ਨਿਆਂਈਆਂ ਦੀ ਪੋਥੀ 18
1ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੇ ਵੱਸਣ ਲਈ ਕੋਈ ਸਥਾਨ ਲੱਭਦਾ ਸੀ, ਕਿਉਂਕਿ ਉਨ੍ਹਾਂ ਨੂੰ ਉਸ ਸਮੇਂ ਤੱਕ ਇਸਰਾਏਲ ਦੇ ਗੋਤਾਂ ਵਿੱਚ ਪੂਰਾ ਹਿੱਸਾ ਨਹੀਂ ਮਿਲਿਆ ਸੀ।
2ਇਸ ਲਈ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਬੀਰਾਂ ਨੂੰ ਸਾਰਾਹ ਅਤੇ ਅਸ਼ਤਾਓਲ ਵਿੱਚ ਦੇਸ਼ ਦਾ ਭੇਤ ਲੈਣ ਅਤੇ ਉਸ ਦੀ ਛਾਣਬੀਣ ਕਰਨ ਲਈ ਇਹ ਕਹਿ ਕੇ ਭੇਜਿਆ, “ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ।” ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਤੱਕ ਆਏ ਤਾਂ ਉੱਥੇ ਰੁੱਕ ਗਏ।
3ਜਦ ਉਹ ਮੀਕਾਹ ਦੇ ਘਰ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਉਸ ਲੇਵੀ ਜੁਆਨ ਦੀ ਅਵਾਜ਼ ਪਹਿਚਾਣ ਲਈ ਅਤੇ ਉੱਥੇ ਜਾ ਕੇ ਉਸ ਨੂੰ ਪੁੱਛਿਆ, “ਤੈਨੂੰ ਇੱਥੇ ਕੌਣ ਲਿਆਇਆ? ਤੂੰ ਇੱਥੇ ਕੀ ਕਰਦਾ ਹੈਂ ਅਤੇ ਤੂੰ ਇੱਥੇ ਕਿਉਂ ਆਇਆ ਹੈਂ?”
4ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਮੀਕਾਹ ਨੇ ਉਸ ਲਈ ਕੀ-ਕੀ ਕੀਤਾ ਹੈ ਅਤੇ ਕਿਹਾ, “ਉਸਨੇ ਮੈਨੂੰ ਤਨਖਾਹ ਉੱਤੇ ਰੱਖਿਆ ਅਤੇ ਮੈਂ ਉਸ ਦਾ ਪੁਰੋਹਿਤ ਬਣ ਗਿਆ ਹਾਂ।”
5ਉਨ੍ਹਾਂ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਕੋਲੋਂ ਸਲਾਹ ਲੈ, ਤਾਂ ਜੋ ਅਸੀਂ ਜਾਣੀਏ ਕਿ ਜੋ ਯਾਤਰਾ ਅਸੀਂ ਕਰਦੇ ਹਾਂ ਉਹ ਸਾਡੇ ਲਈ ਸਫ਼ਲ ਹੋਵੇਗੀ ਜਾਂ ਨਹੀਂ।”
6ਉਸ ਪੁਰੋਹਿਤ ਨੇ ਉਨ੍ਹਾਂ ਨੂੰ ਕਿਹਾ, “ਸੁੱਖ-ਸਾਂਦ ਨਾਲ ਜਾਓ ਕਿਉਂਕਿ ਜੋ ਯਾਤਰਾ ਤੁਸੀਂ ਕਰ ਰਹੇ ਹੋ, ਉਸ ਉੱਤੇ ਯਹੋਵਾਹ ਦੀ ਕਿਰਪਾ ਹੈ।”
7ਤਦ ਉਹ ਪੰਜੇ ਮਨੁੱਖ ਨਿੱਕਲੇ ਅਤੇ ਲਾਇਸ਼ ਵਿੱਚ ਆਏ। ਉਨ੍ਹਾਂ ਨੇ ਵੇਖਿਆ ਕਿ ਉੱਥੋਂ ਦੇ ਲੋਕ ਸੀਦੋਨੀਆਂ ਦੀ ਤਰ੍ਹਾਂ ਨਿਡਰ, ਬੇਫ਼ਿਕਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ, ਅਤੇ ਉਸ ਦੇਸ਼ ਦਾ ਕੋਈ ਹਾਕਮ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿੱਚ ਰੋਕੇ ਅਤੇ ਉਹ ਸੀਦੋਨੀਆਂ ਤੋਂ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ ਸੀ।
8ਤਦ ਉਹ ਸਾਰਾਹ ਤੇ ਅਸ਼ਤਾਓਲ ਵਿੱਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਖ਼ਬਰ ਲੈ ਕੇ ਆਏ ਹੋ?”
9ਉਨ੍ਹਾਂ ਨੇ ਕਿਹਾ, “ਉੱਠੋ ਤਾਂ ਜੋ ਅਸੀਂ ਉਨ੍ਹਾਂ ਉੱਤੇ ਚੜ੍ਹਾਈ ਕਰੀਏ ਕਿਉਂਕਿ ਅਸੀਂ ਉਸ ਦੇਸ਼ ਨੂੰ ਵੇਖਿਆ ਹੈ ਅਤੇ ਉਹ ਬਹੁਤ ਚੰਗਾ ਹੈ ਅਤੇ ਤੁਸੀਂ ਐਂਵੇਂ ਹੀ ਬੈਠੇ ਹੋ? ਹੁਣ ਤੁਸੀਂ ਚੱਲ ਕੇ ਉਸ ਦੇਸ਼ ਨੂੰ ਜਿੱਤਣ ਵਿੱਚ ਢਿੱਲ ਨਾ ਕਰੋ।
10ਜਦੋਂ ਤੁਸੀਂ ਉੱਥੇ ਪਹੁੰਚੋਗੇ ਤਾਂ ਬੇਫ਼ਿਕਰ ਰਹਿਣ ਵਾਲੇ ਲੋਕਾਂ ਨੂੰ ਅਤੇ ਇੱਕ ਵੱਡੇ ਦੇਸ਼ ਨੂੰ ਵੇਖੋਗੇ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਹ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਧਰਤੀ ਦੀਆਂ ਸਾਰੀਆਂ ਵਸਤੂਆਂ ਵਿੱਚੋਂ ਕਿਸੇ ਦੀ ਘਾਟ ਨਹੀਂ ਹੈ।”
11ਤਦ ਦਾਨੀਆਂ ਦੇ ਟੱਬਰ ਵਿੱਚੋਂ ਸਾਰਾਹ ਅਤੇ ਅਸ਼ਤਾਓਲ ਦੇ ਛੇ ਸੌ ਪੁਰਖ ਹਥਿਆਰ ਬੰਨ੍ਹ ਕੇ ਉੱਥੋਂ ਚੱਲ ਪਏ।
12ਉਨ੍ਹਾਂ ਨੇ ਜਾ ਕੇ ਯਹੂਦਾਹ ਦੇਸ਼ ਦੇ ਕਿਰਯਥ-ਯਾਰੀਮ ਸ਼ਹਿਰ ਵਿੱਚ ਤੰਬੂ ਲਾਏ। ਇਸ ਲਈ ਅੱਜ ਦੇ ਦਿਨ ਤੱਕ ਉਸ ਸਥਾਨ ਨੂੰ ਮਹਾਨੇਹ ਦਾਨ ਆਖਦੇ ਹਨ। ਇਹ ਕਿਰਯਥ-ਯਾਰੀਮ ਦੇ ਪੱਛਮ ਵੱਲ ਹੈ।
13ਉੱਥੋਂ ਲੰਘ ਕੇ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਦੇ ਕੋਲ ਆਏ।
14ਤਦ ਉਹ ਪੰਜ ਮਨੁੱਖ ਜਿਹੜੇ ਲਾਇਸ਼ ਦੇ ਦੇਸ਼ ਦੀ ਛਾਣਬੀਣ ਕਰਨ ਲਈ ਗਏ ਸਨ ਆਪਣੇ ਭਰਾਵਾਂ ਨੂੰ ਕਹਿਣ ਲੱਗੇ, “ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਘਰਾਂ ਵਿੱਚ ਇੱਕ ਏਫ਼ੋਦ ਅਤੇ ਤਰਾਫ਼ੀਮ (ਘਰੇਲੂ ਦੇਵਤਾ) ਅਤੇ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤੀ ਹੈ? ਇਸ ਲਈ ਹੁਣ ਵਿਚਾਰ ਕਰੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।”
15ਤਦ ਉਹ ਮੁੜ ਕੇ ਉਸ ਵੱਲ ਗਏ ਅਤੇ ਮੀਕਾਹ ਦੇ ਘਰ ਜਾ ਕੇ ਉਸ ਲੇਵੀ ਜੁਆਨ ਦੀ ਸੁੱਖ-ਸਾਂਦ ਪੁੱਛੀ,
16ਅਤੇ ਉਹ ਛੇ ਸੌ ਦਾਨੀ ਪੁਰਖ ਹਥਿਆਰ ਬੰਨ੍ਹ ਕੇ ਸ਼ਹਿਰ ਦੇ ਫਾਟਕ ਵਿੱਚ ਖੜ੍ਹੇ ਰਹੇ
17ਅਤੇ ਉਨ੍ਹਾਂ ਪੰਜ ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਲਈ ਗਏ ਸਨ, ਉਸ ਘਰ ਦੇ ਵਿੱਚ ਜਾ ਕੇ ਘੜ੍ਹੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫ਼ੀਮ ਨੂੰ ਲੈ ਲਿਆ ਅਤੇ ਉਹ ਪੁਰੋਹਿਤ ਉਨ੍ਹਾਂ ਛੇ ਸੌ ਹਥਿਆਰ ਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜ੍ਹਾ ਸੀ।
18ਜਦ ਉਨ੍ਹਾਂ ਪੰਜ ਮਨੁੱਖਾਂ ਨੇ ਮੀਕਾਹ ਦੇ ਘਰ ਵਿੱਚ ਵੜ ਕੇ ਘੜ੍ਹੀ ਹੋਈ ਮੂਰਤ, ਏਫ਼ੋਦ, ਤਰਾਫ਼ੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪੁਰੋਹਿਤ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਹ ਕੀ ਕਰਦੇ ਹੋ?”
19ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਚੁੱਪ ਕਰ! ਆਪਣੇ ਮੂੰਹ ਉੱਤੇ ਹੱਥ ਰੱਖ ਅਤੇ ਸਾਡੇ ਨਾਲ ਚੱਲ ਕੇ ਸਾਡਾ ਪਿਤਾ ਅਤੇ ਪੁਰੋਹਿਤ ਬਣ। ਭਲਾ, ਤੇਰੇ ਲਈ ਕੀ ਚੰਗਾ ਹੈ? ਇੱਕ ਮਨੁੱਖ ਦੇ ਘਰ ਦਾ ਪੁਰੋਹਿਤ ਹੋਣਾ ਜਾਂ ਇਸਰਾਏਲੀਆਂ ਦੇ ਇੱਕ ਗੋਤ ਅਤੇ ਟੱਬਰ ਦਾ ਪੁਰੋਹਿਤ ਹੋਣਾ?”
20ਤਦ ਪੁਰੋਹਿਤ ਦਾ ਮਨ ਅਨੰਦ ਹੋ ਗਿਆ ਅਤੇ ਉਹ ਏਫ਼ੋਦ, ਤਰਾਫ਼ੀਮ ਅਤੇ ਘੜ੍ਹੀ ਹੋਈ ਮੂਰਤ ਨੂੰ ਲੈ ਕੇ ਉਨ੍ਹਾਂ ਲੋਕਾਂ ਦੇ ਨਾਲ ਚੱਲ ਪਿਆ।
21ਤਦ ਉਹ ਮੁੜੇ ਅਤੇ ਬਾਲਕਾਂ, ਪਸ਼ੂਆਂ ਅਤੇ ਆਪਣੇ ਸਾਰੇ ਸਮਾਨ ਨੂੰ ਆਪਣੇ ਅੱਗੇ ਕਰਕੇ ਚੱਲ ਪਏ।
22ਜਦ ਉਹ ਮੀਕਾਹ ਦੇ ਘਰ ਤੋਂ ਥੋੜੀ ਹੀ ਦੂਰ ਗਏ ਸਨ ਤਾਂ ਮੀਕਾਹ ਦੇ ਘਰ ਦੇ ਆਲੇ-ਦੁਆਲੇ ਦੇ ਵਾਸੀ ਇਕੱਠੇ ਹੋ ਕੇ ਦਾਨੀਆਂ ਕੋਲ ਜਾ ਪਹੁੰਚੇ।
23ਅਤੇ ਉਨ੍ਹਾਂ ਨੇ ਜਾ ਕੇ ਦਾਨੀਆਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਮੁੜ ਕੇ ਮੀਕਾਹ ਨੂੰ ਕਿਹਾ, “ਤੈਨੂੰ ਕੀ ਹੋਇਆ ਹੈ ਜੋ ਐਨੇ ਵੱਡੇ ਦਲ ਨਾਲ ਆਉਂਦਾ ਹੈ?”
24ਉਸ ਨੇ ਕਿਹਾ, “ਤੁਸੀਂ ਮੇਰੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪੁਰੋਹਿਤ ਨੂੰ ਲੈ ਕੇ ਚੱਲ ਪਏ ਹੋ ਤਾਂ ਹੁਣ ਮੇਰੇ ਕੋਲ ਕੀ ਰਹਿ ਗਿਆ ਹੈ? ਅਤੇ ਫਿਰ ਵੀ ਤੁਸੀਂ ਮੈਨੂੰ ਪੁੱਛਦੇ ਹੋ ਕਿ ਤੈਨੂੰ ਕੀ ਹੋਇਆ?”
25ਤਦ ਦਾਨੀਆਂ ਨੇ ਉਸ ਨੂੰ ਕਿਹਾ, “ਤੇਰੀ ਅਵਾਜ਼ ਸਾਡੇ ਲੋਕਾਂ ਵਿੱਚ ਸੁਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ ਦਾ ਕਾਰਨ ਬਣ ਜਾਵੇਂ!”
26ਤਦ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾਹ ਨੇ ਵੇਖਿਆ ਕਿ ਉਹ ਮੇਰੇ ਨਾਲੋਂ ਜ਼ਿਆਦਾ ਤਕੜੇ ਹਨ ਤਾਂ ਮੁੜ ਕੇ ਆਪਣੇ ਘਰ ਨੂੰ ਵਾਪਿਸ ਚਲਾ ਗਿਆ।
27ਤਦ ਉਹ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਪੁਰੋਹਿਤ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਨ੍ਹਾਂ ਲੋਕਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫ਼ਿਕਰ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।
28ਅਤੇ ਉਨ੍ਹਾਂ ਦਾ ਕੋਈ ਸਹਾਇਕ ਨਹੀਂ ਸੀ, ਕਿਉਂ ਜੋ ਉਹ ਸੀਦੋਨ ਤੋਂ ਦੂਰ ਸਨ ਅਤੇ ਉਹ ਕਿਸੇ ਨਾਲ ਲੈਣਾ ਦੇਣਾ ਨਹੀਂ ਰੱਖਦੇ ਸਨ ਅਤੇ ਉਹ ਬੈਤ ਰਹੋਬ ਦੀ ਘਾਟੀ ਵਿੱਚ ਸੀ। ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਫਿਰ ਬਣਾਇਆ ਅਤੇ ਉਸ ਵਿੱਚ ਵੱਸ ਗਏ।
29ਅਤੇ ਉਨ੍ਹਾਂ ਨੇ ਇਸਰਾਏਲ ਦੇ ਇੱਕ ਪੁੱਤਰ ਅਤੇ ਆਪਣੇ ਪਿਤਾ ਦਾਨ ਦੇ ਨਾਮ ਤੇ ਉਸ ਸ਼ਹਿਰ ਦਾ ਨਾਮ ਦਾਨ ਰੱਖਿਆ, ਪਰ ਪਹਿਲਾਂ ਉਸ ਸ਼ਹਿਰ ਦਾ ਨਾਮ ਲਾਇਸ਼ ਸੀ।
30ਦਾਨੀਆਂ ਨੇ ਉਸ ਘੜ੍ਹੀ ਹੋਈ ਮੂਰਤ ਨੂੰ ਟਿਕਾ ਲਿਆ ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ ਅਤੇ ਮਨੱਸ਼ਹ ਦਾ ਪੋਤਰਾ ਸੀ, ਉਹ ਅਤੇ ਉਸ ਦੇ ਪੁੱਤਰ, ਉਸ ਦੇਸ਼ ਦੇ ਗ਼ੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਦੇ ਪੁਰੋਹਿਤ ਬਣੇ ਰਹੇ।
31ਅਤੇ ਜਦ ਤੱਕ ਪਰਮੇਸ਼ੁਰ ਦਾ ਭਵਨ ਸ਼ੀਲੋਹ ਵਿੱਚ ਰਿਹਾ, ਤਦ ਤੱਕ ਉਨ੍ਹਾਂ ਨੇ ਮੀਕਾਹ ਦੀ ਘੜ੍ਹੀ ਹੋਈ ਮੂਰਤ ਆਪਣੇ ਲਈ ਖੜੀ ਕਰਕੇ ਰੱਖੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath