ਈਸਾਈ
ਪਿੱਛੇ

ਯਸਾਯਾਹ 61

1ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ ਹੈ ਤਾਂ ਜੋ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਉਸ ਨੇ ਮੈਨੂੰ ਇਸ ਲਈ ਭੇਜਿਆ ਹੈ, ਕਿ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁੱਟਣ ਦਾ ਪਰਚਾਰ ਕਰਾਂ,

2ਤਾਂ ਜੋ ਮੈਂ ਯਹੋਵਾਹ ਦੇ ਮਨਭਾਉਂਦੇ ਸਾਲ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਾਂ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ,

3ਅਤੇ ਸੀਯੋਨ ਦੇ ਸੋਗੀਆਂ ਲਈ ਇਹ ਕਰਾਂ, - ਉਹਨਾਂ ਦੇ ਸਿਰ ਤੋਂ ਸੁਆਹ ਦੂਰ ਕਰਕੇ ਸੋਹਣਾ ਤਾਜ ਰੱਖਣ, ਸੋਗ ਦੇ ਥਾਂ ਖੁਸ਼ੀ ਦਾ ਤੇਲ ਲਾਵਾਂ, ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ, ਤਦ ਉਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ।

4ਉਹ ਪ੍ਰਾਚੀਨ ਬਰਬਾਦੀਆਂ ਨੂੰ ਬਣਾਉਣਗੇ, ਉਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਉਹ ਬਰਬਾਦ ਸ਼ਹਿਰਾਂ ਨੂੰ, ਜਿਹੜੇ ਬਹੁਤ ਪੀੜ੍ਹੀਆਂ ਤੋਂ ਵਿਰਾਨ ਪਏ ਸਨ, ਉਹਨਾਂ ਨੂੰ ਨਵੇਂ ਸਿਰਿਓਂ ਉਸਾਰਨਗੇ।

5ਪਰਦੇਸੀ ਆ ਖੜ੍ਹੇ ਹੋਣਗੇ ਅਤੇ ਤੁਹਾਡੇ ਇੱਜੜਾਂ ਨੂੰ ਚਾਰਨਗੇ, ਓਪਰੇ ਤੁਹਾਡੇ ਹਾਲ੍ਹੀ ਤੇ ਮਾਲੀ ਹੋਣਗੇ,

6ਪਰ ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ, ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਕ ਆਖਣਗੇ, ਤੁਸੀਂ ਕੌਮਾਂ ਦਾ ਧਨ ਖਾਓਗੇ, ਅਤੇ ਉਹਨਾਂ ਦੇ ਮਾਲ-ਧਨ ਉੱਤੇ ਮਾਣ ਕਰੋਗੇ।

7ਤੁਹਾਡੀ ਲਾਜ ਦੇ ਬਦਲੇ ਤੁਹਾਨੂੰ ਦੁਗਣਾ ਹਿੱਸਾ ਮਿਲੇਗਾ, ਬੇਪਤੀ ਦੇ ਬਦਲੇ ਤੁਸੀਂ ਆਪਣੇ ਹਿੱਸੇ ਵਿੱਚ ਮੌਜ ਮਾਣੋਗੇ, ਇਸ ਲਈ ਤੁਸੀਂ ਆਪਣੇ ਦੇਸ ਵਿੱਚ ਦੁਗਣੇ ਹਿੱਸੇ ਦੇ ਅਧਿਕਾਰੀ ਹੋਵੋਗੇ, ਸਦੀਪਕ ਅਨੰਦ ਤੁਹਾਡਾ ਹੋਵੇਗਾ।

8ਕਿਉਂਕਿ, ਮੈਂ ਯਹੋਵਾਹ, ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਅਤੇ ਬੁਰਿਆਈ ਤੋਂ ਘਿਣ ਕਰਦਾ ਹਾਂ, ਇਸ ਲਈ ਮੈਂ ਆਪਣੇ ਲੋਕਾਂ ਨੂੰ ਸਚਿਆਈ ਨਾਲ ਬਦਲਾ ਦਿਆਂਗਾ, ਮੈਂ ਉਹਨਾਂ ਦੇ ਨਾਲ ਇੱਕ ਸਦੀਪਕ ਨੇਮ ਬੰਨ੍ਹਾਂਗਾ।

9ਉਹਨਾਂ ਦਾ ਵੰਸ਼ ਕੌਮਾਂ ਵਿੱਚ, ਅਤੇ ਉਹਨਾਂ ਦੀ ਸੰਤਾਨ ਲੋਕਾਂ ਵਿੱਚ ਜਾਣੀ ਜਾਵੇਗੀ, ਉਹਨਾਂ ਦੇ ਸਾਰੇ ਵੇਖਣ ਵਾਲੇ ਜਾਣ ਲੈਣਗੇ ਕਿ ਇਹ ਯਹੋਵਾਹ ਦਾ ਮੁਬਾਰਕ ਵੰਸ਼ ਹੈ।

10ਮੈਂ ਯਹੋਵਾਹ ਵਿੱਚ ਬਹੁਤ ਖੁਸ਼ ਹੋਵਾਂਗਾ, ਮੇਰਾ ਪ੍ਰਾਣ ਮੇਰੇ ਪਰਮੇਸ਼ੁਰ ਵਿੱਚ ਮਗਨ ਹੋਵੇਗਾ, ਕਿਉਂ ਜੋ ਉਸ ਨੇ ਮੈਨੂੰ ਮੁਕਤੀ ਦੇ ਬਸਤਰ ਪਵਾਏ ਹਨ, ਅਤੇ ਉਸ ਨੇ ਧਰਮ ਦੇ ਚੋਗੇ ਨਾਲ ਮੈਨੂੰ ਢੱਕਿਆ ਹੈ, ਜਿਵੇਂ ਲਾੜਾ ਸਿਹਰੇ ਨਾਲ ਆਪਣੇ ਆਪ ਨੂੰ ਸੁਆਰਦਾ, ਅਤੇ ਲਾੜੀ ਆਪਣਿਆਂ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦੀ ਹੈ।

11ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ, ਅਤੇ ਬਾਗ਼ ਬੀਜਾਂ ਨੂੰ ਉਪਜਾਉਂਦਾ ਹੈ, ਉਸੇ ਤਰ੍ਹਾਂ ਹੀ ਪ੍ਰਭੂ ਯਹੋਵਾਹ ਧਰਮ ਅਤੇ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath