ਯਸਾਯਾਹ 5
1ਮੈਂ ਆਪਣੇ ਪ੍ਰੀਤਮ ਲਈ ਅਤੇ ਉਹ ਦੇ ਅੰਗੂਰੀ ਬਾਗ਼ ਦੇ ਵਿਖੇ ਇੱਕ ਪ੍ਰੇਮ ਰੱਤਾ ਗੀਤ ਗਾਵਾਂਗਾ, - ਮੇਰੇ ਪ੍ਰੀਤਮ ਦਾ ਇੱਕ ਅੰਗੂਰੀ ਬਾਗ਼ ਇੱਕ ਫਲਦਾਰ ਟਿੱਬੇ ਉੱਤੇ ਸੀ।
2ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿਚਕਾਰ ਇੱਕ ਬੁਰਜ ਉਸਾਰਿਆ, ਨਾਲੇ ਦਾਖਰਸ ਲਈ ਉਸ ਵਿੱਚ ਇੱਕ ਹੌਦ ਪੁੱਟਿਆ, ਤਦ ਉਸ ਨੇ ਉਡੀਕਿਆ ਤਾਂ ਜੋ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ।
3ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਮਨੁੱਖੋ, ਮੇਰਾ ਅਤੇ ਮੇਰੇ ਅੰਗੂਰੀ ਬਾਗ਼ ਦਾ ਫ਼ੈਸਲਾ ਕਰੋ।
4ਮੈਂ ਆਪਣੇ ਬਾਗ਼ ਲਈ ਹੋਰ ਕੀ ਕਰ ਸਕਦਾ ਸੀ, ਜੋ ਮੈਂ ਉਸ ਲਈ ਨਹੀਂ ਕੀਤਾ? ਜਦ ਮੈਂ ਉਡੀਕਿਆ ਕਿ ਉਸ ਵਿੱਚ ਚੰਗੇ ਅੰਗੂਰ ਲੱਗਣ, ਤਾਂ ਕਿਉਂ ਜੰਗਲੀ ਅੰਗੂਰ ਲੱਗੇ?
5ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਨ ਵਾਲਾ ਹਾਂ। ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲਤਾੜੀ ਜਾਵੇਗੀ।
6ਮੈਂ ਉਸ ਨੂੰ ਉਜਾੜ ਦਿਆਂਗਾ, ਉਹ ਨਾ ਛਾਂਗਿਆ ਨਾ ਗੋਡਿਆ ਜਾਵੇਗਾ, ਕੰਡੇ ਤੇ ਕੰਡਿਆਲੇ ਉਸ ਵਿੱਚ ਉੱਗਣਗੇ, ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ, ਭਈ ਉਸ ਦੇ ਉੱਤੇ ਮੀਂਹ ਨਾ ਵਰ੍ਹਾਉਣ।
7ਸੈਨਾਂ ਦੇ ਯਹੋਵਾਹ ਦਾ ਅੰਗੂਰੀ ਬਾਗ਼ ਤਾਂ ਇਸਰਾਏਲ ਦਾ ਘਰਾਣਾ ਹੈ, ਅਤੇ ਯਹੂਦਾਹ ਦੇ ਮਨੁੱਖ ਉਹ ਦਾ ਮਨ ਭਾਉਂਦਾ ਬੂਟਾ ਹੈ। ਉਸ ਨੇ ਨਿਆਂ ਨੂੰ ਉਡੀਕਿਆ, ਅਤੇ ਵੇਖੋ, ਖੂਨ ਵੇਖਿਆ! ਧਰਮ ਦੀ ਆਸ ਲਈ, ਅਤੇ ਵੇਖੋ, ਦੁਹਾਈ ਦੀ ਅਵਾਜ਼ ਸੁਣੀ।
8ਹਾਏ ਉਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਪੈਲੀ ਨਾਲ ਪੈਲੀ ਰਲਾਉਂਦੇ ਹਨ, ਜਦ ਤੱਕ ਕੋਈ ਥਾਂ ਨਾ ਰਹੇ, ਤਾਂ ਜੋ ਤੁਸੀਂ ਦੇਸ ਵਿੱਚ ਇਕੱਲੇ ਵੱਸੋ!
9ਸੈਨਾਂ ਦੇ ਯਹੋਵਾਹ ਨੇ ਮੇਰੇ ਸੁਣਦਿਆਂ ਆਖਿਆ ਹੈ, - ਸੱਚ-ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ, ਵੱਡੇ ਅਤੇ ਚੰਗੇ ਘਰ ਵਿਰਾਨ ਹੋ ਜਾਣਗੇ,
10ਕਿਉਂ ਜੋ ਦਸ ਏਕੜ ਅੰਗੂਰ ਦੀ ਵਾੜੀ ਤੋਂ ਇੱਕ ਮਣ, ਅਤੇ ਬੀਜ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਅੰਨ ਮਿਲੇਗਾ।
11ਹਾਏ ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਤਾਂ ਜੋ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸ਼ਾਮ ਤੱਕ ਠਹਿਰਦੇ ਹਨ, ਤਾਂ ਜੋ ਮਧ ਉਹਨਾਂ ਨੂੰ ਮਸਤ ਕਰ ਦੇਵੇ!
12ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਮਧ ਤਾਂ ਹਨ, ਪਰ ਉਹ ਯਹੋਵਾਹ ਦੇ ਕੰਮਾਂ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ।
13ਇਸ ਲਈ ਮੇਰੀ ਪਰਜਾ ਬੇਸਮਝੀ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ, ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ।
14ਇਸ ਲਈ ਪਤਾਲ ਨੇ ਆਪਣੀ ਲਾਲਸਾ ਵਧਾਈ ਹੈ, ਅਤੇ ਆਪਣਾ ਮੂੰਹ ਬੇਅੰਤ ਅੱਡਿਆ ਹੈ, ਇਸ ਲਈ ਉਹ ਦੇ ਬਜ਼ੁਰਗ ਅਤੇ ਸਧਾਰਣ ਲੋਕ, ਅਤੇ ਉਹ ਦਾ ਰੌਲ਼ਾ ਅਤੇ ਉਨ੍ਹਾਂ ਦੇ ਸਭ ਅਨੰਦ ਕਰਨ ਵਾਲੇ ਹੇਠਾਂ ਉਤਰਦੇ ਜਾਂਦੇ ਹਨ।
15ਲੋਕ ਨਿਵਾਏ ਜਾਂਦੇ ਹਨ, ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ,
16ਪਰ ਸੈਨਾਂ ਦਾ ਯਹੋਵਾਹ ਨਿਆਂ ਵਿੱਚ ਉੱਚਾ ਕੀਤਾ ਜਾਂਦਾ ਹੈ, ਅਤੇ ਪਵਿੱਤਰ ਪਰਮੇਸ਼ੁਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤਰ ਵਿਖਾਉਂਦਾ ਹੈ।
17ਤਦ ਲੇਲੇ, ਜਾਣੋ, ਆਪਣੀ ਜੂਹ ਵਿੱਚ ਚਰਨਗੇ, ਅਤੇ ਤਕੜਿਆਂ ਦੇ ਉਜਾੜ ਸਥਾਨ ਪਰਦੇਸੀ ਨੂੰ ਚਾਰਗਾਹਾਂ ਲਈ ਮਿਲਣਗੇ।
18ਹਾਏ ਉਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦੇ ਰੱਸਿਆਂ ਨਾਲ ਖਿੱਚਦੇ ਹਨ, ਅਤੇ ਪਾਪ ਨੂੰ ਗੱਡੇ ਦੀਆਂ ਰੱਸਿਆਂ ਨਾਲ!
19ਜਿਹੜੇ ਆਖਦੇ ਹਨ, ਉਹ ਛੇਤੀ ਕਰੇ, ਉਹ ਆਪਣੇ ਕੰਮ ਨੂੰ ਤੇਜੀ ਨਾਲ ਕਰੇ, ਤਾਂ ਜੋ ਅਸੀਂ ਉਹ ਨੂੰ ਵੇਖੀਏ! ਇਸਰਾਏਲ ਦੇ ਪਵਿੱਤਰ ਪੁਰਖ ਦੀ ਯੋਜਨਾ ਪਰਗਟ ਹੋਵੇ ਅਤੇ ਨੇੜੇ ਆਵੇ ਤਾਂ ਜੋ ਅਸੀਂ ਉਹ ਨੂੰ ਜਾਣੀਏ!
20ਹਾਏ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਹਨੇਰੇ ਨੂੰ ਚਾਨਣ ਅਤੇ ਚਾਨਣ ਨੂੰ ਹਨ੍ਹੇਰਾ ਆਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ!
21ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੀਆਂ ਨਜ਼ਰਾਂ ਵਿੱਚ ਬੁੱਧਵਾਨ ਹਨ!
22ਹਾਏ ਉਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ!
23ਜਿਹੜੇ ਦੁਸ਼ਟ ਨੂੰ ਰਿਸ਼ਵਤ ਲੈ ਕੇ ਧਰਮੀ ਠਹਿਰਾਉਂਦੇ ਹਨ, ਅਤੇ ਧਰਮੀਆਂ ਦਾ ਧਰਮ ਉਨ੍ਹਾਂ ਤੋਂ ਖੋਹ ਲੈਂਦੇ ਹਨ!
24ਇਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾਹ ਲੰਬ ਵਿੱਚ ਮਿਟ ਜਾਂਦਾ ਹੈ, ਸੋ ਉਹਨਾਂ ਦੀ ਜੜ੍ਹ ਸੜਿਆਂਧ ਵਾਂਗੂੰ ਸੜ੍ਹ ਜਾਵੇਗੀ, ਅਤੇ ਉਹਨਾਂ ਦੀਆਂ ਕਲੀਆਂ ਧੂੜ ਵਾਂਗੂੰ ਉੱਡ ਜਾਣਗੀਆਂ, ਕਿਉਂ ਜੋ ਉਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਣਿਆ।
25ਇਸ ਲਈ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਉਸ ਨੇ ਆਪਣਾ ਹੱਥ ਉਹਨਾਂ ਦੇ ਉੱਤੇ ਚੁੱਕਿਆ, ਅਤੇ ਉਹਨਾਂ ਨੂੰ ਮਾਰਿਆ, ਤਾਂ ਪਰਬਤ ਕੰਬ ਗਏ, ਅਤੇ ਉਹਨਾਂ ਦੀਆਂ ਲੋਥਾਂ ਕੂੜੇ ਵਾਂਗੂੰ ਗਲੀਆਂ ਵਿੱਚ ਪਈਆਂ ਸਨ, ਇਸ ਦੇ ਬਾਵਜੂਦ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
26ਉਹ ਦੂਰ-ਦੂਰ ਦੀਆਂ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ, ਅਤੇ ਉਸ ਲਈ ਧਰਤੀ ਦੀਆਂ ਹੱਦਾਂ ਤੋਂ ਸੀਟੀ ਵਜਾਵੇਗਾ, ਤਾਂ ਵੇਖੋ, ਉਹ ਤੁਰਤ-ਫੁਰਤ ਆਉਂਦੀ ਹੈ।
27ਉਸ ਵਿੱਚ ਨਾ ਕੋਈ ਥੱਕਦਾ, ਨਾ ਕੋਈ ਠੇਡਾ ਖਾਂਦਾ, ਨਾ ਕੋਈ ਉਂਘਲਾਉਂਦਾ, ਨਾ ਕੋਈ ਸੌਂਦਾ, ਨਾ ਕਿਸੇ ਦਾ ਕਮਰਬੰਦ ਖੁੱਲ੍ਹਦਾ ਹੈ, ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ।
28ਉਨ੍ਹਾਂ ਦੇ ਤੀਰ ਤਿੱਖੇ, ਅਤੇ ਉਨ੍ਹਾਂ ਦੇ ਸਾਰੇ ਧਣੁੱਖ ਕੱਸੇ ਹੋਏ ਹਨ, ਉਨ੍ਹਾਂ ਦੇ ਘੋੜਿਆਂ ਦੇ ਸੁੰਬ ਚਕਮਕ ਜਿਹੇ, ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ।
29ਉਨ੍ਹਾਂ ਦਾ ਦਹਾੜਨਾ ਸ਼ੇਰਨੀ ਵਾਂਗੂੰ ਅਤੇ ਉਹ ਜੁਆਨ ਸ਼ੇਰ ਵਾਂਗੂੰ ਦਹਾੜਦੇ ਹਨ, ਉਹ ਗੱਜਦੇ ਹਨ ਅਤੇ ਸ਼ਿਕਾਰ ਫੜ੍ਹਦੇ ਹਨ, ਫੇਰ ਉਸ ਨੂੰ ਸੁਖਾਲੇ ਹੀ ਲੈ ਜਾਂਦੇ ਹਨ ਅਤੇ ਛੁਡਾਉਣ ਵਾਲਾ ਕੋਈ ਨਹੀਂ ਹੁੰਦਾ।
30ਉਸ ਦਿਨ ਉਹ ਉਸ ਦੇ ਉੱਤੇ ਸਮੁੰਦਰ ਦੀ ਗਰਜ ਵਾਂਗੂੰ ਗੱਜਣਗੇ, ਜੇ ਕੋਈ ਦੇਸ ਵੱਲ ਤੱਕੇ, ਤਾਂ ਉਸ ਨੂੰ ਹਨ੍ਹੇਰਾ ਅਤੇ ਦੁੱਖ ਵਿਖਾਈ ਦੇਵੇਗਾ, ਅਤੇ ਚਾਨਣ ਬੱਦਲਾਂ ਦੇ ਕਾਰਨ ਹਨ੍ਹੇਰਾ ਹੋ ਜਾਵੇਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath