ਨਿਆਂਈਆਂ ਦੀ ਪੋਥੀ 1
1ਯਹੋਸ਼ੁਆ ਦੇ ਮਰਨ ਤੋਂ ਬਾਅਦ, ਇਸਰਾਏਲੀਆਂ ਨੇ ਯਹੋਵਾਹ ਤੋਂ ਪੁੱਛਿਆ, “ਭਲਾ, ਕਨਾਨੀਆਂ ਨਾਲ ਯੁੱਧ ਕਰਨ ਲਈ ਸਾਡੇ ਵੱਲੋਂ ਪਹਿਲਾਂ ਕੌਣ ਜਾਵੇਗਾ?”
2ਯਹੋਵਾਹ ਨੇ ਉੱਤਰ ਦਿੱਤਾ, “ਯਹੂਦਾਹ ਜਾਵੇਗਾ, ਅਤੇ ਵੇਖੋ, ਮੈਂ ਇਸ ਦੇਸ਼ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ।”
3ਤਦ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਆਖਿਆ, “ਮੇਰੇ ਹਿੱਸੇ ਦੀ ਵੰਡ ਵਿੱਚ ਮੇਰੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਮੈਂ ਵੀ ਤੇਰੇ ਹਿੱਸੇ ਦੀ ਵੰਡ ਵਿੱਚ ਤੇਰੇ ਨਾਲ ਆਵਾਂਗਾ।” ਇਸ ਲਈ ਸ਼ਿਮਓਨ ਉਸ ਦੇ ਨਾਲ ਗਿਆ।
4ਤਦ ਯਹੂਦਾਹ ਨੇ ਹਮਲਾ ਕੀਤਾ ਅਤੇ ਯਹੋਵਾਹ ਨੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਬਜ਼ਕ ਵਿੱਚ ਦਸ ਹਜ਼ਾਰ ਮਨੁੱਖ ਮਾਰ ਦਿੱਤੇ।
5ਉਨ੍ਹਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਿਆ ਅਤੇ ਉਸ ਦੇ ਨਾਲ ਲੜੇ ਅਤੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਮਾਰ ਦਿੱਤਾ।
6ਪਰ ਅਦੋਨੀ ਬਜ਼ਕ ਭੱਜ ਗਿਆ ਅਤੇ ਉਨ੍ਹਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ, ਅਤੇ ਉਸ ਦੇ ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ।
7ਤਦ ਅਦੋਨੀ ਬਜ਼ਕ ਨੇ ਕਿਹਾ, “ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢੇ ਹੋਏ ਸੱਤਰ ਰਾਜੇ ਮੇਰੀ ਮੇਜ਼ ਦੇ ਹੇਠੋਂ ਟੁੱਕੜੇ ਚੁਗ-ਚੁਗ ਕੇ ਖਾਂਦੇ ਸਨ, ਇਸ ਲਈ ਜਿਸ ਤਰ੍ਹਾਂ ਮੈਂ ਕੀਤਾ ਸੀ, ਪਰਮੇਸ਼ੁਰ ਨੇ ਮੈਨੂੰ ਉਸੇ ਤਰ੍ਹਾਂ ਹੀ ਬਦਲਾ ਦਿੱਤਾ ਹੈ।” ਫੇਰ ਉਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ।
8ਤਦ ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਸ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੇ ਤਲਵਾਰ ਦੀ ਧਾਰ ਨਾਲ ਉਸ ਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।
9ਇਸ ਤੋਂ ਬਾਅਦ, ਯਹੂਦੀ ਜਾ ਕੇ ਉਹਨਾਂ ਕਨਾਨੀਆਂ ਨਾਲ ਲੜੇ, ਜੋ ਪਹਾੜੀ ਦੇਸ਼ ਵਿੱਚ ਅਤੇ ਦੱਖਣ ਦੇ ਦੇਸ਼ ਅਤੇ ਬੇਟ ਵਿੱਚ ਵੱਸਦੇ ਸਨ।
10ਅਤੇ ਯਹੂਦਾਹ ਉਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ, ਸਾਹਮਣਾ ਕਰਨ ਨੂੰ ਗਿਆ। ਹਬਰੋਨ ਦਾ ਨਾਮ ਪਹਿਲਾਂ ਕਿਰਯਥ-ਅਰਬਾ ਸੀ। ਉੱਥੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰ ਦਿੱਤਾ।
11ਫਿਰ ਉਸ ਨੇ ਉੱਥੋਂ ਜਾ ਕੇ ਦਬੀਰੀਆਂ ਉੱਤੇ ਹਮਲਾ ਕੀਤਾ। ਦਬੀਰ ਦਾ ਨਾਮ ਪਹਿਲਾਂ ਕਿਰਯਥ-ਸੇਫ਼ਰ ਸੀ।
12ਤਦ ਕਾਲੇਬ ਨੇ ਕਿਹਾ, “ਜੋ ਕੋਈ ਕਿਰਯਥ-ਸੇਫ਼ਰ ਉੱਤੇ ਹਮਲਾ ਕਰਕੇ ਉਸ ਨੂੰ ਜਿੱਤ ਲਵੇ, ਉਸ ਦੇ ਨਾਲ ਮੈਂ ਆਪਣੀ ਧੀ ਅਕਸਾਹ ਦਾ ਵਿਆਹ ਕਰ ਦਿਆਂਗਾ।”
13ਤਦ ਕਾਲੇਬ ਦੇ ਛੋਟੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੇ ਉਸ ਨੂੰ ਜਿੱਤ ਲਿਆ ਅਤੇ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ।
14ਜਦ ਉਹ ਅਥਨੀਏਲ ਦੇ ਕੋਲ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਆਪਣੇ ਪਿਤਾ ਕੋਲੋਂ ਥੋੜੀ ਜ਼ਮੀਨ ਮੰਗੇ। ਫਿਰ ਉਹ ਛੇਤੀ ਨਾਲ ਆਪਣੇ ਗਧੇ ਤੋਂ ਉਤਰੀ, ਤਦ ਕਾਲੇਬ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈਂ?”
15ਉਸ ਨੇ ਕਿਹਾ, “ਮੈਨੂੰ ਅਸੀਸ ਦੇ, ਜਦ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ, ਤਾਂ ਮੈਨੂੰ ਪਾਣੀ ਦੇ ਸੋਤੇ ਵੀ ਦਿਉ।” ਤਦ ਕਾਲੇਬ ਨੇ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਉਸ ਨੂੰ ਦੇ ਦਿੱਤੇ।
16ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ, ਖ਼ਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾਹ ਦੇ ਜੰਗਲ ਵਿੱਚ ਜੋ ਅਰਾਦ ਦੇ ਦੱਖਣ ਵੱਲ ਹੈ, ਉੱਪਰ ਆਈ ਅਤੇ ਇਸਰਾਏਲੀਆਂ ਦੇ ਵਿਚਕਾਰ ਵੱਸ ਗਈ।
17ਫਿਰ ਯਹੂਦਾਹ ਆਪਣੇ ਭਰਾ ਸ਼ਿਮਓਨ ਦੇ ਨਾਲ ਗਿਆ ਅਤੇ ਉਨ੍ਹਾਂ ਨੇ ਸਫ਼ਾਥ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਜਾ ਕੇ ਮਾਰਿਆ, ਅਤੇ ਉਸ ਨਗਰ ਨੂੰ ਨਾਸ ਕਰ ਦਿੱਤਾ, ਇਸ ਲਈ ਉਸ ਨਗਰ ਦਾ ਨਾਮ ਹਾਰਮਾਹ ਪੈ ਗਿਆ।
18ਅਤੇ ਯਹੂਦਾਹ ਨੇ ਅੱਜ਼ਾਹ, ਅਸ਼ਕਲੋਨ ਅਤੇ ਅਕਰੋਨ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੀ ਭੂਮੀ ਸਮੇਤ ਲੈ ਲਿਆ।
19ਯਹੋਵਾਹ ਯਹੂਦਾਹ ਦੇ ਅੰਗ-ਸੰਗ ਸੀ ਅਤੇ ਉਸ ਨੇ ਪਹਾੜੀ ਲੋਕਾਂ ਨੂੰ ਕੱਢ ਦਿੱਤਾ ਪਰ ਉਹ ਘਾਟੀ ਦੇ ਵਾਸੀਆਂ ਨੂੰ ਨਾ ਕੱਢ ਸਕਿਆ, ਕਿਉਂ ਜੋ ਉਨ੍ਹਾਂ ਦੇ ਕੋਲ ਲੋਹੇ ਦੇ ਰਥ ਸਨ।
20ਤਦ ਉਨ੍ਹਾਂ ਨੇ ਮੂਸਾ ਦੇ ਬਚਨ ਅਨੁਸਾਰ ਕਾਲੇਬ ਨੂੰ ਹਬਰੋਨ ਦੇ ਦਿੱਤਾ ਅਤੇ ਉਸ ਨੇ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਉੱਥੋਂ ਕੱਢ ਦਿੱਤਾ।
21ਬਿਨਯਾਮੀਨੀਆਂ ਨੇ ਯਰੂਸ਼ਲਮ ਵਿੱਚ ਰਹਿਣ ਵਾਲੇ ਯਬੂਸੀਆਂ ਨੂੰ ਨਾ ਕੱਢਿਆ, ਇਸ ਲਈ ਅੱਜ ਦੇ ਦਿਨ ਤੱਕ ਯਬੂਸੀ ਬਿਨਯਾਮੀਨੀਆਂ ਦੇ ਨਾਲ ਯਰੂਸ਼ਲਮ ਵਿੱਚ ਵੱਸਦੇ ਹਨ।
22ਫਿਰ ਯੂਸੁਫ਼ ਦੇ ਘਰਾਣੇ ਨੇ ਬੈਤਏਲ ਉੱਤੇ ਹਮਲਾ ਕੀਤਾ, ਅਤੇ ਯਹੋਵਾਹ ਉਨ੍ਹਾਂ ਦੇ ਅੰਗ-ਸੰਗ ਸੀ।
23ਯੂਸੁਫ਼ ਦੇ ਘਰਾਣੇ ਨੇ ਬੈਤਏਲ ਦਾ ਭੇਤ ਲੈਣ ਲਈ ਲੋਕ ਭੇਜੇ। ਪਹਿਲਾਂ ਉਸ ਸ਼ਹਿਰ ਦਾ ਨਾਮ ਲੂਜ਼ ਸੀ।
24ਜਦ ਭੇਤੀਆਂ ਨੇ ਇੱਕ ਆਦਮੀ ਨੂੰ ਸ਼ਹਿਰ ਵਿੱਚੋਂ ਨਿੱਕਲਦਿਆਂ ਵੇਖਿਆ ਤਾਂ ਉਸ ਨੂੰ ਕਿਹਾ, “ਜੇਕਰ ਤੂੰ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਏਂ ਤਾਂ ਅਸੀਂ ਵੀ ਤੇਰੇ ਨਾਲ ਭਲਿਆਈ ਕਰਾਂਗੇ।”
25ਤਦ ਉਸ ਨੇ ਉਨ੍ਹਾਂ ਨੂੰ ਸ਼ਹਿਰ ਵਿੱਚ ਵੜਨ ਦਾ ਰਾਹ ਵਿਖਾਇਆ ਅਤੇ ਉਨ੍ਹਾਂ ਨੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਪਰ ਉਸ ਮਨੁੱਖ ਨੂੰ ਉਸ ਦੇ ਸਾਰੇ ਘਰਾਣੇ ਨਾਲ ਜੀਉਂਦਾ ਛੱਡ ਦਿੱਤਾ।
26ਉਸ ਮਨੁੱਖ ਨੇ ਹਿੱਤੀਆਂ ਦੇ ਦੇਸ਼ ਵਿੱਚ ਜਾ ਕੇ ਉੱਥੇ ਇੱਕ ਸ਼ਹਿਰ ਵਸਾਇਆ ਅਤੇ ਉਸ ਦਾ ਨਾਮ ਲੂਜ਼ ਰੱਖਿਆ, ਅਤੇ ਅੱਜ ਤੱਕ ਉਸ ਦਾ ਇਹੋ ਨਾਮ ਹੈ।
27ਮਨੱਸ਼ਹ ਨੇ ਬੈਤ ਸ਼ਾਨ, ਤਆਨਾਕ, ਦੋਰ, ਯਿਬਲਾਮ ਅਤੇ ਮਗਿੱਦੋ ਨੂੰ ਉਨ੍ਹਾਂ ਦੇ ਪਿੰਡਾਂ ਦੇ ਵਾਸੀਆਂ ਨਾਲ ਨਾ ਕੱਢਿਆ, ਇਸ ਲਈ ਕਨਾਨੀ ਉਸ ਦੇਸ਼ ਵਿੱਚ ਹੀ ਵੱਸੇ ਰਹੇ।
28ਪਰ ਜਦ ਇਸਰਾਏਲੀ ਤਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬੇਗਾਰੀ ਕਰਾਉਂਦੇ ਰਹੇ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾ ਕੱਢਿਆ।
29ਇਫ਼ਰਾਈਮ ਨੇ ਵੀ ਗਜ਼ਰ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਗਜ਼ਰ ਵਿੱਚ ਉਨ੍ਹਾਂ ਦੇ ਵਿਚਕਾਰ ਹੀ ਵੱਸਦੇ ਰਹੇ।
30ਜ਼ਬੂਲੁਨ ਨੇ ਵੀ ਕਿਤਰੋਨ ਅਤੇ ਨਹਲੋਲ ਦੇ ਵਾਸੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਉਨ੍ਹਾਂ ਵਿੱਚ ਵੱਸਦੇ ਰਹੇ ਅਤੇ ਪਰ ਇਸਰਾਏਲੀ ਉਨ੍ਹਾਂ ਤੋਂ ਬੇਗਾਰੀ ਕਰਾਉਂਦੇ ਰਹੇ।
31ਆਸ਼ੇਰ ਨੇ ਵੀ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹਲਬਾਹ, ਅਫ਼ੀਕ ਅਤੇ ਰਹੋਬ ਦੇ ਵਾਸੀਆਂ ਨੂੰ ਨਾ ਕੱਢਿਆ
32ਸਗੋਂ ਆਸ਼ੇਰੀ ਉਸ ਦੇਸ਼ ਦੇ ਵਾਸੀ ਕਨਾਨੀਆਂ ਦੇ ਵਿਚਕਾਰ ਹੀ ਵੱਸ ਗਏ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਨਹੀਂ ਕੱਢਿਆ ਸੀ।
33ਨਫ਼ਤਾਲੀ ਨੇ ਵੀ ਬੈਤ ਸ਼ਮਸ਼ ਅਤੇ ਬੈਤ ਅਨਾਥ ਦੇ ਵਾਸੀਆਂ ਨੂੰ ਨਾ ਕੱਢਿਆ, ਸਗੋਂ ਉਹ ਉਨ੍ਹਾਂ ਕਨਾਨੀਆਂ ਦੇ ਵਿੱਚ, ਜੋ ਉੱਥੇ ਰਹਿੰਦੇ ਸਨ ਜਾ ਵੱਸੇ, ਪਰ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀ ਉਨ੍ਹਾਂ ਨੂੰ ਬਗਾਰ ਦਿੰਦੇ ਰਹੇ।
34ਅਮੋਰੀਆਂ ਨੇ ਦਾਨੀਆਂ ਨੂੰ ਪਹਾੜੀ ਦੇਸ਼ ਵਿੱਚ ਭੱਜਾ ਦਿੱਤਾ, ਅਤੇ ਉਨ੍ਹਾਂ ਨੂੰ ਘਾਟੀ ਵਿੱਚ ਨਾ ਆਉਣ ਦਿੱਤਾ।
35ਅਮੋਰੀ ਹਰਸ ਦੇ ਪਰਬਤ ਉੱਤੇ ਅੱਯਾਲੋਨ ਅਤੇ ਸਾਲਬੀਮ ਵਿੱਚ ਵੱਸਦੇ ਰਹੇ, ਪਰ ਯੂਸੁਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਕਿ ਉਹ ਉਨ੍ਹਾਂ ਕੋਲੋਂ ਬਗਾਰ ਲੈਂਦੇ ਰਹੇ,
36ਅਤੇ ਅਮੋਰੀਆਂ ਦੀ ਦੇਸ਼ ਦੀ ਹੱਦ ਅਕਰਾਬੀਮ ਪਰਬਤ ਦੀ ਚੜ੍ਹਾਈ ਤੋਂ ਲੈ ਕੇ ਸੇਲਾ ਤੋਂ ਉੱਪਰ ਵੱਲ ਸੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath