ਈਸਾਈ
ਪਿੱਛੇ

ਨਿਆਂਈਆਂ ਦੀ ਪੋਥੀ 13

1ਇਸਰਾਏਲੀਆਂ ਨੇ ਫਿਰ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਚਾਲ੍ਹੀ ਸਾਲਾਂ ਲਈ ਫ਼ਲਿਸਤੀਆਂ ਦੇ ਹੱਥ ਵਿੱਚ ਦੇ ਦਿੱਤਾ।

2ਦਾਨ ਦੇ ਟੱਬਰ ਵਿੱਚ ਮਾਨੋਆਹ ਨਾਮਕ ਇੱਕ ਮਨੁੱਖ ਸੀ, ਜੋ ਸਾਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬਾਂਝ ਸੀ ਅਤੇ ਉਸ ਦਾ ਕੋਈ ਬੱਚਾ ਨਹੀਂ ਸੀ।

3ਯਹੋਵਾਹ ਦੇ ਦੂਤ ਨੇ ਉਸ ਇਸਤਰੀ ਨੂੰ ਦਰਸ਼ਣ ਦੇ ਕੇ ਕਿਹਾ, “ਵੇਖ, ਬਾਂਝ ਹੋਣ ਦੇ ਕਾਰਨ ਤੇਰਾ ਕੋਈ ਬੱਚਾ ਨਹੀਂ ਹੈ ਪਰ ਹੁਣ ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ।

4ਇਸ ਲਈ ਹੁਣ ਤੂੰ ਧਿਆਨ ਰੱਖੀਂ ਅਤੇ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ।

5ਕਿਉਂਕਿ ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਜਣੇਂਗੀ। ਉਸ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥਾਂ ਤੋਂ ਇਸਰਾਏਲੀਆਂ ਦਾ ਬਚਾਉ ਕਰਨ ਲੱਗੇਗਾ।”

6ਤਦ ਉਸ ਇਸਤਰੀ ਨੇ ਆਪਣੇ ਪਤੀ ਨੂੰ ਜਾ ਕੇ ਕਿਹਾ, “ਪਰਮੇਸ਼ੁਰ ਦਾ ਇੱਕ ਬੰਦਾ ਮੇਰੇ ਕੋਲ ਆਇਆ ਸੀ। ਉਸ ਦਾ ਰੂਪ ਪਰਮੇਸ਼ੁਰ ਦੇ ਦੂਤ ਦੇ ਰੂਪ ਵਰਗਾ ਬਹੁਤ ਭੈਅ ਯੋਗ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਕਿ ਤੂੰ ਕਿੱਥੋਂ ਦਾ ਹੈਂ ਅਤੇ ਉਸ ਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ।

7ਪਰ ਉਸ ਨੇ ਮੈਨੂੰ ਕਿਹਾ, ‘ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ, ਇਸ ਲਈ ਹੁਣ ਤੂੰ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤੂ ਖਾਵੀਂ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਮਰਨ ਦੇ ਦਿਨ ਤੱਕ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ।’”

8ਤਦ ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕਰ ਕੇ ਕਿਹਾ, “ਹੇ ਪ੍ਰਭੂ, ਬੇਨਤੀ ਸੁਣ, ਅਤੇ ਪਰਮੇਸ਼ੁਰ ਦਾ ਉਹ ਬੰਦਾ ਜਿਸ ਨੂੰ ਤੂੰ ਭੇਜਿਆ ਸੀ, ਫੇਰ ਸਾਡੇ ਕੋਲ ਭੇਜ ਤਾਂ ਜੋ ਉਹ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਪੈਦਾ ਹੋਵੇਗਾ ਉਸ ਨਾਲ ਅਸੀਂ ਕੀ-ਕੀ ਕਰੀਏ।”

9ਪਰਮੇਸ਼ੁਰ ਨੇ ਮਾਨੋਆਹ ਦੀ ਅਵਾਜ਼ ਸੁਣ ਲਈ ਅਤੇ ਪਰਮੇਸ਼ੁਰ ਦਾ ਦੂਤ ਉਸ ਇਸਤਰੀ ਕੋਲ ਆਇਆ ਜਦ ਉਹ ਖੇਤ ਵਿੱਚ ਬੈਠੀ ਹੋਈ ਸੀ ਪਰ ਉਸ ਵੇਲੇ ਉਸ ਦਾ ਪਤੀ ਮਾਨੋਆਹ ਉਸ ਦੇ ਕੋਲ ਨਹੀਂ ਸੀ।

10ਤਦ ਉਸ ਇਸਤਰੀ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਕਿਹਾ, “ਵੇਖੋ, ਉਹੋ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਉਹ ਫਿਰ ਮੈਨੂੰ ਵਿਖਾਈ ਦਿੱਤਾ ਹੈ।”

11ਇਹ ਸੁਣਦਿਆਂ ਹੀ ਮਾਨੋਆਹ ਉੱਠ ਕੇ ਆਪਣੀ ਪਤਨੀ ਦੇ ਪਿੱਛੇ ਤੁਰਿਆ ਅਤੇ ਉਸ ਮਨੁੱਖ ਦੇ ਕੋਲ ਆ ਕੇ ਉਸ ਨੂੰ ਪੁੱਛਣ ਲੱਗਾ, “ਕੀ ਤੂੰ ਉਹੋ ਮਨੁੱਖ ਹੈਂ ਜਿਸ ਨੇ ਇਸ ਇਸਤਰੀ ਨਾਲ ਗੱਲਾਂ ਕੀਤੀਆਂ ਸਨ?” ਉਸ ਨੇ ਕਿਹਾ, “ਮੈਂ ਉਹੀ ਹਾਂ।”

12ਤਦ ਮਾਨੋਆਹ ਨੇ ਕਿਹਾ, “ਜਿਸ ਤਰ੍ਹਾਂ ਤੁਸੀਂ ਕਿਹਾ ਹੈ ਉਸੇ ਤਰ੍ਹਾਂ ਹੀ ਹੋਵੇ, ਪਰ ਉਹ ਮੁੰਡਾ ਕਿਹੋ ਜਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ?”

13ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਕਿਹਾ, “ਉਨ੍ਹਾਂ ਸਾਰੀਆਂ ਵਸਤੂਆਂ ਤੋਂ ਜਿਨ੍ਹਾਂ ਦੇ ਬਾਰੇ ਮੈਂ ਦੱਸਿਆ ਹੈ, ਇਹ ਇਸਤਰੀ ਦੂਰ ਰਹੇ।

14ਕੋਈ ਵੀ ਅਜਿਹੀ ਵਸਤੂ ਜੋ ਦਾਖ ਦੀ ਬਣੀ ਹੋਵੇ, ਇਹ ਨਾ ਖਾਵੇ ਅਤੇ ਨਾ ਦਾਖਰਸ, ਨਾ ਕੋਈ ਨਸ਼ੇ ਵਾਲੀ ਚੀਜ਼ ਪੀਵੇ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੇ, ਇਹ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਯਾਦ ਰੱਖੇ ਜੋ ਮੈਂ ਉਸ ਨੂੰ ਦਿੱਤੇ ਹਨ।”

15ਤਦ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ, “ਅਸੀਂ ਤੁਹਾਨੂੰ ਥੋੜ੍ਹੀ ਦੇਰ ਰੋਕਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਮੇਮਣਾ ਤਿਆਰ ਕਰੀਏ।”

16ਤਾਂ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਉੱਤਰ ਦਿੱਤਾ, “ਭਾਵੇਂ ਤੂੰ ਮੈਨੂੰ ਰੋਕ ਵੀ ਲਵੇਂ ਤਾਂ ਵੀ ਮੈਂ ਤੇਰੇ ਭੋਜਨ ਵਿੱਚੋਂ ਕੁਝ ਨਹੀਂ ਖਾਵਾਂਗਾ, ਪਰ ਜੇ ਤੂੰ ਹੋਮ ਦੀ ਬਲੀ ਚੜ੍ਹਾਉਣਾ ਚਾਹੁੰਦਾ ਹੈਂ ਤਾਂ ਤੈਨੂੰ ਯਹੋਵਾਹ ਦੇ ਅੱਗੇ ਚੜ੍ਹਾਉਣੀ ਚਾਹੀਦੀ ਹੈ।” ਮਾਨੋਆਹ ਨਹੀਂ ਜਾਣਦਾ ਸੀ ਕਿ ਉਹ ਯਹੋਵਾਹ ਦਾ ਦੂਤ ਹੈ।

17ਫੇਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ, “ਆਪਣਾ ਨਾਮ ਦੱਸੋ, ਕਿ ਜਦੋਂ ਤੁਹਾਡੀ ਆਖੀ ਹੋਈ ਗੱਲ ਪੂਰੀ ਹੋਵੇ ਤਾਂ ਅਸੀਂ ਤੁਹਾਡਾ ਆਦਰ ਭਾਉ ਕਰ ਸਕੀਏ।”

18ਤਾਂ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, “ਮੇਰਾ ਨਾਮ ਤਾਂ ਅਚਰਜ਼ ਹੈ। ਇਸ ਲਈ ਤੂੰ ਇਹ ਕਿਉਂ ਪੁੱਛਦਾ ਹੈਂ?”

19ਤਦ ਮਾਨੋਆਹ ਨੇ ਮੈਦੇ ਦੀ ਭੇਟ ਦੇ ਨਾਲ ਇੱਕ ਮੇਮਣਾ ਲੈ ਕੇ ਪੱਥਰ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਇਆ, ਤਦ ਉਸ ਦੂਤ ਨੇ ਮਾਨੋਆਹ ਅਤੇ ਉਸ ਦੀ ਪਤਨੀ ਦੇ ਵੇਖਦਿਆਂ ਇੱਕ ਅਚਰਜ਼ ਕੰਮ ਕੀਤਾ।

20ਅਜਿਹਾ ਹੋਇਆ ਕਿ ਜਦ ਜਗਵੇਦੀ ਦੇ ਉੱਤੋਂ ਅਕਾਸ਼ ਦੀ ਵੱਲ ਲਾਟ ਉੱਠੀ ਤਾਂ ਯਹੋਵਾਹ ਦਾ ਦੂਤ ਜਗਵੇਦੀ ਦੀ ਲਾਟ ਦੇ ਵਿਚਕਾਰ ਮਾਨੋਆਹ ਅਤੇ ਉਸ ਦੀ ਪਤਨੀ ਦੇ ਵੇਖਦਿਆਂ ਅਕਾਸ਼ ਨੂੰ ਚਲਿਆ ਗਿਆ, ਤਦ ਉਹ ਦੋਵੇਂ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਏ।

21ਅਤੇ ਯਹੋਵਾਹ ਦਾ ਦੂਤ ਮਾਨੋਆਹ ਅਤੇ ਉਸ ਦੀ ਪਤਨੀ ਨੂੰ ਫਿਰ ਵਿਖਾਈ ਨਾ ਦਿੱਤਾ। ਤਦ ਮਾਨੋਆਹ ਨੇ ਜਾਣ ਲਿਆ ਕਿ ਉਹ ਯਹੋਵਾਹ ਦਾ ਦੂਤ ਸੀ।

22ਤਦ ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ, “ਹੁਣ ਅਸੀਂ ਜ਼ਰੂਰ ਮਰ ਜਾਂਵਾਂਗੇ, ਕਿਉਂ ਜੋ ਅਸੀਂ ਪਰਮੇਸ਼ੁਰ ਨੂੰ ਵੇਖਿਆ ਹੈ!”

23ਉਸ ਦੀ ਪਤਨੀ ਨੇ ਉਸ ਨੂੰ ਕਿਹਾ, “ਜੇ ਯਹੋਵਾਹ ਨੇ ਸਾਨੂੰ ਮਾਰਨਾ ਹੁੰਦਾ ਤਾਂ ਸਾਡੇ ਹੱਥੋਂ ਹੋਮ ਦੀ ਬਲੀ ਅਤੇ ਮੈਦੇ ਦੀ ਭੇਟ ਸਵੀਕਾਰ ਨਾ ਕਰਦਾ, ਅਤੇ ਨਾ ਹੀ ਸਾਨੂੰ ਇਹ ਸਾਰੀਆਂ ਗੱਲਾਂ ਵਿਖਾਉਂਦਾ ਅਤੇ ਨਾ ਹੀ ਸਾਨੂੰ ਇਸ ਵੇਲੇ ਇਹੋ ਜਿਹੀਆਂ ਗੱਲਾਂ ਦੱਸਦਾ।”

24ਫਿਰ ਉਸ ਇਸਤਰੀ ਨੇ ਇੱਕ ਪੁੱਤਰ ਨੂੰ ਜਣਿਆ ਅਤੇ ਉਸ ਦਾ ਨਾਮ ਸਮਸੂਨ ਰੱਖਿਆ, ਅਤੇ ਉਹ ਮੁੰਡਾ ਵੱਧਦਾ ਗਿਆ ਅਤੇ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ।

25ਅਤੇ ਯਹੋਵਾਹ ਦਾ ਆਤਮਾ ਮਹਨੇਹ-ਦਾਨ ਵਿੱਚ ਸਾਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਉਸ ਨੂੰ ਉਭਾਰਣ ਲੱਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath