ਈਸਾਈ
ਪਿੱਛੇ

ਨਿਆਂਈਆਂ ਦੀ ਪੋਥੀ 16

1ਫੇਰ ਸਮਸੂਨ ਅੱਜ਼ਾਹ ਨੂੰ ਗਿਆ ਅਤੇ ਉੱਥੇ ਇੱਕ ਵੇਸਵਾ ਨੂੰ ਵੇਖ ਕੇ ਉਸ ਦੇ ਕੋਲ ਅੰਦਰ ਗਿਆ।

2ਜਦ ਅੱਜ਼ਾਹ ਦੇ ਲੋਕਾਂ ਨੂੰ ਖ਼ਬਰ ਮਿਲੀ ਕਿ ਸਮਸੂਨ ਇੱਥੇ ਆਇਆ ਹੈ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ, ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਸ ਦੀ ਘਾਤ ਵਿੱਚ ਬੈਠੇ ਰਹੇ। ਉਹ ਸਾਰੀ ਰਾਤ ਇਹ ਕਹਿ ਕੇ ਚੁੱਪ-ਚਾਪ ਰਹੇ ਕਿ ਸਵੇਰ ਹੁੰਦੇ ਹੀ ਅਸੀਂ ਉਸ ਨੂੰ ਮਾਰ ਦਿਆਂਗੇ।

3ਪਰ ਸਮਸੂਨ ਅੱਧੀ ਰਾਤ ਤੱਕ ਪਿਆ ਰਿਹਾ ਅਤੇ ਅੱਧੀ ਰਾਤ ਨੂੰ ਉੱਠ ਕੇ ਸ਼ਹਿਰ ਦੇ ਫਾਟਕ ਦੇ ਦੋਹਾਂ ਪੱਲਿਆਂ ਨੂੰ ਕਬਜ਼ਿਆਂ ਸਮੇਤ ਪੁੱਟ ਲਿਆ ਅਤੇ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਉਸ ਪਰਬਤ ਦੀ ਚੋਟੀ ਉੱਤੇ ਲੈ ਗਿਆ ਜੋ ਹਬਰੋਨ ਦੇ ਸਾਹਮਣੇ ਹੈ!

4ਕੁਝ ਸਮੇਂ ਬਾਅਦ ਅਜਿਹਾ ਹੋਇਆ ਕਿ ਉਹ ਸੋਰੇਕ ਦੀ ਘਾਟੀ ਵਿੱਚ ਰਹਿਣ ਵਾਲੀ ਇੱਕ ਇਸਤਰੀ ਨਾਲ ਪਿਆਰ ਕਰਨ ਲੱਗਾ ਜਿਸ ਦਾ ਨਾਮ ਦਲੀਲਾਹ ਸੀ।

5ਫ਼ਲਿਸਤੀਆਂ ਦੇ ਸਰਦਾਰਾਂ ਨੇ ਉਸ ਇਸਤਰੀ ਦੇ ਕੋਲ ਜਾ ਕੇ ਕਿਹਾ, “ਤੂੰ ਉਸ ਨੂੰ ਫੁਸਲਾ ਕੇ ਪਤਾ ਕਰ ਕਿ ਉਸ ਦੀ ਵੱਡੀ ਸ਼ਕਤੀ ਦਾ ਕੀ ਭੇਤ ਹੈ ਅਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਵੱਸ ਵਿੱਚ ਕਰੀਏ ਕਿ ਉਸ ਨੂੰ ਬੰਨ੍ਹ ਕੇ ਅਧੀਨ ਕਰ ਲਈਏ, ਤਾਂ ਸਾਡੇ ਸਾਰਿਆਂ ਵਿੱਚੋਂ ਹਰ ਇੱਕ ਵਿਅਕਤੀ ਤੈਨੂੰ ਗਿਆਰਾਂ-ਗਿਆਰਾਂ ਸੌ ਚਾਂਦੀ ਦੇ ਸਿੱਕੇ ਦੇਵੇਗਾ।”

6ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਮੈਨੂੰ ਇਹ ਦੱਸ ਕਿ ਤੇਰੀ ਇਸ ਵੱਡੀ ਸ਼ਕਤੀ ਦਾ ਕੀ ਭੇਤ ਹੈ, ਅਤੇ ਤੈਨੂੰ ਕੋਈ ਕਿਸ ਤਰ੍ਹਾਂ ਬੰਨ੍ਹੇ ਕਿ ਤੈਨੂੰ ਅਧੀਨ ਕਰ ਲਵੇ?”

7ਸਮਸੂਨ ਨੇ ਉਸ ਨੂੰ ਕਿਹਾ, “ਜੇਕਰ ਕੋਈ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹੇ ਜੋ ਸੁੱਕੀਆਂ ਨਾ ਹੋਣ, ਤਾਂ ਮੇਰਾ ਬਲ ਘੱਟ ਜਾਵੇਗਾ ਅਤੇ ਮੈਂ ਸਧਾਰਨ ਮਨੁੱਖਾਂ ਵਰਗਾ ਹੀ ਹੋ ਜਾਂਵਾਂਗਾ।”

8ਤਦ ਫ਼ਲਿਸਤੀਆਂ ਦੇ ਸਰਦਾਰ ਸੱਤ ਹਰੀਆਂ ਛੰਮਕਾਂ ਜੋ ਅਜੇ ਸੁੱਕੀਆਂ ਨਹੀਂ ਸਨ, ਉਸ ਇਸਤਰੀ ਕੋਲ ਲੈ ਆਏ ਅਤੇ ਉਸ ਨੇ ਉਨ੍ਹਾਂ ਨਾਲ ਸਮਸੂਨ ਨੂੰ ਬੰਨ੍ਹਿਆ।

9ਉਸ ਦੇ ਕੋਲ ਕੁਝ ਮਨੁੱਖ ਕੋਠੜੀ ਦੇ ਅੰਦਰ ਘਾਤ ਲਾ ਕੇ ਬੈਠੇ ਸਨ। ਤਦ ਦਲੀਲਾਹ ਨੇ ਉਸ ਨੂੰ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਤਾਂ ਉਸ ਨੇ ਛੰਮਕਾਂ ਨੂੰ ਇਸ ਤਰ੍ਹਾਂ ਤੋੜ ਦਿੱਤਾ ਜਿਵੇਂ ਸਣ ਦੀ ਲੱਟ ਅੱਗ ਨਾਲ ਸੜ ਜਾਂਦੀ ਹੈ, ਅਤੇ ਉਸ ਦੀ ਸ਼ਕਤੀ ਦਾ ਪਤਾ ਨਾ ਲੱਗਾ।

10ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਵੇਖ ਤੂੰ ਮੇਰੇ ਨਾਲ ਮਖ਼ੌਲ ਕੀਤਾ ਅਤੇ ਮੈਨੂੰ ਝੂਠ ਆਖਿਆ, ਹੁਣ ਮੈਨੂੰ ਦੱਸ ਕਿ ਤੂੰ ਕਿਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈਂ।”

11ਉਸ ਨੇ ਉਹ ਨੂੰ ਕਿਹਾ, “ਜੇਕਰ ਮੈਨੂੰ ਨਵੀਆਂ ਰੱਸੀਆਂ ਨਾਲ ਜੋ ਕਦੀ ਵਰਤੀਆਂ ਨਾ ਗਈਆਂ ਹੋਣ, ਘੁੱਟ ਕੇ ਬੰਨ੍ਹਿਆ ਜਾਵੇ ਤਾਂ ਮੈਂ ਨਿਰਬਲ ਹੋ ਜਾਂਵਾਂਗਾ ਅਤੇ ਸਧਾਰਨ ਮਨੁੱਖ ਵਰਗਾ ਹੋ ਜਾਂਵਾਂਗਾ।”

12ਤਦ ਦਲੀਲਾਹ ਨਵੀਆਂ ਰੱਸੀਆਂ ਲਿਆਈ ਅਤੇ ਉਨ੍ਹਾਂ ਨਾਲ ਉਸ ਨੂੰ ਬੰਨ੍ਹ ਕੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ!” ਅਤੇ ਘਾਤ ਲਾਉਣ ਵਾਲੇ ਉਸ ਕੋਠੜੀ ਵਿੱਚ ਲੁਕੇ ਹੋਏ ਸਨ। ਤਦ ਉਸ ਨੇ ਆਪਣੀਆਂ ਬਾਹਾਂ ਉੱਤੋਂ ਰੱਸੀਆਂ ਨੂੰ ਧਾਗੇ ਵਾਂਗੂੰ ਤੋੜ ਸੁੱਟਿਆ।

13ਫਿਰ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਇਸ ਵਾਰ ਵੀ ਤੂੰ ਮੇਰੇ ਨਾਲ ਮਖ਼ੌਲ ਹੀ ਕੀਤਾ ਅਤੇ ਝੂਠ ਬੋਲਿਆ ਹੈ, ਪਰ ਮੈਨੂੰ ਦੱਸ ਕਿ ਤੈਨੂੰ ਕਿਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈ?” ਉਸ ਨੇ ਉਹ ਨੂੰ ਕਿਹਾ, “ਜੇ ਤੂੰ ਮੇਰੇ ਸਿਰ ਦੀਆਂ ਸੱਤੇ ਲਟਾਂ ਤਾਣੇ ਦੇ ਵਿੱਚ ਬੁਣ ਦੇਵੇਂ ਤਾਂ ਮੈਂ ਬੰਨ੍ਹਿਆ ਜਾਂਵਾਂਗਾ।”

14ਤਦ ਉਸ ਨੇ ਉਹ ਨੂੰ ਕਿੱਲੀ ਨਾਲ ਕੱਸ ਕੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਤਾਂ ਉਸ ਨੇ ਨੀਂਦ ਤੋਂ ਜਾਗ ਕੇ ਕਿੱਲੀ ਨੂੰ ਤਾਣੇ ਸਮੇਤ ਪੁੱਟ ਲਿਆ।

15ਤਦ ਦਲੀਲਾਹ ਨੇ ਉਸ ਨੂੰ ਕਿਹਾ, “ਤੇਰਾ ਮਨ ਤਾਂ ਮੇਰੇ ਨਾਲ ਨਹੀਂ ਲੱਗਾ, ਫਿਰ ਤੂੰ ਕਿਉਂ ਕਹਿੰਦਾ ਹੈਂ ਕਿ ਤੂੰ ਮੈਨੂੰ ਪਿਆਰ ਕਰਦਾ ਹੈਂ? ਤੂੰ ਤਿੰਨੇ ਵਾਰੀ ਮੇਰੇ ਨਾਲ ਮਖ਼ੌਲ ਕੀਤਾ ਅਤੇ ਮੈਨੂੰ ਨਹੀਂ ਦੱਸਿਆ ਕਿ ਤੇਰੀ ਵੱਡੀ ਸ਼ਕਤੀ ਦਾ ਕੀ ਭੇਤ ਹੈ।”

16ਅਤੇ ਅਜਿਹਾ ਹੋਇਆ ਕਿ ਜਦ ਉਸ ਨੇ ਦਿਨੋਂ-ਦਿਨ ਗੱਲਾਂ ਨਾਲ ਉਸ ਨੂੰ ਬਹੁਤ ਤੰਗ ਕੀਤਾ ਅਤੇ ਵੱਡਾ ਹਠ ਬੰਨ੍ਹਿਆ, ਇੱਥੋਂ ਤੱਕ ਕਿ ਉਸ ਦੇ ਪ੍ਰਾਣ ਮੌਤ ਮੰਗਦੇ ਸਨ।

17ਤਦ ਉਸ ਨੇ ਆਪਣੇ ਮਨ ਦਾ ਸਾਰਾ ਭੇਤ ਉਸ ਨੂੰ ਦੱਸ ਦਿੱਤਾ ਅਤੇ ਕਿਹਾ, “ਮੇਰੇ ਸਿਰ ਉੱਤੇ ਉਸਤਰਾ ਕਦੇ ਨਹੀਂ ਫਿਰਿਆ, ਕਿਉਂਕਿ ਮੈਂ ਆਪਣੀ ਮਾਂ ਦੇ ਢਿੱਡ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹਾਂ। ਜੇਕਰ ਕਦੇ ਮੇਰਾ ਸਿਰ ਮੁਨਿਆ ਜਾਵੇ ਤਾਂ ਮੇਰਾ ਜ਼ੋਰ ਘੱਟ ਜਾਵੇਗਾ ਅਤੇ ਮੈਂ ਨਿਰਬਲ ਹੋ ਜਾਂਵਾਂਗਾ ਅਤੇ ਸਧਾਰਨ ਮਨੁੱਖਾਂ ਵਰਗਾ ਹੋ ਜਾਂਵਾਂਗਾ।”

18ਜਦ ਦਲੀਲਾਹ ਨੇ ਵੇਖਿਆ ਕਿ ਉਸ ਨੇ ਆਪਣੇ ਮਨ ਦਾ ਸਾਰਾ ਭੇਤ ਖੋਲ੍ਹ ਦਿੱਤਾ ਹੈ ਤਾਂ ਉਸ ਨੇ ਫ਼ਲਿਸਤੀਆਂ ਦੇ ਸਰਦਾਰਾਂ ਨੂੰ ਸੰਦੇਸ਼ਾ ਭੇਜਿਆ, “ਇਸ ਵਾਰੀ ਚੜ੍ਹ ਆਓ ਕਿਉਂਕਿ ਜੋ ਕੁਝ ਉਸ ਦੇ ਮਨ ਵਿੱਚ ਸੀ, ਉਹ ਸਭ ਉਸ ਨੇ ਮੇਰੇ ਅੱਗੇ ਪ੍ਰਗਟ ਕੀਤਾ ਹੈ।” ਤਦ ਫ਼ਲਿਸਤੀਆਂ ਦੇ ਸਰਦਾਰ ਆਪਣੇ ਹੱਥ ਵਿੱਚ ਧਨ ਲੈ ਕੇ ਉਸ ਦੇ ਕੋਲ ਆਏ।

19ਤਦ ਉਸ ਨੇ ਉਹ ਨੂੰ ਆਪਣੇ ਗੋਡਿਆਂ ਉੱਤੇ ਸੁਲਾ ਲਿਆ ਅਤੇ ਇੱਕ ਮਨੁੱਖ ਨੂੰ ਸੱਦ ਕੇ ਉਸ ਦੇ ਸਿਰ ਦੀਆਂ ਸੱਤੇ ਲਟਾਂ ਮੁਨਾ ਸੁੱਟੀਆਂ। ਫਿਰ ਉਹ ਉਸ ਨੂੰ ਛੇੜਨ ਲੱਗੀ ਅਤੇ ਉਸ ਦਾ ਜ਼ੋਰ ਉਸ ਕੋਲੋਂ ਜਾਂਦਾ ਰਿਹਾ।

20ਤਾਂ ਉਸਨੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਉਹ ਨੀਂਦ ਤੋਂ ਜਾਗਿਆ ਅਤੇ ਸੋਚਣ ਲੱਗਾ, “ਮੈਂ ਪਹਿਲਾਂ ਵਾਂਗੂੰ ਬਾਹਰ ਨਿੱਕਲ ਕੇ ਆਪਣੇ ਆਪ ਨੂੰ ਹਿਲਾ ਕੇ ਖੋਲ੍ਹ ਲਵਾਂਗਾ।” ਪਰ ਉਹ ਨਹੀਂ ਜਾਣਦਾ ਸੀ ਕਿ ਯਹੋਵਾਹ ਉਸ ਤੋਂ ਅਲੱਗ ਹੋ ਗਿਆ ਹੈ।

21ਤਦ ਫ਼ਲਿਸਤੀਆਂ ਨੇ ਉਸ ਨੂੰ ਫੜਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਅਤੇ ਉਸ ਨੂੰ ਅੱਜ਼ਾਹ ਵਿੱਚ ਲੈ ਗਏ ਅਤੇ ਪਿੱਤਲ ਦੀਆਂ ਬੇੜੀਆਂ ਨਾਲ ਉਸ ਨੂੰ ਬੰਨ੍ਹ ਦਿੱਤਾ ਅਤੇ ਉਹ ਕੈਦਖ਼ਾਨੇ ਵਿੱਚ ਚੱਕੀ ਪੀਸਦਾ ਹੁੰਦਾ ਸੀ।

22ਪਰ ਉਸ ਦਾ ਸਿਰ ਮੁੰਨਣ ਦੇ ਪਿੱਛੋਂ ਉਸ ਦੇ ਵਾਲ਼ ਫਿਰ ਵਧਣ ਲੱਗੇ।

23ਤਦ ਫ਼ਲਿਸਤੀਆਂ ਦੇ ਸਰਦਾਰ ਇਕੱਠੇ ਹੋਏ ਤਾਂ ਜੋ ਆਪਣੇ ਦੇਵਤੇ ਦਾਗੋਨ ਦੇ ਅੱਗੇ ਵੱਡੀਆਂ ਭੇਟਾਂ ਚੜ੍ਹਾਉਣ ਅਤੇ ਅਨੰਦ ਕਰਨ ਕਿਉਂ ਜੋ ਉਹ ਕਹਿੰਦੇ ਸਨ ਕਿ ਸਾਡੇ ਦੇਵਤੇ ਨੇ ਸਾਡੇ ਵੈਰੀ ਸਮਸੂਨ ਨੂੰ ਸਾਡੇ ਹੱਥ ਵਿੱਚ ਸੌਂਪ ਦਿੱਤਾ ਹੈ।

24ਜਦ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਇਹ ਕਹਿ ਕੇ ਆਪਣੇ ਦੇਵਤੇ ਦੀ ਉਸਤਤ ਕਰਨ ਲੱਗੇ, “ਸਾਡੇ ਦੇਵਤੇ ਨੇ ਸਾਡੇ ਵੈਰੀ ਨੂੰ ਜਿਸ ਨੇ ਸਾਡਾ ਦੇਸ਼ ਉਜਾੜ ਦਿੱਤਾ ਸੀ ਅਤੇ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਮਾਰ ਵੀ ਦਿੱਤਾ ਸੀ, ਸਾਡੇ ਹੱਥ ਵਿੱਚ ਸੌਂਪ ਦਿੱਤਾ ਹੈ।”

25ਤਦ ਅਜਿਹਾ ਹੋਇਆ ਕਿ ਜਦ ਉਹ ਅਨੰਦ ਕਰ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, “ਸਮਸੂਨ ਨੂੰ ਬੁਲਾਓ ਜੋ ਸਾਡੇ ਅੱਗੇ ਤਮਾਸ਼ਾ ਕਰੇ,” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦਖ਼ਾਨੇ ਵਿੱਚੋਂ ਬੁਲਵਾਇਆ ਅਤੇ ਉਹ ਉਨ੍ਹਾਂ ਦੇ ਅੱਗੇ ਤਮਾਸ਼ਾ ਕਰਨ ਲੱਗਾ, ਅਤੇ ਉਨ੍ਹਾਂ ਨੇ ਦੋ ਥੰਮ੍ਹਾਂ ਦੇ ਵਿਚਕਾਰ ਉਸ ਨੂੰ ਖੜ੍ਹਾ ਕਰ ਦਿੱਤਾ।

26ਤਦ ਸਮਸੂਨ ਨੇ ਉਸ ਮੁੰਡੇ ਨੂੰ ਜਿਸ ਨੇ ਉਹ ਦਾ ਹੱਥ ਫੜਿਆ ਹੋਇਆ ਸੀ ਕਿਹਾ, “ਮੈਨੂੰ ਉਨ੍ਹਾਂ ਥੰਮ੍ਹਾਂ ਉੱਤੇ ਜਿਨ੍ਹਾਂ ਉੱਤੇ ਇਹ ਘਰ ਟਿਕਿਆ ਹੋਇਆ ਹੈ, ਹੱਥ ਪਾ ਲੈਣ ਦੇ ਤਾਂ ਜੋ ਮੈਂ ਸਹਾਰਾ ਲਵਾਂ।”

27ਉਹ ਘਰ ਪੁਰਸ਼ਾਂ ਅਤੇ ਇਸਤਰੀਆਂ ਨਾਲ ਭਰਿਆ ਹੋਇਆ ਸੀ, ਅਤੇ ਫ਼ਲਿਸਤੀਆਂ ਦੇ ਸਾਰੇ ਸਰਦਾਰ ਵੀ ਉੱਥੇ ਸਨ ਅਤੇ ਲੱਗਭੱਗ ਤਿੰਨ ਹਜ਼ਾਰ ਇਸਤਰੀਆਂ ਅਤੇ ਪੁਰਖ ਛੱਤ ਉੱਤੇ ਸਨ, ਜਿਹੜੇ ਸਮਸੂਨ ਨੂੰ ਤਮਾਸ਼ਾ ਕਰਦੇ ਹੋਏ ਵੇਖ ਰਹੇ ਸਨ।

28ਤਦ ਸਮਸੂਨ ਨੇ ਯਹੋਵਾਹ ਦੇ ਅੱਗੇ ਬੇਨਤੀ ਕਰ ਕੇ ਕਿਹਾ, “ਹੇ ਪ੍ਰਭੂ ਯਹੋਵਾਹ, ਮੈਂ ਤੇਰੀ ਦੁਹਾਈ ਦਿੰਦਾ ਹਾਂ ਕਿ ਮੈਨੂੰ ਯਾਦ ਕਰ, ਹੇ ਪਰਮੇਸ਼ੁਰ ਇੱਕ ਵਾਰੀ ਹੋਰ ਮੈਨੂੰ ਸ਼ਕਤੀ ਦੇ ਤਾਂ ਜੋ ਮੈਂ ਫ਼ਲਿਸਤੀਆਂ ਤੋਂ ਇੱਕੋ ਵਾਰੀ ਆਪਣੀਆਂ ਦੋਵੇਂ ਅੱਖਾਂ ਦਾ ਬਦਲਾ ਲੈ ਲਵਾਂ!”

29ਤਦ ਸਮਸੂਨ ਨੇ ਵਿਚਕਾਰਲੇ ਦੋਹਾਂ ਥੰਮ੍ਹਾਂ ਨੂੰ ਜਿਨ੍ਹਾਂ ਉੱਤੇ ਉਹ ਘਰ ਟਿਕਿਆ ਹੋਇਆ ਸੀ, ਫੜ੍ਹ ਕੇ ਇੱਕ ਉੱਤੇ ਸੱਜੇ ਹੱਥ ਨਾਲ ਅਤੇ ਦੂਜੇ ਨੂੰ ਖੱਬੇ ਹੱਥ ਨਾਲ ਜ਼ੋਰ ਲਾ ਦਿੱਤਾ।

30ਸਮਸੂਨ ਨੇ ਕਿਹਾ, “ਮੇਰੇ ਪ੍ਰਾਣ ਵੀ ਫ਼ਲਿਸਤੀਆਂ ਦੇ ਨਾਲ ਹੀ ਜਾਣ।” ਅਤੇ ਉਹ ਆਪਣਾ ਸਾਰਾ ਜ਼ੋਰ ਲਾ ਕੇ ਝੁਕਿਆ ਅਤੇ ਉਹ ਘਰ ਸਾਰੇ ਸਰਦਾਰਾਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਦੇ ਉੱਤੇ ਜੋ ਉਹ ਦੇ ਵਿੱਚ ਸਨ, ਡਿੱਗ ਪਿਆ। ਇਸ ਤਰ੍ਹਾਂ ਉਹ ਲੋਕ ਜਿਨ੍ਹਾਂ ਨੂੰ ਉਸ ਨੇ ਆਪਣੇ ਮਰਨ ਦੇ ਵੇਲੇ ਮਾਰਿਆ, ਉਨ੍ਹਾਂ ਨਾਲੋਂ ਵੱਧ ਸਨ ਜਿਨ੍ਹਾਂ ਨੂੰ ਉਸਨੇ ਆਪਣੇ ਜੀਉਂਦੇ ਜੀ ਮਾਰਿਆ ਸੀ।

31ਤਦ ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਆਏ ਅਤੇ ਉਸ ਨੂੰ ਚੁੱਕ ਕੇ ਲੈ ਗਏ, ਅਤੇ ਸਾਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਉਸ ਦੇ ਪਿਤਾ ਮਾਨੋਆਹ ਦੀ ਕਬਰ ਵਿੱਚ ਉਸ ਨੂੰ ਦੱਬਿਆ। ਉਸ ਨੇ ਵੀਹ ਸਾਲਾਂ ਤੱਕ ਇਸਰਾਏਲ ਦਾ ਨਿਆਂ ਕੀਤਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath