜਿਸ ਦੇ ਲਈ ਮੈਂ ਤੈਨੂੰ ਆਖਾਂ ਕਿ ਇਹ ਤੇਰੇ ਨਾਲ ਜਾਵੇ ਤਾਂ ਉਹ ਤੇਰੇ ਨਾਲ ਜਾਵੇ, ਜਿਨ੍ਹਾਂ ਦੇ ਲਈ ਮੈਂ ਆਖਾਂ ਕਿ ਇਹ ਤੇਰੇ ਨਾਲ ਨਾ ਜਾਣ, ਤਾਂ ਉਹ ਤੇਰੇ ਨਾਲ ਨਾ ਜਾਵੇ।”
5ਤਦ ਉਹ ਉਨ੍ਹਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚਪ-ਚਪ ਕਰਕੇ ਪਾਣੀ ਪੀਣ, ਉਨ੍ਹਾਂ ਨੂੰ ਤੂੰ ਵੱਖਰਾ ਰੱਖ ਅਤੇ ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਣ।”
6ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚਪ-ਚਪ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਤਿੰਨ ਸੌ ਸੀ ਪਰ ਬਾਕੀ ਸਾਰੇ ਲੋਕਾਂ ਨੇ ਗੋਡੇ ਨਿਵਾ ਕੇ ਪਾਣੀ ਪੀਤਾ।
7ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਮੈਂ ਇਨ੍ਹਾਂ ਤਿੰਨ ਸੌ ਮਨੁੱਖਾਂ ਨਾਲ ਜਿਨ੍ਹਾਂ ਨੇ ਚਪ-ਚਪ ਕਰ ਕੇ ਪਾਣੀ ਪੀਤਾ ਹੈ, ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਅਤੇ ਬਾਕੀ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਮੁੜ ਜਾਣ।”
8ਤਦ ਉਨ੍ਹਾਂ ਲੋਕਾਂ ਨੇ ਆਪਣੀ ਭੋਜਨ ਸਮੱਗਰੀ ਲਈ ਅਤੇ ਆਪਣੀਆਂ ਤੁਰ੍ਹੀਆਂ ਚੁੱਕ ਲਈਆਂ ਅਤੇ ਗਿਦਾਊਨ ਨੇ ਇਸਰਾਏਲ ਦੇ ਬਾਕੀ ਸਾਰੇ ਪੁਰਖਾਂ ਨੂੰ ਆਪੋ ਆਪਣੇ ਤੰਬੂ ਵੱਲ ਭੇਜ ਦਿੱਤਾ, ਪਰ ਉਨ੍ਹਾਂ ਤਿੰਨ ਸੌ ਪੁਰਖਾਂ ਨੂੰ ਉਸ ਨੇ ਆਪਣੇ ਕੋਲ ਰੱਖਿਆ ਅਤੇ ਮਿਦਯਾਨੀਆਂ ਦੀ ਛਾਉਣੀ ਉਸ ਦੇ ਹੇਠ ਘਾਟੀ ਵਿੱਚ ਸੀ।
9ਤਾਂ ਉਸੇ ਰਾਤ ਯਹੋਵਾਹ ਨੇ ਉਸ ਨੂੰ ਕਿਹਾ, “ਉੱਠ ਅਤੇ ਉਸ ਛਾਉਣੀ ਦੇ ਕੋਲ ਜਾ ਕਿਉਂ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ।
10ਪਰ ਜੇ ਤੂੰ ਇਕੱਲਾ ਜਾਣ ਤੋਂ ਡਰਦਾ ਹੈਂ ਤਾਂ ਤੂੰ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਛਾਉਣੀ ਵੱਲ ਜਾ।
11ਉੱਥੇ ਤੂੰ ਸੁਣੇਂਗਾ ਕਿ ਉਹ ਕੀ ਕਹਿ ਰਹੇ ਹਨ, ਇਸ ਤੋਂ ਬਾਅਦ ਉਸ ਛਾਉਣੀ ਉੱਤੇ ਹਮਲਾ ਕਰਨ ਲਈ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ।” ਤਦ ਉਹ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਉਨ੍ਹਾਂ ਹਥਿਆਰਬੰਦ ਸਿਪਾਹੀਆਂ ਤੱਕ ਗਿਆ, ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ।
12ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਟਿੱਡੀਆਂ ਵਾਂਗੂੰ ਬਹੁਤ ਸਾਰੇ ਸਨ ਅਤੇ ਘਾਟੀ ਵਿੱਚ ਫੈਲੇ ਪਏ ਸਨ ਅਤੇ ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅਣਗਿਣਤ ਸਨ।
13ਜਦ ਗਿਦਾਊਨ ਉੱਥੇ ਪਹੁੰਚਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਸਾਥੀ ਨੂੰ ਇੱਕ ਸੁਫ਼ਨਾ ਸੁਣਾਉਂਦਾ ਸੀ, ਉਸਨੇ ਕਿਹਾ, “ਵੇਖੋ, ਮੈਂ ਇੱਕ ਸੁਫ਼ਨਾ ਵੇਖਿਆ ਹੈ ਕਿ ਜੌਂ ਦੀ ਇੱਕ ਰੋਟੀ ਮਿਦਯਾਨੀ ਛਾਉਣੀ ਵਿੱਚ ਰੁੜ੍ਹ ਕੇ ਆਈ ਅਤੇ ਇੱਕ ਤੰਬੂ ਨਾਲ ਆ ਲੱਗੀ ਅਤੇ ਉਸ ਨੇ ਤੰਬੂ ਨੂੰ ਅਜਿਹਾ ਮਾਰਿਆ ਕਿ ਉਹ ਡਿੱਗ ਪਿਆ ਅਤੇ ਉਸ ਨੂੰ ਅਜਿਹਾ ਮੂਧਾ ਕਰ ਸੁੱਟਿਆ ਕਿ ਉਹ ਤੰਬੂ ਵਿੱਛ ਗਿਆ।”
14ਤਾਂ ਉਸ ਦੇ ਸਾਥੀ ਨੇ ਉੱਤਰ ਦੇ ਕੇ ਕਿਹਾ, “ਯੋਆਸ਼ ਦੇ ਪੁੱਤਰ ਗਿਦਾਊਨ, ਇੱਕ ਇਸਰਾਏਲੀ ਮਨੁੱਖ ਦੀ ਤਲਵਾਰ ਤੋਂ ਬਿਨ੍ਹਾਂ ਇਸ ਦਾ ਕੋਈ ਹੋਰ ਅਰਥ ਨਹੀਂ, ਪਰਮੇਸ਼ੁਰ ਨੇ ਮਿਦਯਾਨ ਅਤੇ ਸਾਰੀ ਫੌਜ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ।”
15ਅਜਿਹਾ ਹੋਇਆ ਕਿ ਜਦ ਗਿਦਾਊਨ ਨੇ ਇਹ ਸੁਫ਼ਨਾ ਅਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਅਤੇ ਇਸਰਾਏਲੀ ਛਾਉਣੀ ਨੂੰ ਮੁੜ ਆਇਆ ਅਤੇ ਕਿਹਾ, “ਉੱਠੋ, ਕਿਉਂ ਜੋ ਯਹੋਵਾਹ ਨੇ ਮਿਦਯਾਨੀ ਫੌਜ ਨੂੰ ਤੁਹਾਡੇ ਹੱਥਾਂ ਵਿੱਚ ਕਰ ਦਿੱਤਾ ਹੈ!”
16ਤਦ ਉਸ ਨੇ ਤਿੰਨ ਸੌ ਮਨੁੱਖਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰ੍ਹੀ ਅਤੇ ਖਾਲੀ ਘੜਾ ਦਿੱਤਾ, ਅਤੇ ਇੱਕ-ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ।
17ਫਿਰ ਉਸਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਵੇਖੋ ਅਤੇ ਮੇਰੇ ਵਾਂਗੂੰ ਹੀ ਕੰਮ ਕਰੋ ਅਤੇ ਸੁਚੇਤ ਰਹੋ। ਜਦ ਮੈਂ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚ ਜਾਂਵਾਂ, ਤਾਂ ਜੋ ਕੁਝ ਮੈਂ ਕਰਾਂ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਨਾ।
18ਜਦ ਮੈਂ ਅਤੇ ਮੇਰੇ ਸਾਰੇ ਸਾਥੀ ਤੁਰ੍ਹੀਆਂ ਵਜਾਈਏ ਤਾਂ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨ੍ਹਿਆਂ ਉੱਤੇ ਤੁਰ੍ਹੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਓ,” “ਯਹੋਵਾਹ ਅਤੇ ਗਿਦਾਊਨ ਦੀ ਤਲਵਾਰ!।”
19ਇਸ ਤੋਂ ਬਾਅਦ ਗਿਦਾਊਨ ਅਤੇ ਉਹ ਸੌ ਮਨੁੱਖ ਜੋ ਉਸ ਦੇ ਨਾਲ ਸਨ, ਦੂਜੇ ਪਹਿਰ ਦੇ ਵੇਲੇ ਛਾਉਣੀ ਦੇ ਬੰਨ੍ਹੇ ਉੱਤੇ ਆਏ। ਉਸ ਸਮੇਂ ਪਹਿਰੇਦਾਰ ਹੁਣੇ ਬਦਲੇ ਹੀ ਸਨ, ਤਾਂ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਘੜਿਆਂ ਨੂੰ ਜੋ ਉਨ੍ਹਾਂ ਦੇ ਹੱਥ ਵਿੱਚ ਸਨ ਤੋੜ ਸੁੱਟਿਆ।
20ਤਦ ਉਨ੍ਹਾਂ ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜੇ ਤੋੜ ਦਿੱਤੇ ਅਤੇ ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜ੍ਹਿਆ ਅਤੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀ ਤੁਰ੍ਹੀਆਂ ਫੜ੍ਹੀਆਂ ਅਤੇ ਜ਼ੋਰ ਨਾਲ ਜੈਕਾਰਾ ਬੁਲਾਇਆ, “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤਲਵਾਰ!”
21ਉਨ੍ਹਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣੇ ਸਥਾਨ ਤੇ ਛਾਉਣੀ ਦੇ ਚੁਫ਼ੇਰੇ ਖੜ੍ਹਾ ਰਿਹਾ, ਤਾਂ ਸਾਰੀ ਫੌਜ ਦੌੜੀ ਅਤੇ ਚੀਕਾਂ ਮਾਰਦੀ ਹੋਈ ਭੱਜ ਨਿੱਕਲੀ।
22ਉਨ੍ਹਾਂ ਨੇ ਤਿੰਨ ਸੌ ਤੁਰ੍ਹੀਆਂ ਵਜਾਈਆਂ ਅਤੇ ਯਹੋਵਾਹ ਨੇ ਇੱਕ-ਇੱਕ ਮਨੁੱਖ ਦੀ ਤਲਵਾਰ ਉਸ ਦੇ ਸਾਥੀ ਉੱਤੇ ਅਤੇ ਸਾਰੀ ਫੌਜ ਉੱਤੇ ਚਲਵਾਈ, ਤਾਂ ਫੌਜ ਸਰੇਰਹ ਦੀ ਵੱਲ ਬੈਤ ਸ਼ਿੱਟਾਹ ਨੂੰ ਅਤੇ ਅਬੇਲ - ਮਹੋਲਾਹ ਤੱਕ ਜੋ ਟੱਬਾਥ ਕੋਲ ਹੈ, ਭੱਜ ਗਈ।
23ਤਦ ਇਸਰਾਏਲੀ ਲੋਕ ਨਫ਼ਤਾਲੀ ਅਤੇ ਆਸ਼ੇਰ ਅਤੇ ਸਾਰੇ ਮਨੱਸ਼ਹ ਤੋਂ ਇਕੱਠੇ ਹੋ ਕੇ ਨਿੱਕਲੇ ਅਤੇ ਮਿਦਯਾਨੀਆਂ ਦੇ ਪਿੱਛੇ ਪਏ।
24ਤਾਂ ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਇਲਾਕੇ ਵਿੱਚ ਸੰਦੇਸ਼-ਵਾਹਕ ਭੇਜੇ ਅਤੇ ਕਿਹਾ, “ਮਿਦਯਾਨੀਆਂ ਦਾ ਸਾਹਮਣਾ ਕਰਨ ਨੂੰ ਆ ਜਾਓ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਯਰਦਨ ਨਦੀ ਦੇ ਘਾਟਾਂ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਓ।” ਤਦ ਸਾਰੇ ਇਫ਼ਰਾਈਮੀਆਂ ਨੇ ਇਕੱਠੇ ਹੋ ਕੇ ਯਰਦਨ ਨਦੀ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਿਆ।
25ਅਤੇ ਉਨ੍ਹਾਂ ਨੇ ਮਿਦਯਾਨ ਦੇ ਦੋ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਫੜਿਆ, ਅਤੇ ਓਰੇਬ ਨੂੰ ਓਰੇਬ ਦੀ ਚੱਟਾਨ ਉੱਤੇ ਅਤੇ ਜ਼ਏਬ ਨੂੰ ਜ਼ਏਬ ਨਾਮਕ ਦਾਖ਼ਰਸ ਦੇ ਕੁੰਡ ਕੋਲ ਘਾਤ ਕੀਤਾ, ਅਤੇ ਫਿਰ ਉਹ ਮਿਦਯਾਨੀਆਂ ਦੇ ਪਿੱਛੇ ਪਏ ਅਤੇ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਪਾਰ ਗਿਦਾਊਨ ਕੋਲ ਲੈ ਆਏ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath