ਈਸਾਈ
ਪਿੱਛੇ

ਯਸਾਯਾਹ 63

1ਇਹ ਕੌਣ ਹੈ ਜੋ ਅਦੋਮ ਦੇਸ ਦੇ ਬਾਸਰਾਹ ਨਗਰ ਤੋਂ ਲਾਲ ਬਸਤਰ ਪਾ ਕੇ ਤੁਰਿਆ ਆਉਂਦਾ ਹੈ? ਇਹ ਕੌਣ ਹੈ ਜੋ ਪਰਤਾਪ ਦਾ ਲਿਬਾਸ ਪਹਿਨੇ ਹੋਏ ਆਪਣੇ ਬਲ ਦੇ ਵਾਧੇ ਵਿੱਚ ਉਲਾਂਘਾਂ ਭਰਦਾ ਆਉਂਦਾ ਹੈ? ਇਹ ਮੈਂ ਹਾਂ, ਜੋ ਧਰਮ ਨਾਲ ਬੋਲਦਾ, ਅਤੇ ਬਚਾਉਣ ਲਈ ਸਮਰੱਥੀ ਹਾਂ।

2ਤੇਰਾ ਲਿਬਾਸ ਲਾਲ ਕਿਉਂ ਹੈ, ਅਤੇ ਤੇਰਾ ਬਸਤਰ ਹੌਦ ਵਿੱਚ ਦਾਖਾਂ ਲਤਾੜਨ ਵਾਲੇ ਜਿਹਾ ਕਿਉਂ ਹੈ?

3ਮੈਂ ਇਕੱਲੇ ਹੀ ਦਾਖਾਂ ਦੇ ਹੌਦ ਵਿੱਚ ਲਤਾੜਿਆ, ਅਤੇ ਦੇਸ਼-ਦੇਸ਼ ਦੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ। ਹਾਂ, ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ, ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਿੱਧਿਆ, ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ!

4ਕਿਉਂ ਜੋ ਬਦਲਾ ਲੈਣ ਦਾ ਦਿਨ ਮੇਰੇ ਦਿਲ ਵਿੱਚ ਸੀ, ਅਤੇ ਮੇਰੇ ਛੁਡਾਇਆਂ ਹੋਇਆਂ ਦਾ ਸਾਲ ਆ ਗਿਆ ਹੈ।

5ਮੈਂ ਨਿਗਾਹ ਕੀਤੀ ਪਰ ਕੋਈ ਸਹਾਇਕ ਨਹੀਂ ਸੀ, ਮੈਂ ਦੰਗ ਰਹਿ ਗਿਆ ਕਿ ਕੋਈ ਸੰਭਾਲਣ ਵਾਲਾ ਨਹੀਂ ਸੀ। ਤਦ ਮੈਂ ਆਪਣੀ ਹੀ ਬਾਂਹ ਨਾਲ ਬਚਾਉਣ ਦਾ ਕੰਮ ਕੀਤਾ, ਅਤੇ ਮੇਰੇ ਗੁੱਸੇ ਨੇ ਹੀ ਮੈਨੂੰ ਸੰਭਾਲਿਆ।

6ਮੈਂ ਆਪਣੇ ਕ੍ਰੋਧ ਵਿੱਚ ਲੋਕਾਂ ਨੂੰ ਲਤਾੜਿਆ, ਮੈਂ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਤਵਾਲੇ ਕੀਤਾ, ਅਤੇ ਉਹਨਾਂ ਦਾ ਲਹੂ ਧਰਤੀ ਉੱਤੇ ਵਹਾਇਆ।

7ਉਹਨਾਂ ਸਾਰੇ ਉਪਕਾਰਾਂ ਲਈ ਜੋ ਯਹੋਵਾਹ ਨੇ ਸਾਡੇ ਉੱਤੇ ਕੀਤੇ, ਨਾਲੇ ਇਸਰਾਏਲ ਦੇ ਘਰਾਣੇ ਉੱਤੇ ਉਸ ਵੱਡੀ ਭਲਿਆਈ ਲਈ ਜਿਸ ਨੂੰ ਉਹ ਨੇ ਆਪਣੇ ਰਹਮ, ਅਤੇ ਆਪਣੀ ਦਯਾ ਦੀ ਵਾਫ਼ਰੀ ਅਨੁਸਾਰ ਉਹਨਾਂ ਨੂੰ ਬਖ਼ਸ਼ ਦਿੱਤਾ, ਮੈਂ ਯਹੋਵਾਹ ਦੀ ਦਯਾ ਦਾ ਵਰਣਨ ਕਰਾਂਗਾ ਅਤੇ ਉਸ ਦੀ ਉਸਤਤ ਕਰਾਂਗਾ।

8ਉਸ ਨੇ ਆਖਿਆ, ਸੱਚ-ਮੁੱਚ ਇਹ ਮੇਰੀ ਪਰਜਾ ਹੈ, ਅਜਿਹੇ ਪੁੱਤਰ ਜੋ ਧੋਖਾ ਨਾ ਦੇਣਗੇ, ਇਸ ਲਈ ਉਹ ਉਹਨਾਂ ਦਾ ਬਚਾਉਣ ਵਾਲਾ ਹੋਇਆ।

9ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੇ ਹਜ਼ੂਰ ਰਹਿਣ ਵਾਲੇ ਦੂਤ ਨੇ ਉਹਨਾਂ ਨੂੰ ਬਚਾਇਆ, ਉਸ ਨੇ ਆਪਣੇ ਪ੍ਰੇਮ ਅਤੇ ਆਪਣੇ ਤਰਸ ਵਿੱਚ ਉਹਨਾਂ ਨੂੰ ਛੁਡਾਇਆ, ਉਹ ਉਹਨਾਂ ਨੂੰ ਸਾਰੇ ਪ੍ਰਾਚੀਨ ਦਿਨਾਂ ਵਿੱਚ ਚੁੱਕੀ ਫਿਰਿਆ।

10ਪਰ ਉਹ ਵਿਦਰੋਹੀ ਹੋ ਗਏ, ਅਤੇ ਉਹ ਦੇ ਪਵਿੱਤਰ ਆਤਮਾ ਨੂੰ ਦੁਖੀ ਕੀਤਾ, ਇਸ ਕਾਰਨ ਉਹ ਉਲਟਾ ਉਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਉਹਨਾਂ ਨਾਲ ਲੜਿਆ।

11ਤਦ ਉਹ ਦੀ ਪਰਜਾ ਨੇ ਮੂਸਾ ਦੇ ਪ੍ਰਾਚੀਨ ਦਿਨਾਂ ਨੂੰ ਯਾਦ ਕੀਤਾ ਅਤੇ ਆਖਣ ਲੱਗੇ, - ਉਹ ਕਿੱਥੇ ਹੈ ਜੋ ਉਹਨਾਂ ਨੂੰ ਸਮੁੰਦਰੋਂ ਉਤਾਹਾਂ ਲਿਆਇਆ, ਆਪਣੇ ਇੱਜੜ ਨੂੰ ਉਹਨਾਂ ਦੇ ਅਯਾਲੀ ਸਮੇਤ? ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਪਾਇਆ?

12ਜਿਸ ਨੇ ਆਪਣੀ ਪਰਤਾਪਵਾਨ ਭੁਜਾ ਨੂੰ ਮੂਸਾ ਦੇ ਸੱਜੇ ਹੱਥ ਦੇ ਨਾਲ ਕਰ ਦਿੱਤਾ? ਜਿਸ ਨੇ ਉਹਨਾਂ ਦੇ ਅੱਗੇ ਪਾਣੀਆਂ ਨੂੰ ਪਾੜਿਆ, ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ?

13ਜਿਸ ਨੇ ਡੁੰਘਿਆਈਆਂ ਦੇ ਵਿੱਚ ਉਹਨਾਂ ਦੀ ਅਗਵਾਈ ਕੀਤੀ? ਜਿਵੇਂ ਘੋੜਾ ਉਜਾੜ ਵਿੱਚ, ਤਿਵੇਂ ਉਹਨਾਂ ਨੇ ਠੋਕਰ ਨਾ ਖਾਧੀ।

14ਜਿਵੇਂ ਪਸ਼ੂ ਦੂਣ ਵਿੱਚ ਜਾਂਦੇ, ਤਿਵੇਂ ਯਹੋਵਾਹ ਦੇ ਆਤਮਾ ਨੇ ਉਹਨਾਂ ਨੂੰ ਅਰਾਮ ਦਿੱਤਾ। ਤੂੰ ਇਸੇ ਤਰ੍ਹਾਂ ਆਪਣੀ ਪਰਜਾ ਦੀ ਅਗਵਾਈ ਕੀਤੀ, ਤਾਂ ਜੋ ਤੂੰ ਆਪਣੇ ਲਈ ਇੱਕ ਪਰਤਾਪਵਾਨ ਨਾਮ ਬਣਾਵੇਂ।

15ਸਵਰਗ ਤੋਂ ਨਿਗਾਹ ਮਾਰ ਅਤੇ ਵੇਖ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ।

16ਤੂੰ ਤਾਂ ਸਾਡਾ ਪਿਤਾ ਹੈਂ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ, ਅਤੇ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ, ਪਰ ਤੂੰ ਯਹੋਵਾਹ ਸਾਡਾ ਪਿਤਾ ਹੈ, ਸਾਡਾ ਛੁਡਾਉਣ ਵਾਲਾ, ਤੇਰਾ ਨਾਮ ਸਦੀਪਕ ਕਾਲ ਤੋਂ ਹੈਂ।

17ਹੇ ਯਹੋਵਾਹ, ਤੂੰ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਭਟਕਣ ਦਿੱਤਾ? ਤੂੰ ਸਾਡੇ ਦਿਲਾਂ ਨੂੰ ਤੇਰਾ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ? ਆਪਣੇ ਦਾਸਾਂ, ਆਪਣੇ ਨਿੱਜ ਭਾਗ ਦੇ ਗੋਤਾਂ ਦੀ ਖ਼ਾਤਰ ਮੁੜ ਆ।

18ਥੋੜ੍ਹੇ ਸਮੇਂ ਲਈ ਹੀ ਤੇਰੀ ਪਵਿੱਤਰ ਪਰਜਾ ਨੇ ਤੇਰੇ ਪਵਿੱਤਰ ਅਸਥਾਨ ਨੂੰ ਆਪਣੇ ਅਧਿਕਾਰ ਵਿੱਚ ਰੱਖਿਆ, ਫੇਰ ਸਾਡੇ ਵੈਰੀਆਂ ਨੇ ਉਹ ਨੂੰ ਲਤਾੜਿਆ ਹੈ।

19ਅਸੀਂ ਤਾਂ ਜਾਣੋ ਉਹਨਾਂ ਵਰਗੇ ਹੋ ਗਏ ਹਾਂ ਜਿਨ੍ਹਾਂ ਉੱਤੇ ਤੂੰ ਰਾਜ ਨਹੀਂ ਕੀਤਾ, ਉਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਨਹੀਂ ਸੱਦੇ ਜਾਂਦੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath