ਈਸਾਈ
ਪਿੱਛੇ

ਨਿਆਂਈਆਂ ਦੀ ਪੋਥੀ 6

1ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ, ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸੱਤ ਸਾਲਾਂ ਤੱਕ ਮਿਦਯਾਨੀਆਂ ਦੇ ਹੱਥ ਵਿੱਚ ਕਰ ਦਿੱਤਾ।

2ਮਿਦਯਾਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ ਅਤੇ ਮਿਦਯਾਨੀਆਂ ਦੇ ਡਰ ਦੇ ਕਾਰਨ ਇਸਰਾਏਲੀਆਂ ਨੇ ਪਹਾੜਾਂ ਵਿੱਚ ਘੁਰਨੇ, ਗੁਫਾਂ ਅਤੇ ਗੜ੍ਹਾਂ ਵਿੱਚ ਆਪਣੇ ਨਿਵਾਸ ਬਣਾ ਲਏ।

3ਅਜਿਹਾ ਹੁੰਦਾ ਸੀ ਕਿ ਜਦ ਵੀ ਇਸਰਾਏਲੀ ਕੁਝ ਬੀਜਦੇ ਸਨ, ਤਾਂ ਮਿਦਯਾਨੀ, ਅਮਾਲੇਕੀ ਅਤੇ ਪੂਰਬੀ ਲੋਕ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਸਨ

4ਅਤੇ ਉਨ੍ਹਾਂ ਦੇ ਸਾਹਮਣੇ ਅੱਜ਼ਾਹ ਤੱਕ ਤੰਬੂ ਲਾ ਕੇ ਖੇਤਾਂ ਦਾ ਫਲ ਉਜਾੜ ਦਿੰਦੇ ਸਨ, ਅਤੇ ਇਸਰਾਏਲ ਵਿੱਚ ਨਾ ਤਾਂ ਕੋਈ ਭੋਜਨ ਪਦਾਰਥ, ਅਤੇ ਨਾ ਹੀ ਭੇਡ-ਬੱਕਰੀ, ਨਾ ਬਲ਼ਦ ਅਤੇ ਨਾ ਗਧਾ ਛੱਡਦੇ ਸਨ।

5ਕਿਉਂ ਜੋ ਉਹ ਆਪਣੇ ਪਸ਼ੂਆਂ ਅਤੇ ਆਪਣਿਆਂ ਤੰਬੂਆਂ ਦੇ ਨਾਲ ਟਿੱਡੀਆਂ ਦੇ ਦਲ ਵਾਂਗੂੰ ਆਉਂਦੇ ਸਨ, ਉਹ ਅਤੇ ਉਨ੍ਹਾਂ ਦੇ ਊਠ ਅਣਗਿਣਤ ਸਨ, ਅਤੇ ਉਹ ਉਸ ਦੇਸ਼ ਵਿੱਚ ਵੜ ਕੇ ਉਸ ਨੂੰ ਉਜਾੜ ਦਿੰਦੇ ਸਨ।

6ਅਤੇ ਮਿਦਯਾਨੀਆਂ ਦੇ ਕਾਰਨ ਇਸਰਾਏਲੀ ਕੰਗਾਲ ਹੋ ਗਏ, ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ।

7ਅਜਿਹਾ ਹੋਇਆ ਕਿ ਜਦ ਇਸਰਾਏਲੀਆਂ ਨੇ ਮਿਦਯਾਨੀਆਂ ਦੇ ਕਾਰਨ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ

8ਤਾਂ ਯਹੋਵਾਹ ਨੇ ਇਸਰਾਏਲੀਆਂ ਦੇ ਕੋਲ ਇੱਕ ਨਬੀ ਭੇਜਿਆ, ਜਿਸ ਨੇ ਉਨ੍ਹਾਂ ਨੂੰ ਕਿਹਾ, “ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਇਹ ਫ਼ਰਮਾਉਂਦਾ ਹੈ, ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਅਤੇ ਮੈਂ ਤੁਹਾਨੂੰ ਗ਼ੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ,

9ਅਤੇ ਮੈਂ ਤੁਹਾਨੂੰ ਮਿਸਰੀਆਂ ਦੇ ਹੱਥਾਂ ਤੋਂ ਸਗੋਂ ਉਨ੍ਹਾਂ ਸਾਰਿਆਂ ਦੇ ਹੱਥਾਂ ਤੋਂ ਛੁਡਾਇਆ ਜਿਹੜੇ ਤੁਹਾਨੂੰ ਦੁੱਖ ਦਿੰਦੇ ਸਨ, ਅਤੇ ਤੁਹਾਡੇ ਅੱਗਿਓਂ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਉਨ੍ਹਾਂ ਦਾ ਦੇਸ਼ ਤੁਹਾਨੂੰ ਦੇ ਦਿੱਤਾ,

10ਅਤੇ ਮੈਂ ਤੁਹਾਨੂੰ ਕਿਹਾ, ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ, ਇਸ ਲਈ ਤੁਸੀਂ ਅਮੋਰੀਆਂ ਦੇ ਦੇਵਤਿਆਂ ਤੋਂ, ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ, ਨਾ ਡਰੋ। ਪਰ ਤੁਸੀਂ ਮੇਰੇ ਬਚਨ ਨੂੰ ਨਾ ਮੰਨਿਆ।”

11ਫਿਰ ਯਹੋਵਾਹ ਦਾ ਦੂਤ ਆਇਆ ਅਤੇ ਆਫ਼ਰਾਹ ਵਿੱਚ ਬਲੂਤ ਦੇ ਇੱਕ ਰੁੱਖ ਦੇ ਹੇਠ ਬੈਠ ਗਿਆ, ਜਿਹੜਾ ਯੋਆਸ਼ ਅਬੀਅਜ਼ਰੀ ਦਾ ਸੀ। ਉਸ ਵੇਲੇ ਉਸ ਦਾ ਪੁੱਤਰ ਗਿਦਾਊਨ ਇੱਕ ਹੌਦ ਵਿੱਚ ਕਣਕ ਨੂੰ ਛੱਟ ਰਿਹਾ ਸੀ ਤਾਂ ਜੋ ਉਸ ਨੂੰ ਮਿਦਯਾਨੀਆਂ ਦੇ ਹੱਥੋਂ ਲੁਕਾਵੇ।

12ਯਹੋਵਾਹ ਦੇ ਦੂਤ ਨੇ ਉਸ ਨੂੰ ਦਰਸ਼ਣ ਦਿੱਤਾ ਅਤੇ ਕਿਹਾ, “ਹੇ ਸੂਰਬੀਰ ਸੂਰਮਾ, ਯਹੋਵਾਹ ਤੇਰੇ ਨਾਲ ਹੈ।”

13ਗਿਦਾਊਨ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਿਉਂ ਪੈਂਦੀ? ਅਤੇ ਉਹ ਸਾਰੇ ਅਚਰਜ਼ ਕੰਮ ਕਿੱਥੇ ਹਨ, ਜਿਹੜੇ ਸਾਡੇ ਪਿਉ-ਦਾਦੇ ਸਾਨੂੰ ਇਹ ਕਹਿ ਕੇ ਸੁਣਾਉਂਦੇ ਸਨ, ਕੀ ਭਲਾ, ਯਹੋਵਾਹ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆਇਆ? ਪਰ ਹੁਣ ਤਾਂ ਯਹੋਵਾਹ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਯਾਨੀਆਂ ਦੇ ਹੱਥ ਕਰ ਦਿੱਤਾ ਹੈ।”

14ਤਦ ਯਹੋਵਾਹ ਨੇ ਉਸ ਦੀ ਵੱਲ ਵੇਖ ਕੇ ਕਿਹਾ, “ਤੂੰ ਆਪਣੇ ਇਸੇ ਬਲ ਨਾਲ ਜਾ ਅਤੇ ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਵੇਂਗਾ! ਭਲਾ, ਮੈਂ ਤੈਨੂੰ ਨਹੀਂ ਭੇਜਿਆ?”

15ਗਿਦਾਊਨ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਮੈਂ ਇਸਰਾਏਲ ਨੂੰ ਕਿਸ ਤਰ੍ਹਾਂ ਛੁਡਾਵਾਂ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ, ਅਤੇ ਆਪਣੇ ਪਿਤਾ ਦੇ ਘਰਾਣੇ ਵਿੱਚੋਂ ਮੈਂ ਸਭ ਤੋਂ ਛੋਟਾ ਹਾਂ।”

16ਤਾਂ ਯਹੋਵਾਹ ਨੇ ਉਸ ਨੂੰ ਕਿਹਾ, “ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ, ਅਤੇ ਤੂੰ ਮਿਦਯਾਨੀਆਂ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂਗਾ।”

17ਤਾਂ ਗਿਦਾਊਨ ਨੇ ਉਸ ਨੂੰ ਕਿਹਾ, “ਜੇਕਰ ਮੈਂ ਤੇਰੇ ਅੱਗੇ ਕਿਰਪਾ ਪਾਈ ਹੈ, ਤਾਂ ਮੈਨੂੰ ਕੋਈ ਨਿਸ਼ਾਨੀ ਵਿਖਾ ਜੋ ਮੈਂ ਜਾਣ ਲਵਾਂ ਕਿ ਤੂੰ ਹੀ ਹੈਂ, ਜਿਹੜਾ ਮੇਰੇ ਨਾਲ ਬੋਲਦਾ ਹੈਂ।

18ਮੈਂ ਤੇਰੇ ਅੱਗੇ ਬੇਨਤੀ ਕਰਦਾ ਤਾਂ ਕਿ ਜਦ ਤੱਕ ਮੈਂ ਤੇਰੇ ਕੋਲ ਵਾਪਿਸ ਨਾ ਆਵਾਂ ਅਤੇ ਆਪਣੀ ਭੇਟ ਨਾ ਲਿਆਵਾਂ ਅਤੇ ਉਸ ਨੂੰ ਤੇਰੇ ਅੱਗੇ ਅਰਪਣ ਨਾ ਕਰਾਂ, ਤਦ ਤੱਕ ਤੂੰ ਇੱਥੋਂ ਵਾਪਿਸ ਨਾ ਜਾਵੀਂ।” ਉਸ ਨੇ ਕਿਹਾ, “ਜਦ ਤੱਕ ਤੂੰ ਨਾ ਮੁੜੇਂਗਾ, ਤਦ ਤੱਕ ਮੈਂ ਇੱਥੇ ਹੀ ਰਹਾਂਗਾ।”

19ਤਦ ਗਿਦਾਊਨ ਗਿਆ ਅਤੇ ਉਸ ਨੇ ਬੱਕਰੀ ਦਾ ਇੱਕ ਬੱਚਾ ਅਤੇ ਇੱਕ ਏਫ਼ਾਹ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।

20ਤਦ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, “ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸ ਪੱਥਰ ਉੱਤੇ ਰੱਖਦੇ, ਅਤੇ ਤਰੀ ਨੂੰ ਉਸ ਦੇ ਉੱਤੇ ਡੋਲ੍ਹ ਦੇ।” ਤਾਂ ਉਸ ਨੇ ਉਸੇ ਤਰ੍ਹਾਂ ਹੀ ਕੀਤਾ।

21ਤਾਂ ਯਹੋਵਾਹ ਦੇ ਦੂਤ ਨੇ ਉਸ ਸੋਟੀ ਦੇ ਸਿਰੇ ਨਾਲ ਜਿਹੜੀ ਉਸ ਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ ਜਿਸ ਨਾਲ ਮਾਸ ਤੇ ਪਤੀਰੀਆਂ ਰੋਟੀਆਂ ਭਸਮ ਹੋ ਗਈਆਂ, ਤਦ ਯਹੋਵਾਹ ਦਾ ਦੂਤ ਉਸ ਦੀਆਂ ਅੱਖਾਂ ਦੇ ਅੱਗੋਂ ਅਲੋਪ ਹੋ ਗਿਆ।

22ਜਦ ਗਿਦਾਊਨ ਨੇ ਵੇਖਿਆ ਕਿ ਉਹ ਯਹੋਵਾਹ ਦਾ ਦੂਤ ਸੀ, ਤਾਂ ਗਿਦਾਊਨ ਨੇ ਕਿਹਾ, “ਹਾਏ ਹਾਏ! ਹੇ ਪ੍ਰਭੂ ਯਹੋਵਾਹ, ਮੈਂ ਤਾਂ ਯਹੋਵਾਹ ਦੇ ਦੂਤ ਨੂੰ ਆਹਮੋ-ਸਾਹਮਣੇ ਵੇਖਿਆ ਹੈ!”

23ਤਦ ਯਹੋਵਾਹ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਹੋਵੇ। ਨਾ ਡਰ, ਤੂੰ ਮਰੇਂਗਾ ਨਹੀਂ।”

24ਤਦ ਗਿਦਾਊਨ ਨੇ ਉੱਥੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ “ਯਹੋਵਾਹ ਸ਼ਾਲੋਮ ” ਰੱਖਿਆ। ਉਹ ਜਗਵੇਦੀ ਅੱਜ ਦੇ ਦਿਨ ਤੱਕ ਅਬੀ-ਅਜ਼ਰੀਆਂ ਦੇ ਆਫ਼ਰਾਹ ਵਿੱਚ ਬਣੀ ਹੋਈ ਹੈ।

25ਫਿਰ ਅਜਿਹਾ ਹੋਇਆ ਕਿ ਉਸੇ ਰਾਤ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਆਪਣੇ ਪਿਤਾ ਦਾ ਬਲ਼ਦ ਲੈ, ਅਰਥਾਤ ਉਹ ਦੂਜਾ ਬਲ਼ਦ ਜਿਹੜਾ ਸੱਤ ਸਾਲ ਦਾ ਹੈ, ਅਤੇ ਬਆਲ ਦੀ ਜਗਵੇਦੀ ਜੋ ਤੇਰੇ ਪਿਤਾ ਦੀ ਹੈ ਉਸ ਨੂੰ ਢਾਹ ਦੇ ਅਤੇ ਉਸ ਦੇ ਕੋਲ ਅਸ਼ੇਰਾਹ ਦੇਵੀ ਨੂੰ ਵੱਢ ਦੇ,

26ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇਸ ਪੱਥਰ ਦੇ ਉੱਤੇ ਰੀਤ ਅਨੁਸਾਰ ਇੱਕ ਜਗਵੇਦੀ ਬਣਾ, ਅਤੇ ਉਸ ਦੂਜੇ ਬਲ਼ਦ ਨੂੰ ਲੈ ਅਤੇ ਉਸ ਨੂੰ ਅਸ਼ੇਰਾਹ ਦੀ ਲੱਕੜ ਨਾਲ ਜਿਸ ਨੂੰ ਤੂੰ ਵੱਢੇਗਾਂ, ਜਲਾ ਕੇ ਹੋਮ ਦੀ ਬਲੀ ਚੜ੍ਹਾ।”

27ਤਦ ਗਿਦਾਊਨ ਨੇ ਆਪਣੇ ਸੇਵਕਾਂ ਵਿੱਚੋਂ ਦਸ ਲੋਕ ਲਏ ਅਤੇ ਜਿਸ ਤਰ੍ਹਾਂ ਯਹੋਵਾਹ ਨੇ ਉਸ ਨੂੰ ਕਿਹਾ ਸੀ, ਉਸੇ ਤਰ੍ਹਾਂ ਹੀ ਕੀਤਾ, ਪਰ ਕਿਉਂ ਜੋ ਉਹ ਆਪਣੇ ਪਿਤਾ ਦੇ ਘਰਾਣੇ ਅਤੇ ਸ਼ਹਿਰ ਦੇ ਵਾਸੀਆਂ ਤੋਂ ਡਰਦਾ ਸੀ, ਇਸ ਲਈ ਉਸਨੇ ਇਹ ਕੰਮ ਦਿਨੇ ਨਾ ਕਰਕੇ ਰਾਤ ਨੂੰ ਕੀਤਾ।

28ਜਦ ਸ਼ਹਿਰ ਦੇ ਲੋਕ ਸਵੇਰੇ ਉੱਠੇ ਤਾਂ ਵੇਖਿਆ ਕਿ ਬਆਲ ਦੀ ਜਗਵੇਦੀ ਡਿੱਗੀ ਪਈ ਸੀ ਅਤੇ ਉਸ ਦੇ ਕੋਲ ਦੀ ਅਸ਼ੇਰਾਹ ਵੱਢੀ ਹੋਈ ਸੀ, ਅਤੇ ਦੂਜਾ ਬਲ਼ਦ ਉਸ ਜਗਵੇਦੀ ਉੱਤੇ ਜੋ ਬਣਾਈ ਗਈ ਸੀ, ਚੜ੍ਹਾਇਆ ਹੋਇਆ ਸੀ।

29ਤਦ ਉਨ੍ਹਾਂ ਨੇ ਆਪਸ ਵਿੱਚ ਕਿਹਾ, “ਇਹ ਕੰਮ ਕਿਸ ਨੇ ਕੀਤਾ ਹੈ?” ਜਦ ਉਨ੍ਹਾਂ ਨੇ ਛਾਣਬੀਣ ਅਤੇ ਪੁੱਛ-ਗਿੱਛ ਕੀਤੀ ਤਾਂ ਕਹਿਣ ਲੱਗੇ, “ਯੋਆਸ਼ ਦੇ ਪੁੱਤਰ ਗਿਦਾਊਨ ਨੇ ਇਹ ਕੰਮ ਕੀਤਾ ਹੈ।”

30ਤਾਂ ਸ਼ਹਿਰ ਦੇ ਲੋਕਾਂ ਨੇ ਯੋਆਸ਼ ਨੂੰ ਕਿਹਾ, “ਆਪਣੇ ਪੁੱਤਰ ਨੂੰ ਬਾਹਰ ਲੈ ਆ ਤਾਂ ਜੋ ਉਹ ਮਾਰਿਆ ਜਾਵੇ, ਕਿਉਂ ਜੋ ਉਸ ਨੇ ਬਆਲ ਦੇ ਜਗਵੇਦੀ ਨੂੰ ਢਾਹ ਦਿੱਤਾ, ਅਤੇ ਉਸ ਦੇ ਕੋਲ ਅਸ਼ੇਰਾਹ ਨੂੰ ਵੱਢ ਸੁੱਟਿਆ ਹੈ।”

31ਤਾਂ ਯੋਆਸ਼ ਨੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਜੋ ਉਸ ਦੇ ਸਾਹਮਣੇ ਖੜ੍ਹੇ ਸਨ ਕਿਹਾ, “ਕੀ ਤੁਸੀਂ ਬਆਲ ਦੇ ਲਈ ਝਗੜਾ ਕਰਦੇ ਹੋ? ਕੀ ਤੁਸੀਂ ਉਸ ਨੂੰ ਬਚਾਉਣਾ ਚਾਹੁੰਦੇ ਹੋ? ਜੋ ਕੋਈ ਵੀ ਉਸ ਦੇ ਲਈ ਝਗੜਾ ਕਰੇ ਉਹ ਮਾਰਿਆ ਜਾਵੇ। ਸਵੇਰ ਤੱਕ ਠਹਿਰੋ, ਜੇ ਉਹ ਦੇਵਤਾ ਹੈ ਤਾਂ ਜਿਸ ਨੇ ਉਸ ਦੀ ਜਗਵੇਦੀ ਢਾਹ ਸੁੱਟੀ ਹੈ, ਉਸ ਦੇ ਨਾਲ ਉਹ ਆਪ ਹੀ ਝਗੜਾ ਕਰੇ।”

32ਇਸ ਲਈ ਉਸ ਦਿਨ ਤੋਂ ਗਿਦਾਊਨ ਦਾ ਨਾਮ ਇਹ ਕਹਿ ਕੇ ਯਰੁੱਬਆਲ ਰੱਖਿਆ ਗਿਆ ਕਿ ਉਸ ਦੇ ਬਆਲ ਦੀ ਜਗਵੇਦੀ ਢਾਹ ਦਿੱਤੀ ਹੈ, ਇਸ ਲਈ ਬਆਲ ਆਪ ਹੀ ਉਸ ਨਾਲ ਝਗੜਾ ਕਰੇ।

33ਇਸ ਤੋਂ ਬਾਅਦ ਸਾਰੇ ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਇਕੱਠੇ ਹੋਏ ਅਤੇ ਪਾਰ ਲੰਘ ਕੇ ਯਿਜ਼ਰਏਲ ਦੀ ਘਾਟੀ ਵਿੱਚ ਆ ਕੇ ਤੰਬੂ ਲਾਏ।

34ਯਹੋਵਾਹ ਦਾ ਆਤਮਾ ਗਿਦਾਊਨ ਉੱਤੇ ਆਇਆ ਅਤੇ ਉਸ ਨੇ ਤੁਰ੍ਹੀ ਵਜਾਈ, ਤਦ ਅਬੀਅਜ਼ਰ ਦੇ ਲੋਕ ਉਸ ਦੇ ਪਿੱਛੇ ਆਏ।

35ਫਿਰ ਉਸ ਨੇ ਸਾਰੇ ਮਨੱਸ਼ਹ ਵਿੱਚ ਸੰਦੇਸ਼-ਵਾਹਕ ਭੇਜੇ ਤਾਂ ਉਹ ਵੀ ਉਸ ਦੇ ਕੋਲ ਇਕੱਠੇ ਹੋਏ। ਉਸ ਨੇ ਆਸ਼ੇਰ ਅਤੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਕੋਲ ਵੀ ਹਲਕਾਰੇ ਭੇਜੇ, ਤਾਂ ਉਹ ਵੀ ਉਸ ਨੂੰ ਮਿਲਣ ਲਈ ਆ ਗਏ।

36ਤਦ ਗਿਦਾਊਨ ਨੇ ਪਰਮੇਸ਼ੁਰ ਨੂੰ ਕਿਹਾ, “ਜੇ ਤੂੰ ਚਾਹੁੰਦਾ ਹੈਂ ਕਿ ਇਸਰਾਏਲ ਦਾ ਛੁਟਕਾਰਾ ਮੇਰੇ ਹੱਥਾਂ ਤੋਂ ਕੀਤਾ ਜਾਵੇ, ਜਿਵੇਂ ਕਿ ਤੂੰ ਆਖਿਆ ਹੈ,

37ਤਾਂ ਵੇਖ, ਮੈਂ ਇੱਕ ਉੱਨ ਦਾ ਫੰਬਾ ਖੇਤ ਦੇ ਵਿੱਚ ਰੱਖਾਂਗਾ, ਅਤੇ ਜੇਕਰ ਤ੍ਰੇਲ ਸਿਰਫ਼ ਉੱਨ ਦੇ ਫੰਬੇ ਉੱਤੇ ਹੀ ਪਵੇ ਪਰ ਆਲੇ-ਦੁਆਲੇ ਦੀ ਸਾਰੀ ਧਰਤੀ ਸੁੱਕੀ ਰਹੇ ਤਾਂ ਮੈਂ ਸੱਚ-ਮੁੱਚ ਜਾਣਾਂਗਾ ਕਿ ਜਿਸ ਤਰ੍ਹਾਂ ਤੂੰ ਕਿਹਾ ਹੈ, ਉਸੇ ਤਰ੍ਹਾਂ ਹੀ ਤੂੰ ਇਸਰਾਏਲ ਨੂੰ ਮੇਰੇ ਹੱਥਾਂ ਤੋਂ ਛੁਟਕਾਰਾ ਦੇਵੇਂਗਾ।”

38ਤਾਂ ਅਜਿਹਾ ਹੀ ਹੋਇਆ ਅਤੇ ਜਦ ਉਹ ਸਵੇਰ ਨੂੰ ਉੱਠਿਆ ਅਤੇ ਉਸ ਉੱਨ ਦੇ ਫੰਬੇ ਵਿੱਚੋਂ ਤ੍ਰੇਲ ਨੂੰ ਘੁੱਟ ਕੇ ਨਿਚੋੜਿਆ ਤਾਂ ਪਾਣੀ ਦਾ ਇੱਕ ਕਟੋਰਾ ਭਰ ਗਿਆ।

39ਤਦ ਗਿਦਾਊਨ ਨੇ ਪਰਮੇਸ਼ੁਰ ਨੂੰ ਕਿਹਾ, “ਜੇਕਰ ਮੈਂ ਇੱਕ ਵਾਰੀ ਹੋਰ ਆਖਾਂ ਤਾਂ ਤੇਰਾ ਕ੍ਰੋਧ ਮੇਰੇ ਉੱਤੇ ਨਾ ਭੜਕੇ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਹੋਰ ਇਸ ਉੱਨ ਦੇ ਫੰਬੇ ਨਾਲ ਤੇਰੀ ਪ੍ਰੀਖਿਆ ਲਵਾਂ, ਇਸ ਵਾਰੀ ਸਿਰਫ਼ ਉੱਨ ਦਾ ਫੰਬਾ ਹੀ ਸੁੱਕਾ ਰਹੇ ਅਤੇ ਆਲੇ-ਦੁਆਲੇ ਦੀ ਸਾਰੀ ਧਰਤੀ ਉੱਤੇ ਤ੍ਰੇਲ ਪਵੇ।”

40ਉਸ ਰਾਤ ਪਰਮੇਸ਼ੁਰ ਨੇ ਅਜਿਹਾ ਹੀ ਕੀਤਾ, ਕਿਉਂ ਜੋ ਸਿਰਫ਼ ਉੱਨ ਦਾ ਫੰਬਾ ਹੀ ਸੁੱਕਾ ਰਿਹਾ ਅਤੇ ਬਾਕੀ ਸਾਰੀ ਧਰਤੀ ਉੱਤੇ ਤ੍ਰੇਲ ਪਈ ਸੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath