ਨਿਆਂਈਆਂ ਦੀ ਪੋਥੀ 15
1ਪਰ ਕੁਝ ਦਿਨਾਂ ਬਾਅਦ, ਕਣਕ ਦੀ ਵਾਢੀ ਦੇ ਸਮੇਂ ਇਸ ਤਰ੍ਹਾਂ ਹੋਇਆ ਕਿ ਸਮਸੂਨ ਇੱਕ ਮੇਮਣਾ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ ਅਤੇ ਕਿਹਾ, “ਮੈਂ ਆਪਣੀ ਪਤਨੀ ਦੇ ਕੋਲ ਕੋਠੜੀ ਵਿੱਚ ਜਾਂਵਾਂਗਾ।” ਪਰ ਉਸ ਦੇ ਸਹੁਰੇ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ।
2ਅਤੇ ਉਸ ਦੇ ਸਹੁਰੇ ਨੇ ਕਿਹਾ, “ਮੈਂ ਸੱਚ-ਮੁੱਚ ਜਾਣਦਾ ਸੀ ਕਿ ਤੂੰ ਉਸ ਦੇ ਨਾਲ ਵੈਰ ਹੀ ਰੱਖਦਾ ਹੈਂ, ਇਸ ਲਈ ਮੈਂ ਉਸਦਾ ਵਿਆਹ ਤੇਰੇ ਮਿੱਤਰ ਨਾਲ ਕਰਾ ਦਿੱਤਾ। ਭਲਾ, ਉਸ ਦੀ ਛੋਟੀ ਭੈਣ ਉਸ ਨਾਲੋਂ ਸੋਹਣੀ ਨਹੀਂ? ਉਸ ਦੇ ਬਦਲੇ ਤੂੰ ਇਸ ਨਾਲ ਵਿਆਹ ਕਰ ਲੈ।”
3ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਹੁਣ ਜਦ ਮੈਂ ਫ਼ਲਿਸਤੀਆਂ ਦਾ ਨੁਕਸਾਨ ਕਰਾਂਗਾ, ਤਾਂ ਵੀ ਮੈਂ ਨਿਰਦੋਸ਼ ਹੀ ਠਹਿਰਾਂਗਾ।”
4ਤਦ ਸਮਸੂਨ ਨੇ ਜਾ ਕੇ ਤਿੰਨ ਸੌ ਲੂੰਬੜੀਆਂ ਨੂੰ ਫੜਿਆ, ਅਤੇ ਦੋ-ਦੋ ਲੂੰਬੜੀਆਂ ਦੀ ਪੂਛ ਨਾਲ ਪੂਛ ਬੰਨ੍ਹੀ ਅਤੇ ਦੋਹਾਂ ਪੂਛਾਂ ਵਿੱਚ ਇੱਕ-ਇੱਕ ਮਸ਼ਾਲ ਬੰਨ੍ਹ ਦਿੱਤੀ,
5ਅਤੇ ਮਸ਼ਾਲਾਂ ਜਲਾ ਕੇ ਲੂੰਬੜੀਆਂ ਨੂੰ ਫ਼ਲਿਸਤੀਆਂ ਦੀਆਂ ਖੜ੍ਹੀਆਂ ਫ਼ਸਲਾਂ ਵਿੱਚ ਛੱਡ ਦਿੱਤਾ, ਇਸ ਤਰ੍ਹਾਂ ਉਸ ਨੇ ਪੂਲਿਆਂ ਤੋਂ ਲੈ ਕੇ ਪੱਕੀਆਂ ਫ਼ਸਲਾਂ ਅਤੇ ਜ਼ੈਤੂਨ ਅਤੇ ਦਾਖਾਂ ਦੇ ਬਾਗ਼ ਵੀ ਸਾੜ ਦਿੱਤੇ।
6ਤਦ ਫ਼ਲਿਸਤੀ ਪੁੱਛਣ ਲੱਗੇ, “ਇਹ ਕਿਸ ਨੇ ਕੀਤਾ ਹੈ?” ਲੋਕਾਂ ਨੇ ਕਿਹਾ, “ਤਿਮਨਾਹ ਦੇ ਜਵਾਈ ਸਮਸੂਨ ਨੇ, ਕਿਉਂਕਿ ਉਹ ਨੇ ਉਸ ਦੀ ਪਤਨੀ ਦਾ ਵਿਆਹ ਉਸ ਦੇ ਮਿੱਤਰ ਨਾਲ ਕਰ ਦਿੱਤਾ।” ਤਦ ਫ਼ਲਿਸਤੀਆਂ ਨੇ ਜਾ ਕੇ ਉਸ ਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਅੱਗ ਨਾਲ ਸਾੜ ਦਿੱਤਾ।
7ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਅਜਿਹਾ ਕੰਮ ਕਰਦੇ ਹੋ, ਤਾਂ ਮੈਂ ਵੀ ਜ਼ਰੂਰ ਤੁਹਾਡੇ ਤੋਂ ਬਦਲਾ ਲੈ ਕੇ ਹੀ ਸ਼ਾਂਤ ਹੋਵਾਂਗਾ।”
8ਫੇਰ ਉਸ ਨੇ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਵੱਡੀ ਮਾਰ ਨਾਲ ਮਾਰਿਆ, ਤਦ ਉੱਥੋਂ ਜਾ ਕੇ ਏਟਾਮ ਨਾਮਕ ਚੱਟਾਨ ਦੀ ਇੱਕ ਗੁਫ਼ਾ ਵਿੱਚ ਰਹਿਣ ਲੱਗਾ।
9ਤਦ ਫ਼ਲਿਸਤੀਆਂ ਨੇ ਚੜ੍ਹਾਈ ਕਰ ਕੇ ਯਹੂਦਾਹ ਦੇਸ਼ ਦੇ ਵਿਚਕਾਰ ਤੰਬੂ ਲਾਏ ਅਤੇ ਲਹੀ ਵਿੱਚ ਫੈਲ ਗਏ।
10ਯਹੂਦਾਹ ਦੇ ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਉਂ ਸਾਡੇ ਉੱਤੇ ਹਮਲਾ ਕਰਨ ਆਏ ਹੋ?” ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਸਮਸੂਨ ਨੂੰ ਬੰਨ੍ਹਣ ਲਈ ਆਏ ਹਾਂ ਤਾਂ ਜੋ ਜਿਸ ਤਰ੍ਹਾਂ ਉਸ ਨੇ ਸਾਡੇ ਨਾਲ ਕੀਤਾ, ਉਸੇ ਤਰ੍ਹਾਂ ਅਸੀਂ ਵੀ ਉਹ ਦੇ ਨਾਲ ਕਰੀਏ।”
11ਤਦ ਤਿੰਨ ਹਜ਼ਾਰ ਯਹੂਦਾਹ ਦੇ ਪੁਰਖਾਂ ਨੇ ਏਟਾਮ ਚੱਟਾਨ ਦੀ ਗੁਫ਼ਾ ਉੱਤੇ ਜਾ ਕੇ ਸਮਸੂਨ ਨੂੰ ਕਿਹਾ, “ਕੀ ਤੂੰ ਨਹੀਂ ਜਾਣਦਾ ਕਿ ਫ਼ਲਿਸਤੀ ਸਾਡੇ ਉੱਤੇ ਰਾਜ ਕਰਦੇ ਹਨ? ਫਿਰ ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ?” ਉਸ ਨੇ ਉਨ੍ਹਾਂ ਨੂੰ ਕਿਹਾ, “ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ ਨਾਲ ਕੀਤਾ, ਉਸੇ ਤਰ੍ਹਾਂ ਹੀ ਮੈਂ ਵੀ ਉਨ੍ਹਾਂ ਨਾਲ ਕੀਤਾ।”
12ਉਨ੍ਹਾਂ ਨੇ ਉਸ ਨੂੰ ਕਿਹਾ, “ਅਸੀਂ ਇਸ ਲਈ ਆਏ ਹਾਂ ਕਿ ਤੈਨੂੰ ਬੰਨ੍ਹ ਕੇ ਫ਼ਲਿਸਤੀਆਂ ਦੇ ਹੱਥ ਸੌਂਪ ਦੇਈਏ।” ਤਦ ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ।”
13ਉਨ੍ਹਾਂ ਨੇ ਉੱਤਰ ਦਿੱਤਾ, “ਨਹੀਂ ਕਰਾਂਗੇ, ਪਰ ਅਸੀਂ ਤੈਨੂੰ ਘੁੱਟ ਕੇ ਬੰਨ੍ਹਾਂਗੇ ਅਤੇ ਉਨ੍ਹਾਂ ਦੇ ਹੱਥ ਸੌਂਪ ਦਿਆਂਗੇ ਪਰ ਅਸੀਂ ਤੈਨੂੰ ਜਾਨੋਂ ਨਹੀਂ ਮਰਾਂਗੇ।” ਫੇਰ ਉਨ੍ਹਾਂ ਨੇ ਉਸ ਨੂੰ ਦੋ ਨਵੇਂ ਰੱਸਿਆਂ ਨਾਲ ਬੰਨ੍ਹਿਆ ਅਤੇ ਪਰਬਤ ਉੱਤੋਂ ਉਤਾਰ ਲਿਆਏ।
14ਜਦ ਉਹ ਲਹੀ ਵਿੱਚ ਪਹੁੰਚਿਆ ਤਾਂ ਫ਼ਲਿਸਤੀ ਉਸ ਨੂੰ ਵੇਖ ਕੇ ਚਿੱਲਾਉਂਦੇ ਹੋਏ ਉਸ ਨੂੰ ਮਿਲੇ। ਤਦ ਯਹੋਵਾਹ ਦਾ ਆਤਮਾ ਵੱਡੇ ਜ਼ੋਰ ਨਾਲ ਉਸ ਦੇ ਉੱਤੇ ਆਇਆ ਅਤੇ ਉਸ ਦੀਆਂ ਬਾਹਾਂ ਨਾਲ ਬੰਨ੍ਹੇ ਹੋਏ ਰੱਸੇ ਅੱਗ ਨਾਲ ਸੜੇ ਹੋਏ ਸਣ ਵਰਗੇ ਹੋ ਗਏ ਅਤੇ ਉਸ ਦੇ ਹੱਥਾਂ ਦੇ ਬੰਧਨ ਖੁੱਲ੍ਹ ਗਏ।
15ਉਸ ਸਮੇਂ ਉਸ ਨੂੰ ਇੱਕ ਗਧੇ ਦੇ ਜਬਾੜੇ ਦੀ ਨਵੀਂ ਹੱਡੀ ਲੱਭੀ ਅਤੇ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਸੁੱਟਿਆ।
16ਤਦ ਸਮਸੂਨ ਨੇ ਕਿਹਾ, - “ਇੱਕ ਗਧੇ ਦੇ ਜਬਾੜੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ! ਮੈਂ ਗਧੇ ਦੇ ਜਬਾੜੇ ਦੀ ਹੱਡੀ ਨਾਲ ਇੱਕ ਹਜ਼ਾਰ ਮਨੁੱਖ ਮਾਰ ਦਿੱਤੇ!”
17ਜਦ ਉਹ ਇਹ ਗੱਲ ਆਖ ਚੁੱਕਿਆ, ਤਾਂ ਉਸ ਨੇ ਜਬਾੜੇ ਦੀ ਹੱਡੀ ਆਪਣੇ ਹੱਥੋਂ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲਹੀ ਰੱਖਿਆ।
18ਫਿਰ ਉਸ ਨੂੰ ਬਹੁਤ ਪਿਆਸ ਲੱਗੀ ਅਤੇ ਉਸ ਨੇ ਯਹੋਵਾਹ ਦੇ ਅੱਗੇ ਬੇਨਤੀ ਕਰ ਕੇ ਕਿਹਾ, “ਤੂੰ ਆਪਣੇ ਸੇਵਕ ਦੇ ਹੱਥ ਤੋਂ ਇੱਕ ਵੱਡਾ ਛੁਟਕਾਰਾ ਦਿੱਤਾ ਹੈ, ਹੁਣ ਭਲਾ, ਮੈਂ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪਵਾਂ?”
19ਤਦ ਪਰਮੇਸ਼ੁਰ ਨੇ ਲਹੀ ਵਿੱਚ ਇੱਕ ਟੋਆ ਬਣਾ ਦਿੱਤਾ ਅਤੇ ਉੱਥੋਂ ਪਾਣੀ ਨਿੱਕਲਣ ਲੱਗਿਆ, ਜਦ ਸਮਸੂਨ ਨੇ ਪੀਤਾ ਤਾਂ ਉਸ ਦੀ ਜਾਨ ਵਿੱਚ ਜਾਨ ਆਈ। ਇਸ ਲਈ ਉਸ ਥਾਂ ਦਾ ਨਾਮ ਏਨ-ਹੱਕੋਰੇ ਰੱਖਿਆ ਗਿਆ, ਅਤੇ ਉਹ ਅੱਜ ਦੇ ਦਿਨ ਤੱਕ ਲਹੀ ਵਿੱਚ ਹੈ।
20ਸਮਸੂਨ ਨੇ ਫ਼ਲਿਸਤੀਆਂ ਦੇ ਸਮੇਂ ਵਿੱਚ ਵੀਹ ਸਾਲ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath