ਈਸਾਈ
ਪਿੱਛੇ

ਨਿਆਂਈਆਂ ਦੀ ਪੋਥੀ 11

1ਗਿਲਆਦ ਵਿੱਚ ਯਿਫ਼ਤਾਹ ਨਾਮਕ ਇੱਕ ਮਨੁੱਖ ਵੱਡਾ ਸੂਰਮਾ ਸੀ। ਉਹ ਇੱਕ ਵੇਸਵਾ ਦਾ ਪੁੱਤਰ ਸੀ ਅਤੇ ਯਿਫ਼ਤਾਹ ਦਾ ਪਿਤਾ ਗਿਲਆਦ ਸੀ।

2ਗਿਲਆਦ ਦੀ ਪਤਨੀ ਨੇ ਵੀ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਜਦ ਉਸ ਦੇ ਪੁੱਤਰ ਵੱਡੇ ਹੋ ਗਏ ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਇਹ ਕਹਿ ਕੇ ਕੱਢ ਦਿੱਤਾ, “ਸਾਡੇ ਪਿਤਾ ਦੇ ਘਰ ਵਿੱਚ ਤੇਰਾ ਕੋਈ ਹਿੱਸਾ ਨਹੀਂ, ਕਿਉਂ ਜੋ ਤੂੰ ਪਰਾਈ ਇਸਤਰੀ ਦਾ ਪੁੱਤਰ ਹੈਂ।”

3ਤਾਂ ਯਿਫ਼ਤਾਹ ਆਪਣੇ ਭਰਾਵਾਂ ਦੇ ਕੋਲੋਂ ਭੱਜ ਕੇ ਤੋਬ ਦੇਸ਼ ਵਿੱਚ ਜਾ ਕੇ ਵੱਸ ਗਿਆ ਅਤੇ ਯਿਫ਼ਤਾਹ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ ਅਤੇ ਉਹ ਉਸ ਦੇ ਨਾਲ ਤੁਰਦੇ ਫਿਰਦੇ ਸਨ।

4ਅਜਿਹਾ ਹੋਇਆ ਕਿ ਕੁਝ ਸਮੇਂ ਬਾਅਦ ਅੰਮੋਨੀ ਇਸਰਾਏਲੀਆਂ ਨਾਲ ਲੜਨ ਲੱਗੇ।

5ਅਤੇ ਜਦ ਅੰਮੋਨੀ ਇਸਰਾਏਲ ਨਾਲ ਲੜਨ ਲੱਗੇ ਤਾਂ ਗਿਲਆਦ ਦੇ ਬਜ਼ੁਰਗ ਤੋਬ ਦੇਸ਼ ਵਿੱਚੋਂ ਯਿਫ਼ਤਾਹ ਨੂੰ ਵਾਪਿਸ ਲਿਆਉਣ ਲਈ ਗਏ।

6ਉਨ੍ਹਾਂ ਨੇ ਯਿਫ਼ਤਾਹ ਨੂੰ ਕਿਹਾ, “ਆ, ਅਤੇ ਸਾਡਾ ਆਗੂ ਬਣ ਤਾਂ ਜੋ ਅਸੀਂ ਅੰਮੋਨੀਆਂ ਦੇ ਨਾਲ ਲੜੀਏ।”

7ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਕਿਹਾ, “ਭਲਾ, ਤੁਸੀਂ ਮੇਰੇ ਨਾਲ ਵੈਰ ਕਰਕੇ ਮੈਨੂੰ ਮੇਰੇ ਪਿਤਾ ਦੇ ਘਰ ਵਿੱਚੋਂ ਨਹੀਂ ਕੱਢ ਦਿੱਤਾ? ਫਿਰ ਹੁਣ ਮੁਸੀਬਤ ਦੇ ਸਮੇਂ ਤੁਸੀਂ ਮੇਰੇ ਕੋਲ ਕਿਉਂ ਆਏ ਹੋ?”

8ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਕਿਹਾ, “ਅਸੀਂ ਤੇਰੇ ਕੋਲ ਹੁਣ ਇਸ ਲਈ ਆਏ ਹਾਂ ਤਾਂ ਜੋ ਤੂੰ ਸਾਡੇ ਨਾਲ ਚੱਲੇਂ ਅਤੇ ਅੰਮੋਨੀਆਂ ਨਾਲ ਲੜਾਈ ਕਰੇਂ, ਤਦ ਤੂੰ ਸਾਡਾ ਅਤੇ ਸਾਰੇ ਗਿਲਆਦ ਦੇ ਵਾਸੀਆਂ ਦਾ ਪ੍ਰਧਾਨ ਹੋਵੇਂਗਾ।”

9ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਤੋਂ ਪੁੱਛਿਆ, “ਭਈ ਜੇਕਰ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਮੈਨੂੰ ਆਪਣੇ ਨਾਲ ਲੈ ਚੱਲਦੇ ਹੋ, ਤਦ ਜੇਕਰ ਯਹੋਵਾਹ ਉਨ੍ਹਾਂ ਨੂੰ ਮੇਰੇ ਹੱਥ ਵਿੱਚ ਕਰ ਦੇਵੇ, ਤਾਂ ਭਲਾ, ਮੈਂ ਤੁਹਾਡਾ ਪ੍ਰਧਾਨ ਬਣ ਜਾਂਵਾਂਗਾ?”

10ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਉੱਤਰ ਦਿੱਤਾ, “ਯਹੋਵਾਹ ਸਾਡੇ ਵਿੱਚ ਗਵਾਹ ਹੋਵੇ, ਅਸੀਂ ਯਕੀਨੀ ਤੌਰ ਤੇ ਤੇਰੇ ਕਹੇ ਅਨੁਸਾਰ ਕਰਾਂਗੇ।”

11ਤਦ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ ਦੇ ਨਾਲ ਤੁਰਿਆ ਅਤੇ ਲੋਕਾਂ ਨੇ ਉਸ ਨੂੰ ਆਪਣਾ ਆਗੂ ਅਤੇ ਪ੍ਰਧਾਨ ਬਣਾਇਆ ਅਤੇ ਯਿਫ਼ਤਾਹ ਨੇ ਮਿਸਪਾਹ ਵਿੱਚ ਯਹੋਵਾਹ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ।

12ਤਦ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜਾ ਕੋਲ ਸੰਦੇਸ਼-ਵਾਹਕ ਭੇਜ ਕੇ ਅਖਵਾਇਆ, “ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਦੇਸ਼ ਨਾਲ ਲੜਾਈ ਕਰਨ ਨੂੰ ਆਇਆ ਹੈਂ?”

13ਅੰਮੋਨੀਆਂ ਦੇ ਰਾਜਾ ਨੇ ਯਿਫ਼ਤਾਹ ਦੇ ਸੰਦੇਸ਼ਵਾਹਕਾਂ ਨੂੰ ਉੱਤਰ ਦਿੱਤਾ, “ਇਸ ਲਈ ਕਿ ਜਦੋਂ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ, ਤਾਂ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੱਕ ਮੇਰਾ ਦੇਸ਼ ਖੋਹ ਲਿਆ ਸੀ, ਇਸ ਲਈ ਹੁਣ ਉਹ ਦੇਸ਼ ਬਿਨ੍ਹਾਂ ਝਗੜਾ ਕੀਤੇ ਮੈਨੂੰ ਮੋੜ ਦੇ।”

14ਤਦ ਯਿਫ਼ਤਾਹ ਨੇ ਹਲਕਾਰਿਆਂ ਨੂੰ ਫੇਰ ਅੰਮੋਨੀਆਂ ਦੇ ਰਾਜਾ ਕੋਲ ਭੇਜਿਆ

15ਅਤੇ ਉਸ ਨੂੰ ਕਿਹਾ, “ਯਿਫ਼ਤਾਹ ਇਹ ਕਹਿੰਦਾ ਹੈ ਕਿ ਇਸਰਾਏਲ ਨੇ ਨਾ ਤਾਂ ਮੋਆਬ ਦਾ ਦੇਸ਼ ਖੋਹ ਲਿਆ ਸੀ ਅਤੇ ਨਾ ਹੀ ਅੰਮੋਨੀਆਂ ਦਾ ਦੇਸ਼,

16ਪਰ ਜਦੋਂ ਇਸਰਾਏਲੀ ਮਿਸਰ ਤੋਂ ਨਿੱਕਲੇ ਅਤੇ ਉਜਾੜ ਵਿੱਚੋਂ ਤੁਰਦੇ ਹੋਏ ਲਾਲ ਸਮੁੰਦਰ ਤੱਕ ਚਲੇ ਅਤੇ ਕਾਦੇਸ਼ ਵਿੱਚ ਆਏ

17ਉਸ ਸਮੇਂ ਇਸਰਾਏਲੀਆਂ ਨੇ ਅਦੋਮ ਦੇ ਰਾਜਾ ਕੋਲ ਹਲਕਾਰੇ ਭੇਜ ਕੇ ਅਖਵਾਇਆ ਕਿ ਸਾਨੂੰ ਆਪਣੇ ਦੇਸ ਵਿੱਚੋਂ ਦੀ ਲੰਘ ਜਾਣ ਦੇ, ਪਰ ਅਦੋਮ ਦੇ ਰਾਜਾ ਨੇ ਉਨ੍ਹਾਂ ਦੀ ਨਾ ਸੁਣੀ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਮੋਆਬ ਦੇ ਰਾਜਾ ਨੂੰ ਅਖਵਾ ਭੇਜਿਆ ਅਤੇ ਉਸ ਨੇ ਵੀ ਨਾ ਮੰਨਿਆ। ਇਸ ਲਈ ਇਸਰਾਏਲੀ ਕਾਦੇਸ਼ ਵਿੱਚ ਠਹਿਰੇ।

18ਤਦ ਉਹ ਉਜਾੜ ਵਿੱਚੋਂ ਦੀ ਤੁਰਦੇ ਹੋਏ ਅਦੋਮ ਅਤੇ ਮੋਆਬ ਦੇ ਦੇਸ਼ ਦੇ ਦੁਆਲੇ ਘੁੰਮ ਕੇ ਮੋਆਬ ਦੇ ਦੇਸ਼ ਦੇ ਪੂਰਬ ਵੱਲ ਆ ਨਿੱਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਆਪਣੇ ਤੰਬੂ ਲਾਏ, ਪਰ ਮੋਆਬ ਦੀ ਹੱਦ ਵਿੱਚ ਅੰਦਰ ਨਹੀਂ ਵੜੇ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਸੀ।

19ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜਾ ਸੀਹੋਨ ਦੇ ਕੋਲ ਜੋ ਹਸ਼ਬੋਨ ਦਾ ਰਾਜਾ ਸੀ, ਹਲਕਾਰੇ ਭੇਜੇ ਅਤੇ ਉਸ ਨੂੰ ਕਿਹਾ, ‘ਸਾਡੀ ਇਹ ਬੇਨਤੀ ਹੈ ਕਿ ਆਪਣੇ ਦੇਸ਼ ਦੇ ਵਿੱਚੋਂ ਦੀ ਸਾਨੂੰ ਸਾਡੇ ਦੇਸ਼ ਵੱਲ ਲੰਘ ਜਾਣ ਦਿਉ।’

20ਪਰ ਸੀਹੋਨ ਨੇ ਇਸਰਾਏਲ ਉੱਤੇ ਭਰੋਸਾ ਨਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਹੋ ਕੇ ਲੰਘਣ ਦਿੰਦਾ ਸਗੋਂ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਹਾਸ ਵਿੱਚ ਤੰਬੂ ਲਾ ਕੇ ਇਸਰਾਏਲ ਨਾਲ ਲੜਿਆ।

21ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਮੇਤ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਮਾਰ ਲਿਆ। ਇਸੇ ਤਰ੍ਹਾਂ ਇਸਰਾਏਲੀਆਂ ਨੇ ਉਸ ਦੇਸ਼ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਕਬਜ਼ਾ ਕਰ ਲਿਆ

22ਅਤੇ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੱਕ ਅਤੇ ਉਜਾੜ ਤੋਂ ਲੈ ਕੇ ਯਰਦਨ ਤੱਕ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਅਧਿਕਾਰ ਕਰ ਲਿਆ।

23ਇਸ ਲਈ ਹੁਣ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗਿਓਂ ਕੱਢ ਦਿੱਤਾ ਹੈ, ਤਾਂ ਭਲਾ, ਤੂੰ ਉਸ ਦਾ ਅਧਿਕਾਰੀ ਬਣੇਗਾ?

24ਕੀ ਉਸ ਨੂੰ ਤੂੰ ਕਬਜ਼ੇ ਵਿੱਚ ਨਹੀਂ ਲੈਂਦਾ ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਅਧਿਕਾਰ ਵਿੱਚ ਦਿੰਦਾ ਹੈ? ਇਸੇ ਤਰ੍ਹਾਂ ਅਸੀਂ ਵੀ ਉਨ੍ਹਾਂ ਸਾਰੇ ਦੇਸਾਂ ਦੇ ਅਧਿਕਾਰੀ ਹੋਵਾਂਗੇ ਜਿਨ੍ਹਾਂ ਦੇ ਲੋਕਾਂ ਨੂੰ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੱਗਿਓਂ ਕੱਢ ਦੇਵੇਗਾ।

25ਹੁਣ ਭਲਾ ਤੂੰ ਮੋਆਬ ਦੇ ਰਾਜਾ ਸਿੱਪੋਰ ਦੇ ਪੁੱਤਰ ਬਾਲਾਕ ਨਾਲੋਂ ਕੁਝ ਚੰਗਾ ਹੈਂ? ਕੀ ਉਸ ਨੇ ਇਸਰਾਏਲੀਆਂ ਨਾਲ ਕਦੀ ਝਗੜਾ ਕੀਤਾ ਜਾਂ ਕਦੀ ਉਨ੍ਹਾਂ ਦਾ ਸਾਹਮਣਾ ਕੀਤਾ?

26ਜਦ ਕਿ ਇਸਰਾਏਲੀ ਹਸ਼ਬੋਨ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਅਰੋਏਰ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਉਨ੍ਹਾਂ ਸਾਰਿਆਂ ਪਿੰਡਾਂ ਵਿੱਚ ਜਿਹੜੇ ਅਰਨੋਨ ਦੇ ਦੋਹਾਂ ਕੰਢਿਆਂ ਦੇ ਨਜ਼ਦੀਕ ਹਨ, ਤਿੰਨ ਸੌ ਸਾਲ ਤੋਂ ਵੱਸਿਆ ਹੈ, ਤਾਂ ਭਲਾ, ਤੁਸੀਂ ਉਹਨਾਂ ਨੂੰ ਇੰਨ੍ਹੇ ਸਮੇਂ ਵਿੱਚ ਵਾਪਿਸ ਕਿਉਂ ਨਹੀਂ ਲਿਆ?

27ਗੱਲ ਕਾਹਦੀ, ਮੈਂ ਤਾਂ ਤੇਰਾ ਵਿਰੁੱਧ ਪਾਪ ਨਹੀਂ ਕੀਤਾ ਸਗੋਂ ਤੂੰ ਹੀ ਲੜਾਈ ਛੇੜ ਕੇ ਮੇਰੇ ਨਾਲ ਬੁਰਿਆਈ ਕਰਦਾ ਹੈਂ, ਇਸ ਲਈ ਯਹੋਵਾਹ ਹੀ ਜੋ ਨਿਆਈਂ ਹੈ, ਇਸਰਾਏਲੀਆਂ ਅਤੇ ਅੰਮੋਨੀਆਂ ਦੇ ਵਿਚਕਾਰ ਅੱਜ ਦੇ ਦਿਨ ਨਿਆਂ ਕਰੇ!”

28ਪਰ ਅੰਮੋਨੀਆਂ ਦੇ ਰਾਜਾ ਨੇ ਉਨ੍ਹਾਂ ਗੱਲਾਂ ਨੂੰ ਜੋ ਯਿਫ਼ਤਾਹ ਨੇ ਉਸ ਨੂੰ ਅਖਵਾ ਭੇਜੀਆਂ ਸਨ, ਨਾ ਸੁਣਿਆ।

29ਤਦ ਯਹੋਵਾਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ ਅਤੇ ਉਹ ਗਿਲਆਦ ਅਤੇ ਮਨੱਸ਼ਹ ਦੇ ਵਿੱਚੋਂ ਦੀ ਲੰਘ ਕੇ ਗਿਲਆਦ ਦੇ ਮਿਸਪੇਹ ਨੂੰ ਆਇਆ, ਅਤੇ ਗਿਲਆਦ ਦੇ ਮਿਸਪੇਹ ਤੋਂ ਹੋ ਕੇ ਅੰਮੋਨੀਆਂ ਦੇ ਵੱਲ ਚੱਲਿਆ।

30ਅਤੇ ਯਿਫ਼ਤਾਹ ਨੇ ਇਹ ਕਹਿ ਕੇ ਯਹੋਵਾਹ ਦੀ ਸੁੱਖਣਾ ਸੁੱਖੀ, “ਜੇਕਰ ਤੂੰ ਸੱਚ-ਮੁੱਚ ਅੰਮੋਨੀਆਂ ਨੂੰ ਮੇਰੇ ਹੱਥ ਵਿੱਚ ਕਰ ਦੇਵੇਂ,

31ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਮੈਂ ਅੰਮੋਨੀਆਂ ਵੱਲੋਂ ਸੁੱਖ-ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਦਰਵਾਜ਼ੇ ਤੋਂ ਮੈਨੂੰ ਮਿਲਣ ਲਈ ਪਹਿਲਾਂ ਨਿੱਕਲੇਗਾ, ਉਹ ਯਹੋਵਾਹ ਦਾ ਹੋਵੇਗਾ ਅਤੇ ਮੈਂ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾਵਾਂਗਾ।”

32ਤਦ ਯਿਫ਼ਤਾਹ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਗਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ।

33ਅਤੇ ਉਸ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਵਿੱਚ ਪਹੁੰਚਣ ਤੱਕ ਜੋ ਵੀਹ ਨਗਰ ਸਨ, ਸਗੋਂ ਆਬੇਲ ਕਰਾਮੀਮ ਤੱਕ ਬਹੁਤ ਵੱਡੀ ਮਾਰ ਨਾਲ ਉਨ੍ਹਾਂ ਨੂੰ ਮਾਰਦਾ ਗਿਆ। ਇਸ ਤਰ੍ਹਾਂ ਅੰਮੋਨੀ ਇਸਰਾਏਲੀਆਂ ਕੋਲੋਂ ਹਾਰ ਗਏ।

34ਤਦ ਯਿਫ਼ਤਾਹ ਮਿਸਪਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਸ ਦੀ ਧੀ ਡੱਫ਼ ਵਜਾਉਂਦੀ ਅਤੇ ਨੱਚਦੀ ਹੋਈ ਉਸ ਨੂੰ ਮਿਲਣ ਦੇ ਲਈ ਨਿੱਕਲੀ ਅਤੇ ਉਹ ਉਸ ਦੀ ਇਕਲੌਤੀ ਸੀ, ਉਸ ਤੋਂ ਬਿਨਾਂ ਉਸ ਦਾ ਹੋਰ ਪੁੱਤਰ ਜਾਂ ਧੀ ਨਹੀਂ ਸੀ।

35ਤਦ ਅਜਿਹਾ ਹੋਇਆ ਕਿ ਜਦ ਉਸ ਨੇ ਉਸ ਨੂੰ ਵੇਖਿਆ ਤਾਂ ਆਪਣੇ ਕੱਪੜੇ ਪਾੜ ਕੇ ਕਿਹਾ, “ਹਾਏ ਮੇਰੀਏ ਧੀਏ! ਤੂੰ ਮੈਨੂੰ ਬਹੁਤ ਨੀਵਾਂ ਕੀਤਾ ਹੈ, ਸਗੋਂ ਤੂੰ ਉਨ੍ਹਾਂ ਵਿੱਚੋਂ ਹੈਂ ਜੋ ਮੈਨੂੰ ਦੁੱਖ ਦਿੰਦੇ ਹਨ, ਕਿਉਂ ਜੋ ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸਕਦਾ।”

36ਉਸ ਨੇ ਉਸ ਨੂੰ ਕਿਹਾ, “ਹੇ ਮੇਰੇ ਪਿਤਾ, ਤੂੰ ਯਹੋਵਾਹ ਨੂੰ ਜੋ ਬਚਨ ਦਿੱਤਾ ਹੈ, ਅਤੇ ਜੋ ਗੱਲ ਤੂੰ ਆਪਣੇ ਮੂੰਹੋਂ ਬੋਲੀ ਹੈ, ਉਸੇ ਤਰ੍ਹਾਂ ਮੇਰੇ ਨਾਲ ਕਰ ਕਿਉਂ ਜੋ ਯਹੋਵਾਹ ਨੇ ਤੇਰੇ ਵੈਰੀ ਅੰਮੋਨੀਆਂ ਤੋਂ ਤੇਰਾ ਬਦਲਾ ਲਿਆ ਹੈ।”

37ਫੇਰ ਉਸ ਨੇ ਆਪਣੇ ਪਿਤਾ ਨੂੰ ਕਿਹਾ, “ਮੇਰੇ ਲਈ ਇੰਨ੍ਹਾਂ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈਂ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।”

38ਉਸ ਨੇ ਕਿਹਾ, “ਜਾ!” ਤਦ ਉਸ ਨੇ ਉਸ ਨੂੰ ਦੋ ਮਹੀਨਿਆਂ ਦਾ ਸਮਾਂ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ।

39ਅਜਿਹਾ ਹੋਇਆ ਕਿ ਦੋ ਮਹੀਨੇ ਬਾਅਦ ਉਹ ਆਪਣੇ ਪਿਤਾ ਕੋਲ ਵਾਪਿਸ ਆਈ ਅਤੇ ਉਸ ਨੇ ਉਸ ਨਾਲ ਆਪਣੀ ਸੁੱਖਣਾ ਅਨੁਸਾਰ ਕੀਤਾ ਅਤੇ ਉਹ ਕੁੜੀ ਪੁਰਖ ਤੋਂ ਅਣਜਾਣ ਰਹੀ, ਇਸ ਲਈ ਇਸਰਾਏਲੀਆਂ ਵਿੱਚ ਇਹ ਰੀਤ ਬਣੀ

40ਕਿ ਹਰ ਸਾਲ ਇਸਰਾਏਲ ਦੀਆਂ ਧੀਆਂ ਸਾਲ ਵਿੱਚ ਚਾਰ ਦਿਨ ਤੱਕ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath