ਯਸਾਯਾਹ 66
1ਯਹੋਵਾਹ ਇਹ ਆਖਦਾ ਹੈ ਕਿ ਸਵਰਗ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, - ਫੇਰ ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਅਤੇ ਮੇਰੀ ਅਰਾਮਗਾਹ ਫੇਰ ਕਿੱਥੇ ਹੋਵੇਗੀ?
2ਯਹੋਵਾਹ ਦਾ ਵਾਕ ਹੈ, ਇਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਇਸ ਤਰ੍ਹਾਂ ਉਹ ਬਣ ਗਏ। ਮੈਂ ਅਜਿਹੇ ਜਨ ਉੱਤੇ ਨਿਗਾਹ ਰੱਖਾਂਗਾ, ਜੋ ਦੀਨ ਅਤੇ ਨਿਮਰ ਆਤਮਾ ਵਾਲਾ ਹੈ ਅਤੇ ਜੋ ਮੇਰੇ ਬਚਨ ਸੁਣ ਕੇ ਕੰਬ ਜਾਂਦਾ ਹੈ।
3ਬਲ਼ਦ ਨੂੰ ਵੱਢਣ ਵਾਲਾ ਮਨੁੱਖ ਨੂੰ ਮਾਰਨ ਵਾਲੇ ਜਿਹਾ ਹੈ, ਅਤੇ ਲੇਲੇ ਨੂੰ ਕੱਟਣ ਵਾਲਾ ਕੁੱਤੇ ਦੀ ਧੌਣ ਭੰਨਣ ਵਾਲੇ ਜਿਹਾ ਹੈ, ਮੈਦੇ ਦੀ ਭੇਟ ਦਾ ਚੜ੍ਹਾਉਣ ਵਾਲਾ ਸੂਰ ਦਾ ਲਹੂ ਚੜ੍ਹਾਉਣ ਵਾਲੇ ਜਿਹਾ ਹੈ, ਲੁਬਾਨ ਦਾ ਧੁਖਾਉਣ ਵਾਲਾ ਮੂਰਤ ਨੂੰ ਧੰਨ ਆਖਣ ਵਾਲੇ ਜਿਹਾ ਹੈ, ਹਾਂ, ਇਹਨਾਂ ਨੇ ਆਪਣੇ ਰਾਹ ਚੁਣ ਲਏ ਹਨ, ਅਤੇ ਇਹਨਾਂ ਦਾ ਜੀਅ ਇਹਨਾਂ ਦੇ ਘਿਣਾਉਣੇ ਕੰਮਾਂ ਵਿੱਚ ਪ੍ਰਸੰਨ ਰਹਿੰਦਾ ਹੈ।
4ਇਸ ਲਈ ਮੈਂ ਵੀ ਇਹਨਾਂ ਲਈ ਮੁਸੀਬਤ ਚੁਣਾਂਗਾ, ਅਤੇ ਇਹਨਾਂ ਦੇ ਭੈਅ ਇਹਨਾਂ ਉੱਤੇ ਲਿਆਵਾਂਗਾ, ਕਿਉਂ ਜੋ ਮੈਂ ਬੁਲਾਇਆ ਪਰ ਕਿਸੇ ਨੇ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਕਿਸੇ ਨੇ ਨਾ ਸੁਣੀ, ਇਹਨਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ, ਉਹ ਹੀ ਇਹਨਾਂ ਨੇ ਕੀਤਾ।
5ਤੁਸੀਂ ਜੋ ਯਹੋਵਾਹ ਦਾ ਬਚਨ ਸੁਣ ਕੇ ਕੰਬਦੇ ਹੋ, ਉਸ ਦਾ ਇਹ ਬਚਨ ਸੁਣੋ! ਤੁਹਾਡੇ ਭਰਾ ਜੋ ਤੁਹਾਡੇ ਤੋਂ ਘਿਣ ਕਰਦੇ ਹਨ, ਜੋ ਤੁਹਾਨੂੰ ਮੇਰੇ ਨਾਮ ਦੇ ਕਾਰਨ ਕੱਢ ਦਿੰਦੇ ਹਨ, ਆਖਦੇ ਹਨ, ਯਹੋਵਾਹ ਦੀ ਵਡਿਆਈ ਹੋਵੇ, ਕਿ ਅਸੀਂ ਤੁਹਾਡੀ ਖੁਸ਼ੀ ਨੂੰ ਵੇਖੀਏ, ਪਰ ਉਹ ਹੀ ਸ਼ਰਮਿੰਦੇ ਹੋਣਗੇ।
6ਸ਼ਹਿਰ ਤੋਂ ਰੌਲ਼ੇ ਦੀ ਅਵਾਜ਼, ਹੈਕਲ ਤੋਂ ਇੱਕ ਅਵਾਜ਼ ਸੁਣਾਈ ਦਿੰਦੀ ਹੈ! ਇਹ ਯਹੋਵਾਹ ਦੀ ਅਵਾਜ਼ ਹੈ, ਜੋ ਆਪਣੇ ਵੈਰੀਆਂ ਨੂੰ ਬਦਲਾ ਦੇ ਰਿਹਾ ਹੈ!
7ਪੀੜਾਂ ਲੱਗਣ ਤੋਂ ਪਹਿਲਾਂ ਉਸ ਨੇ ਜਨਮ ਦਿੱਤਾ, ਦਰਦ ਹੋਣ ਤੋਂ ਪਹਿਲਾਂ ਉਸ ਦੇ ਪੁੱਤਰ ਜੰਮਿਆ।
8ਕਿਸ ਨੇ ਅਜਿਹੀ ਗੱਲ ਸੁਣੀ? ਕਿਸ ਨੇ ਅਜਿਹੀਆਂ ਗੱਲਾਂ ਵੇਖੀਆਂ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਸਕਦਾ ਹੈ? ਜਾਂ ਇੱਕ ਪਲ ਵਿੱਚ ਇੱਕ ਕੌਮ ਜੰਮ ਸਕਦੀ ਹੈ। ਪਰ ਜਿਵੇਂ ਹੀ ਸੀਯੋਨ ਨੂੰ ਪੀੜਾਂ ਲੱਗੀਆਂ, ਉਸ ਨੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ।
9ਯਹੋਵਾਹ ਆਖਦਾ ਹੈ, ਭਲਾ, ਮੈਂ ਜੰਮਣ ਦੇ ਸਮੇਂ ਤੱਕ ਪਹੁੰਚਾਵਾਂ ਅਤੇ ਨਾ ਜਨਮਾਵਾਂ? ਜਾਂ ਕੀ ਜਦੋਂ ਜੰਮਣ ਦਾ ਸਮਾਂ ਆ ਜਾਵੇ ਤਾਂ ਮੈਂ ਕੁੱਖ ਨੂੰ ਬੰਦ ਕਰਾਂ? ਤੇਰਾ ਪਰਮੇਸ਼ੁਰ ਆਖਦਾ ਹੈ।
10ਹੇ ਯਰੂਸ਼ਲਮ ਦੇ ਸਾਰੇ ਪ੍ਰੇਮੀਓ! ਉਸ ਦੇ ਨਾਲ ਨਿਹਾਲ ਹੋਵੋ, ਉਸ ਨਾਲ ਅਨੰਦ ਕਰੋ ਅਤੇ ਬਾਗ-ਬਾਗ ਹੋਵੋ, ਹੇ ਉਸ ਦੇ ਲਈ ਸੋਗ ਕਰਨ ਵਾਲਿਓ! ਉਸ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ!
11ਤਾਂ ਜੋ ਤੁਸੀਂ ਉਸ ਦੀਆਂ ਤਸੱਲੀ ਦੀਆਂ ਦੁੱਧੀਆਂ ਚੁੰਘੋ ਅਤੇ ਰੱਜ ਜਾਓ, ਤੁਸੀਂ ਰੱਜ ਜਾਓ ਅਤੇ ਉਸ ਦੀ ਸ਼ਾਨ ਦੀ ਬਹੁਤਾਇਤ ਨਾਲ ਆਪਣੇ ਆਪ ਨੂੰ ਮਗਨ ਕਰੋ।
12ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਸ਼ਾਂਤੀ ਦਰਿਆ ਵਾਂਗੂੰ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ ਅਤੇ ਤੁਸੀਂ ਚੁੰਘੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ।
13ਜਿਸ ਤਰ੍ਹਾਂ ਮਾਤਾ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਦੇ ਵਿਖੇ ਦਿਲਾਸਾ ਪਾਓਗੇ।
14ਤੁਸੀਂ ਵੇਖੋਗੇ ਅਤੇ ਤੁਹਾਡਾ ਦਿਲ ਖੁਸ਼ ਹੋਵੇਗਾ, ਅਤੇ ਤੁਹਾਡੀਆਂ ਹੱਡੀਆਂ ਘਾਹ ਵਾਂਗੂੰ ਹਰੀਆਂ-ਭਰੀਆਂ ਹੋਣਗੀਆਂ ਅਤੇ ਇਹ ਪਰਗਟ ਹੋਵੇਗਾ ਕਿ ਯਹੋਵਾਹ ਦਾ ਹੱਥ ਆਪਣੇ ਦਾਸਾਂ ਉੱਤੇ ਹੈ, ਪਰ ਉਸਦਾ ਕਹਿਰ ਉਸ ਦੇ ਵੈਰੀਆਂ ਉੱਤੇ ਹੈ।
15ਵੇਖੋ, ਯਹੋਵਾਹ ਅੱਗ ਨਾਲ ਆਵੇਗਾ, ਅਤੇ ਉਹ ਦੇ ਰਥ ਵਾਵਰੋਲੇ ਵਾਂਗੂੰ, ਤਾਂ ਜੋ ਉਹ ਆਪਣਾ ਕ੍ਰੋਧ ਤੇਜ਼ੀ ਨਾਲ, ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ,
16ਕਿਉਂ ਜੋ ਯਹੋਵਾਹ ਅੱਗ ਨਾਲ, ਅਤੇ ਆਪਣੀ ਤਲਵਾਰ ਨਾਲ ਹਰੇਕ ਪ੍ਰਾਣੀ ਦਾ ਨਿਆਂ ਕਰੇਗਾ, ਅਤੇ ਯਹੋਵਾਹ ਦੇ ਵੱਢੇ ਹੋਏ ਬਹੁਤ ਹੋਣਗੇ।
17ਜੋ ਆਪਣੇ ਆਪ ਨੂੰ ਇਸ ਲਈ ਪਵਿੱਤਰ ਅਤੇ ਸ਼ੁੱਧ ਕਰਦੇ ਹਨ ਕਿ ਬਾਗ਼ਾਂ ਵਿੱਚ ਜਾਣ, ਅਤੇ ਉਸ ਦੇ ਪਿੱਛੇ ਚੱਲਦੇ ਹਨ ਜੋ ਸੂਰ ਦਾ ਮਾਸ, ਚੂਹੇ ਅਤੇ ਹੋਰ ਘਿਣਾਉਣੀਆਂ ਚੀਜ਼ਾਂ ਖਾਂਦੇ ਹਨ, ਉਹ ਇਕੱਠੇ ਹੀ ਮੁੱਕ ਜਾਣਗੇ ਯਹੋਵਾਹ ਦਾ ਵਾਕ ਹੈ।
18ਮੈਂ ਉਹਨਾਂ ਦੇ ਕੰਮ ਅਤੇ ਉਹਨਾਂ ਦੇ ਖ਼ਿਆਲ ਚੰਗੀ ਤਰ੍ਹਾਂ ਜਾਣਦਾ ਹਾਂ, ਇਸ ਲਈ ਉਹ ਸਮਾਂ ਆਉਂਦਾ ਹੈ ਜਦ ਮੈਂ ਸਾਰੀਆਂ ਕੌਮਾਂ ਅਤੇ ਬੋਲੀਆਂ ਨੂੰ ਇਕੱਠਾ ਕਰਾਂਗਾ, ਅਤੇ ਉਹ ਆਉਣਗੀਆਂ ਅਤੇ ਮੇਰੇ ਪਰਤਾਪ ਨੂੰ ਵੇਖਣਗੀਆਂ।
19ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁੱਖ ਕੱਸਦੇ ਹਨ, ਤੂਬਲ ਅਤੇ ਯਾਵਾਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ।
20ਜਿਵੇਂ ਇਸਰਾਏਲੀ ਆਪਣੀ ਭੇਟ ਸਾਫ਼ ਭਾਂਡੇ ਵਿੱਚ ਯਹੋਵਾਹ ਦੇ ਭਵਨ ਨੂੰ ਲੈ ਆਉਂਦੇ ਹਨ, ਉਸੇ ਤਰ੍ਹਾਂ ਉਹ ਤੁਹਾਡੇ ਭਰਾਵਾਂ ਨੂੰ ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਦੀ ਭੇਟ ਕਰਕੇ ਘੋੜਿਆਂ ਉੱਤੇ, ਰਥਾਂ ਵਿੱਚ, ਪਾਲਕੀਆਂ ਵਿੱਚ, ਖੱਚਰਾਂ ਉੱਤੇ ਅਤੇ ਊਠਾਂ ਉੱਤੇ, ਮੇਰੇ ਪਵਿੱਤਰ ਪਰਬਤ ਯਰੂਸ਼ਲਮ ਨੂੰ ਲੈ ਆਉਣਗੇ, ਯਹੋਵਾਹ ਦਾ ਬਚਨ ਹੈ।
21ਅਤੇ ਉਹਨਾਂ ਵਿੱਚੋਂ ਵੀ ਮੈਂ ਕੁਝ ਨੂੰ ਜਾਜਕ ਅਤੇ ਲੇਵੀ ਹੋਣ ਲਈ ਚੁਣਾਂਗਾ, ਯਹੋਵਾਹ ਆਖਦਾ ਹੈ।
22ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਉਸੇ ਤਰ੍ਹਾਂ ਹੀ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹੇਗਾ, ਯਹੋਵਾਹ ਦਾ ਵਾਕ ਹੈ।
23ਅਜਿਹਾ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੱਕ ਅਤੇ ਸਬਤ ਤੋਂ ਸਬਤ ਤੱਕ, ਸਾਰੇ ਪ੍ਰਾਣੀ ਆਉਣਗੇ ਤਾਂ ਜੋ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ,
24ਮੇਰੇ ਲੋਕ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜਿਨ੍ਹਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਕਿਉਂ ਜੋ ਉਨ੍ਹਾਂ ਦਾ ਕੀੜਾ ਕਦੀ ਨਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਉਹ ਸਾਰੇ ਪ੍ਰਾਣੀਆਂ ਲਈ ਬਹੁਤ ਹੀ ਘਿਣਾਉਣੇ ਹੋਣਗੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath