ਈਸਾਈ
ਪਿੱਛੇ

ਯਸਾਯਾਹ 7

1ਤਦ ਅਜਿਹਾ ਹੋਇਆ ਕਿ ਉੱਜ਼ੀਯਾਹ ਦੇ ਪੋਤਰੇ, ਯੋਥਾਮ ਦੇ ਪੁੱਤਰ ਆਹਾਜ਼ ਜੋ ਯਹੂਦਾਹ ਦਾ ਰਾਜਾ ਸੀ, ਉਸ ਦੇ ਦਿਨਾਂ ਵਿੱਚ ਅਰਾਮ ਦਾ ਰਾਜੇ ਰਸੀਨ ਅਤੇ ਇਸਰਾਏਲ ਦੇ ਰਾਜੇ ਰਮਲਯਾਹ ਦਾ ਪੁੱਤਰ ਪਕਹ ਨੇ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਤਾਂ ਜੋ ਉਸ ਦੇ ਵਿਰੁੱਧ ਯੁੱਧ ਕਰਨ, ਪਰ ਉਹ ਨੂੰ ਜਿੱਤ ਨਾ ਸਕੇ।

2ਜਦ ਦਾਊਦ ਦੇ ਘਰਾਣੇ ਨੂੰ ਦੱਸਿਆ ਗਿਆ ਕਿ ਅਰਾਮ ਇਫ਼ਰਾਈਮ ਰਾਜ ਨਾਲ ਮਿਲ ਗਿਆ ਹੈ, ਤਾਂ ਆਹਾਜ਼ ਦਾ ਅਤੇ ਉਹ ਦੀ ਪਰਜਾ ਦਾ ਦਿਲ ਅਜਿਹਾ ਕੰਬ ਗਿਆ, ਜਿਵੇਂ ਜੰਗਲੀ ਦਰੱਖਤ ਪੌਣ ਦੇ ਅੱਗੇ ਕੰਬ ਜਾਂਦੇ ਹਨ।

3ਤਦ ਯਹੋਵਾਹ ਨੇ ਯਸਾਯਾਹ ਨੂੰ ਆਖਿਆ, ਤੂੰ ਅਤੇ ਤੇਰਾ ਪੁੱਤਰ ਸ਼ਆਰ ਯਾਸ਼ੂਬ ਉੱਪਰਲੇ ਤਲਾਬ ਦੇ ਸੂਏ ਦੇ ਸਿਰੇ ਉੱਤੇ ਧੋਬੀ ਘਾਟ ਦੇ ਰਾਹ ਤੇ ਆਹਾਜ਼ ਨੂੰ ਮਿਲੋ

4ਅਤੇ ਤੂੰ ਉਹ ਨੂੰ ਆਖ, ਖ਼ਬਰਦਾਰ, ਚੁੱਪ ਰਹਿ ਅਤੇ ਨਾ ਡਰ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤਰ ਅਰਾਮ ਅਤੇ ਰਸੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਘਬਰਾ ਨਾ ਜਾਵੇ,

5ਕਿਉਂ ਜੋ ਅਰਾਮ ਅਤੇ ਰਮਲਯਾਹ ਦੇ ਪੁੱਤਰ ਅਤੇ ਇਫ਼ਰਾਈਮ ਨੇ ਤੇਰੇ ਵਿਰੁੱਧ ਬਦੀ ਦੀ ਯੋਜਨਾ ਬਣਾਈ ਹੈ ਅਤੇ ਆਖਿਆ,

6ਆਓ, ਅਸੀਂ ਯਹੂਦਾਹ ਉੱਤੇ ਹਮਲਾ ਕਰਕੇ ਉਸ ਨੂੰ ਘਬਰਾ ਦੇਈਏ ਅਤੇ ਉਹ ਦੇ ਵਿੱਚ ਫੁੱਟ ਪਾ ਕੇ ਉਸ ਨੂੰ ਆਪਸ ਵਿੱਚ ਵੰਡ ਲਈਏ ਅਤੇ ਟਾਬਲ ਦੇ ਪੁੱਤਰ ਨੂੰ ਉਹ ਦੇ ਵਿੱਚ ਰਾਜਾ ਬਣਾਈਏ।

7ਪਰ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਇਹ ਯੋਜਨਾ ਸਫ਼ਲ ਨਹੀਂ ਹੋਵੇਗੀ ਅਤੇ ਨਾ ਹੀ ਪੂਰੀ ਹੋਵੇਗੀ,

8ਕਿਉਂ ਜੋ ਅਰਾਮ ਦਾ ਸਿਰ ਦੰਮਿਸ਼ਕ ਹੈ ਅਤੇ ਦੰਮਿਸ਼ਕ ਦਾ ਸਿਰ ਰਸੀਨ ਹੈ, ਪਰ ਪੈਂਹਠ ਸਾਲਾਂ ਦੇ ਅੰਦਰ ਇਫ਼ਰਾਈਮ ਅਜਿਹਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ ਕਿ ਉਹ ਕੌਮ ਹੀ ਨਾ ਰਹੇਗੀ।

9ਇਫ਼ਰਾਈਮ ਦਾ ਸਿਰ ਸਾਮਰਿਯਾ ਹੈ ਅਤੇ ਸਾਮਰਿਯਾ ਦਾ ਸਿਰ ਰਮਲਯਾਹ ਦਾ ਪੁੱਤਰ ਹੈ। ਜੇਕਰ ਤੁਸੀਂ ਪਰਤੀਤ ਨਾ ਕਰੋਗੇ ਤਾਂ ਤੁਸੀਂ ਸੱਚ-ਮੁੱਚ ਕਾਇਮ ਨਾ ਰਹੋਗੇ।

10ਫੇਰ ਯਹੋਵਾਹ ਨੇ ਆਹਾਜ਼ ਨੂੰ ਇਹ ਵੀ ਆਖਿਆ,

11ਯਹੋਵਾਹ ਆਪਣੇ ਪਰਮੇਸ਼ੁਰ ਤੋਂ ਕੋਈ ਨਿਸ਼ਾਨ ਮੰਗ, ਭਾਵੇਂ ਡੂੰਘਿਆਈ ਵਿੱਚ ਭਾਵੇਂ ਉਤਾਹਾਂ ਉਚਿਆਈ ਵਿੱਚ ਮੰਗ,

12ਪਰ ਆਹਾਜ਼ ਨੇ ਆਖਿਆ, ਮੈਂ ਨਹੀਂ ਮੰਗਾਂਗਾ ਅਤੇ ਮੈਂ ਯਹੋਵਾਹ ਨੂੰ ਨਹੀਂ ਪਰਤਾਵਾਂਗਾ।

13ਤਦ ਯਸਾਯਾਹ ਨੇ ਆਖਿਆ, ਹੇ ਦਾਊਦ ਦੇ ਘਰਾਣੇ, ਸੁਣ। ਭਲਾ, ਮਨੁੱਖਾਂ ਨੂੰ ਖੇਚਲ ਦੇਣਾ, ਇਹ ਤੁਹਾਡੇ ਲਈ ਛੋਟੀ ਗੱਲ ਹੈ? ਕੀ ਹੁਣ ਤੁਸੀਂ ਮੇਰੇ ਪਰਮੇਸ਼ੁਰ ਨੂੰ ਵੀ ਖੇਚਲ ਦਿਓਗੇ?

14ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ।

15ਉਹ ਦਹੀਂ ਅਤੇ ਸ਼ਹਿਦ ਖਾਵੇਗਾ ਜਿਸ ਸਮੇਂ ਤੱਕ ਉਹ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਨਾ ਜਾਣੇ।

16ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਜਾਣੇ, ਉਹ ਭੂਮੀ ਛੱਡੀ ਜਾਵੇਗੀ, ਜਿਸ ਦੇ ਦੋਹਾਂ ਰਾਜਿਆਂ ਤੋਂ ਤੂੰ ਘਬਰਾਉਂਦਾ ਹੈਂ।

17ਯਹੋਵਾਹ ਤੇਰੇ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੇਰੇ ਪਿਤਾ ਦੇ ਘਰਾਣੇ ਉੱਤੇ ਅਜਿਹੇ ਦਿਨ ਲੈ ਆਵੇਗਾ, ਜਿਹੇ ਉਨ੍ਹਾਂ ਦਿਨਾਂ ਤੋਂ ਨਹੀਂ ਆਏ ਜਦੋਂ ਇਫ਼ਰਾਈਮ ਯਹੂਦਾਹ ਤੋਂ ਅਲੱਗ ਹੋ ਗਿਆ ਸੀ, ਅਰਥਾਤ ਅੱਸ਼ੂਰ ਦੇ ਰਾਜੇ ਦੇ ਦਿਨ।

18ਅਜਿਹਾ ਹੋਵੇਗਾ ਕਿ ਉਸ ਦਿਨ ਯਹੋਵਾਹ ਉਸ ਮੱਖੀ ਲਈ ਜਿਹੜੀ ਮਿਸਰ ਦੀਆਂ ਨਦੀਆਂ ਦੇ ਸਿਰੇ ਤੇ ਹੈ ਅਤੇ ਉਸ ਮਧੂਮੱਖੀ ਨੂੰ ਜਿਹੜੀ ਅੱਸ਼ੂਰ ਦੇ ਦੇਸ ਵਿੱਚ ਹੈ, ਸੀਟੀ ਵਜਾ ਕੇ ਬੁਲਾਵੇਗਾ।

19ਫੇਰ ਉਹ ਸਭ ਆਉਣਗੀਆਂ ਅਤੇ ਢਾਲੂ ਵਾਦੀਆਂ ਵਿੱਚ, ਚੱਟਾਨਾਂ ਦੀਆਂ ਤੇੜਾਂ ਵਿੱਚ ਅਤੇ ਸਾਰੇ ਕੰਡਿਆਂ ਉੱਤੇ ਅਤੇ ਸਾਰੀਆਂ ਝਾੜੀਆਂ ਉੱਤੇ ਬੈਠ ਜਾਣਗੀਆਂ।

20ਉਸ ਦਿਨ ਪ੍ਰਭੂ ਉਸ ਉਸਤਰੇ ਨਾਲ ਜਿਹੜਾ ਦਰਿਆ ਦੇ ਪਾਰੋਂ ਭਾੜੇ ਤੇ ਲਿਆ ਗਿਆ ਹੈ ਅਰਥਾਤ ਅੱਸ਼ੂਰ ਦੇ ਰਾਜੇ ਨਾਲ, ਸਿਰ ਅਤੇ ਪੈਰਾਂ ਦੇ ਵਾਲ਼ ਮੁੰਨ ਸੁੱਟੇਗਾ ਅਤੇ ਦਾੜ੍ਹੀ ਵੀ ਮੁੰਨ ਦੇਵੇਗਾ।

21ਤਦ ਅਜਿਹਾ ਹੋਵੇਗਾ ਕਿ ਉਸ ਦਿਨ ਇੱਕ ਮਨੁੱਖ ਇੱਕ ਵੱਛੀ ਤੇ ਦੋ ਭੇਡਾਂ ਪਾਲੇਗਾ

22ਅਤੇ ਉਨ੍ਹਾਂ ਦੇ ਦੁੱਧ ਦੀ ਵਾਫ਼ਰੀ ਦੇ ਕਾਰਨ ਉਹ ਦਹੀਂ ਖਾਵੇਗਾ ਕਿਉਂਕਿ ਜਿੰਨੇ ਵੀ ਉਸ ਦੇਸ ਵਿੱਚ ਬਾਕੀ ਰਹਿ ਜਾਣਗੇ ਉਹ ਦਹੀਂ ਤੇ ਸ਼ਹਿਦ ਖਾਇਆ ਕਰਨਗੇ।

23ਅਤੇ ਉਸ ਦਿਨ ਹਰੇਕ ਥਾਂ ਜਿੱਥੇ ਹਜ਼ਾਰ ਵੇਲਾਂ ਹੁੰਦੀਆਂ ਸਨ, ਜਿਨ੍ਹਾਂ ਦਾ ਮੁੱਲ ਹਜ਼ਾਰ ਚਾਂਦੀ ਦੇ ਸ਼ਕੇਲ ਹੁੰਦਾ ਸੀ, ਉੱਥੇ ਕੰਡੇ ਅਤੇ ਕੰਡਿਆਲੇ ਹੀ ਹੋਣਗੇ।

24ਤੀਰਾਂ ਅਤੇ ਧਣੁੱਖਾਂ ਨਾਲ ਲੋਕ ਉੱਥੇ ਆਉਣਗੇ ਕਿਉਂਕਿ ਸਾਰਾ ਦੇਸ ਕੰਡਿਆਂ ਤੇ ਕੰਡਿਆਲਿਆਂ ਨਾਲ ਭਰਿਆ ਹੋਵੇਗਾ

25ਅਤੇ ਸਾਰੇ ਟਿੱਬੇ ਜਿਹੜੇ ਕਹੀ ਨਾਲ ਪੁੱਟੇ ਜਾਂਦੇ ਸਨ, ਉੱਥੇ ਕੰਡਿਆਂ ਤੇ ਕੰਡਿਆਲਿਆਂ ਦੇ ਡਰ ਤੋਂ ਤੁਸੀਂ ਨਾ ਜਾਓਗੇ ਪਰ ਉਹ ਬਲ਼ਦਾਂ ਦੀਆਂ ਰੱਖਾਂ ਅਤੇ ਭੇਡਾਂ ਦੀ ਚਾਰਗਾਹ ਹੋਣਗੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath