ਈਸਾਈ
ਪਿੱਛੇ

ਯਸਾਯਾਹ 44

1ਹੁਣ ਹੇ ਯਾਕੂਬ ਮੇਰੇ ਦਾਸ, ਹੇ ਇਸਰਾਏਲ ਜਿਸ ਨੂੰ ਮੈਂ ਚੁਣਿਆ, ਸੁਣ!

2ਯਹੋਵਾਹ ਜਿਸ ਨੇ ਤੈਨੂੰ ਬਣਾਇਆ, ਤੈਨੂੰ ਕੁੱਖ ਤੋਂ ਹੀ ਸਿਰਜਿਆ ਅਤੇ ਜੋ ਤੇਰੀ ਸਹਾਇਤਾ ਕਰੇਗਾ, ਉਹ ਆਖਦਾ ਹੈ, ਨਾ ਡਰ, ਹੇ ਯਾਕੂਬ ਮੇਰੇ ਦਾਸ, ਅਤੇ ਯਸ਼ੁਰੂਨ ਜਿਸ ਨੂੰ ਮੈਂ ਚੁਣਿਆ ਹੈ।

3ਮੈਂ ਤਾਂ ਤਿਹਾਈ ਜ਼ਮੀਨ ਉੱਤੇ ਪਾਣੀ, ਅਤੇ ਸੁੱਕੀ ਸੜੀ ਭੂਮੀ ਉੱਤੇ ਨਦੀਆਂ ਵਗਾਵਾਂਗਾ, ਮੈਂ ਆਪਣਾ ਆਤਮਾ ਤੇਰੀ ਅੰਸ ਉੱਤੇ, ਅਤੇ ਤੇਰੀ ਸੰਤਾਨ ਉੱਤੇ ਆਪਣੀ ਬਰਕਤ ਵਹਾਵਾਂਗਾ।

4ਉਹ ਘਾਹ ਦੇ ਵਿੱਚ ਉਪਜਣਗੇ, ਜਿਵੇਂ ਵਗਦੇ ਪਾਣੀਆਂ ਉੱਤੇ ਬੈਂਤਾਂ।

5ਕੋਈ ਆਖੇਗਾ, “ਮੈਂ ਯਹੋਵਾਹ ਦਾ ਹਾਂ,” ਕੋਈ ਆਪਣੇ ਆਪ ਨੂੰ ਯਾਕੂਬ ਦੇ ਨਾਮ ਤੋਂ ਸਦਾਵੇਗਾ, ਕੋਈ ਆਪਣੇ ਹੱਥ ਉੱਤੇ ਲਿਖੇਗਾ, “ਯਹੋਵਾਹ ਦਾ,” ਅਤੇ ਆਪ ਨੂੰ ਇਸਰਾਏਲ ਦੇ ਨਾਮ ਦੀ ਪਦਵੀ ਦੇਵੇਗਾ।

6ਯਹੋਵਾਹ ਇਸਰਾਏਲ ਦਾ ਰਾਜਾ ਅਤੇ ਉਹ ਦਾ ਛੁਡਾਉਣ ਵਾਲਾ, ਸੈਨਾਂ ਦਾ ਯਹੋਵਾਹ, ਇਹ ਫ਼ਰਮਾਉਂਦਾ ਹੈ, ਮੈਂ ਆਦ ਹਾਂ ਅਤੇ ਮੈਂ ਅੰਤ ਹਾਂ, ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ।

7ਮੇਰੇ ਵਰਗਾ ਕੌਣ ਹੈ, ਜੋ ਇਸ ਦਾ ਪਰਚਾਰ ਕਰੇਗਾ? ਉਹ ਇਸ ਦੀ ਘੋਸ਼ਣਾ ਕਰੇ ਅਤੇ ਮੇਰੇ ਸਾਹਮਣੇ ਦੱਸੇ ਕਿ ਜਿਸ ਸਮੇਂ ਤੋਂ ਮੈਂ ਆਪਣੀ ਸਨਾਤਨ ਪਰਜਾ ਨੂੰ ਕਾਇਮ ਕੀਤਾ ਉਸ ਸਮੇਂ ਕੀ ਹੋਇਆ ਅਤੇ ਆਉਣ ਵਾਲੀਆਂ ਗੱਲਾਂ ਦੱਸੇ - ਹਾਂ ਉਹ ਦੱਸੇ ਜੋ ਕੀ ਹੋਵੇਗਾ।

8ਭੈਅ ਨਾ ਖਾਓ, ਨਾ ਡਰੋ, ਕੀ ਮੈਂ ਮੁੱਢ ਤੋਂ ਤੈਨੂੰ ਨਹੀਂ ਸੁਣਾਇਆ ਅਤੇ ਦੱਸਿਆ? ਤੁਸੀਂ ਮੇਰੇ ਗਵਾਹ ਹੋ। ਕੀ ਮੇਰੇ ਬਿਨ੍ਹਾਂ ਕੋਈ ਹੋਰ ਪਰਮੇਸ਼ੁਰ ਹੈ? ਕੋਈ ਹੋਰ ਚੱਟਾਨ ਨਹੀਂ, ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ।

9ਬੁੱਤਾਂ ਦੇ ਘੜਨ ਵਾਲੇ ਸਾਰੇ ਵਿਅਰਥ ਹਨ, ਉਹਨਾਂ ਦੀਆਂ ਮਨ ਭਾਉਂਦੀਆਂ ਰੀਝਾਂ ਲਾਭਦਾਇਕ ਨਹੀਂ, ਉਹਨਾਂ ਦੇ ਗਵਾਹ ਨਾ ਵੇਖਦੇ ਨਾ ਜਾਣਦੇ ਹਨ, ਇਸ ਲਈ ਉਹ ਸ਼ਰਮਿੰਦੇ ਹੋਣਗੇ।

10ਕਿਸ ਨੇ ਦੇਵਤਾ ਘੜਿਆ ਜਾਂ ਬੁੱਤ ਢਾਲਿਆ, ਜਿਸ ਤੋਂ ਕੋਈ ਲਾਭ ਨਹੀਂ?

11ਵੇਖੋ, ਉਹ ਦੇ ਸਾਰੇ ਸਾਥੀ ਸ਼ਰਮਿੰਦੇ ਹੋਣਗੇ, ਇਹ ਕਾਰੀਗਰ ਮਨੁੱਖ ਹੀ ਹਨ! ਇਹ ਸਾਰੇ ਇਕੱਠੇ ਹੋ ਕੇ ਖੜ੍ਹੇ ਹੋਣ, ਉਹ ਭੈਅ ਖਾਣਗੇ, ਉਹ ਇਕੱਠੇ ਸ਼ਰਮਿੰਦੇ ਹੋਣਗੇ।

12ਲੁਹਾਰ ਆਪਣਾ ਸੰਦ ਤਿੱਖਾ ਕਰਦਾ ਹੈ, ਉਹ ਕੋਲਿਆਂ ਨਾਲ ਕੰਮ ਕਰਦਾ, ਅਤੇ ਹਥੌੜਿਆਂ ਨਾਲ ਉਹ ਨੂੰ ਘੜ੍ਹਦਾ, ਉਹ ਆਪਣੀ ਬਲਵੰਤ ਬਾਂਹ ਨਾਲ ਉਹ ਨੂੰ ਬਣਾਉਂਦਾ ਹੈ, ਪਰ ਉਹ ਭੁੱਖਾ ਹੋ ਜਾਂਦਾ ਅਤੇ ਉਹ ਦਾ ਬਲ ਘੱਟ ਜਾਂਦਾ ਹੈ, ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ।

13ਤਰਖਾਣ ਸੂਤ ਤਾਣਦਾ ਹੈ, ਉਹ ਕਲਮ ਨਾਲ ਉਸ ਉੱਤੇ ਨਿਸ਼ਾਨ ਲਾਉਂਦਾ ਹੈ, ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ, ਉਹ ਉਸ ਨੂੰ ਮਨੁੱਖ ਦੇ ਰੂਪ ਵਿੱਚ ਆਦਮੀ ਦੇ ਸੁਹੱਪਣ ਵਾਂਗੂੰ, ਮੰਦਰ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ!

14ਉਹ ਆਪਣੇ ਲਈ ਦਿਆਰ ਵੱਢਦਾ ਹੈ, ਉਹ ਸਰੂ ਜਾਂ ਬਲੂਤ ਲੈਂਦਾ ਹੈ, ਅਤੇ ਉਹਨਾਂ ਨੂੰ ਜੰਗਲ ਦੇ ਰੁੱਖਾਂ ਵਿੱਚ ਵਧਣ ਦਿੰਦਾ ਹੈ, ਉਹ ਚੀਲ ਦਾ ਰੁੱਖ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ।

15ਤਦ ਉਹ ਮਨੁੱਖ ਦੇ ਬਾਲਣ ਲਈ ਹੋ ਜਾਂਦਾ ਹੈ, ਉਹ ਉਸ ਦੇ ਵਿੱਚੋਂ ਲੈ ਕੇ ਅੱਗ ਸੇਕਦਾ ਹੈ, ਸਗੋਂ ਉਸ ਨੂੰ ਬਾਲ ਕੇ ਰੋਟੀ ਪਕਾਉਂਦਾ ਹੈ, ਪਰ, ਉਸੇ ਵਿੱਚੋਂ ਉਹ ਇੱਕ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਮੱਥਾ ਟੇਕਦਾ ਹੈ! ਉਹ ਬੁੱਤ ਬਣਾਉਂਦਾ ਹੈ, ਅਤੇ ਉਹ ਉਸ ਦੇ ਅੱਗੇ ਮੱਥਾ ਰਗੜਦਾ ਹੈ!

16ਇੱਕ ਹਿੱਸੇ ਦੀ ਉਹ ਅੱਗ ਬਾਲਦਾ ਹੈ, ਇੱਕ ਹਿੱਸੇ ਉੱਤੇ ਉਹ ਕਬਾਬ ਭੁੰਨ ਕੇ ਮਾਸ ਖਾਂਦਾ ਹੈ ਅਤੇ ਰੱਜ ਜਾਂਦਾ ਹੈ, ਨਾਲੇ ਉਹ ਸੇਕਦਾ ਅਤੇ ਆਖਦਾ ਹੈ, ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ।

17ਉਸੇ ਦਾ ਬਚਿਆ ਹੋਇਆ ਟੁੱਕੜਾ ਲੈ ਕੇ ਉਹ ਇੱਕ ਦੇਵਤਾ, ਇੱਕ ਬੁੱਤ ਬਣਾਉਂਦਾ ਹੈ, ਅਤੇ ਉਹ ਦੇ ਅੱਗੇ ਮੱਥਾ ਟੇਕਦਾ ਸਗੋਂ ਮੱਥਾ ਰਗੜਦਾ ਹੈ, ਅਤੇ ਉਸ ਤੋਂ ਪ੍ਰਾਰਥਨਾ ਕਰਦਾ ਅਤੇ ਆਖਦਾ ਹੈ, ਮੈਨੂੰ ਛੁਡਾ, ਕਿਉਂ ਜੋ ਤੂੰ ਮੇਰਾ ਦੇਵਤਾ ਹੈਂ!

18ਉਹ ਨਹੀਂ ਜਾਣਦੇ, ਉਹ ਨਹੀਂ ਸਮਝਦੇ, ਕਿਉਂ ਜੋ ਉਸ ਨੇ ਉਹਨਾਂ ਦੀਆਂ ਅੱਖਾਂ ਨੂੰ ਵੇਖਣ ਤੋਂ ਅਤੇ ਉਹਨਾਂ ਦਿਆਂ ਮਨਾਂ ਨੂੰ ਸਮਝਣ ਤੋਂ ਬੰਦ ਕਰ ਦਿੱਤਾ ਹੈ।

19ਕੋਈ ਉਸ ਉੱਤੇ ਧਿਆਨ ਨਹੀਂ ਦਿੰਦਾ, ਨਾ ਕਿਸੇ ਨੂੰ ਗਿਆਨ ਹੈ, ਨਾ ਸਮਝ, ਕਿ ਉਹ ਆਖੇ, ਉਸ ਦਾ ਇੱਕ ਹਿੱਸਾ ਮੈਂ ਅੱਗ ਵਿੱਚ ਬਾਲ ਲਿਆ, ਹਾਂ, ਮੈਂ ਉਸ ਦੇ ਕੋਲਿਆਂ ਉੱਤੇ ਰੋਟੀ ਪਕਾਈ, ਮੈਂ ਮਾਸ ਭੁੰਨ ਕੇ ਖਾਧਾ, ਭਲਾ, ਮੈਂ ਉਸ ਦੇ ਬਚੇ ਹੋਏ ਟੁੱਕੜੇ ਤੋਂ ਇੱਕ ਘਿਣਾਉਣੀ ਚੀਜ਼ ਬਣਾਵਾਂ? ਕੀ ਮੈਂ ਲੱਕੜ ਦੇ ਟੁੰਡ ਅੱਗੇ ਮੱਥਾ ਰਗੜਾਂ?

20ਉਹ ਸੁਆਹ ਖਾਂਦਾ ਹੈ, ਇੱਕ ਛਲੀਏ ਦਿਲ ਨੇ ਉਹ ਨੂੰ ਕੁਰਾਹੇ ਪਾਇਆ, ਉਹ ਆਪਣੀ ਜਾਨ ਨੂੰ ਛੁਡਾ ਨਹੀਂ ਸਕਦਾ, ਨਾ ਕਹਿ ਸਕਦਾ ਹੈ, ਕੀ ਮੇਰੇ ਸੱਜੇ ਹੱਥ ਵਿੱਚ ਇਹ ਚੀਜ਼ ਝੂਠ ਨਹੀਂ?

21ਹੇ ਯਾਕੂਬ, ਇਹਨਾਂ ਗੱਲਾਂ ਨੂੰ ਯਾਦ ਰੱਖ, ਅਤੇ ਤੂੰ ਵੀ ਹੇ ਇਸਰਾਏਲ, ਤੂੰ ਮੇਰਾ ਦਾਸ ਜੋ ਹੈਂ, ਮੈਂ ਤੈਨੂੰ ਸਿਰਜਿਆ, ਤੂੰ ਮੇਰਾ ਦਾਸ ਹੈਂ, ਹੇ ਇਸਰਾਏਲ, ਮੈਂ ਤੈਨੂੰ ਨਾ ਵਿਸਾਰਾਂਗਾ।

22ਮੈਂ ਤੇਰੇ ਅਪਰਾਧਾਂ ਨੂੰ ਘਟਾ ਵਾਂਗੂੰ, ਅਤੇ ਤੇਰੇ ਪਾਪਾਂ ਨੂੰ ਬੱਦਲ ਵਾਂਗੂੰ ਮਿਟਾ ਦਿੱਤਾ, ਮੇਰੀ ਵੱਲ ਮੁੜ ਆ, ਕਿਉਂ ਜੋ ਮੈਂ ਤੇਰਾ ਨਿਸਤਾਰਾ ਕੀਤਾ ਹੈ।

23ਹੇ ਅਕਾਸ਼ੋ, ਜੈਕਾਰਾ ਗਜਾਓ, ਕਿਉਂਕਿ ਯਹੋਵਾਹ ਨੇ ਇਹ ਕੀਤਾ ਹੈ, ਹੇ ਧਰਤੀ ਦੇ ਹੇਠਲੇ ਸਥਾਨੋਂ, ਲਲਕਾਰੋ, ਪਰਬਤ ਖੁੱਲ੍ਹ ਕੇ ਜੈ-ਜੈਕਾਰ ਕਰਨ, ਜੰਗਲ ਅਤੇ ਉਹ ਦੇ ਸਾਰੇ ਰੁੱਖ, ਕਿਉਂ ਜੋ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਉਹ ਇਸਰਾਏਲ ਵਿੱਚ ਆਪਣੀ ਸੁੰਦਰਤਾ ਪਰਗਟ ਕਰੇਗਾ।

24ਯਹੋਵਾਹ ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਸਿਰਜਿਆ ਇਹ ਆਖਦਾ ਹੈ, ਮੈਂ ਯਹੋਵਾਹ ਸਾਰੀਆਂ ਚੀਜ਼ਾਂ ਦਾ ਕਰਤਾ ਹਾਂ, ਮੈਂ ਇਕੱਲਾ ਅਕਾਸ਼ਾਂ ਦਾ ਤਾਣਨ ਵਾਲਾ ਹਾਂ, ਅਤੇ ਮੈਂ ਆਪ ਹੀ ਧਰਤੀ ਦਾ ਵਿਛਾਉਣ ਵਾਲਾ ਹਾਂ।

25ਮੈਂ ਝੂਠੇ ਨਬੀਆਂ ਦੇ ਨਿਸ਼ਾਨ ਵਿਅਰਥ ਕਰਦਾ ਹਾਂ, ਅਤੇ ਭਵਿੱਖ ਦੱਸਣ ਵਾਲਿਆਂ ਨੂੰ ਮੂਰਖ ਬਣਾਉਂਦਾ ਹਾਂ, ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ, ਅਤੇ ਉਹਨਾਂ ਦਾ ਗਿਆਨ ਬੇਵਕੂਫ਼ੀ ਬਣਾ ਦਿੰਦਾ ਹਾਂ।

26ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ, ਅਤੇ ਆਪਣੇ ਦੂਤਾਂ ਦੀ ਯੋਜਨਾ ਪੂਰੀ ਕਰਦਾ ਹਾਂ, ਮੈਂ ਯਰੂਸ਼ਲਮ ਦੇ ਵਿਖੇ ਆਖਦਾ ਹਾਂ, ਉਹ ਆਬਾਦ ਹੋ ਜਾਵੇਗਾ, ਅਤੇ ਯਹੂਦਾਹ ਦੇ ਸ਼ਹਿਰਾਂ ਦੇ ਵਿਖੇ, ਉਹ ਉਸਾਰੇ ਜਾਣਗੇ ਅਤੇ ਮੈਂ ਉਨ੍ਹਾਂ ਦੇ ਖੰਡਰਾਂ ਨੂੰ ਖੜ੍ਹਾ ਕਰਾਂਗਾ, -

27ਮੈਂ ਜੋ ਸਾਗਰ ਨੂੰ ਆਖਦਾ ਹਾਂ, ਸੁੱਕ ਜਾ! ਅਤੇ ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦਿਆਂਗਾ।

28ਮੈਂ ਜੋ ਕੋਰਸ਼ ਵਿਖੇ ਆਖਦਾ ਹਾਂ, ਉਹ ਮੇਰਾ ਠਹਿਰਾਇਆ ਹੋਇਆ ਅਯਾਲੀ ਹੈ, ਅਤੇ ਉਹ ਮੇਰੀ ਸਾਰੀ ਇੱਛਿਆ ਨੂੰ ਪੂਰੀ ਕਰੇਗਾ, ਉਹ ਯਰੂਸ਼ਲਮ ਦੇ ਵਿਖੇ ਆਖੇਗਾ, ਉਹ ਉਸਾਰਿਆ ਜਾਵੇਗਾ, ਅਤੇ ਹੈਕਲ ਦੀ ਨੀਂਹ ਰੱਖੀ ਜਾਵੇਗੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath